Share on Facebook

Main News Page

ਜ਼ਿੰਦਗੀ ਵਿੱਚ ਬਦਲਾਅ ਕਿਰਤਾਂ ਰਾਹੀ ਹੀ ਆਉਂਦਾ ਹੈ ਨਾ ਕਿ ਬਾਬਿਆਂ ਦੇ ਡੇਰਿਆਂ ਰਾਹੀਂ!
-
ਹਰਬੰਸ ਬੁੱਟਰ

ਵੈਸੇ ਤਾਂ ਇਨਸਾਨ ਹਰ ਕੰਮ ਦੀ ਕਾਮਯਾਬੀ ਨੂੰ ਆਪਣੀ ਕਾਮਯਾਬੀ ਮੰਨਦਾ ਹੈ, ਪਰ ਜਦੋਂ ਕਦੇ ਨਾਕਾਮ ਹੁੰਦਾ ਹੈ ਤਾਂ ਆਪਣੀਆਂ ਉਣਤਾਈਆਂ ਨੂੰ ਛੁਪਾਉਣ ਲਈ ਰੱਬ ਦੇ ਨਾਂ ਦਾ ਸਹਾਰਾ ਲੈਂਦਾ ਹੈ।

ਨਾਕਾਮਯਾਬੀਆਂ ਨੂੰ ਕਾਮਯਾਬੀਆਂ ਵਿੱਚ ਬਦਲਣ ਲਈ ਸਾਰੇ ਹੀ ਧਰਮਾਂ ਦੇ ਦੁਆਰ ਖੁੱਲੇ ਹਨ। ਕਾਮਯਾਬੀ ਮਨੁੱਖ ਦੀ ਸਭ ਤੋਂ ਵੱਡੀ ਲੋੜ ਹੋਣ ਕਰਕੇ ਚਲਾਕ ਕਿਸਮ ਦੇ ਲੋਕਾਂ ਨੇ ,ਮਨੁੱਖੀ ਲਾਲਸਾ ਦੀ ਇਸ ਪੂਰਤੀ ਲਈ ਧਰਮਾਂ ਦੇ ਨਾਂ ਉੱਤੇ ਆਪੋ ਆਪਣੀਆਂ ਦੁਕਾਨਾਂ ਜਿਹਨਾਂ ਨੂੰ ਅੱਜ ਕੱਲ “ਡੇਰਾਵਾਦ” ਦਾ ਨਾਂ ਦਿੱਤਾ ਜਾ ਰਿਹਾ ਹੈ,ਖੋਲ ਲਈਆਂ ਹਨ। ਇਹਨਾਂ ਦੁਕਾਨਾਂ ਉੱਪਰ ਕੀ ਕੁੱਝ ਖਰੀਦਿਆ ਅਤੇ ਵੇਚਿਆ ਜਾਂਦਾ ਹੈ, ਇਹ ਤਾਂ ਇਲੈਕਟਰੌਨਿਕ ਮੀਡੀਆ ਅਤੇ ਅਖਬਾਰਾਂ ਦੀਆਂ ਸੁਰਖੀਆਂ ਹੀ ਬਿਆਨ ਕਰਦੀਆਂ ਹਨ,ਕਿ ਪੁੱਤਰ ਦੀ ਦਾਤ ਲੈਣ ਆਈ ਬੀਬੀ ਨਾਲ ਬਲਾਤਕਾਰ,ਸ਼ਰਧਾਵਾਨ ਸੋਹਣੀਆਂ ਬੀਬੀਆਂ ਨੂੰ ਬਾਬਾ ਜੀ ਆਪਣੀ ਗੁਫਾ ਵਿੱਚੋਂ ਹੀ ਬਾਹਰ ਨਹੀਂ ਜਾਣ ਦਿੰਦੇ, ਸਰਧਾਲੂ ਬੀਬੀ ਦੇ ਘਰ ਵਾਲੇ ਨੂੰ ਧੱਕੇ ਮਾਰਕੇ ਡੇਰੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਬੀਬੀ, ਬਾਬਾ ਜੀ ਨੇ ਆਪ ਰੱਖ ਲਈ ਕਿ ਸਾਡਾ ਤਾਂ ਪਿਛਲੇ ਜਨਮ ਦਾ ਰਿਸਤਾ ਹੈ।

