Share on Facebook

Main News Page

ਭੂ-ਮਾਫ਼ੀਆ ਅਤੇ ਪ੍ਰਾਪਰਟੀ ਡੀਲਰਾਂ ਨੇ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਨੂੰ ਤਹਿਸ-ਨਹਿਸ ਕਰਨ ’ਚ ਕੋਈ ਕਸਰ ਨਹੀਂ ਛੱਡੀ

ਅਨੰਦਪੁਰ ਸਾਹਿਬ, 26 ਅਪ੍ਰੈਲ (ਸੁਰਿੰਦਰ ਸਿੰਘ ਸੋਨੀ, ਸੁਖਵਿੰਦਰ ਪਾਲ ਸਿੰਘ): ‘‘ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਅਰਬਾਂ ਰੁਪਏ ਖ਼ਰਚ ਕੇ ਅਨੰਦਪੁਰ ਸਾਹਿਬ ਨੂੰ ਅਠਵਾਂ ਅਜੂਬਾ ਬਣਾਉਣ ਲਈ ਵਿਰਾਸਤ-ਇ-ਖ਼ਾਲਸਾ ਦਾ ਨਿਰਮਾਣ ਕਰ ਕੇ ਇਤਿਹਾਸ ਨੂੰ ਸੰਭਾਲਣ ਦਾ ਯਤਨ ਕੀਤਾ ਗਿਆ ਹੈ ਤਾਕਿ ਆਉਣ ਵਾਲੀ ਪੀੜ੍ਹੀ ਅਪਣੇ ਮਹਾਨ ਵਿਰਸੇ ਨਾਲ ਜੁੜ ਸਕੇ ਪਰ ਦੂਜੇ ਪਾਸੇ ਭੂ-ਮਾਫੀਆ ਅਤੇ ਪ੍ਰਾਪਰਟੀ ਡੀਲਰਾਂ ਨੇ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਨੂੰ ਤਹਿਸ-ਨਹਿਸ ਕਰਨ ਵਿਚ ਕੋਈ ਕਸਰ ਨਹੀਂ ਛੱਡੀ।’’

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰ. ਸੁਰਿੰਦਰ ਸਿੰਘ, ਡਾਇਰੈਕਟਰ ਗੁਰਮੀਤ ਸਿੰਘ, ਡਿਪਟੀ ਆਰਗੇਨਾਈਜ਼ਰ ਜਗਮੋਹਨ ਸਿੰਘ ਅਤੇ ਜਸਪਾਲ ਸਿੰਘ ਨੇ ਸਾਂਝੇ ਤੌਰ ਤੇ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਾੜੀਆਂ ਇਤਿਹਾਸਕ ਹਨ ਜਿਨ੍ਹਾਂ ਨੂੰ ਛੇ ਗੁਰੂ ਸਾਹਿਬਾਨ, ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਮਾਤਾ ਸਾਹਿਬ ਕੌਰ ਅਤੇ ਹਜ਼ਾਰਾਂ ਸ਼ਹੀਦ ਸਿੰਘਾਂ ਦੀ ਚਰਨ ਛੋਹ ਪ੍ਰਾਪਤ ਹੈ। ਪਰ ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੁੱਝ ਮੌਕਾ-ਪ੍ਰਸਤ ਲੋਕਾਂ ਵਲੋਂ ਲਾਲਚ ਵੱਸ ਇਨ੍ਹਾਂ ਪਹਾੜੀਆਂ ਨੂੰ ਉਜਾੜ ਕੇ ਇਸ ਮਹਾਨ ਵਿਰਾਸਤ ਦਾ ਨਾਮੋ ਨਿਸ਼ਾਨ ਮਿਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਇਲਾਕੇ ਵਿਚ ਸਥਿਤ ਇਤਿਹਾਸਕ ਗੁਰਦਵਾਰਿਆਂ ਤੇ ਹੋਰ ਧਾਰਮਕ ਅਸਥਾਨਾਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ ਕਿਉਂਕਿ ਪਹਾੜੀਆਂ ਦਿਨੋਂ-ਦਿਨ ਖ਼ਤਮ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧਰਤੀ ਦੀ ਸੰਭਾਲ, ਵਾਤਾਵਰਣ ਦੀ ਸ਼ੁਧਤਾ, ਇਤਿਹਾਸਕ ਪਹਾੜੀਆਂ ਦੀ ਸੁੰਦਰਤਾ ਅਤੇ ਸਰਬੱਤ ਦੇ ਭਲੇ ਲਈ ਜਿਥੇ ਸਥਾਨਕ ਲੋਕਾਂ ਨੂੰ ਜਾਗਣ ਦੀ ਲੋੜ ਹੈ ਉਥੇ ਹੀ ਸ਼੍ਰੋਮਣੀ ਕਮੇਟੀ, ਪੰਜਾਬ ਸਰਕਾਰ ਤੇ ਸਮੁੱਚੇ ਖ਼ਾਲਸਾ ਪੰਥ ਨੂੰ ਇਸ ਬਾਰੇ ਤੁਰਤ ਹਰਕਤ ਵਿਚ ਆਉਣ ਦੀ ਲੋੜ ਹੈ ਤਾਕਿ ਇਸ ਕੁਦਰਤੀ ਅਜੂਬੇ ਨੂੰ ਬਚਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਮੈਨੇਜਰ ਮਨੋਹਰ ਸਿੰਘ, ਇਕਬਾਲ ਸਿੰਘ ਨੰਗਲ, ਮਲਕੀਤ ਸਿੰਘ, ਜਸਵਿੰਦਰ ਪਾਲ ਸਿੰਘ ਰਾਜਾ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top