Share on Facebook

Main News Page

ਅਪਣੇ ਆਚਰਣ ਉਪਰ ਲੱਗੇ ਝੂਠੇ ਇਲਜ਼ਾਮ ਤਾਂ ਬਰਦਾਸ਼ਤ ਨਹੀਂ ਪਰ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਆਚਰਣ ਨੂੰ ਗੰਧਲਾ ਕਰਣ ਵਾਲੇ ਗ੍ਰੰਥ ਦੀ ਪ੍ਰੋੜਤਾ ਕਰਨਾ ਵਾਜ਼ਬ ਹੈ?: ਸ. ਉਪਕਾਰ ਸਿੰਘ ਫਰੀਦਾਬਾਦ

* ਜਿਸ ਰਚਨਾ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਚਰਿਤਰ ਗੰਧਲਾ ਹੁੰਦਾ ਹੈ ਉਸ ਗ੍ਰੰਥ ਦੇ ਅਸੀਂ ਹਮਾਇਤੀ ਕਿਉਂ ਬਣ ਜਾਂਦੇ ਹਾਂ? ਉਸ ਵੇਲੇ ਅਸੀਂ ਕਿਉਂ ਨਹੀਂ ਆਖਦੇ ਕਿ ਗੋਲੀ ਨਾਲ ਮਰਨਾ ਮਨਜ਼ੂਰ ਪਰ ਗੁਰੂ ਦੇ ਆਚਰਣ ਉਪਰ ਲੱਗੇ ਝੂਠੇ ਇਲਜ਼ਾਮ ਬਰਦਾਸ਼ਤ ਨਹੀਂ

(18 ਮਈ 2012 ; ਸਤਨਾਮ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਬੀਤੇਂ ਦਿਨ ਰੋਜ਼ਾਨਾ ਸਪੋਕਸਮੈਨ ਵਿਚ ਸੰਤ ਰਣਜੀਤ ਸਿੰਘ ਢੱਡਰੀਆਂ ਦੇ ਸਬੰਧ ਵਿਚ ਛੱਪੀ ਖਬਰ “ਗੋਲੀ ਨਾਲ ਮਰਨਾ ਮਨਜ਼ੂਰ ਪਰ ਆਚਰਣ ਉਪਰ ਲੱਗੇ ਝੂਠੇ ਇਲਜ਼ਾਮ ਬਰਦਾਸ਼ਤ ਨਹੀਂ’ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਹ ਸੁਭਾਵਕ ਹੈ ਕਿ ਕੋਈ ਵੀ ਮਨੁੱਖ ਅਪਣੇ ਆਚਰਣ ਉਪਰ ਲਗੇ ਝੂਠੇ ਇਲਜ਼ਾਮ ਸੁਣ ਕੇ ਤਿਲਮਿਲਾ ਜਾਂਦਾ ਹੈ ਪਰ ਸੱਚ ਕੀ ਹੈ ਇਸ ਬਾਰੇ ਤਾਂ ਰਣਜੀਤ ਸਿੰਘ ਢੱਡਰੀਆਂ ਅਤੇ ਸੁਖਵਿੰਦਰ ਸਿੰਘ ਹੀ ਜਾਣਦੇ ਹਨ ਜਿਸ ਦਾ ਫੈਸਲਾ ਕਾਨੂੰਨੀ ਅਦਾਲਤ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਆਪਣੇ ਉਪਰ ਲਗੇ ਝੂਠੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਗੁਰਦੁਆਰਾ ਪਰਮੇਸ਼ਰ ਦੁਆਰ ਵਿਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਪ੍ਰਚਾਰ ਕੀਤਾ ਜਾਂਦਾ ਹੈ।