ਜੇਕਰ ਪੁਰੇ ਮੁਲਕ ਦੀ ਗੱਲ ਛੱਡ ਇਕੱਲੇ ਪੰਜਾਬ ਦੀ ਹੀ ਗੱਲ ਕਰੀਏ ਤਾਂ ਪੰਜਾਬ ਵਿਚਲਾ ਮੁੱਖ ਧਰਮ ਸਿੱਖ ਧਰਮ ਹੋਣ ਕਾਰਨ ਪੰਜਾਬ ਵਿਚ ਸਿੱਖ ਧਰਮ ਦੇ ਪਰਚਾਰ ਦੇ ਨਾਂ ਥੱਲੇ ਬੀਤੇ ਥੋੜੇ ਹੀ ਸਾਲਾਂ ਵਿੱਚ ਡੇਰਾ ਨੁਮਾਂ ਸੰਸਥਾਵਾਂ ਦੀ ਗਿਣਤੀ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ। ਇਤਹਾਸ ਵਿੱਚ ਦਰਜ਼ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਇੱਜਤਾਂ ਬਚਾਉਣ ਵਾਲੇ ਸਿੱਖਾਂ ਦੇ ਸਿੱਖੀ ਪਹਿਰਾਵੇ ਵਾਲੇ ਅਖੌਤੀ ਸੰਤਾਂ ਦੇ ਡੇਰਿਆਂ ਦੀ ਗਿਣਤੀ ਨਾਲੋਂ ਵੀ ਵੱਧ ਧੀਆਂ ਭੈਣਾਂ ਦੀ ਇੱਜਤ ਨਾਲ ਸਬੰਧਤ ਡੇਰਿਆਂ ਨਾਲ ਜੁੜੀਆਂ ਖਬਰਾਂ ਚਰਚਾ ਵਿੱਚ ਰਹੀਆਂ। ਧੀਆਂ ਭੈਣਾਂ ਦੀ ਇੱਜਤ ਲੁੱਟਣ ਦੇ ਮਾਮਲੇ ਅਕਾਲ ਤਖਤ ਸਾਹਿਬ ਜਾਕੇ ਵੀ ਨਿਆਂ ਤੋਂ ਵਾਂਝੇ ਰਹੇ ਭਾਵੇਂ ਦੁਨਿਆਵੀ ਅਦਾਲਤਾਂ ਨੇ ਕੁੱਝ ਸਜਾ ਜਰੂਰ ਸੁਣਾਈ।

