Share on Facebook

Main News Page

ਜੂਨ 84 ਦੇ ਖੂਨੀ ਘਲੂਘਾਰੇ ਦੀ 28ਵੀਂ ਵਰ੍ਹੇਗੰਢ 'ਤੇ 6 ਜੂਨ ਨੂੰ ਭਾਰਤੀ ਕੌਂਸਲੇਟ ਫਰੈਂਕਫੋਰਟ ਅੱਗੇ ਹੋਵੇਗਾ ਰੋਸ ਮੁਜ਼ਾਹਰਾ

ਬਠਿੰਡਾ, 31 ਮਈ (ਕਿਰਪਾਲ ਸਿੰਘ): ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਈਮੇਲ ਰਾਹੀਂ ਭੇਜੇ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੱਤੀ ਹੈ, ਕਿ ਹਿੰਦੋਸਤਾਨ ਦੀ ਹਕੂਮਤ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਵਰਤਾਏ ਖੂੁਨੀ ਘਲੂਘਾਰੇ ਦੀ 28 ਵੀ ਵਰ੍ਹੇ ਗੰਢ 'ਤੇ, ਜਰਮਨ ਦੀਆਂ ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ 6 ਜੂਨ ਦਿਨ ਬੁੱਧਵਾਰ ਨੂੰ ਭਾਰਤੀ ਕੌਸਲੇਟ ਫਰੈਂਕਫੋਰਟ ਅੱਗੇ ਰੋਸ ਮੁਜਾਹਰਾ ਕੀਤਾ ਜਾਵੇਗਾ।

ਉਨ੍ਹਾਂ ਸਮੁੱਚੇ ਸਿੱਖਾਂ ਨੂੰ ਅਪੀਲ ਕੀਤੀ ਕਿ ਇਸ ਰੋਸ ਵਿੱਚ ਵੱਧ ਤੋਂ ਵੱਧ ਸ਼ਮਾਲ ਹੋਕੇ ਹਿੰਦੋਸਤਾਨ ਦੀ ਹਕੂਮਤ ਨੂੰ ਇਹ ਦਰਸਾਈਏ, ਕਿ ਜਿਸ ਸਿੱਖ ਕੌਮ ਨੂੰ ਹਿੰਦੋਸਤਾਨ ਵਿੱਚ ਤੁਸੀਂ ਬੇਗਾਨੀ ਦਾ ਅਹਿਸਾਸ ਕਰਾਕੇ ਹਿਰਦਿਆਂ 'ਤੇ ਨਾ ਮਿਟਣ ਵਾਲੇ ਜ਼ਖਮ ਉਕਰੇ ਸਨ, ਉਹ ਅੱਜ ਵੀ ਉਸੇ ਤਰ੍ਹਾਂ ਹਰੇ ਹਨ। ਸ਼੍ਰੀ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਛਲਣੀ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2500 ਤੋਂ ਵੱਧ ਸਰੂਪਾਂ ਨੂੰ ਅਗਨ ਭੇਂਟ ਤੇ ਹਜ਼ਾਰਾਂ ਸਿੰਘਾਂ ਸਿੰਘਣੀਆਂ ਇੱਥੋਂ ਤੱਕ ਕਿ ਦੁੱਧ ਚੁੰਘਦੇ ਬੱਚਿਆਂ ਨੂੰ ਹਿੰਦੋਸਤਾਨੀ ਫੌਜਾਂ ਨੇ ਸ਼ਹੀਦ ਕਰਕੇ ਦੁਨੀਆਂ ਦੇ ਹਰ ਜ਼ੁਲਮ ਨੂੰ ਪਿੱਛੇ ਛੱਡ ਦਿੱਤਾ ਸੀ। ਹਿੰਦੋਸਤਾਨ ਦੀ ਹਕੂਮਤ ਦੇ ਜ਼ੁਲਮਾਂ ਦੀ ਕਹਾਣੀ ਅੱਜ ਵੀ ਖਤਮ ਨਹੀ ਹੋਈ ਜਾਗਦੀ ਜ਼ਮੀਰ ਤੇ ਸਿੱਖ ਕੌਮ ਦੇ ਹੱਕਾਂ, ਹਿੱਤਾਂ ਲਈ ਸੰਘਰਸ਼ ਕਰਨ ਵਾਲੇ ਸਿੱਖਾਂ ਲਈ ਫਾਂਸੀਆਂ, ਜੇਲ੍ਹ ਦੀਆਂ ਕਾਲ ਕੋਠੜੀਆਂ ਤੇ ਪੁਲਿਸ ਦੀਆਂ ਗੋਲੀਆਂ ਨਾਲ ਸਿੱਖਾਂ ਦੀਆਂ ਸ਼ਹਾਦਤਾਂ ਦਾ ਦੌਰ ਜਾਰੀ ਹੈ।

