Share on Facebook

Main News Page

ਨਾਨਕਸ਼ਾਹੀ ਕੈਲੰਡਰ ਦੇ ਕਾਤਿਲਾਂ ਨੂੰ, ਸ਼ਹੀਦੀ ਯਾਦਗਾਰ ਬਨਾਉਣ ਦਾ ਕੋਈ ਹੱਕ ਨਹੀਂ

28 ਵਰ੍ਹੇ ਬਾਅਦ, ਸ਼੍ਰੋਮਣੀ ਕਮੇਟੀ ਨੂੰ 1984 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਆਖਿਰ ਕਾਰ ਯਾਦ ਆ ਹੀ ਗਈ। ਸ਼ਹੀਦਾਂ ਦੀ ਯਾਦਗਾਰ ਬਨਾਉਣ ਦਾ ਇਹ ਫੈਸਲਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅਕਾਲੀਆਂ ਦੇ ਪੰਥ ਦਰਦ ਜਾਂ ਕੌਮ ਪ੍ਰਤੀ ਕਿਸੇ ਸਤਕਾਰ ਨੂੰ ਨਹੀਂ ਦਰਸਾਂਉਦਾ, ਬਲਕਿ ਇਹ ਫੈਸਲਾਂ ਉਨ੍ਹਾਂ ਉਤੇ, ਕੌਮ ਦੀਆਂ ਅੱਡ ਅੱਡ ਜਾਗਰੂਕ ਧਿਰਾਂ ਵਲੋਂ ਪੈ ਰਹੇ ਦਬਾਅ ਕਰ ਕੇ ਲਇਆ ਹੈ । ਦੂਜਾ ਅਕਾਲੀਆਂ ਵਲੋਂ ਕਾਂਗ੍ਰੇਸ ਪਾਰਟੀ ਨੂੰ ਹਮੇਸ਼ਾਂ ਲਈ ਨੀਵਾਂ ਵਖਾਉਣ ਦੀ ਨਜਰ ਨਾਲ ਵੀ ਇਹ ਫੈਸਲਾ ਲਿਆ ਗਇਆ, ਜਿਸ ਨਾਲ ਲੋਕਾਂ ਦੇ ਮਨ ਵਿੱਚ ਹਮੇਸ਼ਾਂ ਲਈ ਕਾਂਗ੍ਰੇਸ ਪਾਰਟੀ ਲਈ ਨਫਰਤ ਬਣੀ ਰਹੇ, ਕਿ ਇਸ ਪਾਰਟੀ ਦੀ ਸਰਕਾਰ ਨੇ ਸਾਡੇ ਧਾਰਮਿਕ ਅਦਾਰਿਆਂ 'ਤੇ ਹਮਲਾ ਕਰਵਾਇਆ । ਅਕਾਲੀਆਂ ਨੇ ਇਕ ਤੀਰ ਨਾਲ ਦੋ ਨਿਸ਼ਾਂਨੇ ਲਾਏ ਹਨ। ਚਲੋ ਭਾਂਵੇ ਕਿਸੇ ਵੀ ਤਰ੍ਹਾਂ 28 ਵਰ੍ਹੇ ਬਾਦ ਇਹ ਕੰਮ ਸਿਰੇ ਤੇ ਚੜ੍ਹਿਆ, ਜਿਸ ਦੀ ਕੌਮ ਵਲੋਂ ਹਮੇਸ਼ਾ ਮੰਗ ਕੀਤੀ ਜਾ ਰਹੀ ਸੀ।

