Share on Facebook

Main News Page

ਭਾਜਪਾ ਦੀ ਦਸਤਾਰ ਪ੍ਰਤੀ ਜ਼ਹਿਰੀਲੀ ਸੋਚ ਨੰਗੀ ਹੋਈ

ਦੇਸ਼ ਦੀਆਂ ਘੱਟਗਿਣਤੀਆਂ ਵਿਰੁੱਧ ਜ਼ਹਿਰੀਲੀ ਸੋਚ ਨਾਲ ਭਰੀ ਆਰ. ਐਸ. ਐਸ. ਅਤੇ ਉਸਦੇ ਭਾਜਪਾ, ਸ਼ਿਵਸੈਨਾ, ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵਰਗੇ ਧੀਆਂ-ਪੁੱਤਾਂ ਵੱਲੋਂ ਘੱਟ ਗਿਣਤੀਆਂ ਨੂੰ ਦਬਾਉਣ ਤੇ ਧਮਕਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਜਾਂਦਾ। ਇਨ੍ਹਾਂ ਕੱਟੜ ਸੋਚ ਦੇ ਮਾਲਕਾਂ ਵੱਲੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਕਿਵੇਂ ਵੀ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਅਤੇ ਇਨ੍ਹਾਂ ਲੋਕਾਂ ਵੱਲੋਂ ਸਿੱਖ ਕੌਮ ਨੂੰ ਹੜੱਪਣ ਦਾ ਯਤਨ ਕੌਮ ਦੇ ਜਨਮ ਤੋਂ ਲੈ ਕੇ ਅੱਜ ਤੱਕ ਨਿਰੰਤਰ ਜਾਰੀ ਹੈ।

