Share on Facebook

Main News Page

ਕਬੱਡੀ ਖਿਡਾਰੀਆਂ ਲਈ ਕੈਨੇਡਾ ਆਉਣ ਦੇ ਰਸਤੇ ਮੁਕੰਮਲ ਬੰਦ: ਜੇਸਨ ਕੈਨੀ

ਐਡਮਿੰਟਨ. ਲਾਟ ਭਿੰਡਰ: 26 ਅਪ੍ਰੈਲ: ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਕਬੱਡੀ ਫੈਡਰੇਸ਼ਨਾਂ ਅਤੇ ਕਬੱਡੀ ਕਲੱਬਾਂ ਅਤੇ ਕਬੱਡੀ ਖਿਡਾਰੀਆਂ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਤੋਂ ਆਉਣ ਵਾਲੇ ਕਬੱਡੀ ਖਿਡਾਰੀਆ ਲਈ ਕੈਨੇਡਾ ਆਉਣ ਦੇ ਰਸਤੇ ਮੁਕੰਮਲ ਤੌਰ 'ਤੇ ਬੰਦ ਕਰ ਦਿੱਤੇ ਹਨ। ਕੈਨੇਡਾ ਇਮੀਗਰੇਸ਼ਨ ਵੱਲੋਂ ਪਿਛਲੇ ਸਾਲ ਪੰਜਾਬ ਤੋਂ ਕੈਨੇਡਾ ਕਬੱਡੀ ਖੇਡਣ ਆਉਣ ਲਈ ਕਬੱਡੀ ਖਿਡਾਰੀਆਂ ਵਾਸਤੇ ਕਬੱਡੀ ਫੈਡਰੇਸ਼ਨਾਂ ਅਤੇ ਕਬੱਡੀ ਕਲੱਬਾਂ ਲਈ ਵੱਡੇ ਪੱਧਰ 'ਤੇ ਰਸਤੇ ਖੋਲ੍ਹੇ ਗਏ ਸਨ ਅਤੇ ਨਾਲ ਇਹ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਖੇਡਣ ਆਏ ਕਬੱਡੀ ਖਿਡਾਰੀ ਟੂਰਨਾਮੈਂਟਾਂ ਤੋਂ ਬਾਅਦ ਦਿੱਤੇ ਵੀਜ਼ੇ ਮੁਤਾਬਿਕ ਵਾਪਸ ਪੰਜਾਬ ਪਰਤ ਜਾਣ। ਪ੍ਰੰਤੂ ਇਨ੍ਹਾਂ ਕਬੱਡੀ ਖਿਡਾਰੀਆਂ ਵਿਚੋਂ ਸੈਂਕੜੇ ਕਬੱਡੀ ਖਿਡਾਰੀ ਚੁੱਭੀ ਮਾਰ ਗਏ ਅਤੇ ਵਾਪਸ ਪੰਜਾਬ ਨਹੀਂ ਪਰਤੇ ਅਤੇ ਕਬੱਡੀ ਫੈਡਰੇਸ਼ਨਾਂ ਅਤੇ ਕਬੱਡੀ ਕਲੱਬਾਂ ਵੱਲੋਂ ਵੱਡੇ ਪੱਧਰ 'ਤੇ ਕਬੂਤਰਬਾਜ਼ੀ ਨੂੰ ਵੇਖਦਿਆਂ ਕੈਨੇਡਾ ਇਮੀਗਰੇਸ਼ਨ ਨੇ ਹਰ ਸਾਲ ਪੰਜਾਬ ਤੋਂ ਕੈਨੇਡਾ ਖੇਡਣ ਆਉਣ ਲਈ ਕਬੱਡੀ ਖਿਡਾਰੀਆਂ ਵਾਸਤੇ ਕੈਨੇਡਾ ਦੇ ਬੂਹੇ ਮੁਕੰਮਲ ਤੌਰ 'ਤੇ ਬੰਦ ਕਰ ਦਿੱਤੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਟੋਰਾਂਟੋ ਵਿਚ ਹੋਈ ਇਕ ਪ੍ਰੈੱਸ ਵਾਰਤਾ ਦੌਰਾਨ ਕੀਤਾ।

ਉਨ੍ਹਾਂ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਨੇ ਕੈਨੇਡਾ ਦੇ ਖੇਡ ਮੰਤਰੀ ਬਲ ਗੋਸਲ, ਫੈਡਰਲ ਮੰਤਰੀ ਟਿੰਮ ਉਪਲ, ਐਮ. ਪੀ ਦਵਿੰਦਰ ਸ਼ੋਰੀ, ਐਮ. ਪੀ. ਪਰਮ ਗਿੱਲ, ਐਮ. ਪੀ. ਨੀਨਾ ਗਰੇਵਾਲ ਨਾਲ ਸਲਾਹ-ਮਸ਼ਵਰਾ ਕਰਨ ਪਿੱਛੋਂ ਕੀਤਾ। ਜੇਸਨ ਕੈਨੀ ਨੇ ਅੱਗੇ ਦੱਸਿਆ ਕਿ ਪੰਜਾਬ ਤੋਂ ਖੇਡਣ ਆਉਣ ਵਾਲੇ ਕਬੱਡੀ ਖਿਡਾਰੀ ਪੰਜਾਬ ਦੇ ਮਾਹੌਲ ਵਾਂਗ ਹੀ ਕੈਨੇਡਾ ਦੇ ਮਾਹੌਲ ਵਿਚ ਵਿਚਰਦੇ ਹਨ ਜੋ ਕਿ ਕੈਨੇਡਾ ਦੇ ਰਹਿਣ-ਸਹਿਣ ਲਈ ਅਨੁਕੂਲ ਨਹੀਂ ਹੈ। ਜੇਸਨ ਕੈਨੀ ਨੇ ਅੱਗੇ ਕਿਹਾ ਕਿ ਜਿਹੜੇ ਖਿਡਾਰੀ ਕੈਨੇਡਾ ਕਬੱਡੀ ਖੇਡਣ ਆਉਣਾ ਚਾਹੁੰਦੇ ਹਨ ਉਹ ਆਮ ਲੋਕਾਂ ਵਾਂਗ ਕੈਨੇਡਾ ਦਾ ਵਿਜ਼ਟਰ ਵੀਜਾ ਅਪਲਾਈ ਕਰਨਗੇ ਅਤੇ ਵੀਜ਼ਾ ਅਫਸਰ ਨੂੰ ਇਸ ਗੱਲ ਲਈ ਭਰੋਸੇ ਵਿਚ ਲੈ ਸਕਣ ਕਿ ਉਹ ਦਿੱਤਾ ਵੀਜ਼ਾ ਖਤਮ ਹੋਣ ਤੋਂ ਪਹਿਲਾ ਖੇਡ ਕੇ ਆਪਣੇ ਵਤਨ ਪਰਤਣਗੇ। ਤਾਂ ਹੀ ਉਨ੍ਹਾਂ ਨੂੰ ਵੀਜ਼ਾ ਮਿਲੇਗਾ।