ਪੰਥ ਦਰਦੀਆਂ ਅਤੇ ਜਾਗਰੂਕ ਧਿਰਾਂ ਨੂੰ ਇਸ ਕੰਮ ਦੇ ਸਿਰੇ ਚੜ੍ਹਨ ਨਾਲ ਜਿੰਨੀ ਖੁਸ਼ੀ ਹੋਈ ਸੀ, ਉਸ ਤੋਂ ਵੱਧ ਦੁਖ ਅਤੇ ਰੋਸ਼ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਇਸ ਯਾਦਗਾਰ ਦੀ ਸੇਵਾ, ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮੇਂ ਨੂੰ ਸੌਂਪ ਦੇਂਣ ਨਾਲ ਹੋਈ ਹੈ। ਇਹ ਜਗ ਜਾਹਿਰ ਹੈ, ਕਿ ਇਹ ਟਕਸਾਲ ਦਾ ਅਖੌਤੀ ਮੁੱਖੀ, ਕਿਸ ਤਰ੍ਹਾਂ ਦਮਦਮੀ ਟਕਸਾਲ ਤੇ ਕਾਬਿਜ ਹੋਇਆ ਅਤੇ ਟਕਸਾਲ ਦੇ ਪੂਰਬਲੇ ਮੁੱਖੀ ਅਤੇ ਅਹੁਦੇਦਾਰਾਂ ਨੂੰ ਇਸ ਨੇ ਇਕ ਇਕ ਕਰਕੇ ਕਿਸ ਤਰ੍ਹਾਂ ਲਾਂਬੇ ਕੀਤਾ। ਕੌਮ ਦਾ ਜਾਗਰੂਕ ਤਬਕਾ ਇਹ ਵੀ ਚੰਗੀ ਤਰ੍ਹਾਂ ਜਾਂਣਦਾ ਹੈ, ਕਿ ਹਰਨਾਮ ਸਿੰਘ ਧੁੰਮਾਂ, ਸੰਤ ਸਮਾਜ ਦਾ ਵੀ ਮੁੱਖੀ ਹੈ ਅਤੇ ਇਹ ਹੁਣ ਇਕ ਨਿਰੋਲ ਧਾਰਮਿਕ ਅਦਾਰਾ ਨਾ ਹੋ ਕੇ ਇਕ ਸਿਆਸੀ ਪਾਰਟੀ ਦੇ ਰੂਪ ਵਿਚ ਤਬਦੀਲ ਹੋ ਚੁਕਾ ਹੈ। ਇਕ ਦਹਾਕੇ ਤੋਂ ਹੋਂਦ ਵਿੱਚ ਆਇਆ ਸੰਤ ਸਮਾਜ ਜਿਸਦਾ ਨਾਮ ਵੀ ਕੌਮ ਨੇ ਪਹਿਲਾਂ ਕਦੀ ਵੀ ਨਹੀਂ ਸੀ ਸੁਣਿਆ, ਹੁਣ ਅਕਾਲੀ ਦਲ ਦੀ ਇਕ ਧਾਰਮਿਕ ਵਿੰਗ ਦੇ ਰੂਪ ਵਿੱਚ ਕੰਮ ਕਰ ਰਹਿਆ ਹੈ ।

ਸੰਤ ਸਮਾਜ ਅਤੇ ਦਮਦਮੀ ਟਕਸਾਲ ਦੇ ਇਸ ਮੁੱਖੀ ਦਾ ਕੌਮ ਪ੍ਰਤੀ ਕੀਤੇ ਗਏ ਕੰਮਾਂ ਦਾ ਯੋਗਦਾਨ ਨਾ ਕੇਵਲ ਸਿਫਰ ਹੈ, ਬਲਕਿ ਪੰਥ ਵਿਰੋਧੀ ਹੀ ਰਹਿਆ ਹੈ। ਇਨ੍ਹਾਂ ਨੇ ਅੱਜ ਤਕ ਉਹ ਹੀ ਕੰਮ ਕੀਤੇ ਹਨ, ਜਿਸ ਨਾਲ ਕੱਟਰ ਬ੍ਰਾਹਮਣਵਾਦੀ ਸੰਗਠਨ ਆਰ .ਐਸ. ਐਸ. ਦਾ ਪੱਖ ਪੂਰਿਆ ਜਾਂਦਾ ਰਹਿਆ ਹੈ। ਇਸ ਵਿੱਚ ਸਭਤੋਂ ਵਡਾ ਉਦਾਹਰਣ ਅਕਾਲ ਤੱਖਤ ਸਾਹਿਬ ਤੋਂ ਜਾਰੀ ਨਾਨਕਸ਼ਾਹੀ ਕੈਲੰਡਰ ਨੂੰ ਬ੍ਰਾਹਮਣੀ ਜੰਤਰੀ ਵਿੱਚ ਮੁੜ ਤਬਦੀਲ ਕਰ ਦੇਣਾ ਹੈ। ਸੰਤ ਸਮਾਜ ਅਤੇ ਦਮਦਮੀ ਟਕਸਾਲ, ਅਕਾਲ ਤਖਤ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਤੋਂ ਵੀ ਬਾਗੀ ਹੈ।

