Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) (ਭਾਗ-ਪਹਿਲਾ)

(ਇਹ "ਪ੍ਰਿਥਮ ਭਗੌਤੀ" ਤਾਂ ਬਾਬਾ ਨਾਮ ਦੇਵ ਜੀ ਵਾਲੀ "ਆਦਿ ਭਵਾਨੀ" ਹੈ, ਇਹ ਸਾਡਾ "ਅਕਾਲ ਪੁਰਖ" ਜਾਂ "ਕਿਰਪਾਨ" ਕਿਵੇਂ ਬਣ ਗਈ?)

ਮੈਂ ਤਾਂ ਕਦੀ ਕਦੀ ਇਹ ਸੋਚਦਾ ਹਾਂ ਕਿ ਜੇ ਕਿਸੇ ਬੰਦੇ ਦੀ ਸ਼ਕਲ ਦੇ ਅਗੇ ਸ਼ੀਸ਼ਾ (ਆਈਨਾ) ਰੱਖ ਕੇ ਉਸ ਨੂੰ ਇਹ ਪੁਛਿਆ ਜਾਵੇ ਕਿ, ਦਸ ਇਹ ਕੌਣ ਹੈ? ਤੇ ਉਹ ਸ਼ੀਸ਼ਾ ਵੇਖ ਕੇ ਵੀ ਇਹ ਕਹੀ ਜਾਵੇ ਕਿ, "ਇਹ ਮੈਂ ਨਹੀਂ"। ਇਥੋਂ ਤੱਕ ਤੇ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਇਹ ਬੰਦਾ ਜਾਣਬੁਝ ਕੇ ਬਹਾਨਾ ਕਰ ਰਿਹਾ ਹੈ। ਜਦੋਂ ਉਹ ਹੀ ਬੰਦਾ ਕਿਸੇ ਹੋਰ ਦਾ ਨਾਮ ਲੈ ਕੇ ਇਹ ਕਹਿਣ ਲਗ ਪਵੇ ਕਿ, “ਇਹ ਮੈਂ ਨਹੀਂ, ਇਹ ਤਾਂ ਫਲਾਨਾਂ ਹੈ”।

ਇਸ ਤੋਂ ਬਾਅਦ ਤੇ ਇਹ ਹੀ ਸੋਚਿਆ ਜਾ ਸਕਦਾ ਹੈ ਕਿ ਇਸ ਦੀ ਦੀਮਾਗੀ ਹਾਲਤ ਠੀਕ ਨਹੀਂ, ਜਾਂ ਕੋਈ ਨੀਮ ਪਾਗਲ ਹੈ । ਅੱਜ ਸਾਡੇ ਵਿਚੋਂ ਬਹੁਤਿਆਂ ਦਾ ਹਾਲ ਵੀ ਇਹ ਹੀ ਹੈ । ਬਹੁਤ ਸਾਰੇ ਵਿਦਵਾਨਾਂ ਨੇ, ਇਸ "ਕਾਲੀ ਦੀ ਕਿਤਾਬ" ਬਾਰੇ ਬਹੁਤ ਕੁਝ ਲਿਖਿਆ ਹੈ , ਲੇਕਿਨ ਇਸ ਨੂੰ ਫੇਰ ਵੀ ਅਸੀ "ਦਸਮ ਬਾਣੀ" ਕਹੀ ਜਾ ਰਹੇ ਹਾਂ । ਐਸਾ ਬੇਵਜਿਹ ਹੀ ਨਹੀਂ ਹੋ ਰਿਹਾ ਹੈ। ਇਹ ਤਾਂ ਪੰਥ ਵਿਰੋਧੀਆਂ ਦੀ ਇਕ ਬਹੁਤ ਵੱਡੀ ਸਾਜਿਸ਼ ਹੈ। ਸਿੱਖਾਂ ਦਾ "ਹਿੰਦੂਕਰਣ" ਕਰਨ ਅਤੇ ਉਨਾਂ ਨੂੰ "ਦੇਵੀ ਪੂਜਕ" ਬਨਾਉਣ ਲਈ ਇਹ ਕਿਤਾਬ ਹੀ ਉਨ੍ਹਾਂ ਕੋਲ ਸਭ ਤੋਂ ਵਡਾ ਹਥਿਆਰ ਹੈ। ਇਸ ਕਿਤਾਬ ਨੂੰ ਉਹ ਕਿਸੇ ਵੀ ਹੀਲੇ, ਸਿੱਖਾਂ ਦਾ "ਦੂਜਾ ਗੁਰੂ" ਬਣਾਈ ਰਖਣਾਂ ਚਾਹੁੰਦੇ ਨੇ। ਜਦੋਂ ਇਹ ਗਲ ਸਾਫ ਹੈ ਕਿ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਇਕੋ ਇਕ “ਸ਼ਬਦ ਗੁਰੂ “ਹਨ। ਕੇਵਲ ਤੇ ਕੇਵਲ ਸ਼ਬਦ ਗੁਰੂ ਵਿੱਚ ਦਰਜ ਬਾਣੀ ਨੂੰ ਹੀ "ਗੁਰੂਬਾਣੀ" ਦਾ ਦਰਜਾ ਪ੍ਰਾਪਤ ਹੈ । ਹੋਰ ਹਰ ਬਾਣੀ “ਕੱਚੀ” ਹੈ । ਫੇਰ ਇਹ " ਦੇਵੀ ਪੂਜਾ" ਵਾਲੀ ਕਿਤਾਬ, "ਦਸਮ ਬਾਣੀ" ਕਿਵੇਂ ਬਣ ਗਈ?

ਇਸ ਲੇਖ ਲੜੀ ਦੇ ਪਹਿਲੇ ਭਾਗ ਵਿੱਚ ਅਸੀਂ ਚਰਚਾ ਕਰਾਂਗੇ "ਪ੍ਰਿਥਮ ਭਗੌਤੀ" ਕੌਣ ਹੈ? ਜਿਸਨੂੰ ਅਸੀਂ ਰੋਜ ਅਪਣੀ ਪੰਥਿਕ ਅਰਦਾਸ ਵਿਚ ਤਿੰਨ ਵਾਰ ਸਿਮਰਦੇ ਹਾਂ। ਫਿਰ ਇਸ ਤੋਂ ਬਾਅਦ ਗੁਰੂ ਨਾਨਕ ਤੂੰ ਧਿਆਂਦੇ ਹਾਂ (ਗੁਰੂ ਨਾਨਕ ਲਈ ਧਿਆਏ)। ਇਸ “ਪ੍ਰਿਥਮ ਭਗੌਤੀ” ਨੂੰ ਸਿਮਰੇ ਬਗੈਰ ਤੇ ਅਸੀ ਅਪਣੇ ਗੁਰੂਆਂ ਦਾ ਨਾਮ ਵੀ ਨਹੀਂ ਲੈ ਸਕਦੇ। ਇਸ ਭਗੌਤੀ ਨੂੰ ਅਸੀ "ਜੀ" ਕਹਿ ਕੇ ਸਤਕਾਰਦੇ ਹਾਂ (ਵਾਰ ਸ਼੍ਰੀ ਭਗੌਤੀ "ਜੀ" ਕੀ ) ਲੇਕਿਨ ਅਪਣੇ ਪਰਉਪਕਾਰੀ ਗੁਰੂ , ਗੁਰੂ ਰਾਮ ਦਾਸ ਜੀ ਨੂੰ "ਰਾਮਦਾਸੈ" (ਹੋਈਂ ਸਹਾਏ) ਕਹਿ ਕੇ ਬੁਲਾਂਦੇ ਹਾਂ, ਹੋਰ ਵੀ ਗੁਰੂਆਂ ਦਾ ਨਾਮ ਵੀ ਕੋਈ ਸਤਕਾਰ ਨਾਲ ਨਹੀਂ ਲਿਆ ਜਾਂਦਾ । ਕਸੂਰ ਕਿਸੇ ਦਾ ਨਹੀਂ , ਇਸ "ਕੂੜ ਕਿਤਾਬ" ਦਾ ਹੈ, ਜੋ ਇਕ ਦੇਵੀ ਪੂਜਕ ਦੀ ਲਿਖੀ ਹੋਈ ਹੈ, ਅਤੇ ਉਸ ਨੂੰ ਪੜ੍ਹ ਪੜ੍ਹ ਕੇ ਅਸੀ ਵੀ "ੴ ਸਤਿਗੁਰ ਪ੍ਰਸਾਦ॥" ਨੂੰ ਭੁਲ ਕੇ "ਕ੍ਰਿਪਾ ਕਰੀ ਹਮ ਪਰ ਜਗਮਾਤਾ॥" ਵਰਗੀ ਦੇਵੀ ਉਸਤਤਿ ਵਿੱਚ ਡੁਬ ਚੁਕੇ ਹਾਂ।

