Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) (ਭਾਗ-ਤੀਜਾ)
- ਇੰਦਰਜੀਤ ਸਿੰਘ, ਕਾਨਪੁਰ

(ਮਾਤਾ ਗੁਜਰੀ ਅਤੇ ਬੀਬੀ ਭਾਨੀ ਵਰਗੀਆਂ ਮਾਵਾਂ ਦੀ ਗੋਦ ਵਿੱਚ ਪਲੀ ਪਲਰੀ "ਸਿੱਖੀ", ਅਤੇ ਉਸ ਦੀਆਂ ਮਾਵਾਂ ਭੈਣਾਂ ਨੂੰ ਅੱਤ ਨੀਵੇਂ ਦਰਜੇ ਦਾ ਵਿਖਾਉਣ ਵਾਲੀ ਇਸ "ਕਾਲੀ ਕਿਤਾਬ" ਨੂੰ ਪੰਥ ਕਿਵੇ ਬਰਦਾਸ਼ਤ ਕਰ ਰਿਹਾ ਹੈ?)

ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਜਿਸ ਵੇਲੇ ਮੈਂ ਇਹ ਸੋਚਦਾ ਹਾਂ, ਕਿ ਜਿਸ ਕਿਤਾਬ ਦਾ 'ਇਸ਼ਟ' ਹੀ ਇਕ "ਇਸਤ੍ਰੀ" (ਕਾਲਕਾ ) ਹੋਵੇ। ਉਹ ਕਿਤਾਬ ਹੀ ਇਕ ਇਸਤ੍ਰੀ ਨੂੰ ਸਮਾਜ ਦਾ ਸਭ ਤੋਂ ਨੀਵਾਂ ਪ੍ਰਾਣੀ ਐਲਾਨ ਰਹੀ ਹੈ। ਜਿਸ ਮਾਂ ਭੈਣ ਤੇ ਬੱਚੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਪਿਤਾ, "ਕੌਰ" ਦੀ ਪਦਵੀ ਦੇ ਕੇ ਨਿਵਾਜ ਰਿਹਾ ਹੈ, ਅਪਣੀ ਉਸ ਬੱਚੀ ਨੂੰ ਉਹ ਇਹ ਕਹਿ ਕੇ ਕਿਵੇ ਬੇਇਜੱਤ ਕਰ ਸਕਦਾ ਹੈ, ਕਿ ਇਨਾਂ ਇਸਤ੍ਰੀਆਂ ਨੂੰ ਬਣਾ ਕੇ ਇਨ੍ਹਾਂ ਨੂੰ ਬਨਾਉਣ ਵਾਲਾ "ਕਰਤਾਰ" ਵੀ ਪਛਤਾ ਰਿਹਾ ਹੈ।

ਚੰਚਲਾਨ ਕੇ ਚਰਿਤ ਅਪਾਰਾ ॥ ਚਕ੍ਰਿਤ ਰਹਾ ਕਰਿ ਕਰਿ ਕਰਤਾਰਾ ॥੧੮॥ ਅਖੌਤੀ ਦਸਮ ਗ੍ਰੰਥ ,ਪੇਜ 1351
ਇਨ ਇਸਤ੍ਰਿਨ ਕੇ ਚਰਿਤ ਅਪਾਰਾ ॥ ਸਜਿ ਪਛੁਤਾਨ੍ਯੋ ਇਨ ਕਰਤਾਰਾ ॥੨੫॥
ਤ੍ਰਿਯਾ ਚਰਿਤ੍ਰ ਕਿਨਹੂੰ ਨਹਿ ਜਾਨਾ ॥ ਬਿਧਨਾ ਸਿਰਜਿ ਬਹੁਰਿ ਪਛੁਤਾਨਾ ॥
ਅਖੌਤੀ ਦਸਮ ਗ੍ਰੰਥ, ਪੇਜ 1278