ਇਹੋ ਜਹੇ ਬੰਦੇ ਨੂੰ "ਸ਼ਹੀਦਾ ਦੀ ਯਾਦਗਾਰ" ਬਨਾਉਣ ਦਾ ਅਧਿਕਾਰ ਦੇ ਦੇਣਾਂ ਸਰਾਸਰ ਗੈਰ ਸਿਧਾਂਤਕ ਅਤੇ ਨਾ ਮੰਨਣਯੋਗ ਹੈ। ਅਕਾਲ ਤਖਤ ਤੋਂ ਜਾਰੀ ਨਾਨਕਸ਼ਾਹੀ ਕੈਲੰਡਰ ਦੇ ਕਾਤਿਲਾਂ ਨੂੰ ਸ਼ਹੀਦੀ ਸਮਾਰਕ ਬਣਾਉਣ ਦਾ ਹੱਕ ਕੌਮ ਦਾ ਸੁਚੇਤ ਅਤੇ ਜਾਗਰੂਕ ਤਬਕਾ, ਕਿਸੇ ਕੀਮਤ ਤੇ ਨਹੀਂ ਦੇ ਸਕਦਾ। ਜੇ ਅਕਾਲੀ ਦਲ ਦੇ ਪ੍ਰਾਸੀਕਿਯੂਟਰ ਮੱਕੜ ਸਾਹਿਬ ਨੇ ਜੇ ਇਹ ਅਧਿਕਾਰ ਧੁੰਮੇ ਕੋਲੋਂ ਵਾਪਸ ਨਾ ਲਿਆ ਤੇ ਇਕ ਅੰਦੋਲਨ ਛਿੜ ਜਾਵੇਗਾ ਅਤੇ ਕਿਸੇ ਕੀਮਤ ਤੇ ਹਰਨਾਮ ਸਿੰਘ ਧੁੰਮੇ ਨੂੰ ਇਸ ਯਾਦਗਾਰ ਦੀ ਉਸਾਰੀ ਨਹੀਂ ਕਰਨ ਦਿੱਤੀ ਜਾਵੇਗੀ। ਇਸ ਗਲ ਦੀ ਬਹੁਤ ਘੱਟ ਉੱਮੀਦ ਹੈ ਕਿ ਮੱਕੜ ਸਾਹਿਬ, ਧੁੰਮੇ ਕੋਲੋਂ ਇਹ ਅਧਿਕਾਰ ਵਾਪਸ ਲੈ ਲੈਣਗੇ, ਕਿਉਕਿ ਮੱਕੜ ਸਾਹਿਬ ਦੇ "ਸਿਆਸੀ ਆਕਾ" ਦੇ ਹੁਕਮ ਨਾਲ ਹੀ ਇਹ ਕੰਮ ਧੁੰਮੇ ਨੂੰ ਸੌਪਿਆ ਗਇਆ ਹੋਣਾ ਹੈ, ਅਤੇ ਮੱਕੜ ਸਾਹਿਬ ਉਹੀ ਕੰਮ ਕਰਦੇ ਹਨ ਜੋ ਉਨਾਂ ਦੇ "ਆਕਾ" ਦਾ ਹੁਕਮ ਹੁੰਦਾ ਹੈ। ਜੇ ਇਸ ਯਾਦਗਾਰ ਦੀ ਉਸਾਰੀ ਧੁੰਮਾਂ ਕਰਵਾਂਉਦਾ ਹੈ ਤੇ ਸਿੱਖ ਇਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਣਗੇ।