ਇਥੇ ਵੀ ਸਿੱਖਾਂ ਦਾ ਉਹ ਹੀ ਹਾਲ ਹੈ, ਜਿਸਦਾ ਜਿਕਰ ਅਸੀ ਉਪਰ ਇਸ ਲੇਖ ਵਿੱਚ ਕਰ ਆਏ ਹਾਂ ਕਿ ਸ਼ੀਸ਼ੇ ਵਿੱਚ ਵੇਖ ਕੇ ਵੀ ਅਸੀ ਅਸਲਿਯਤ ਨੂੰ, ਸੱਚ ਨੂੰ, ਪਛਾਨਣਾਂ ਹੀ ਨਹੀਂ ਚਾਂਉਦੇ । ਸਾਡੀ ਹਾਲਤ ਵੀ ਉਸ ਨੀਮ ਪਾਗਲ ਵਾਂਗ ਹੋ ਚੁਕੀ ਹੈ ਜੋ "ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥ " ਦੇ ਮਹਾਵਾਕ ਅਨੁਸਾਰ ਆਪਣਾਂ ਜੀਵਨ ਜੀ ਰਹੇ ਹਾਂ । ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ "ਅੰਮ੍ਰਿਤ" ਨੂੰ ਤਿਆਗ ਕੇ ਇਸ "ਕਾਲੀ ਦੀ ਕਿਤਾਬ" ਅੰਦਰਲੀ "ਬਿਖਿਆ" ਨੂੰ ਹੀ “ਅੰਮ੍ਰਿਤ" ਸਮਝ ਕੇ ਖਾਈ ਜਾ ਰਹੇ ਨੇ।

ਇਸ "ਪ੍ਰਿਥਮ ਭਗੌਤੀ" ਬਾਰੇ ਗਲ ਕਰਨ ਤੋਂ ਪਹਿਲਾਂ ਅਸੀ ਉਨਾਂ ਦਸਮ ਗ੍ਰੰਥੀਆਂ ਦੀ ਗਲ ਵੀ ਕਰ ਲਇਏ ਜੋ "ਪ੍ਰਿਥਮ ਭਗੌਤੀ" ਨੂੰ “ਅਕਾਲਪੁਰਖ” ਲਈ ਵਰਤਿਆ ਸ਼ਬਦ ਕਹਿੰਦੇ ਹਨ ਤੇ ਪਾਸਾ ਵੱਟ ਲੈਂਦੇ ਹਨ । ਜੇ ਕੋਈ "ਸ਼ਬਦ ਗੁਰੂ" ਦਾ ਪਿਆਰਾ ਇਨਾਂ ਨੂੰ ਮਿਲ ਜਾਵੇ ਤੇ , ਇਨਾਂ ਨੂੰ ਆਈਨਾਂ ਵਖਾਵੇ , ਤੇ ਇਹ "ਪ੍ਰਿਥਮ ਭਗੌਤੀ" ਨੂੰ ਫੌਰਨ ਹੀ "ਕਿਰਪਾਣ" ਜਾਂ “ਸਿਰੀ ਸਾਹਿਬ” ਕਹਿਨ ਲਗ ਪੈਂਦੇ ਨੇ । ਇਨਾਂ ਕੋਲੋਂ ਪੁਛੋ ਕੇ ਭਲਿਉ ! , ਕੀ ਇਕ ਕਿਰਪਾਣ ਨੂੰ ਤੁਸੀ ਗੁਰੂ ਨਾਨਕ ਤੋਂ ਵੀ ਉਚਾ ਦਰਜਾ ਕਿਵੇ ਦੇ ਦਿਤਾ ? ਤੇ ਉਨਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੂੰਦਾ । ਫੇਰ ਉਸ ਕਿਰਪਾਣ ਦੀ ਕੇੜ੍ਹੀ ਅਤੇ ਕਦੋਂ "ਵਾਰ" ਬਣਾਈ ਗਈ ? (ਵਾਰ ਸ਼੍ਰੀ ਭਗੌਤੀ ਜੀ ਕੀ) , ਇਹ ਵੀ ਉਹ ਨਹੀਂ ਦਸ ਪਾਂਦੇ । ਲੇਕਿਨ ਉਸ ਸ਼ੀਸ਼ੇ ਵਿੱਚ ਤਾਂ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ "ਚੰਡੀ ਕੀ ਵਾਰ", ( ਅਸਲ ਨਾਮ ,"ਵਾਰ ਦੁਰਗਾ ਕੀ" ) ਜਿਸਦੀ ਇਹ ਪਹਿਲੀ ਪੌੜੀ ਹੈ. "ਪ੍ਰਿਥਮ ਭਗੌਤੀ ਸਿਮਰ ਕੇ ..........." । ਨਾਂ ਤਾਂ ਇਹ "ਕਿਰਪਾਨ" ਹੈ ਅਤੇ ਨਾਂ ਹੀ "ਅਕਾਲ ਪੁਰਖ"।

ਕੁਝ ਹੋਰ ਵੀ ਬਹੁਤ ਸਾਰੇ ਦਸਮ ਗ੍ਰੰਥੀਏ ਤੇ ਇਸ "ਕਾਲੀ ਕਿਤਾਬ" ਦੀ ਇਸ “ਚੰਡੀ ਕੀ ਵਾਰ" (ਜਿਸਦਾ ਮੂਲ ਨਾਮ ਇਸ ਕਿਤਾਬ ਦੀਆਂ ਪੁਰਾਨੀਆਂ ਪ੍ਰਤਿਆਂ ਵਿੱਚ "ਵਾਰ ਦੁਰਗਾ ਜੀ ਕੀ " ਸੀ ) ਨੂੰ ਹੀ "ਅਕਾਲ ਪੁਰਖ ਦੀ ਉਸਤਤਿ" ਕਹਿੰਦੇ ਨੇ । ਉਨਾਂ ਨੂੰ ਵੀ ਜਵਾਬ ਦੇਵਾਂਗੇ. ਇਸ ਲੇਖ ਵਿੱਚ । ਸ਼ਬਦ ਗੁਰੂ ਦੇ ਸਿੱਖਾਂ ਕੋਲ ਅਪਣੇ ਸਮਰਥ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਹੀ, ਕਿਸੇ ਵੀ ਗਲ ਦਾ ਨਿਰਣਾਂ ਕਰਨ ਲਈ ਇਕ ਘਸਵੱਟੀ/ਕਸੌਟੀ ਜਾਂ "ਬੇੰਚ ਮਾਰਕ "ਹੂੰਦਾ ਹੈ । ਇਸ ਕਸੌਟੀ ਤੇ ਖਰੀ ਉਤਰਨ ਵਾਲੀ ਗਲ ਨੂੰ ਅਸੀ ਅਪਣਾਂ ਲੈਦੇ ਹਾਂ, ਤੇ ਇਸ ਤੇ ਮੇਲ ਨਾਂ ਖਾਂਦੀ ਗਲ ਨੂੰ ਅਸੀ ਨਕਾਰ ਦੇਂਦੇ ਹਾਂ । ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੀ ਕਸੌਟੀ ਤੇ ਇਸ "ਪ੍ਰਿਥਮ ਭਗੌਤੀ" ਨੂੰ ਪਰਖਣ ਦੀ ਕੋਈ ਜਰੂਰਤ ਹੀ ਨਹੀਂ ਸੀ ਕਿਉਕਿ ਇਨਾਂ ਦੀ “ਕਾਲੀ ਕਿਤਾਬ” ਤੇ ਆਪ ਕੂਕ ਕੂਕ ਕੇ ਇਹ ਕਹਿ ਰਹੀ ਹੈ ਕਿ ਇਹ "ਪ੍ਰਥਿਮ ਭਗੌਤੀ" ਹੀ ਦੁਰਗਾ , ਭਵਾਨੀ, ਭਗੌਤੀ, ਕਾਲੀ , ਕਾਲਕਾ ਅਤੇ ਸ਼ਿਵਾ ਸਬ ਇਕੋ ਹੀ ਦੇਵੀ ਦੇ ਨਾਮ ਹਨ।