ਜਿਸ ਕੌਮ ਦੇ ਰਹਿਬਰ ਨੇ ਹਿੰਦ ਦੀ ਚਾਦਰ ਬਣਕੇ ਇਨ੍ਹਾਂ ਤੇ ਹੋ ਰਹੇ ਜ਼ੋਰ-ਜਬਰ ਤੇ ਜ਼ੁਲਮ ਵਿਰੁੱਧ ਆਪਣੀ ਸ਼ਹਾਦਤ ਦੇ ਕੇ ਰੱਖਿਆ ਕੀਤੀ, ਜਿਹੜੀ ਕੌਮ ਨੇ ਹਿੰਦ ਦੀਆਂ ਬਹੂ-ਬੇਟੀਆਂ ਦੀ ਰੱਖਿਆ ਆਪਣੀਆਂ ਜਾਨਾਂ ਵਾਰ ਕੇ ਕੀਤੀ ਅਤੇ ਜਿਸ ਕੌਮ ਨੇ ਫਾਂਸੀਆਂ ਦੇ ਰੱਸੇ ਚੁੰਮ ਕੇ, ਇਸ ਦੇਸ਼ ਨੂੰ ਅਜ਼ਾਦੀ ਲੈ ਕੇ ਦਿੱਤੀ ਅਤੇ ਫਿਰ ਭੁੱਖੇ ਦੇਸ਼ ਦਾ ਢਿੱਡ ਭਰਨ ਲਈ ਹੱਡਭੰਨਵੀਂ ਮਿਹਨਤ ਕੀਤੀ, ਉਸ ਸਿੱਖ ਕੌਮ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ, ਇਹ ਅੰਨੀ ਕੱਟੜ ਸੋਚ ਦੇ ਮਾਲਕ ਹੱਥੋਂ ਜਾਣ ਨਹੀਂ ਦਿੰਦੇ। ਸਿੱਖਾਂ ਨੂੰ ਇਸ ਅਜ਼ਾਦ ਦੇਸ਼ ਚ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਉਨ੍ਹਾਂ ਨੂੰ ਵਾਰ-ਵਾਰ ਜ਼ਲੀਲ ਕੀਤਾ ਜਾਂਦਾ ਹੈ, ਦੇਸ਼ ਦਾ ਕਾਨੂੰਨ ਵੀ ਉਨ੍ਹਾਂ ਨੂੰ ਇਨਸਾਫ਼ ਦੇਣ ਸਮੇਂ ਇਨਸਾਫ਼ ਦੀ ਤੱਕੜੀ ਤੋਂ ਠੂੰਗਾ ਮਰਵਾ ਦਿੰਦਾ ਹੈ, ਦੇਸ਼ ਦੇ ਹਾਕਮਾਂ ਲਈ ਸਿੱਖ ਵੈਸੇ ਹੀ ਦੂਜੇ ਦਰਜੇ ਦੇ ਸ਼ਹਿਰੀ ਹਨ, ਇਸ ਲਈ ਉਨ੍ਹਾਂ ਨਾਲ ਧੱਕੇਸ਼ਾਹੀ ਨੇ ਬੇਇਨਸਾਫ਼ੀ ਆਮ ਜਿਹੀ ਗੱਲ ਬਣ ਚੁੱਕੀ ਹੈ। ਸਿੱਖਾਂ ਦੇ ਸਵੈਮਾਣ ਨੂੰ ਠੇਸ ਪਹੁੰਚਾਉਣ ਲਈ ਜਿੱਥੇ ਸਿੱਖਾਂ ਨੂੰ ਘੱਟ ਬੁੱਧੀ ਦੇ ਮਾਲਕ ਦੱਸਣ ਲਈ ਹਰ ਪ੍ਰਚਾਰ ਸਾਧਨ ਨੂੰ ਵਰਤਿਆ ਜਾਂਦਾ ਹੈ, ਉਥੇ ਆਪਣੀ ਲਿਆਕਤ ਨਾਲ ਉਚੇ ਅਹੁਦੇ ਤੇ ਪੁੱਜਣ ਵਾਲੇ ਸਿੱਖਾਂ ਦੀ ਲਿਆਕਤ ਨੂੰ ਜੋਕਰਪੁਣੇ ਦਾ ਮੁਲੰਮਾ ਚਾੜ੍ਹਣ ਦਾ ਯਤਨ ਹੁੰਦਾ ਹੈ, ਕਿਸੇ ਸਿੱਖ ਦੀ ਚੜ੍ਹਤ ਨਾਲ ਇਨ੍ਹਾਂ ਸ਼ਕਤੀਆਂ ਦੀ ਛਾਤੀ ਤੇ ਸੱਪ ਝੱਟ ਲੇਟਣਾ ਸ਼ੁਰੂ ਕਰ ਦਿੰਦਾ ਹੈ ਅਤੇ ਹਰ ਹੀਲਾ ਵਸੀਲਾ ਵਰਤ ਕੇ ਉਸ ਸਿੱਖ ਦੀ ਬੁੱਧੀ ਨੂੰ ਮਖੌਲ ਦਾ ਪਾਤਰ ਬਣਾਉਣ ਦਾ ਯਤਨ ਹੁੰਦਾ ਹੈ, ਇਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਇਕ ਸਿੱਖ ਹਨ, ਉਹ ਸ਼ਰੀਫ ਇਮਾਨਦਾਰ ਅਤੇ ਆਪਣੀ ਲੋੜ ਤੋਂ ਵੱਧ ਸ਼ਰਾਫ਼ਤ ਕਾਰਣ ਕੁਝ ਮਜ਼ਬੂਰੀਆਂ ਚ ਬੱਝੇ ਹੋਏ ਹਨ। ਹੱਥ ਬੱਝੇ ਹੋਣ ਕਾਰਣ, ਉਹ ਲਿਆਕਤ ਤੇ ਈਮਾਨਦਾਰੀ ਦਾ ਜਲਵਾ ਵਿਖਾਉਣ ਤੋਂ ਅਸਮਰੱਥ ਹੋ ਗਏ ਹਨ, ਪ੍ਰੰਤੂ ਆਮ ਇਨਸਾਨੀ ਕੰਮਜ਼ੋਰੀ ਦੇ ਸ਼ਿਕਾਰ ਹੋਣ ਕਾਰਣ ਸੱਤਾ ਲਾਲਸਾ ਨੂੰ ਤਿਆਗਣ ਦੀ ਦਲੇਰੀ ਨਹੀਂ ਵਿਖਾ ਸਕੇ। ਪ੍ਰੰਤੂ ਇਕ ਸਿੱਖ ਪ੍ਰਧਾਨ ਮੰਤਰੀ ਦੀ ਇਹ ਮਜ਼ਬੂਰੀ, ਇਨ੍ਹਾਂ ਸਿੱਖ ਦੁਸ਼ਮਣ ਤਾਕਤਾਂ ਨੂੰ ਸਿੱਖਾਂ ਨੂੰ ਅਤੇ ਸਿੱਖ ਦੀ ਦਸਤਾਰ ਨੂੰ ਮਜ਼ਾਕ ਦਾ ਪਾਤਰ ਬਣਾਉਣ ਦੇ ਵੱਡੇ ਹਥਿਆਰ ਵਜੋਂ ਪ੍ਰਾਪਤ ਹੋ ਗਈ ਹੈ।