ਸ. ਉਪਕਾਰ ਸਿੰਘ ਨੇ ਕਿਹਾ ਕਿ ਚੰਗੀ ਗੱਲ ਹੈ ਜੇ ਰਣਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਦਾ ਦਾਅਵਾ ਕਰਦੇ ਹਨ ਪਰ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਹੇਠ ਬਣਾਏ ਗ੍ਰੰਥ ਬਚਿੱਤ ਨਾਟਕ/ਅਖੌਤੀ ਦਸਮ ਗ੍ਰੰਥ ਜਿਸ ਵਿਚ ਰੱਜ ਕੇ ਅਸ਼ਲੀਲਤਾ, ਨਸ਼ਿਆਂ ਅਤੇ ਕੇਸਾਂ ਦੀ ਬੇਅਦਬੀ ਦੀ ਗੱਲ ਕੀਤੀ ਹੈ, ਅਜਿਹਾ ਗ੍ਰੰਥ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਆਚਰਣ ਨੂੰ ਗੰਧਲਾ ਕਰ ਰਿਹਾ ਹੈ, ਕੀ ਅਜਿਹੇ ਗ੍ਰੰਥ ਦੀ ਪ੍ਰੋੜਤਾ ਕਰਨਾ ਵਾਜ਼ਬ ਹੈ?

ਜਿਕਰਯੋਗ ਹੈ ਕਿ ਅਖੌਤੀ ਦਸਮ ਗ੍ਰੰਥ ਦੇ ਚਰਿਤਰੋਪਖਿਆਨ ਦੇ ਚਰਿਤ੍ਰਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਅਨੂਪ ਕੌਰ ਨਾਂ ਦੀ ਇਸਤਰੀ ਨਾਲ ਜੋੜ ਕੇ, ਪਕੜੇ ਜਾਣ ਦੇ ਡਰ ਤੋਂ ਉਨ੍ਹਾਂ ਨੂੰ ਜੁੱਤੀ ਛੱਡ ਕੇ ਭੱਜਦਾ ਦਸਿਆ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਆਪਣੇ ਚਰਿਤੱਰ ਉਪਰ ਤਾਂ ਝੂਠਾ ਦਾਗ ਬਰਦਾਸ਼ਤ ਨਹੀਂ ਪਰ ਜਿਸ ਰਚਨਾ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਚਰਿਤਰ ਗੰਧਲਾ ਹੁੰਦਾ ਹੈ ਉਸ ਗ੍ਰੰਥ ਦੇ ਅਸੀਂ ਹਮਾਇਤੀ ਕਿਉਂ ਬਣ ਜਾਂਦੇ ਹਾਂ ? ਉਸ ਵੇਲੇ ਅਸੀਂ ਕਿਉਂ ਨਹੀਂ ਆਖਦੇ ਕਿ ਗੋਲੀ ਨਾਲ ਮਰਨਾ ਮਨਜ਼ੂਰ ਪਰ ਗੁਰੂ ਦੇ ਆਚਰਣ ਉਪਰ ਲੱਗੇ ਝੂਠੇ ਇਲਜ਼ਾਮ ਬਰਦਾਸ਼ਤ ਨਹੀਂ ।

ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਆਪਣੇ ਆਪ ਨੂੰ ਸੰਤ ਅਖਵਾਉਂਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਵਿਚ ਸੰਤ ਕਿਸੇ ਮਨੁੱਖ ਲਈ ਨਹੀਂ ਵਰਤਿਆ, ਸੰਤ ਸ਼ਬਦ ਇਕ ਉਚੀ ਆਤਮਕ ਅਵਸਥਾ ਦਾ ਨਾਂ ਹੈ। ਗੁਰੂ ਸਾਹਿਬਾਨਾਂ ਦੇ ਸਮੇਂ ਤਾਂ ਕੋਈ ਸੰਤ ਨਹੀਂ ਸੀ ਜੰਮਿਆ ਪਰ ਅੱਜ ਹਰ ਕੋਈ ਆਪਣੇ ਆਪ ਨੂੰ ਸੰਤ ਅਖਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਮੱਥੇ ਟਿਕਾਈ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੁਕਾਰ ਪੁਕਾਰ ਕੇ ਸੱਚੀ ਬਾਣੀ ਪੜ੍ਹਨ ਦੀ ਹਦਾਇਤ ਕਰਦੀ ਹੈ ਪਰ ਅਸੀਂ ਮਨਘੜਤ ਕੱਚੀ ਧਾਰਨਾਵਾਂ ਲਾ ਕੇ ਮਨਮਰਜ਼ੀਆਂ ਕਰਦੇ ਹਾਂ ਫਿਰ ਵੀ ਦਾਅਵਾ ਕਰਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਦੇ ਹਾਂ। ਕੀ ਇਹ ਸਭ ਦੋਗਲਾਪਨ ਨਹੀਂ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top