ਅਕਸਰ ਜਦੋਂ ਕੋਈ ਚੋਰ ਫੜਿਆ ਜਾਂਦਾ ਹੈ ਉਹ ਇਹੋ ਕਹੀ ਜਾਂਦਾ ਹੈ "ਮੈਂ ਚੋਰ ਨਹੀਂ, ਮੈਂ ਚੋਰੀ ਨਹੀਂ ਕੀਤੀ", ਲੇਕਿਨ ਜਦੋਂ ਕੁਟ ਪੈਣ ਲਗਦੀ ਹੈ ਤੇ ਉਹ ਅਪਣਾ ਗੁਨਾਹ ਕਬੂਲ ਕਰ ਲੈਦਾ ਹੈ । ਇਹ "ਕੂੜ ਕਿਤਾਬ" ਤੇ ਬਿਨਾਂ ਕਿਸੇ ਪੜਚੋਲ (ਕੁੱਟ) ਦੇ , ਹੀ , ਆਪ ਹੀ ਕਬੂਲ ਰਹੀ ਹੈ ਕਿ "ਪ੍ਰਿਥਮ ਭਗੌਤੀ" ਹੀ ਮੇਰੀ ਦੁਰਗਾ ਦੇਵੀ ਹੈ, ਇਹ ਹੀ ਭਵਾਨੀ ਹੈ ਇਹ ਹੀ ਕਾਲੀ ਹੈ ਤੇ ਇਹ ਹੀ ਇਸ ਗ੍ਰੰਥ ਦਾ “ਇਸ਼ਟ” ਹੈ। ਕਾਲੀ ਕਿਤਾਬ ਦੇ ਲੇਖਕ ਤੇ ਆਪ ਕਹਿ ਰਿਹਾ ਹੈ ਕਿ ਮੈਂ ਹੁਣ ਦੇਵੀ ਜੀ ਕੀ ਉਸਤਤ ਕਰਣ ਜਾ ਰਿਹਾ ਹਾਂ। ਫੇਰ ਵੀ ਅਸੀ ਇਸ ਨੂੰ ਅਕਾਲ ਪੁਰਖ ਦੀ ਉਸਤੱਤ ਕਹੀ ਜਾਈਏ ਤੇ ਕੋਈ ਕੀ ਕਰ ਸਕਦਾ ਹੈ -

ਅਥ ਦੇਵੀ ਜੂ ਕੀ ਉਸਤਤ ਕਥਨੰ ॥
ਤੁਹੀ ਅਸਤ੍ਰਣੀ ਆਪ “ਰੂਪਾ” ॥ ਤੁਹੀ “ਅੰਬਕਾ” ਜੰਭ ਹੰਤੀ ਅਨੂਪਾ ॥ ਤੁਹੀ ਅੰਬਕਾ ,ਸੀਤਲਾ ,ਤੋਤਲਾ ਹੈ ॥ ਪ੍ਰਿਥਵੀ ਭੂਮ ਆਕਾਸ਼ ਤੈ ਹੀ ਕੀਆ ਹੈ ॥੪੨੧॥
ਤੁਹੀ ਮੁੰਡ ਮਰਦੀ ਕਪਰਦੀ ਭਵਾਨੀ ॥ ਤੁਹੀ ਕਾਲਕਾ ਲਪਾਜਾ ਰਾਜਧਾਨੀ ॥ ਮਹਾ ਜੋਗ ਮਾਇਆ ਤੁਹੀ ਈਸ਼੍ਵਰੀ ਹੈ ॥ ਤੁਹੀ ਤੇਜ ਆਕਾਸ਼ ਥੰਭੋ ਮਹੀ ਹੈ ॥੪੨੨॥
ਤੁਹੀ ਰਿਸ਼ਟਣੀ ਪੁਸ਼ਟਣੀ ਜੋਗ ਮਾਇਆ ॥ ਤੁਹੀ ਮੋਹ ਸੁ ਚਉਦਹੂੰ ਲੋਕ ਛਾਇਆ ॥ ਤੁਹੀ ਸੁੰਭ ਨੈਸੁੰਭ ਹੰਤੀ ਭਵਾਨੀ ॥ ਤੁਹੀ ਚਉਦਹੂੰ ਲੋਗ ਕੀ ਜੋਤਿ ਜਾਨੀ ॥੪੨੩॥
ਤੁਹੀ ਰਿਸ਼ਟਣੀ ਪੁਸ਼ਟਣੀ ਸ਼ਸਤ੍ਰਣੀ ਹੈ ॥ ਤੁਹੀ ਕਸ਼ਟਣੀ ਹਰਤਣੀ ਅਸਤ੍ਰਣੀ ਹੈ ॥ ਤੁਹੀ ਜੋਗ ਮਾਇਆ ਤੁਹੀ ਬਾਕ ਬਾਨੀ ॥ ਤੁਹੀ ਜੰਭਰਾ ਅੰਬਕਾ ਰਾਜਧਾਨੀ ॥੪੨੪॥
ਮਹਾ ਭੈਰਵੀ ਭੂਤਨੇਸੁਰੀ ਭਵਾਨੀ ॥ ਭਵੀ ਭਾਵਨੀ ਭਬਯੰ ਕਾਲੀ ਕ੍ਰਿਪਾਣੀ ॥ ਜਯਾ ਆਜਯਾ ਹਿੰਗੁਲਾ ਪਿੰਗੁਲਾ ਹੈ ॥ ਸ਼ਿਵਾ ਸੀਤਲਾ ਮੰਗਲਾ ਤੋਤਲਾ ਹੈ ॥੪੨੬॥
ਤੁਹੀ ਅੱਛਰਾ ਪੱਛਰਾ ਬੁੱਧ ਬ੍ਰਿੱਧਿਆ ॥ ਤੁਹੀ ਭੈਰਵੀ ਭੂਪਣੀ ਸੁੱਧ ਸਿੱਧਿਆ ॥ ਮਹਾ ਬਾਹਣੀ ਅਸਤ੍ਰਣੀ ਸ਼ਸਤ੍ਰ ਧਾਰੀ ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥੪੨੭॥