ਬੀਤੇ ਦਿਨ ਭਾਜਪਾ ਦੇ ਰਾਜ ਵਾਲੇ ਮੱਧ ਪ੍ਰਦੇਸ਼ ਦੇ ਸਿੱਖ ਵਸੋਂ ਵਾਲੇ ਸ਼ਹਿਰ ਇੰਦੌਰ ਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਜਿਹੇ ਵੱਡੇ-ਵੱਡੇ ਹੋਰਡਿੰਗ ਲਾਏ ਗਏ, ਜਿਨ੍ਹਾਂ ਚ ਸਿੱਖ ਪ੍ਰਧਾਨ ਮੰਤਰੀ ਤੇ ਉਸਦੀ ਦਸਤਾਰ ਦੀ ਬੇਇੱਜ਼ਤੀ ਕੀਤੀ ਹੋਈ ਸੀ। ਦੇਸ਼ ਚ ਮਹਿੰਗਾਈ ਹੈ, ਭ੍ਰਿਸ਼ਟਾਚਾਰ ਹੈ, ਇਸ ਲਈ ਦੇਸ਼ ਦੀ ਕੇਂਦਰੀ ਸਰਕਾਰ ਬਿਨਾਂ ਸ਼ੱਕ ਜੁੰਮੇਵਾਰ ਹੈ ਅਤੇ ਦੇਸ਼ ਦੇ ਲੋਕਾਂ ਨੂੰ ਆਪਣੇ ਰੋਹ ਤੇ ਰੋਸ ਦਾ ਹਰ ਪੱਧਰ ਤੇ ਵਿਖਾਵਾ ਕਰਨਾ ਚਾਹੀਦਾ ਹੈ ਤਾਂ ਕਿ ਸਰਕਾਰ ਮਹਿੰਗਾਈ ਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਗੰਭੀਰ ਹੋਵੇ। ਪ੍ਰੰਤੂ ਜਿਸ ਤਰ੍ਹਾਂ ਇੰਦੋਰ ਚ ਭਾਜਪਾ ਦੇ ਯੁਵਾ ਮੋਰਚਾ ਵੱਲੋਂ ਸਿੱਖ ਪ੍ਰਧਾਨ ਮੰਤਰੀ ਤੇ ਉਸਦੀ ਦਸਤਾਰ ਦੀ ਬੇਹੂਦਾ ਪੇਸ਼ਕਾਰੀ ਕੀਤੀ ਗਈ ਹੈ, ਉਹ ਇਸਦੀ ਸਿੱਖੀ ਵਿਰੁੱਧ ਨਫ਼ਰਤ ਦਾ ਖੁੱਲ੍ਹਾ ਪ੍ਰਗਟਾਵਾ ਹੈ।