ਕਹਿੰਦੇ ਨੇ ਕਿ ਇਤਿਹਾਸ ਆਪਣੇ ਆਪ ਨੂੰ ਦੋਹਰਾਉਂਦਾ ਹੈ। ਇਤਿਹਾਸ ਫੇਰ ਦੋਹਰਾਇਆ ਜਾ ਰਿਹਾ ਹੈ। ਅਕਾਲ ਤਖਤ ਤੇ ਹਮਲਾ ਕਰਣ ਤੋਂ ਬਾਦ ਇੰਦਰਾ ਗਾਂਧੀ ਨੇ ਅਕਾਲ ਤਖਤ ਦੀ ਇਮਾਰਤ ਦੀ ਉਸਾਰੀ ਦੀ ਆਪ ਹੁਦਰੀ ਜਿੰਮੇਦਾਰੀ ਸਰਕਾਰੀ ਏਜੇਂਟ, ਬੁੱਢ੍ਹਾ ਦਲ ਦੇ ਮੁੱਖੀ ਸੰਤਾ ਸਿੰਘ ਨੂੰ ਸੌਂਪ ਦਿਤੀ ਸੀ, ਅਤੇ ਅਕਾਲ ਤਖਤ ਦੀ ਇਮਾਰਤ ਉਸਾਰ ਦਿਤੀ ਗਈ ਸੀ। ਜਿਸ ਨੂੰ ਕੌਮ ਨੇ ਸਵੀਕਾਰ ਨਹੀਂ ਕੀਤਾ ਅਤੇ ਉਸ ਸਰਕਾਰੀ ਦਲਾਲ ਦੀ ਬਣਾਈ ਇਮਾਰਤ ਨੂੰ ਸਿਰੇ ਤੋਂ ਢਾਅ ਕੇ ਦੋਬਾਰਾ ਕਾਰਸੇਵਾ ਰਾਂਹੀ ਮੁੜ ਉਸਾਰੀ ਕੀਤੀ ਸੀ। ਇਸੇ ਤਰ੍ਹਾਂ ਜੇ ਹਰਨਾਮ ਸਿੰਘ ਧੁੰਮਾਂ ਕੋਲੋਂ ਇਹ ਅਕਾਲੀ, ਸ਼ਹੀਦੀ ਯਾਦਗਾਰ ਦੀ ਉਸਾਰੀ ਕਰਵਾਂਉਦੇ ਨੇ ਤੇ ਕੌਮ ਇਸ ਉਸਾਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।

ਅਵਤਾਰ ਸਿੰਘ ਮੱਕੜ ਨੂੰ ਵੀ ਇਹ ਯਾਦ ਰਖਣਾ ਚਾਹੀਦਾ ਹੈ, ਕਿ ਅਵਤਾਰ ਸਿੰਘ ਮੱਕੜ, ਗੁਰਬਚਨ ਸਿੰਘ, ਸੰਤ ਸਮਾਜ ਹੀ "ਪੰਥ" ਨਹੀਂ ਹਨ, ਜੋ ਚਾਹੇ ਉਹ ਫੈਸਲਾ ਆਪ ਹੁਦਰੇ ਤੌਰ ਤੇ ਕਰ ਦੇਣਾ ਪੰਥਿਕ ਫੈਸਲਾ ਨਹੀਂ ਹੋ ਸਕਦਾ। ਇਸ ਲਈ ਪੰਥ ਦੀ ਹਰ ਜਾਗਰੂਕ ਧਿਰ ਤੋਂ ਸਲਾਹ ਲਈ ਜਾਣੀ ਚਾਹੀਦੀ ਹੈ। ਪੰਥ ਦੀ ਰਾਇ ਲੈਣਾ ਅਤੇ ਪੰਥ ਦੀ ਭਾਵਨਾ ਦਾ ਸਤਕਾਰ ਕਰਨਾ ਵੀ ਉਨਾਂ ਨੂੰ ਸਿਖਣਾ ਚਾਹੀਦਾ ਹੈ। ਪੰਥਿਕ ਫੈਸਲੇ ਪੰਥ ਲੈਂਦਾ ਹੈ, ਨਾਂ ਕਿ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਲਏ ਗਏ ਫੈਸਲਿਆਂ ਨੂੰ ਪੰਥਿਕ ਫੈਸਲੇ ਮੰਨਿਆ ਜਾ ਸਕਦਾ ਹੈ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top