ਅਖੋਤੀ ਦਸਮ ਗਰੰਥ : ਪੰਨਾ ੭੩੧ ਪੰ. ੨

ਮੋਹਣੀ ਛੰਦ ॥
ਜੈ ਦੇਵੀ ਭੇਵੀ ਭਾਵਾਣੀ ॥ ਭਉ ਖੰਡੀ ਦੁਰਗਾ ਸਰਬਾਣੀ ॥ ਕੇਸਰੀ ਆਬਾਹੀ ਕਊ ਮਾਰੀ ॥ ਭੈਖੰਡੀ ਭੈਰਵਿ ਉੱਧਾਰੀ ॥੪੫॥
ਅਕਲੰਕਾ ਅੱਤ੍ਰੀ ਛਤ੍ਰਾਣੀ ॥ ਮੋਹਣੀਅੰ ਸਰਬੰ ਲੋਕਾਣੀ ॥ ਰਕਤਾਗੀ ਸਾਗੀ ਸਾਵਿਤ੍ਰੀ ॥ ਪਰਮੇਸ੍ਰੀ ਪਰਮਾ ਪਾਵਿਤ੍ਰੀ ॥੪੬॥
ਅਖੌਤੀ ਦਸਮ ਗਰੰਥ : ਪੰਨਾ ੧੨੮੩ ਪੰ. ੮

ਪਹਿਲਾ "ਕਾਲੀ ਦੀ ਕਿਤਾਬ" ਦਾ ਇਹ ਬਿਆਨ ਦਰਜ ਕੀਤਾ ਜਾਵੇ, ਜਿਸ ਵਿੱਚ ਉਹ ਸਾਫ ਸਾਫ ਇਹ ਇਕਬਾਲ ਕਰਦੀ ਹੈ ਕਿ "ਅੱਥ ਦੇਵੀ ਜੁ ਕੀ ੳਸ਼ਤਤ ਕਥਨੰ" ॥ ਜਾਨੀ ਕਿ "ਮੈਂ ਹੁਣ ਦੇਵੀ ਜੀ ਦੀ ਉਸਤਤ ਕਰਨ ਜਾ ਰਿਹਾ ਹਾਂ"।

ਹਲੀ ਵੀ ਅਸੀ ਕਹੀ ਜਾਈਏ ਕੇ ਇਹ "ਅਕਾਲਪੁਰਖ” ਦੀ ਉਸਤਤ ਹੈ ਤੇ ਸਾਨੂੰ ਕੋਈ ਨੀਮ ਪਾਗਲ ਹੀ ਤਾਂ ਕਹੇਗਾ ਨਾਂ ? ਇਸ ਸਲੋਕ ਵਿਚ ਦੇਵੀ ਦੇ ਕਿਨੇ ਨਾਮ ਹਨ ਉਨਾਂ ਨੂੰ ਇਕੱਠਾ ਕਰ ਲਇਏ। 1428 ਪੰਨਿਆ ਵਾਲੀ ਇਸ ਕਿਤਾਬ ਵਿੱਚ ਜੇ "ਦੇਵੀ ਦੁਰਗਾ" ਦੇ ਸਾਰੇ ਨਾਮ ਲਿਖੀਏ ਤੇ ਸੈਕੜੇ ਹੀ ਨਾਮ ਹੋ ਜਾਂਣਗੇ। ਇਸ "ਕਾਲੀ ਦੀ ਕਿਤਾਬ " ਦੇ ਸਿਰਫ ਦੋ ਪੰਨਿਆਂ ਵਿੱਚ ਹੀ ਸਾਨੂੰ ਉਪਰ ਲਿਖੇ ਦੇਵੀ ਦੇ ਇਨੇ ਨਾਮ ਮਿਲ ਗਏ ਨੇ । ਪੂਰੀ ਦੇਵੀ ਉਸਤਤ ਨਾਲ ਭਰੀ ਇਸ ਕਿਤਾਬ ਵਿੱਚ ਕਿਨੇ ਨਾਮ ਹੋਣਗੇ ? ਇਹ ਅੰਦਾਜਾ ਤੁਸੀ ਆਪ ਲਗਾ ਸਕਦੇ ਹੋ । ਖੈਰ, ਇਸ ਗਲ ਨੂੰ ਅਗੇ ਵਧਾਨ ਲਈ ਫਿਲਹਾਲ ਸਾਨੂੰ ਇਨੇ ਕੁ ਨਾਮ ਹੀ ਕਾਫੀ ਹਨ।

ਰੁਪਾ, ਅੰਬਕਾ, ਸੀਤਲਾ, ਤੋਤਲਾ, ਭਵਾਨੀ, ਕਾਲਕਾ, ਮਾਇਆ, ਜੋਗ ਮਾਇਆ, ਜੰਭਰਾ, ਭੈਰਵੀ , ਸ਼ਿਵਾ, ਕਾਲੀ, ਹਿੰਗੁਲਾ, ਪਿੰਗੁਲਾ ,ਦੁਰਗਾ, ਭੈਰਵੀ, ਭੈਰਵਿ, ਸਾਵਿਤ੍ਰੀ, ਪਰਮੇਸ੍ਰੀ, ਪਾਵਿਤ੍ਰੀ, ਅੱਛਰਾ, ਪੱਛਰਾ, ਮਹਾ ਬਾਹਣੀ, ਅਸਤ੍ਰਣੀ।।


ਅਰਦਾਸ ਵਿੱਚ ਸ਼ਾਮਿਲ "ਪ੍ਰਿਥਮ ਭਗੌਤੀ ਜੀ" ਨੂੰ ਸਮਝਨ ਲਈ ਸਾਨੂੰ ਇਸ ਦੀਆਂ ਪਿਛਲੀਆਂ ਪੰਕਤੀਆਂ ਅਤੇ ਪੌੜੀਆਂ ਦੇ ਵੀ ਅਰਥ ਸਮਝਣੇ ਪੈਣਗੇ । ਪ੍ਰਿਥਮ ਭਗੌਥੀ ਸਿਮਰ ਕੇ......ਇਹ "ਚੰਡੀ ਕੀ ਵਾਰ" ਦੀ ਪਹਿਲੀ ਪੌੜੀ ਹੈ। ਇਸ ' ਚੰਡੀ ਕੀ ਵਾਰ" ਦੀਆ ਕੁਲ 55 ਪੌੜੀਆਂ ਹਨ ਜੋ ਦੁਰਗਾ ਦੇ ਦਾਨਵਾਂ ਨਾਲ ਹੋਏ ਯੁਧ ਦਾ ਵਰਣਨ ਹੈ। ਇਸ ਵਾਰ ਵਿੱਚ ਆਈ "ਭਗੌਤੀ" ਨੂੰ ਅਸੀ "ਅਕਾਲਪੁਰਖ ' ਜਾਂ "ਕਿਰਪਾਣ" ਸਮਝ ਕੇ ਆਪਣੇ ਮੰਨ ਨੂੰ ਤਸੱਲੀ ਦੇ ਲੈਦੇ ਹਾਂ।