ਅਸੀਂ ਇਹ ਨਹੀਂ ਆਖਦੇ ਕਿ ਗ਼ਲਤ ਨੂੰ ਗ਼ਲਤ ਨਾਂਹ ਆਖਿਆ ਜਾਵੇ, ਵਿਰੋਧ ਪ੍ਰਗਟਾਉਣਾ ਹਰ ਕਿਸੇ ਦਾ ਮੁੱਢਲਾ ਅਧਿਕਾਰ ਹੈ, ਪ੍ਰੰਤੂ ਜਦੋਂ ਵਿਰੋਧ ਪ੍ਰਗਟਾਉਣ ਦੀ ਆੜ੍ਹ ਚ ਕਿਸੇ ਧਰਮ ਦੀ ਖਿੱਲੀ ਉਡਾਈ ਜਾਂਦੀ ਹੈ ਤਾਂ ਉਹ ਵੱਡਾ ਗੁਨਾਹ ਹੈ। ਸਿੱਖੀ ਸਰੂਪ ਨੂੰ ਲੈ ਕੇ ਸਿੱਖਾਂ ਦੀ ਖਿੱਲੀ ਉਡਾਉਣੀ ਨਵੀਂ ਗੱਲ੍ਹ ਨਹੀਂ, ਜਿਸ ਤਰ੍ਹਾਂ ਅਸੀਂ ਪਹਿਲਾ ਵੀ ਲਿਖਿਆ ਹੈ ਕਿ ਇਹ ਕੱਟੜ ਹਿੰਦੂ ਮਾਨਸਿਕਤਾ ਦਾ ਸਿੱਖੀ ਪ੍ਰਤੀ ਜ਼ਹਿਰੀਲੀ ਸੋਚ, ਜਿਹੜੀ ਪੀੜ੍ਹੀ ਦਰ ਪੀੜ੍ਹੀ ਉਸ ਦੇ ਮਨ ਚ ਡੂੰਘੀ ਬੈਠ ਚੁੱਕੀ ਹੈ, ਉਸਦਾ ਪ੍ਰਗਟਾਵਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਲੋਕ ਜਿਹੜੇ ਦੇਸ ਦੀ ਏਕਤਾ ਤੇ ਆਖੰਡਤਾ ਦਾ ਪਾਠ ਉਚੀ-ਉਚੀ ਪੜ੍ਹਦੇ ਹਨ, ਉਨ੍ਹਾਂ ਨੂੰ ਅਜਿਹੀ ਤਾਕਤਾਂ ਨੂੰ ਸਭ ਤੋਂ ਪਹਿਲਾ ਨੱਥ ਪਾਉਣੀ ਚਾਹੀਦੀ ਹੈ, ਜਿਹੜੀਆਂ ਤਾਕਤਾਂ ਸਿੱਖੀ ਪ੍ਰਤੀ ਆਪਣੀ ਜ਼ਹਿਰੀਲੀ ਸੋਚ ਦਾ ਖੁੱਲ੍ਹੇ ਰੂਪ ਚ ਪ੍ਰਗਟਾਵਾ ਕਰਕੇ, ਸਿੱਖਾਂ ਦੇ ਮਨ ਚ ਬੇਗਾਨਗੀ ਦੀ ਭਾਵਨਾ ਪੈਦਾ ਕਰਦੀਆਂ ਹਨ। ਮੱਧ ਪ੍ਰਦੇਸ਼ ਚ ਉਸ ਪਾਰਟੀ ਦਾ ਰਾਜ ਹੈ, ਜਿਹੜੀ ਪੰਜਾਬ ਚ ਅਕਾਲੀ ਦਲ ਨਾਲ ਭਾਈਵਾਲੀ ਪਾਈ ਬੈਠੀ ਹੈ। ਇਸ ਲਈ ਉਸਨੂੰ ਇੰਦੌਰ ਚ ਸਿੱਖਾਂ ਦੀ ਦਸਤਾਰ ਦੇ ਉਡਾਏ ਮਜ਼ਾਕ ਪ੍ਰਤੀ ਗੰਭੀਰ ਹੋ ਕੇ ਸਖ਼ਤ ਕਦਮ ਤੁਰੰਤ ਚੁੱਕਣੇ ਚਾਹੀਦੇ ਹਨ।

ਜਸਪਾਲ ਸਿੰਘ ਹੇਰਾਂ
ਸੰਪਾਦਕ - ਪਹਿਰੇਦਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top