ਉਨ੍ਹਾਂ ਨੇ ਕਿਹਾ ਕਿ ਪਾਰਲੀਮੈਂਟ ਵਿਚ ਸੇਵਾ ਨਿਭਾ ਰਹੇ ਪੰਜਾਬੀ ਐਮ. ਪੀ. ਨੂੰ ਹਦਾਇਤਾਂ ਦਿੰਦੇ ਕਿਹਾ ਕਿ ਉਹ ਸਮੂਹ ਕਬੱਡੀ ਫੈਡਰੇਸ਼ਨ ਅਤੇ ਕਬੱਡੀ ਕਲੱਬਾਂ ਨੂੰ ਦੱਸਣ ਕਿ ਉਹ ਆਪਣੀਆਂ ਗਲਤੀਆਂ ਨੂੰ ਸੁਧਾਰਨ ਅਤੇ ਇਕ ਵਧੀਆ ਕਬੱਡੀ ਦਾ ਰਾਸ਼ਟਰੀ ਸੰਗਠਨ ਬਣਾਉਣ ਜਿਸ ਵਿਚ ਸਾਫ ਸੁਥਰੇ ਅਕਸ ਵਾਲੀਆਂ ਕਬੱਡੀ ਕਲੱਬਾਂ ਦੀ ਸ਼ਮੂਲੀਅਤ ਹੋਵੇ ਅਤੇ ਉਹ ਕਬੱਡੀ ਖਿਡਾਰੀਆਂ ਨੂੰ ਵਾਪਸ ਖੇਡ ਕੇ ਪੰਜਾਬ ਪਰਤਣ ਲਈ ਯਕੀਨੀ ਬਣਾਉਣ ਅਤੇ ਠੋਸ ਨੀਤੀ ਉਲੀਕਣ। ਜੇਸਨ ਕੈਨੀ ਨੇ ਅਹਿਮ ਖੁਲਾਸਾ ਕਰਦਿਆਂ ਕਿਹਾ ਪਿਛਲੇ ਸਾਲ ਬਿਨਾਂ ਕਿਸੇ ਦਖਲਅੰਦਾਜ਼ੀ ਤੇ ਕਬੱਡੀ ਖਿਡਾਰੀਆਂ ਨੂੰ ਲਗਭਗ 600 ਵੀਜ਼ੇ ਲਗਾਏ ਗਏ ਸਨ ਪ੍ਰੰਤੂ ਅਫਸੋਸਜਨਕ ਉਨ੍ਹਾਂ ਖਿਡਾਰੀਆਂ ਵਿਚੋਂ ਦਰਜਨਾਂ ਖਿਡਾਰੀਆਂ ਨੇ ਕੈਨੇਡਾ ਵਿਚ ਰਾਜਸੀ ਸ਼ਰਨ ਲੈਣ ਲਈ ਅਰਜ਼ੀਆਂ ਵਿਚ ਲਿਖਿਆ ਹੈ ਕਿ ਉਨ੍ਹਾਂ ਦੀ ਜਾਨ ਨੂੰ ਭਾਰਤ ਵਿਚ ਖਤਰਾ ਹੈ। ਹਿੰਦੁਸਤਾਨ ਇਕ ਲੋਕਤੰਤਰ ਮੁਲਕ ਜਿਸ ਦੇ ਨਾਗਰਿਕਾਂ ਵੱਲੋਂ ਅਜਿਹੀ ਗੱਲ ਕਰਕੇ ਸ਼ਰਨ ਲੈਣਾ ਇਕ ਹਾਸੋਹੀਣੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਖੇਡਣ ਆਏ ਖਿਡਾਰੀਆਂ ਵਿਚੋਂ ਕਈ ਖਿਡਾਰੀਆਂ ਤੇ ਗੈਰ-ਕਾਨੂੰਨੀ ਨਸ਼ਿਆਂ ਦੀ ਵਿਕਰੀ, ਹੁੱਲੜਬਾਜ਼ੀ, ਕੁੱਟਮਾਰ ਅਤੇ ਔਰਤਾਂ ਨਾਲ ਅਸ਼ਲੀਲ ਹਰਕਤਾਂ ਸਬੰਧੀ ਅਹਿਮ ਪਰਚੇ ਦਰਜ ਕੀਤੇ ਗਏ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top