ਲੇਕਿਨ ਕੌੜਾ ਸੱਚ ਤਾਂ ਇਹ ਹੈ ਕਿ ਇਹ ਅਕਾਲਪੁਰਖ ਨਹੀਂ, ਇਹ "ਚੰਡੀ", "ਦੁਰਗਾ" ਦੇਵੀ ਦੀ ਉਸਤਤਿ ਹੈ। ਪੂਰੀ ਚੰਡੀ ਕੀ ਵਾਰ ਦੇ ਅਰਥ ਕਰਨ ਨਾਲ ਇਸ "ਪ੍ਰਿਥਮ ਭਗੌਤੀ ਜੀ" ਦਾ ਸਾਰਾ ਭੇਦ ਖੁਲ ਜਾਂਦਾ ਹੈ। ਇਥੇ ਪੂਰੀ ਚੰਡੀ ਦੀ ਵਾਰ ਲਿਖ ਕੇ ਉਸ ਦੇ ਅਰਥ ਕਰਨ ਨਾਲ ਇਹ ਲੇਖ ਬਹੁਤ ਲੰਬਾ ਹੋ ਜਾਵੇਗਾ, ਇਸ ਲਈ ਹੇਠ ਦਿਤੇ ਲਿੰਕ ਤੇ ਚੰਡੀ ਕੀ ਵਾਰ ਦੀਆਂ ਕੁਝ ਪੌੜੀਆਂ ਸੁਣ ਲਵੋ , ਜਿਸ ਨੂੰ ਦਰਬਾਰ ਸਾਹਿਬ ਦੇ ਇਕ ਹਜੂਰੀ ਰਾਗੀ ਨੇ ਗਾਇਨ ਕੀਤਾ ਹੈ । ਉਸ ਵਿਚੋਂ ਮੁੱਖ ਮੁੱਖ ਬੰਦਾਂ ਦਾ ਜਿਕਰ ਅਸੀ ਇਥੇ ਕਰਾਂਗੇ।

 

ਦਸਮ ਗਰੰਥ ਸਾਹਿਬ : ਪੰਨਾ ੨੯੭ ਪੰ. ੬
ਮੁਖ ਭਾਗ 5
ਚੰਡੀ ਦੀ ਵਾਰ ੴ ਵਾਹਿਗੁਰੂ ਜੀ ਕੀ ਫਤਹ ॥
ਸ੍ਰੀ ਭਗਉਤੀ ਜੀ ਸਹਾਇ ॥
ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥
ਪ੍ਰਿਥਮ ਭਗੌਤੀ ਸਿਮਰ ਕੇ.............................

ਇਥੋਂ ਤਕ ਤੇ ਸਭ ਕੁਝ ਸੁਖਾਵਾਂ ਲਗਦਾ ਹੈ, ਅਤੇ ਦਸਮ ਗ੍ਰੰਥੀਆਂ ਨੂੰ ਇਹ ਕਹਿਨ ਦਾ ਮੌਕਾ ਮਿਲ ਜਾਂਦਾ ਹੈ ਕਿ "ਪ੍ਰਿਥਮ ਭਗੌਤੀ" “ਅਕਾਲ ਪੁਰਖ” ਜਾਂ "ਕਿਰਪਾਣ" ਲਈ ਵਰਤਿਆ ਗਇਆ ਸ਼ਬਦ ਹੈ। ਦੂਜੀ ਪੌੜੀ ਖੰਡਾ ਪ੍ਰਿਥਮੇ................ਕਿਨੀ ਤੇਰਾ ਅੰਤ ਨ ਪਾਇਆ॥ ਤਕ ਵੀ ਇਹ ਭੁਲੇਖਾ ਪਾਂਉਦੀ ਹੈ ਕੇ ਇਹ ਅਕਾਲ ਪੁਰਖ ਦੀ ਉਸਤਤ ਹੈ। ਲੇਕਿਨ ਜਿਵੇ ਹੀ ਅਸੀ ਤੀਜੀ ਪੌੜੀ ਤੇ ਅਪੜਦੇ ਹਾਂ ਅਤੇ ਅਗੇ ਤੁਰਦੇ ਹਾਂ ਇਸ "ਪ੍ਰਿਥਮ ਭਗੌਤੀ" ਦੇ ਸਾਰੇ ਭੇਦ ਇਕ ਇਕ ਕਰ ਕੇ ਖੁਲਦੇ ਚਲੇ ਜਾਂਦੇ ਨੇ ਕਿ ਇਹ “ਅਕਾਲ ਪੁਰਖ” ਜਾਂ “ਕਿਰਪਾਣ” ਨਹੀਂ ਬਲਕਿ ਇਹ ਤਾਂ ਪੱਕੀ "ਦੁਰਗਾ" ਦੇਵੀ ਹੈ ਜਿਸ ਅਗੇ ਅਸੀ ਰੋਜ ਅਰਦਾਸ ਕਰੀ ਜਾ ਰਹੇ ਹਾਂ। ਇਕ ਗਲ ਬਹੁਤ ਹੀ ਧਿਆਨ ਦੇਣ ਯੋਗ ਹੈ ਕਿ “ਵਾਰ ਦੁਰਗਾ ਜੀ" ਕੀ ਦਿ ਪਹਿਲੀ ਪੌੜੀ ਵਿਚ “ਭਗੌਤੀ” ਸ਼ਬਦ ਨੂੰ ਬਹੁਤ ਹੀ ਚਾਲਾਕੀ ਨਾਲ ਬਦਲ ਦਿਤਾ ਗਇਆ ਹੈ। ਇਸ ਪਿਛੇ ਉਨਾਂ ਲੋਕਾਂ ਦੀ ਚਾਲਾਕ ਸੋਚ ਹੈ, ਜਿਨਾਂ ਨੇ “ਵਾਰ ਦੁਰਗਾ ਕੀ” ਦਾ ਨਾਮ ਬਦਲ ਕੇ ਉਸ ਨੂੰ “ਚੰਡੀ ਕੀ ਵਾਰ” ਬਣਾਂ ਦਿਤਾ। ਇਸੇ ਤਰ੍ਹਾਂ ਇਸ ਕੂੜ ਗ੍ਰੰਥ ਵਿੱਚ “ਸ਼੍ਰੀ ਕਾਲ ਜੀ ਕੀ ਉਸਤਤਿ” ਦਾ ਨਾਮ ਬਦਲ ਕੇ “ਅਕਾਲ ਉਸਤਤਿ” ਰਖ ਦਿਤਾ। ਇਹ ਤਬਦੀਲੀਆ ਸਮੈਂ ਸਮੈਂ ਤੇ ਇਸ ਕਿਤਾਬ ਵਿੱਚ ਕੀਤੀਆਂ ਜਾਂਦੀਆ ਰਹਿਆ ਤਾਂਕਿ ਇਹ ਭੁਲੇਖਾ ਪਾਇਆ ਜਾ ਸਕੇ ਕਿ ਇਹ ਸਭ ਕੁਝ ਉਸ ਅਕਾਲਪੁਰਖ ਲਈ ਵਰਤਿਆ ਜਾ ਰਿਹਾ ਹੈ। ਇਹ ਤਬਦੀਲੀਆਂ ਕਿਸ ਨੇ ਅਤੇ ਕਿਉ ਕੀਤੀਆਂ?

ਇਹ ਇਕ ਖੋਜ ਦਾ ਵਿਸ਼ਾ ਹੈ, ਲੇਕਿਨ ਇਹ ਤਬਦੀਲੀਆਂ ਕਰਨ ਵਾਲੇ ਦੀ ਨੀਯਤ ਅਤੇ ਮੰਸ਼ਾ ਬਿਲਕੁਲ ਸਾਫ ਹੈ।

ਇਕ ਕਰੇਲਾ ਦੂਜਾ ਨੀਮ ਚੜ੍ਹਿਆ"। ਇਹ ਕਾਲੀ ਕਿਤਾਬ ਪਹਿਲਾਂ ਹੀ ਸਿੱਖੀ ਵਿੱਚ ਬਹੁਤ ਸਾਰੇ ਪੁਆੜੇ ਪਾ ਚੁਕੀ ਸੀ। ਇਨਾਂ ਪੁਆੜਿਆਂ ਤੇ ਪਰਦਾ ਪਾਉਣ ਲਈ ਇਸ ਵਿੱਚ ਵੀ ਕਈ ਹੋਰ, ਹੇਰਾ ਫੇਰੀਆਂ ਸਿੱਖਾਂ ਨੇ ਆਪ ਹੀ ਕੀਤੀਆਂ, ਸਿਰਫ ਪਰਦੇ ਪਾਉਣ ਲਈ। ਇਕ ਝੂਠ ਨੂੰ ਸਹੀ ਸਾਬਿਤ ਕਰਨ ਲਈ ਕਈ ਹੋਰ ਝੂਠ ਖੜੇ ਕਰ ਦਿਤੇ ਗਏ।