ਬੀਤੇ ਦਿਨੀ 29 ਸਾਲਾਂ ਦੀ ਨੌਜਵਾਨ ਲੜਕੀ ਵੱਲੋਂ ਡੇਰੇ ਦੇ ਅੰਦਰ ਕੋਈ ਜਹਿਰੀਲੀ ਵਸਤੂ ਖਾਕੇ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਹੈ। ਮਰਨ ਵਾਲੀ ਲੜਕੀ ਦੀ ਵੱਡੀ ਭੈਣ ਹੁਣ ਬਿਆਨ ਦੇ ਰਹੀ ਹੈ ਕਿ ਮਰਦੇ ਸਮੇਂ ਉਸ ਦੀ ਭੈਣ ਨੈ ਕਿਹਾ ਸੀ ਕਿ ਉਸਨੇ “ਮਹਾਰਾਜ” ਦੀ ਵਜ੍ਹਾ ਕਰਕੇ ਜਹਿਰ ਖਾਧੀ ਹੈ। “ਮਹਾਰਾਜ” ਉਹ ਉਕਤ ਡੇਰੇ ਦੇ ਮੁੱਖੀ ਬਾਬੇ ਨੁੰ ਕਹਿ ਰਹੀ ਹੈ, ਉਹ ਵਾਰ ਵਾਰ ਡੇਰੇ ਵਿੱਚ ਅੰਨ੍ਹੀ ਸ਼ਰਧਾ ਦੀ ਗੱਲ ਕਰਦੀ ਹੈ। ਇਸੇ ਤਰਾਂ ਹੀ ਉਸੇ ਬਾਬੇ ਦਾ ਢੋਲਕੀ ਵਜਾਉਣ ਵਾਲਾ ਵੀ ਅੱਜ ਕੱਲ ਬਾਬੇ ਤੋਂ ਬਾਗੀ ਹੋਕੇ ਬਾਬੇ ਦੇ ਚਿੱਟੇ ਦਿਸਦੇ ਚੋਲੇ ਨੂੰ ਰੇਡੀਓ ਟੀਵੀ ਅਤੇ ਅਖਬਾਰਾਂ ਰਾਹੀਂ ਕਾਲਾ ਹੋਇਆਂ ਦਿਖਾ ਰਿਹਾ ਹੈ। ਪਰ ਪਿਛਲੇ ਦਸਾਂ ਸਾਲਾਂ ਤੋਂ ਜੇ ਕਰ ਇਹ ਸੱਚ ਹੈ ਤਾਂ ਡੇਰੇ ਵਿੱਚ ਰਹਿੰਦਿਆਂ ਹੋਇਆਂ ਉਸ ਨੇ ਵੀ ਲੱਗਦੈ ਅੱਖਾਂ ਹੀ ਮੀਚੀ ਰੱਖੀਆਂ! ਜਾਂ ਫਿਰ ਚੇਲਿਆਂ ਨੂੰ ਵੀ ਮਿਲਦੇ ਹਿੱਸਾ ਪੱਤੀ ਦੇ ਲਾਲਚ ਨੇ ਉਸਦਾ ਮੂੰਹ ਬੰਦ ਕਰੀ ਰੱਖਿਆ! ਇਹ ਤਾਂ ਹੁਣ ਬਾਬਾ ਜਾਂ ਉਸ ਦੇ ਚੇਲੇ ਹੀ ਜਾਨਣ! ਇਹ ਸੋਚਣ ਵਾਲੀ ਗੱਲ ਹੈ,ਕਿ ਸਾਰਾ ਕੁੱਝ ਪੜ੍ਹ ਸੁਣਕੇ ਫਿਰ ਵੀ ਡੇਰਿਆਂ ਉੱਪਰ ਸਰਧਾਲੂਆਂ ਦੀ ਭੀੜ ਵਧ ਰਹੀ ਹੈ।ਗਰਜਾਂ ਮਾਰੇ ਲੋਕ ਆਪਣੀ ਜਿੰਦਗੀ ਦੇ ਸਾਰੇ ਸੁੱਖ ਪਰਾਪਤ ਕਰਨ ਦੀ ਲਾਲਸਾ ਵੱਸ ਕੋਲ ਬਚਿਆ ਥੋੜਾ ਬਹੁਤਾ ਉਹ ਵੀ ਬਾਬਿਆਂ ਦੀ ਝੋਲ੍ਹੀ ਪਾ ਆਉਂਦੇ ਹਨ।