ਮਰੀ ਹੋਈ ਜ਼ਮੀਰ ਵਾਲੇ ਲੀਡਰਾਂ ਤੇ ਆਗੂਆਂ ਨੇ ਆਪਣੇ ਸਵਾਰਥਾਂ ਤੇ ਕੁਰਸੀ ਦੀ ਖਾਤਰ ਕੌਮ ਦੇ ਜਜਬਾਤਾਂ ਤੇ ਭਾਵਨਾਵਾਂ ਨੂੰ ਦੁਸ਼ਮਣਾਂ ਅੱਗੇ ਬੇਸ਼ੱਕ ਵੇਚ ਦਿੱਤਾ ਹੈ, ਤੇ ਇਹ ਲੀਡਰ ਸਿੱਖ ਕੌਮ ਨਾਲ ਹੋਏ ਖੂਨੀ ਘਲੂਘਾਰੇ ਨੂੰ ਭੁੱਲ ਗਏ ਹਨ ਤੇ ਕੌਮ ਨੂੰ ਭੁਲਾਉਣ ਲਈ ਦੁਸ਼ਮਣ ਧਿਰਾਂ ਨਾਲ ਇਕਮਿਕ ਹੋ ਗਏ ਹਨ। ਪਰ ਸ਼੍ਰੀ ਦਰਬਾਰ ਸਾਹਿਬ ਤੇ ਆਪਣੇ ਇਸ਼ਟ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰਨ ਵਾਲੇ ਸਿੱਖ ਇਸ ਨੂੰ ਕਦੇ ਵੀ ਭੁਲਣਗੇ ਨਹੀਂ, ਇਸੇ ਕਰਕੇ ਇਹ ਦਰਸਾਉਣ ਲਈ ਕਿ ਜੋ 28 ਸਾਲ ਪਹਿਲਾਂ ਜ਼ਖਮ ਦਿੱਤੇ ਸਨ, ਉਹ ਅੱਜ ਵੀ ਉਸੇ ਤਰ੍ਹਾਂ ਹਰੇ ਹਨ ਤੇ ਹਿੰਦੋਸਤਾਨ ਦੀ ਹਕੂਮਤ ਦੇ ਜ਼ੁਲਮਾਂ ਦੇ ਖਿਲਾਫ ਆਪਣੇ ਰੋਹ ਦਾ ਪ੍ਰਗਟਾਵਾ ਕਰਨ ਲਈ ਜਰਮਨ ਦੇ ਸ਼ਹਿਰ ਫਰੈਕਫੋਰਟ ਦੇ ਹਾਪਟਬਾਨਆਫ ਦੇ (ਮੇਨ ਰਲੇਵੇ ਸ਼ਟੇਸ਼ਨ) ਸਾਹਮਣੇ 13 ਵਜੇ ਤੋਂ 14 ਵਜੇ ਤੱਕ ਇਕੱਤਰ ਹੋ ਕੇ ਭਾਰਤੀ ਕੌਸਲੇਟ ਵੱਲ ਚਾਲੇ ਪਾਏ ਜਾਣਗੇ।

ਸ੍ਰ. ਗੁਰਾਇਆ ਨੇ ਅਪੀਲ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰਨ ਵਾਲੇ ਹਰ ਸਿੱਖ ਦਾ ਆਪਣਾ ਫਰਜ਼ ਬਣਦਾ ਹੈ, ਆਪਣੀ ਜਿੰਦਗੀ ਦੇ ਰੁਝੇਵਿਆਂ ਵਿੱਚੋਂ ਟਾਈਮ ਕੱਢਕੇ ਆਪਣੇ ਰੋਹ ਦਾ ਪ੍ਰਗਟਾਵਾ ਹਿੰਦੋਸਤਾਨ ਦੇ ਹਾਕਮਾਂ ਤੱਕ ਜਰੂਰ ਦਰਜ ਕਰਾਈਏ। ਜਰਮਨ ਵਿੱਚ ਸਿੱਖ ਕੌਮ ਨਾਲ ਹੋਏ ਜ਼ੁਲਮਾਂ ਤੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਵਾਸਤਾ ਪਾਕੇ ਆਪ ਤੇ ਆਪਣੇ ਪਰਿਵਾਰਾਂ ਨੂੰ ਪੱਕੇ ਕਰਾਉਣ ਵਾਲੇ ਵੀਰਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ, ਕਿ ਉਨ੍ਹਾਂ ਨੂੰ ਇਸ ਦਿਨ ਜ਼ਰੂਰ ਵੱਧ ਤੋਂ ਵੱਧ ਸ਼ਾਮਲ ਹੋਣਾ ਚਾਹੀਦਾ ਹੈ। ਨਹੀਂ ਤਾਂ ਉਹਨਾਂ ਸਵਾਰਥੀ ਲੀਡਰਾਂ ਜਿਨ੍ਹਾਂ ਨੇ ਉਹਨਾਂ ਸ਼ਹੀਦਾਂ ਦੇ ਪਵਿੱਤਰ ਖੂਨ ਨੂੰ ਕੁਰਸੀਆਂ ਦੀ ਖਾਤਰ ਵੇਚ ਦਿੱਤਾ ਤੇ ਅਸੀਂ ਆਪਣੇ ਪਾਸਪੋਰਟ ਲੈਣ ਖਾਤਰ ਉਹਨਾਂ ਦੇ ਪਵਿੱਤਰ ਲਹੂ ਨੂੰ ਵਰਤਕੇ, ਤੇ ਫਿਰ ਉਨ੍ਹਾਂ ਨੂੰ ਭੁਲਾਕੇ ਅਕ੍ਰਿਤਘਣ ਹੋਣ ਦਾ ਕਲੰਕ ਆਪਣੇ ਮੱਥੇ ਉਪਰ ਨਾ ਲਵਾਈਏ, ਤੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਲਈ 6 ਜੂਨ ਦੇ ਰੋਹ ਮੁਜ਼ਾਹਰੇ ਵਿੱਚ ਕਿਸੇ ਵੀ ਧੜ੍ਹੇਬੰਦੀ ਈਰਖਾ ਤੋਂ ਉਪੱਰ ਉੱਠ ਕੇ ਵੱਧ ਤੋਂ ਵੱਧ ਸ਼ਾਮਲ ਹੋਈਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top