ਮੇਰੇ ਸਾਮ੍ਹਣੇ "ਸ੍ਰੀ ਦਸਮ ਗ੍ਰੰਥ ਸਾਹਿਬ ਜੀ" ਨਾਮ ਦੀ ਇਹ "ਕਾਲੀ ਕਿਤਾਬ" ਪਈ ਹੈ । ਇਸ ਨੂੰ ਛਾਪਣ ਵਾਲੇ ਹਨ ਭਾ: ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ।

ਇਸ ਦੇ ਪਹਿਲੇ ਪੰਨੇ 'ਤੇ ਇਹ ਮਜਮੂਨ ਲਿਖਿਆ ਹੋਇਆ ਹੈ, ਜਿਸਨੂੰ ਧਿਆਨ ਨਾਲ ਪੜ੍ਹੋ ਜੀ (ਇਸ ਪੰਨੇ ਦੀ ਸਕੇਨ ਕਾਪੀ ਇਸ ਲੇਖ ਨਾਲ ਲਗੀ ਹੈ ਜੀ)

ਮਜਮੂਨ ਇਸ ਤਰ੍ਹਾਂ ਹੈ-

ਸ਼੍ਰੀ ਦਸਮ ਗ੍ਰੰਥ ਸਾਹਿਬ ਜੀ
ਇਨਾਂ ਦੀ ਸੁਧਾਈ।
ਪੁਰਾਤਨ ਲਿਖਤੀ ਛਾਪੇ ਦੇ ਸਰੂਪਾਂ ਤਥਾ 1952 ਬਿਕ੍ਰਮੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਜੀ ਵਿਖੇ "ਸੋਧਕ ਕਮੇਟੀ" ਦੀ ਸੋਧੀ ਹੋਈ ਅਨੁਪਮ ਬੀੜ ਨਾਲ ਪਾਠਾਂਤ੍ਰ ਨਿਰਨਯ ਕਰਕੇ ਕੀਤੀ ਗਈ ਹੈ।

ਇਸ ਟਿਪਣੀ ਤੋਂ ਇਹ ਸਾਫ ਜਾਹਿਰ ਹੂੰਦਾ ਹੈ ਕਿ ਇਸ ਕਾਲੀ ਕਿਤਾਬ" ਦੀ ਕੋਈ ਪ੍ਰਮਾਣਿਕਤਾ ਨਹੀਂ ਹੈ। ਜਦੋਂ ਜਿਸ ਦਾ ਜੀ ਚਾਹਿਆ, ਇਸ ਵਿੱਚ ਸੋਧਾਂ ਕਰ ਦਿਤੀਆਂ। ਕਿਸੇ ਨੇ ਕੁਝ ਕਡ੍ਹ ਲਿਆ, ਤੇ ਕਿਸੇ ਨੇ ਇਸ ਵਿੱਚ ਕੁਝ ਵਾਧੂ ਪਾ ਦਿਤਾ। ਇਸ ਕਿਤਾਬ ਦੇ ਪੰਨੇ ਵੀ ਇਕ ਦੂਜੇ ਨਾਲ ਮੇਲ ਨਹੀਂ ਖਾਂਦੇ। ਉਨਾਂ ਲੋਕਾਂ ਨੂੰ ਕੀ ਕਹਿਏ ਜੋ ਇਸ ਨੂੰ ਦਸਮ ਦੀ ਬਾਣੀ ਕਹਿੰਦੇ ਨਹੀਂ ਥਕਦੇ । ਉਨਾਂ ਕੋਲੋਂ ਕੋਈ ਇਹ ਪੁਛਣ ਵਾਲਾ ਨਹੀਂ ਕਿ ਜੇ ਇਹ ਤੁਹਾਡੇ ਗੁਰੂ ਦੀ ਬਾਣੀ ਹੈ, ਤੇ ਇਸ ਨੂੰ ਕੀ ਸੋਧਿਆਂ ਵੀ ਜਾ ਸਕਦਾ ਹੈ ? ਇਹੋ ਜਹਿਆ "ਸੋਧਕ ਕਮੇਟੀਆ" ਦੀ ਹੀ ਕਾਰਸਤਾਨੀ ਹੈ ਕਿ ਇਸ ਕੂੜ ਕਿਤਾਬ ਨੂੰ "ਪ੍ਰਮਾਣਿਕ" ਬਣਾਉਨ ਦੀ ਅਸਫਲ ਕੋਸ਼ਿਸ਼ ਕਈ ਵਾਰ ਕੀਤੀ ਗਈ । ਕਿਸੇ ਨੇ ਚੌਪਈ ਦੀਆਂ ਪੌੜੀਆਂ ਦੇ ਨੰਬਰ ਬਦਲ ਦਿੱਤੇ ਤੇ ਕਿਸੇ ਨੇ ਉਸ ਦੇ ਉਪਰ ਮੂਲ ਸ੍ਰੋਤ ਤੋ ਉਲਟ "ਪਾਤਸ਼ਾਹੀ 10 ਲਿਖ ਦਿਤਾ। ਕਿਸੇ ਨੇ "ਵਾਰ ਦੁਰਗਾ ਕੀ " ਦਾ ਨਾਮ ਬਦਲ ਕੇ "ਚੰਡੀ ਕੀ ਵਾਰ" ਰਖ ਦਿਤਾ । ਕਿਸੇ ਨੇ "ਕਾਲ ਜੀ ਕੀ ਉਸਤਤਿ" ਦਾ ਨਾਮ ਬਦਲ ਕੇ "ਅਕਾਲ ਉਸਤੱਤ" ਰਖ ਦਿਤਾ। ਲੇਕਿਨ ਇਨਾਂ ਚਾਲਾਂ ਵਿੱਚ ਉਹ ਫਿਰ ਵੀ ਕਾਮਯਾਬ ਨਾਹੀ ਹੋ ਸਕੇ । ਕਿਉ ਕੇ ਜਹਿਰ ਨੂੰ ਮਿਠਾ ਤੇ ਕੀਤਾ ਜਾ ਸਕਦਾ ਹੈ ਉਸ ਦੇ ਜਾਨ ਲੇਵਾ ਅਵਗੁਣਾਂ ਨੂੰ, ਜੀਵਨ ਦੇਣ ਵਾਲੇ " ਅੰਮ੍ਰਿਤ" ਵਿਚ ਤਬਦੀਲ ਨਹੀਂ ਕੀਤਾ ਜਾ ਸਕਦਾ। ਜਹਿਰ ਤੇ ਹਮੇਸ਼ਾਂ ਹੀ ਮਾਰੂ ਰਹਿੰਦਾ ਹੈ।