ਅਨਪੜਤਾ ਨੂੰ ਇਸ ਸਾਰੇ ਹਾਦਸਿਆਂ ਲਈ ਵੀ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ,ਅਨਪੜ ਮਾਪੇ ਅੰਨ੍ਹੀ ਸ਼ਰਧਾ ਵੱਸ ਜੁਆਨ ਧੀਆਂ ਪੁੱਤਰਾਂ ਨੂੰ ਰਾਤਾਂ ਸਮੇਂ ਡੇਰਿਆਂ ਦੀਆਂ ਚੌਂਕੀਆਂ ਭਰਨ ਲਈ ਮਜਬੂਰਨ ਇਕੱਲਿਆਂ ਛੱਡ ਆਉਂਦੇ ਹਨ। ਇਹਨਾਂ ਡੇਰਿਆਂ ਵਿੱਚ ਜੁਆਨ ਕੁੜੀਆਂ ਨਾਲ ਜੋ ਬੀਤਦੀ ਹੈ ਜੇਕਰ ਉਹ ਆਪਣੇ ਮਾਪਿਆਂ ਕੋਲ ਕੋਈ ਡੇਰੇ ਵਾਲੇ ਬਾਬੇ ਪ੍ਰਤੀ ਇਤਰਾਜ਼ ਜਿਤਾਉਂਦੀਆਂ ਹਨ ਤਾਂ ਅੰਨ੍ਹੀ ਸ਼ਰਧਾ ਵੱਸ ਮਾਪੇ ਆਪਣੀ ਔਲਾਦ ਉੱਪਰ ਵਿਸਵਾਸ ਨਾ ਕਰਕੇ ਬਾਬੇ ਪ੍ਰਤੀ ਮੂੰਹ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕਰਦੇ ਹਨ। ਪਰ ਪੜ੍ਹ ਲਿਖਕੇ ਵੀ ਅਕਲ ਦੀ ਕੁੰਜੀ ਬਾਬਿਆਂ ਹੱਥ ਫੜਾ,ਆਪਣਾਂ ਨਿੱਜੀ ਕੰਮ ਧੰਦਾ ਕਰਨ ਦੀ ਬਜਾਏ ਡੇਰਾ ਸੰਭਰਨਾਂ ਧੰਨਭਾਗ ਮੰਨਿਆ ਜਾਂਦਾ ਹੈ। ਪੜੇ ਲਿਖਿਆਂ ਦਾ ਕੀ ਦੋਸ਼ ਜਦੋਂ ਸਾਡੇ ਰੋਲ ਮਾਡਲ ਮੁਲਕ ਨੂੰ ਚਲਾਉਣ ਵਾਲੇ ਲੀਡਰ ਹੀ ਸਾਰਿਆਂ ਤੋਂ ਅੱਗੇ ਲੱਗ ਬਾਬਿਆਂ ਦੇ ਵੋਟ ਬੈਂਕ ਦੇ ਲਾਲਚ ਵੱਸ ਇਹਨਾਂ ਬਾਬਿਆਂ ਦੇ ਦਰ ਨੱਕ ਰਗੜਦੇ ਹਨ। ਕੁਰੱਪਟ ਰਾਜਨੀਤਕ ਢਾਂਚਾ,ਬੇਰੁਜਗਾਰੀ,ਅਤੇ ਗਰੀਬੀ ਦਾ ਦੈਂਤ ਲੋਕਾਂ ਨੁੰ ਖਿੱਚ ਕੇ ਡੇਰੇ ਲਿਜਾ ਰਿਹਾ ਹੈ। ਬਾਹਰਲੇ ਮੁਲਕਾਂ ਦੇ ਵੀਜੇ ਵੀ ਡੇਰਿਆਂ ਵਿੱਚੋਂ ਲੱਭੇ ਜਾ ਰਹੇ ਹਨ।ਹੁਣ ਸੋਚਣ ਵਾਲੀ ਗੱਲ ਹੈ ਕਿ ਇਹਨਾਂ ਵਿਕਸਿਤ ਬਾਹਰਲੇ ਮੁਲਕਾਂ ਵਿੱਚ ਤਾਂ ਕਿਤੇ ਡੇਰਿਆਂ ਰਾਹੀ ਤਰੱਕੀ ਹੋਣ ਦੀ ਗੱਲ ਨਹੀਂ ਸੁਣੀ।

ਬਾਬੇ ਨਾਨਕ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਤੱਕ ਸਭ ਨੇ ਗ੍ਰਹਿਸਥੀ ਜੀਵਨ ਨੁੰ ਤਰਜੀਹ ਦਿੱਤੀ ਹੈ ,ਪਰ ਇਹ ਬਾਬੇ ਵਿਆਹ ਨੁੰ ਜੰਜਾਲ ਸਮਝਦੇ ਹੋਏ,ਇਸ ਤੋਂ ਕਿਓਂ ਭੱਜਦੇ ਹਨ। ਜੇ ਕਾਮ ਪੂਰਤੀ ਮਨੁੱਖ ਦੀ ਲੋੜ ਹੈ ਤਾਂ ਇਹ “ਬਾਲ ਬ੍ਰਹਮਚਾਰੀ” ਦੇ ਲਿਬਾਸ ਹੇਠ ਇਹ ਦਾਅਵੇ ਕਰਕੇ ਕਿ ਅਸੀਂ ਪਿਛਲੇ ਪੰਦਰਾਂ ਸਾਲਾ ਤੋਂ ਕਿਸੇ ਔਰਤ ਦੇ ਹੱਥੋਂ ਰੋਟੀ ਨਹੀਂ ਖਾਧੀ ਨੂੰ “ਸੋ ਕਿਓਂ ਮੰਦਾ ਆਖੀਏ” ਬਾਬੇ ਨਾਨਕ ਦੀਆਂ ਤੁਕਾਂ ਵਾਲੀ ਜੱਗ ਜਨਣੀ ਔਰਤ ਨੁੰ ਕਿਸ ਨਜਰ ਦੇਖਦੇ ਹਨ। ਸੋ ਲੋੜ ਹੈ ਸਾਡੇ ਲੋਕਾਂ ਨੂੰ ਸਮਝਣ ਦੀ ਕਿ ਜਿੰਦਗੀ ਵਿੱਚ ਬਦਲਾਅ ਕਿਰਤਾਂ ਰਾਹੀ ਹੀ ਆਉਂਦਾ ਹੈ ਨਾ ਕਿ ਬਾਬਿਆਂ ਦੇ ਡੇਰਿਆਂ ਰਾਹੀਂ!


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top