Share on Facebook

Main News Page

ਜਾਤਿ ਪਾਤਿ ਅਤੇ ਸਿੱਖ
- ਗੁਰਮੀਤ ਸਿੰਘ ਮਿਸ਼ਨਰੀ

ਸਦੀਆਂ ਤੋਂ ਮਨੁੱਖ ਬ੍ਰਾਹਮਣ ਦੀ ਕੀਤੀ ਹੋਈ ਵਰਣ-ਵੰਡ (ਜਾਤਿ ਪਾਤਿ) ਦਾ ਸ਼ਿਕਾਰ ਹੁੰਦਾ ਆਇਆ ਹੈ। ਬ੍ਰਾਹਮਣ ਨੇ ਇਸ ਮਨੁੱਖ ਨੂੰ ਚਾਰ ਵਰਣਾਂ ਵਿਚ ਵੰਡ ਦਿਤਾ: ਬਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਬ੍ਰਾਹਮਣ ਕਹੀਆਂ ਜਾਂਦੀਆਂ ਧਾਰਮਿਕ ਪੁਸਤਕਾਂ ਦਾ ਲਿਖਾਰੀ ਰਿਹਾ ਹੈ। ਆਪਣੀਆਂ ਸੁਖ-ਸਹੂਲਤਾਂ ਲਈ ਜੋ ਚਾਹੁੰਦਾ ਸੀ, ਇਹਨਾਂ ਵਿਚ ਲਿਖਿਆ। ਹੱਥੀਂ ਕਿਰਤ ਕਰਨੀਂ ਨਹੀਂ ਸੀ ਚਾਹੁੰਦਾ, ਇਸ ਲਈ ਦੂਸਰੇ ਮਨੁਖਾਂ ਨੂੰ ਉਪਦੇਸ਼ ਦੇਣ ਦਾ, ਪੂਜਾ ਪਾਠ ਦਾ, ਦਾਣ ਲੈਣ ਦਾ ਅਧਿਕਾਰ ਆਪਣੇ ਕੋਲ ਰੱਖ ਕੇ ਬਾਕੀ ਮਿਹਨਤ ਮਜਦੂਰੀ ਦੇ ਕੰਮ ਹੋਰ ਲੋਕਾਈ ਵਿਚ ਵੰਡ ਦਿਤੇ। ਬ੍ਰਾਹਮਣ ਦੀ ਕੀਤੀ ਹੋਈ ਵਰਣ-ਵੰਡ ਦਾ ਸ਼ਿਕਾਰ ਸਭ ਤੋਂ ਜਿਆਦਾ ਸ਼ੂਦਰ ਨੂੰ ਹੋਣਾ ਪਿਆ। ਇਸ ਨੂੰ ਨਫਰਤ ਇਥੋਂ ਤੱਕ ਕੀਤੀ ਗਈ, ਕਿ ਇਸ ਦਾ ਪਰਛਾਵਾਂ ਵੀ ਬ੍ਰਾਹਮਣ ਲਈ ਭਿੱਟ ਦਾ ਕਾਰਣ ਬਣਿਆਂ। ਸ਼ੂਦਰ ਕੋਲੋਂ ਵਿਦਿਆ ਪੜਨ ਦਾ ਅਧਿਕਾਰ ਵੀ ਖੋਹ ਲਿਆ ਗਿਆ।

ਭਗਤਾਂ ਅਤੇ ਗੁਰੂ ਸਾਹਿਬਾਨ ਨੇ ਇਸ ਲੋਕਾਈ ਨੂੰ ਕ੍ਰਾਂਤੀਕਾਰੀ ਵਿਚਾਰਧਾਰਾ ਦਿਤੀ। ਵਰਣਵੰਡ ਦੇ ਖਿਲਾਫ ਜੋਰਦਾਰ ਆਵਾਜ਼ ਬੁਲੰਦ ਕੀਤੀ ਤੇ ਕਿਹਾ ਕਿ ਜਨਮ ਕਰ ਕੇ ਕੋਈ ਮਨੁੱਖ ਉਚਾ ਜਾਂ ਨੀਵਾਂ ਕਿਵੇਂ ਹੋ ਸਕਦਾ ਹੈ। ਭਗਤ ਕਬੀਰ ਜੀ ਨੇ ਹੇਠਲੇ ਸ਼ਬਦ ਰਾਹੀਂ ਬ੍ਰਾਹਮਣ ਨੂੰ ਚੈਲਿੰਜ ਕਰਦੇ ਹੋਏ ਸਵਾਲ ਕੀਤਾ:

ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥ {ਪੰਨਾ 324}

ਅਰਥ:- ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ); ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ ।1।

ਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ।1।ਰਹਾਉ।

ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ।2।

(ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀ ਕਿਵੇਂ ਸ਼ੂਦਰ (ਰਹਿ ਗਏ)? ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ।2।

ਹੇ ਕਬੀਰ! ਆਖ-ਅਸੀ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ ।4।7।

ਗੁਰੁ ਨਾਨਕ ਦੇਵ ਜੀ ਫੁਰਮਾਂਉਦੇ ਹਨ:

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥ (ਪੰਨਾ 349)

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥ (ਪੰਨਾ 469)

ਗੁਰੁ ਅਮਰਦਾਸ ਜੀ:

ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥(ਪੰਨਾ 1127-1128)

ਅਰਥ:- ਹੇ ਮੂਰਖ! ਹੇ ਗੰਵਾਰ! (ਉਂਚੀ) ਜਾਤਿ ਦਾ ਮਾਣ ਨਾਹ ਕਰ । ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ ।1।ਰਹਾਉ।

ਭਗਤਾਂ ਅਤੇ ਗੁਰੁ ਸਾਹਿਬਾਨ ਨੇ ਇਸ ਗੱਲ ਦਾ ਖੁਲਾਸਾ ਗੁਰੂ ‐ਬਾਣੀ ਅੰਦਰ ਕੀਤਾ ਹੈ ਕਿ ਕੋਈ ਵੀ ਮਨੁੱਖ ਜਨਮ ਕਰ ਕੇ ਉਚਾ ਜਾਂ ਨੀਵਾਂ ਨਹੀਂ,ਹਾਂ ਕਰਮ ਕਰ ਕੇ ਹੀ ਮਨੁੱਖ ਉਚਾ ਜਾਂ ਨੀਵਾਂ(ਚੰਗਾ ਜਾਂ ਮੰਦਾ) ਬਣਦਾ ਹੈ।

ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ॥ ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ ॥੫੬॥ ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ ॥ ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥ (ਪੰਨਾ1367)

ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥ ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥੪॥੧੦॥ (ਪੰਨਾ 1330)

ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ ਮਹੁਰਾ ਹੋਵੈ ਹਥਿ ਮਰੀਐ ਚਖੀਐ ॥ (ਪੰਨਾ 142)

ਆਗੈ ਜਾਤਿ ਰੂਪੁ ਨ ਜਾਇ ॥ ਤੇਹਾ ਹੋਵੈ ਜੇਹੇ ਕਰਮ ਕਮਾਇ ॥ (ਪੰਨਾ 363)

ਸ਼ੱਚ ਮਾਰਗ ਦੇ ਪਾਂਧੀ ਗੁਰੁ ਸਾਹਿਬਾਨ ਅਤੇ ਭਗਤਾਂ ਨੇ ਇਸ ਬੁਰਾਈ ਖਿਲਾਫ ਇਕ ਮੁਹਿੰਮ ਸ਼ੁਰੂ ਕੀਤੀ।ਪਰੰਤੂੰ ਅੱਜ ਤੱਕ ਇਸ ਵਰਣ-ਵੰਡ ਦਾ ਖਾਤਮਾ ਸਾਡੇ ਸਮਾਜ ਅੰਦਰ ਨਹੀਂ ਹੋ ਸਕਿਆ, ਜਿਸ ਦਾ ਮੁਖ ਕਾਰਣ ਬ੍ਰਾਹਮਣ (ਪੁਜਾਰੀ) ਹੀ ਹੈ। ਪੁਜਾਰੀ ਵਰਗ ਨੇ ਮਨੁੱਖ ਨੂੰ ਸਦਾ ਕਰਮਕਾਂਡ ਵਿੱਚ ਉਲਝਾ ਕੇ ਰੱਖਿਆ ਹੈ।ਗਿਆਨ ਨਾਲ ਮਨੁੱਖ ਦਾ ਸਬੰਧ ਹੀ ਨਹੀਂ ਬਣਨ ਦਿਤਾ।  ਸੱਚ ਗਿਆਨ ਦੇ ਸੋਮੇ (ਗੁਰੂ ਗਰੰਥ ਸਾਹਿਬ) ਨੂੰ ਵੀ ਸਿਰਫ ਸਿੱਖਾਂ ਦਾ 'ਗਰੰਥ' ਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ।

ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਸਿੱਖ ਵੀ ਇਸ ਜਾਤਿ ਪਾਤਿ ਤੋਂ ਬਚ ਨਹੀਂ ਸਕੇ। ਅਸੀਂ ਵੀ ਗੁਰੂ-ਬਾਣੀ ਨੂੰ ਸਿਰਫ ਮੰਤਰ ਸਮਝ ਕੇ ਹੀ ਪੜਦੇ ਰਹੇ ਹਾਂ ਤੇ ਪੜ ਰਹੇ ਹਾਂ। ਸਿੱਖਾਂ ਵਿਚ ਵੀ ਜਾਤਿ ਪਾਤਿ ਦੀਆਂ ਵੰਡੀਆਂ ਆਮ ਦੇਖੀਆਂ ਜਾ ਸਕਦੀਆਂ ਹਨ ਜਿਵੇਂ ਜੱਟ ਸਿੱਖ, ਭਾਪੇ ਸਿੱਖ, ਰਾਮਗੜੀਏ ਸਿੱਖ, ਮਜਹਬੀ ਸਿੱਖ ਆਦਿਕ। ਗੁਰਦੁਆਰੇ ਵੀ ਜਾਤਾਂ ਤੇ ਆਧਾਰਿਤ ਬਣੇ ਹੋਏ ਹਨ, ਜੱਟਾਂ ਦਾ, ਭਾਪਿਆਂ ਦਾ, ਤਰਖਾਣਾਂ ਦਾ ਗੁਰਦੁਆਰਾ। ਜਾਤਿ ਪਾਤਿ ਤੋਂ ਅੱਗੇ ਜਾ ਕੇ ਅਸੀਂ ਗੋਤਾਂ ਨੂੰ ਵੀ ਵਿਸ਼ੇਸ਼ ਸਥਾਨ ਦਿੰਦੇ ਹਾਂ। ਅਸੀਂ ਸਿੰਘ ਕਹਿਲਾਉਣ ਦੀ ਜਗਾ ਬਰਾੜ, ਮਾਨ, ਸੰਧੂ, ਢਿਲੋਂ, ਸ਼ੇਰਗਿਲ, ਕੋਹਲੀ, ਸੂਰੀ, ਭੂਈ ਆਦਿਕ ਅਖਵਾ ਕੇ ਮਾਨ ਮਹਿਸ਼ੂਸ ਕਰ ਰਹੇ ਹਾਂ।

ਆਮ ਸਿਖਾਂ ਦੀ ਗੱਲ ਤਾਂ ਛੱਡੋ ਹੁਣ ਤਾਂ ਕਿਸੇ ਜਾਗਰੂਕ ਲਹਿਰ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਵੀ ਬਰਾੜ, ਸ਼ੇਰਗਿਲ, ਸੰਧੂ, ਮਾਨ, ਕੋਹਲੀ, ਪਰਮਾਰ ਬਣੇ ਹੋਏ ਹਨ ਤੇ ਹੋਰਨਾਂ ਨੂੰ ਸਿਖਿਆ ਵੀ ਦੇ ਰਹੇ ਹਨ। ਸਿਖਾਂ ਵਿਚ ਮਸ਼ਹੂਰ ਜਾਗਰੂਕ ਲਹਿਰ ਸਿੰਘ ਸਭਾ ਨਾਲ ਜੁੜੇ ਹੋਏ ਵੀ ਗੋਤਾਂ ਦੀ ਵਰਤੋਂ ਕਰਨ ਤਾਂ ਕਿਤਨੀ ਸ਼ਰਮ ਵਾਲੀ ਗੱਲ ਹੈ।

ਆਉ, ਅਸੀਂ ਇਹਨਾਂ ਜਾਤਾਂ ਗੋਤਾਂ ਨਾਲੋਂ ਸੰਬੰਧ ਤੋੜ ਕੇ ਗੁਰੂ ਦੀ ਸਿਖਿਆ ਲੈ ਕੇ ਜੀਵਨ ਬਸਰ ਕਰੀਏ, ਤਾਂ ਕਿ ਸਮੁਚੀ ਮਨੁਖਤਾ ਇਕ-ਸਾਰ ਹੋ ਸਕੇ। ਕੋਈ ਕਿਸੇ ਨੂੰ ਜਾਤਿ ਕਰ ਕੇ ਨਫਰਤ ਨਾਂ ਕਰੇ। ਮਨੁੱਖ ਵਿਚ ਪਈਆਂ ਹੋਈਆਂ ਵੰਡੀਆਂ ਖਤਮ ਹੋ ਸਕਣ।

ਭੁਲਾਂ ਚੁਕਾਂ ਲਈ ਖਿਮਾਂ

singhinpb@gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top