ਇਹੋ ਜਹੀ ਇਕ ਕੋਸ਼ਿਸ਼ ਮੇਰੇ ਇਕ ਵਿਦਵਾਨ ਮਿਤੱਰ ਜੋ ਜੰਮੂ ਵਿੱਚ ਰਹਿੰਦੇ ਹਨ , ਉਨਾਂ ਨੇ ਵੀ ਕਰਨ ਦੀ ਕੋਸ਼ਿਸ਼ ਸੀ । ਉਨਾਂ ਦੀ ਇਹ ਕੋਸ਼ਿਸ਼ ਹਲੀ ਵੀ ਜਾਰੀ ਹੈ। ਉਨਾਂ ਨੇ “ਪ੍ਰਿਥਮ ਭਗੌਤੀ” ਅਤੇ "ਮਹਾਕਾਲ" ਨੂੰ “ਸਿੱਖਾਂ ਦਾ ਰੱਬ” ਸਾਬਿਤ ਕਰਨ ਲਈ ਕੁਝ ਕੁ ਮਹੀਨੇ ਪਹਿਲਾ ਇਕ ਲੇਖ ਲਿਖਿਆ ਸੀ , ਜਿਸਦਾ ਸਿਰਲੇਖ ਕੁਝ ਇਸ ਤਰ੍ਹਾਂ ਸੀ “ਚੰਡੀ ਕੀ ਵਾਰ ਦੀ ਦੂਜੀ ਪੌੜੀ ਕਿਉ ਨਹੀਂ ? ” ਇਸ ਪੂਰੇ ਲੇਖ ਦਾ ਜਵਾਬ ਇਕ ਲਾਈਨ ਦਾ ਸੀ ਕਿ ਵੀਰ ਜੀਉ “ ਚੰਡੀ ਕੀ ਵਾਰ ਦੀ ਤੀਜੀ ਪੌੜੀ ਕਿਉ ਨਹੀਂ ?” ਚੌਥੀ, ਪੰਜਵੀ ਤੋਂ ਲੈ ਕੇ ਅਖੀਰਲੀ 55 ਵੀ ਪੌੜੀ ਤਕ ਕਿਉ ਨਹੀਂ ? ਇਹ ਸਾਰੀਆਂ ਪੌੜੀਆ ਹੀ ਤੇ ਇਸ “ਪ੍ਰਿਥਮ ਭਗੌਤੀ” ਦੇ ਰੂਪ , ਰੰਗ ਅਤੇ ਸਾਰੇ ਨਾਂਵਾਂ ਦੀ ਪੋਲ ਖੋਲਦੀਆਂ ਨੇ, ਤੇ ਪਹਿਲੀ ਅਤੇ ਦੂਜੀ ਪੌੜੀ ਦੀ ਸਾਜਿਸ਼ ਨੂੰ ਵੀ ਬੇਨਕਾਬ ਕਰਦੀਆਂ ਨੇ , ਜਿਸ ਵਿੱਚ "ਦੁਰਗਾ" ਨੂੰ "ਭਗਉਤੀ" ਦੇ ਸਹਾਰੇ "ਅਕਾਲਪੁਰਖ" ਬਨਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ ? ' ਚੰਡੀ ਕੀ ਵਾਰ” ਦੀਆਂ ਕਈ ਪੌੜੀਆਂ ਆਪ ਸਾਬਿਤ ਕਰਦੀਆਂ ਨੇ ਕਿ ਇਹ “ਦੁਰਗਾ ਦੇਵੀ” ਦੀ ਹੀ ਉਸਤਤਿ ਹੈ ਨਾਂ ਕਿ ਕਿਸੇ “ਕਿਰਪਾਣ” ਦੀ ਜਾਂ “ਅਕਾਲਪੁਰਖ” ਦੀ । ਇਸ "ਚੰਡੀ ਕੀ ਵਾਰ " ਦੀਆਂ ਕੁਝ ਪੰਕਤੀਆਂ ਤੇ ਵੀ ਨਜਰ ਮਾਰੋ ਜੀ।

ਪਉੜੀ ॥ ਇਕ ਦਿਹਾੜੇ ਨਾਵਣ ਆਈ ਦੁਰਗਸਾਹ ॥ ਇੰਦ੍ਰ ਬਿਰਥਾ ਸੁਣਾਈ ਅਪਣੇ ਹਾਲ ਦੀ ॥ ਛੀਨ ਲਈ ਠਕੁਰਾਈ ਸਾਤੇ ਦਾਨਵੀ ॥
ਲੋਕੀ ਤਿਹੀ ਫਿਰਾਈ ਦੋਹੀ ਆਪਣੀ ॥...................
ਦੁਰਗਾ ਬੈਣ ਸੁਣੰਦੀ ਹੱਸੀ ਹੜਹੜਾਇ ॥ ਓਹੀ ਸੀਹੁ ਮੰਗਾਇਆ ਰਾਕਸ ਭੱਖਣਾ ॥
ਚਿੰਤਾ ਕਰਹੁ ਨ ਕਾਈ ਦੇਵਾ ਨੂੰ ਆਖਿਆ ॥ ਰੋਹ ਹੋਈ ਮਹਾ ਮਾਈ ਰਾਕਸਿ ਮਾਰਣੇ
॥੫॥.....................
ਦੁਰਗਾ ਦਾਨੋ ਡਹੇ ਰਣ ਨਾਦ ਵੱਜਨ ਖੇਤੁ ਭੀਹਾਵਲੇ ॥ ਗਦਾ ਤ੍ਰਿਸੂਲਾਂ ਬਰਛੀਆਂ ਤੀਰ ਵੱਗਨ ਖਰੇ ਉਤਾਵਲੇ॥
ਲਈ ਭਗਉਤੀ ਦੁਰਗਸਾਹਿ ਵਰਜਾਗਣਿ ਭਾਰੀ ॥
ਪੇਜ 324 (ਇਥੇ ਤੇ ਦੁਰਗਾ ਨੂੰ "ਬਗਉਤੀ" ਵੀ ਸਾਫ ਸਾਫ ਕਹਿ ਰਿਹਾ ਹੈ)

ਦੋ ਸ਼ਲੋਕਾਂ ਵਿੱਚ ਉਹ ਤਿਨ ਵਾਰ “ਦੁਰਗਾ”, ਦੁਰਗਾ” ਕਹਿ ਰਿਹਾ ਹੈ । ਫੇਰ ਵੀ ਅਸੀ ਕਹੀ ਜਾਈਏ ਇਹ ਤਾਂ ਅਕਾਲਪੁਰਖ” ਜਾਂ 'ਕਿਰਪਾਣ” ਹੈ । ਸਾਡਾ ਹਾਲ ਵੀ ਉਸ ਨੀਮ ਪਾਗਲ ਵਾਲਾ ਹੀ ਹੋ ਚੁਕਾ ਹੈ , ਜੋ ਆਈਨਾ ਵੇਖ ਕੇ ਵੀ ਕਹੀ ਜਾਂਦਾ ਹਠੈ ਕਿ "ਇਹ ਮੈਂ ਨਹੀਂ।"

ਇਥੇ ਇਕ ਹੋਰ ਬਹੁਤ ਜਰੂਰੀ ਗਲ ਸਪਸ਼ਟ ਕਰਨ ਵਾਲੀ ਹੈ ਕਿ ਬਹੁਤ ਸਾਰੇ ਲੋਕ “ਪ੍ਰਿਥਮ” ਸ਼ਬਦ ਦਾ ਅਰਥ, “ਪਹਿਲੇ” ਲਾਂਉਦੇ ਨੇ ਜੋ “ਭਗਉਤੀ” ਨਾਲ ਇਸ ਦੀ ਪਹਿਲੀ ਪੌੜੀ ਵਿੱਚ ਜੁੜਿਆਂ ਹੋਇਆ ਹੈ। ਇਹ ਬਿਲਕੁਲ ਗਲਤ ਹੈ। ਸਾਧਾਰਣ ਅਰਥ ਕਰਦਿਆਂ ਉਹ “ਪ੍ਰਿਥਮ ਭਗਉਤੀ ਸਿਮਰ ਕੇ“ ਦਾ ਅਰਥ ਇਹ ਲਾਉਦੇ ਨੇ ਕਿ “ਪਹਿਲੇ ਭਗੌਤੀ ਨੂੰ ਸਿਮਰ ਕੇ”। ਲੇਕਿਨ ਇਹ ਗਲ ਨਹੀਂ ਹੈ। “ਪ੍ਰਿਥਮ ਭਗਉਤੀ” ਦਾ ਅਰਥ ਹੈ “ਆਦਿ ਭਵਾਨੀ”। ਪ੍ਰਿਥਮ= ਆਦਿ । ਭਗਉਤੀ=ਭਵਾਨੀ। ਭਾਵ “ ਸਭਤੋਂ ਪਹਿਲਾਂ ਇਸ ਕਾਯਨਾਤ ਵਿੱਚ ਪ੍ਰਕਟ ਹੋਣ ਵਾਲੀ” ਇਹ ਭਵਾਨੀ ਜਾਂ ਭਗੌਤੀ ਹੀ ਹੈ । ਇਹ ਆਦਿ ਤੋਂ ਹੀ ਹੈ।

