Share on Facebook

Main News Page

ਭਾਰਤੀ ਸੰਵਿਧਾਨ ਦੀ ਧਾਰਾ 25 (2) (ਬੀ) ਵਿਚ ਸੋਧ ਕਰਕੇ ਸਿੱਖਾਂ ਦੀ ਵਿੱਲਖਣ ਹੋਂਦ ਨੂੰ ਤਸਲੀਮ ਕੀਤਾ ਜਾਵੇ: ਭਾਈ ਬਿੱਟੂ

* ਸਿੱਖਾਂ ਦੇ ਕਈ ਹਿੱਸੇ ਭਾਰਤ ਸਰਕਾਰ ਨਾਲ ਭਾਈਵਾਲ ਬਣ ਕੇ ਬਿਨਾਂ ਕੁਝ ਸਮਝੇ ਵਿਚਾਰੇ ਅਨੰਦ ਮੈਰਿਜ ਐਕਟ ਵਿੱਚ ਕੀਤੀ ਨਿਗੂਣੀ ਸੋਧ ਨੂੰ ਵੱਡਾ ਬਣਾ ਕੇ ਪੇਸ਼ ਕਰ ਰਹੇ ਹਨ

ਬਠਿੰਡਾ, 11 ਮਈ ਕਿਰਪਾਲ ਸਿੰਘ): ਅਨੰਦ ਮੈਰਿਜ ਐਕਟ ਤਾਂ 1909 ਵਿਚ ਹੀ ਨਾਭਾ ਰਿਆਸਤ ਦੇ ਰਾਜਾ ਰਿਪੁਦਮਨ ਸਿੰਘ ਦੇ ਉਦਮਾਂ ਸਦਕਾ ਅੰਗਰੇਜ਼ੀ ਸਰਕਾਰ ਵਲੋਂ ਬਣਾਇਆ ਹੋਇਆ ਸੀ ਅਤੇ ਹੁਣ ਭਾਰਤੀ ਸੰਸਦ ਵਿਚ ਕੇਵਲ ਇਸ ਵਿਚ ਵਿਆਹ ਦੀ ਰਜਿਸਟਰੇਸ਼ਨ ਕਰਨ ਦੀ ਮੱਦ ਜੋੜੀ ਜਾ ਰਹੀ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਸਿੱਖ ਪੰਥ ਵਿਚ ਇਹ ਮਾਮੂਲੀ ਸੋਧ ਇਸ ਤਰ੍ਹਾਂ ਪਰਚਾਰੀ ਜਾ ਰਹੀ ਹੈ, ਕਿ ਜਿਵੇਂ ਸਿੱਖਾਂ ਦੇ ਵੱਖਰੇ ਪਰਸਨਲ ਲਾਅ ਨੂੰ ਮਾਨਤਾ ਦੇ ਦਿੱਤੀ ਗਈ ਹੋਵੇ। ਜਦ ਕਿ ਚਾਹੀਦਾ ਤਾਂ ਇਹ ਸੀ, ਕਿ ਭਾਰਤੀ ਸੰਵਿਧਾਨ ਦੀ ਧਾਰਾ 25 (2) (ਬੀ) ਵਿਚ ਸੋਧ ਕਰਕੇ ਸਿੱਖਾਂ ਦੀ ਵਿੱਲਖਣ ਹੋਂਦ ਨੂੰ ਤਸਲੀਮ ਕੀਤਾ ਜਾਵੇ ਤੇ ਵੱਖਰਾ ਸਿੱਖ ਪਰਸਨਲ ਲਾਅ ਬਣਾਇਆ ਜਾਵੇ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ਈਮੇਲ ਰਾਹੀਂ ਭੇਜੇ ਇੱਕ ਪ੍ਰੈੱਸ ਨੋਟ ਵਿੱਚ ਕੀਤਾ।

ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਸਿੱਖਾਂ ਨਾਲ ਵਿਤਕਰੇ ਦੀ ਨੀਤੀ ਤਹਿਤ ਹਮੇਸ਼ਾਂ ਹੀ ਸਿੱਖਾਂ ਨੂੰ ਜਲੀਲ ਕੀਤਾ ਹੈ, ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਿੱਖਾਂ ਦੇ ਕਈ ਹਿੱਸੇ ਵੀ ਭਾਰਤ ਸਰਕਾਰ ਨਾਲ ਭਾਈਵਾਲ ਬਣ ਕੇ ਬਿਨਾਂ ਕੁਝ ਸਮਝੇ ਵਿਚਾਰੇ ਇਸ ਨਿਗੂਣੀ ਸੋਧ ਨੂੰ ਵੱਡਾ ਬਣਾ ਕੇ ਪੇਸ਼ ਕਰ ਰਹੇ ਹਨ। 1947 ਤੋਂ ਬਾਅਦ ਸਿੱਖਾਂ ਨੇ ਸੰਵਿਧਾਨ ਦੀ ਧਾਰਾ 25 (2) (ਬੀ) ਵਿਚ ਸੋਧ ਲਈ ਅਨੇਕਾਂ ਤਰ੍ਹਾਂ ਸੰਘਰਸ਼ ਕੀਤਾ, ਪਰ ਛੇ ਦਹਾਕਿਆਂ ਬਾਅਦ ਸਰਕਾਰ ਵਲੋਂ ਸਿੱਖ ਭਾਵਨਾਵਾਂ ਦਾ ਮਜ਼ਾਕ ਉਡਾਉਂਦਿਆਂ ਸਿੱਖਾਂ ਦੇ ਹੱਕਾਂ ਪ੍ਰਤੀ ਨਾਂਹਪੱਖੀ ਨੀਤੀ ਅਪਣਾਏ ਜਾਣਾ ਸਿੱਧ ਕਰਦਾ ਹੈ, ਕਿ ਕੇਂਦਰ ਸਰਕਾਰ ਨੇ ਕਦੇ ਵੀ ਸਿੱਖ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਸਿੱਖਾਂ ਨੂੰ ਬਹੁਗਿਣਤੀ ਨਾਲ ਨੂੜ ਕੇ ਰੱਖਣ ਦੀ ਨੀਤੀ ਅਪਣਾਈ ਹੈ।

ਉਹਨਾਂ ਅੰਤ ਵਿਚ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਦੇ ਦੋਹਰੇ ਮਾਪਢੰਡਾਂ ਨੂੰ ਸਮਝਦੇ-ਵਿਚਾਰਦੇ ਹੋਏ ਉੱਜਲ ਭਵਿੱਖ ਲਈ ਲਾਮਬੰਦ ਹੋਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top