ਵੀਰੋ ਜਾਗੋ ! ਬਹੁਤ ਦੇਰ ਤਕ ਅਸੀਂ ਸੌਂ ਲਿਆ ਹੈ । “ਬਿਖਿਆ” ਨੂੰ “ਅੰਮ੍ਰਿਤ” ਸਮਝ ਸਮਝ ਕੇ ਬਹੁਤ ਪੀ ਲਿਆ ਹੈ । ਇਸ “ ਪ੍ਰਿਥਮ ਭਗੌਤੀ" ਦੀ ਉਸਤੱਤ ” ਵਾਲੀ ਕੂੜ ਕਿਤਾਬ ਨੂੰ ਬਹੁਤ ਮੱਥੇ ਟੇਕ ਲਏ ਨੇ ।
ਸਾਡੇ ਸ਼ਬਦ ਗੁਰੂ ਦਾ ਤਾਂ ਇਹ ਸਪਸ਼ਟ ਆਦੇਸ਼ ਹੈ ਕਿ -

ਆਸਰਬ ਘਟਾ ਕਰਤ ਪ੍ਰਤਿਪਾਲ ॥ ਆਦਿ ਪੁਰਖ ਕਾਰਣ ਕਰਤਾਰ ॥ ਅੰਕ 290
ਆਦਿ ਜੁਗਾਦੀ ਹੁਣਿ ਹੋਵਤ ਨਾਨਕ ਏਕੈ ਸੋਇ ॥੧॥ ਅੰਕ 254
ਓਅੰਕਾਰ ਆਦਿ ਮੈ ਜਾਨਾ ॥ ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥ਅੰਕ 340
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ ਅੰਕ 348
ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ॥੩॥ ਅੰਕ 397
ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥ ਅੰਕ 437
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥ ਅੰਕ 448
ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥ ਅੰਕ 548
ਆਦਿ ਅੰਤਿ ਦਇਆਲ ਪੂਰਨ ਤਿਸੁ ਬਿਨਾ ਨਹੀਂ ਕੋਇ ॥ ਅੰਕ 675

ਇਥੇ "ਪ੍ਰਿਥਮ" ਦਾ ਭਾਵ "ਆਦਿ" ਨਾਲ ਹੈ, "ਪਹਿਲੇ" ਨਾਲ ਨਹੀਂ ਹੈ । "ਆਦਿ" ਉਹ ਹੈ ਜੋ ਇਸ ਬ੍ਰਹਮਾਂਡ ਵਿੱਚ ਸਭਤੋਂ ਪਹਿਲਾਂ ਪ੍ਰਕਟ ਹੋਇਆ । ਉਸ "ਆਦਿ" ਦਾ ਕੋਈ ਅਕਾਰ ਨਹੀਂ। ਉਸ "ਆਦਿ" ਦਾ ਕੋਈ ਅੰਤ ਨਹੀਂ। ਉਸ ਨੇ ਸਾਰੀ ਸ੍ਰਸ਼ਟੀ ਦੀ ਰਚਨਾਂ ਕੀਤੀ, ਉਹ ਨਿਰੰਕਾਰ ਪ੍ਰਮੇਸ਼ਵਰ ਹੈ। ਖਾਲਸਾ ਜੀ ! ਇਹੋ ਜਹੇ ਗੁਣਾਂ ਵਾਲੀ ਉਹ "ਭਗਉਤੀ" (ਭਵਾਨੀ) ਕਿਸ ਤਰ੍ਹਾਂ ਪ੍ਰਿਥਮ (ਆਦਿ) ਹੋ ਸਕਦੀ ਹੈ ? ਇਹ ਤਾਂ ਹੰਸਦੀ ਹੈ, ਯੁਧ ਕਰਦੀ ਹੈ, ਇੰਦਰ ਦੇਵਤੇ ਲਈ ਨਿਸੁੰਭ ਅਤੇ ਸੰਭ ਰਾਖਸ਼ਾਂ ਨੂੰ ਮਾਰਦੀ ਹੈ। ਸ਼ੇਰ ਦੀ ਸਵਾਰੀ ਕਰਦੀ ਹੈ। ਲੇਕਿਨ ਇਹ "ਕੂੜ ਕਿਤਾਬ " ਤੇ ਉਸ ਦੁਰਗਾ ਨੂੰ , ਉਸ ਭਗਉਤੀ ਨੂੰ, ਉਸ ਭਵਾਨੀ ਨੂੰ ਹੀ ਆਦਿ (ਪ੍ਰਿਥਮ) ਦਸਦੀ ਹੈ ਤੇ ਸਾਡੇ ਕੋਲੋਂ ਉਸ ਦੀ ਨਿਤ ਉਸਤੱਤ ਕਰਾ ਰਹੀ ਹੈ, ਜੋ "ਆਦਿ" ਜਾਂ "ਪ੍ਰਿਥਮ" ਹੈ ਹੀ ਨਹੀਂ । ਭਗਤ ਨਾਮ ਦੇਵ ਜੀ ਤੇ ਇਸ "ਪ੍ਰਿਥਮ ਭਗੌਤੀ" (ਆਦਿ ਭਵਾਨੀ) ਨੂੰ ਹੀ ਹਲੂਣਾਂ ਦੇ ਕੇ ਪੁਛ ਰਹੇ ਨੇ।

ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ ਅੰਕ 874

ਖਾਲਸਾ ਜੀ ! ਅਸੀ ਇਸ ਭਗਉਤੀ ਨੂੰ ਪ੍ਰਿਥਮ (ਆਦਿ) ਮੰਣਦੇ ਹੀ ਨਹੀਂ ਤੇ ਕਿਉ ਸਿਮਰੀਏ ਇਸਨੂੰ ? ਇਹ ਤਾਂ ਉਹੀ ਸ਼ਬਦ ਗੁਰੂ ਦੇ ਅੰਕ 874 ਵਾਲੀ , ਭਗਤ ਨਾਮ ਦੇਵ ਦੀ "ਆਦਿ ਭਵਾਨੀ" ਹੈ, ਜੋ ਅਪਣੇ ਸਿੱਖਾਂ ਦੀ ਭਲਾਈ ਵੇਲੇ ਕਿਤੇ ਛੁਪ ਜਾਂਦੀ ਹੈ । ਸਾਡੇ ਸ਼ਬਦ ਗੁਰੂ ਨੇ ਤਾਂ ਸਾਨੂੰ " ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥" ਦਾ ਸਬਕ ਸਿਖਾਇਆ ਹੈ , ਫੇਰ ਅਸੀ ਇਸ "ਵਾਰ ਦੁਰਗਾ ਕੀ" ਦੀ ਦੁਰਗਾ ਨੂੰ "ਪ੍ਰਿਥਮ ਭਗੌਤੀ" ਕਿਵੇਂ ਮਣ ਲਇਏ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top