ਕਸੂਰ ਤਾਂ ਉਨ੍ਹਾਂ ਅਨਮਤੀਆਂ ਦਾ ਹੈ, ਜਿਨ੍ਹਾਂ ਨੇ ਅਪਣੀ ਦੇਵੀ "ਕਾਲੀ" ਦੀ ਉਸਤਤਿ ਵਾਲੀ ਇਹ "ਕਾਲੀ ਕਿਤਾਬ" ਲਿੱਖ ਕੇ ਸਿੱਖਾਂ ਦੇ ਮੱਥੇ ਤੇ ਮੜ੍ਹ ਦਿਤੀ ਹੈ। ਕਸੂਰ ਉਨ੍ਹਾਂ ਦੀ ਮਾਨਸਿਕਤਾ ਦਾ ਹੈ ਜੋ "ਇਸਤ੍ਰੀ" ਨੂੰ ਅੱਗ 'ਤੇ ਬਿਠਾ ਕੇ ਉਸ ਦੀ "ਅਗਨੀ ਪਰੀਖਿਆ" ਲੈਂਦੇ ਰਹੇ। ਉਸ ਨੂੰ ਮਰਦ ਦੀ ਚਿਤਾ ਨਾਲ "ਸਤੀ" ਕਰਕੇ ਸਾੜਦੇ ਰਹੇ। ਪਤੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਉਸ ਦਾ ਸਿਰ ਮੁੰਨ ਕੇ ਉਸ ਨੂੰ "ਵਿਧਵਾ" ਦੀ ਸਾਦੀ ਪੋਸ਼ਾਕ ਪਾਕੇ, ਘਰ ਦੀ ਚਾਰ ਦਿਵਾਰੀ ਵਿੱਚ ਡੱਕ ਦੇਂਦੇ ਰਹੇ। ਉਸ ਇਸਤਰੀ ਨੂੰ ਖਜੁਰਾਹੋ ਤੇ ਕੋਣਾਂਰਕ ਦੇ ਮੰਦਰਾਂ ਵਿੱਚ ਦੇਵ ਦਾਸੀਆਂ ਬਣਾ ਕੇ ਵਰਤਦੇ ਰਹੇ। ਇਨ੍ਹਾਂ ਮੰਦਰਾਂ ਵਿੱਚ ਉਨਾਂ ਦੀਆਂ ਨੰਗੀਆਂ ਮੂਰਤੀਆਂ ਲਾ ਕੇ, ਉਨ੍ਹਾਂ ਨੂੰ "ਕਾਮ ਖੇਡ" ਦਾ ਇਕ ਸਾਧਨ ਬਣਾਂਦੇ ਰਹੇ। ਇਕ ਇਸਤ੍ਰੀ ਨੂੰ ਜੂਏ ਵਿੱਚ ਹਾਰਦੇ ਰਹੇ ਅਤੇ ਉਸ ਨੂੰ ਖਡੌਣਾ ਬਣਾ ਕੇ ਪੰਜ ਪੰਜ ਬੰਦਿਆਂ ਨਾਲ ਵਿਹਾਂਦੇ ਰਹੇ। ਉਸ ਇਸਤ੍ਰੀ ਬਾਰੇ ਅਪਣੇ ਧਾਰਮਿਕ ਗ੍ਰੰਥਾਂ ਵਿਚ ਇਹੋ ਜਹੇ ਸ਼ਲੋਕ ਲਿਖਦੇ ਰਹੇ।

ਢੋਲ, ਗਵਾਰ, ਸ਼ੂਦਰ ਪਸ਼ੂ ਔਰ ਨਾਰੀ। ਯੇਹ ਸਭ ਤਾੜਨ ਕੇ ਅਧਿਕਾਰੀ।

ਕੀ ਇਹ ਹੀ ਹੈ ਸਮਾਜ ਵਿੱਚ ਇਕ ਇਸਤ੍ਰੀ ਦੀ ਥਾਂ ? ਜਿਸ ਨੂੰ ਮੰਦਾ ਕਹਿਨ ਤੇ ਗੁਰੂ ਨਾਨਕ ਸਾਹਿਬ ਵੀ ਕਹਿ ਉਠਦੇ ਹਨ-

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਅੰਕ 473

ਇਨ੍ਹਾਂ ਦੇ ਲਿਖੇ ਇਸ "ਕੂੜ ਗ੍ਰੰਥ" ਤੋਂ ਹੋਰ ਉੱਮੀਦ ਵੀ ਕੀ ਕੀਤੀ ਜਾ ਸਕਦੀ ਹੈ। ਐਨਾ ਹੀ ਨਹੀਂ, ਇਕ ਦੁਰਗਾ ਦੇਵੀ (ਇਸਤ੍ਰੀ) ਦਾ ਉਪਾਸਕ, ਇਕ ਇਸਤ੍ਰੀ ਬਾਰੇ ਕੀ ਕਹਿ ਰਿਹਾ ਹੈ, ਇਕ ਨਜ਼ਰ ਇਸ ਵਲ ਵੀ ਮਾਰੋ ਜੀ।

ਸਿਵ ਘਰ ਤਜਿ ਕਾਨਨਹਿ ਸਿਧਾਯੋ ॥ ਤਊ ਤਰੁਨਿ ਕੋ ਅੰਤੁ ਨ ਪਾਯੋ ॥੧੬॥
ਭਲੀ ਕਹੀ ਤੁਹਿ ਤਾਹਿ ਬਖਾਨੀ ॥ ਤ੍ਰਿਯ ਚਰਿਤ੍ਰ ਗਤਿ ਕਿਨੂੰ ਨ ਜਾਨੀ ॥
ਤਿਹ ਕੋ ਭਵਨ ਸੁਤਾ ਕੇ ਰਾਖਾ ॥ ਭੇਦ ਨ ਮੂਲ ਨ੍ਰਿਪਤਿ ਤਨ ਭਾਖਾ ॥੨੩॥
ਤ੍ਰਿਯ ਕੋ ਚਰਿਤ ਨ ਬਿਧਨਾ ਜਾਨੈ ॥ ਮਹਾ ਰੁਦ੍ਰ ਭੀ ਕਛੁ ਨ ਪਛਾਨੈ ॥
ਇਨ ਕੀ ਬਾਤ ਏਕ ਹੀ ਪਾਈ ॥ ਜਿਨ ਇਸਤ੍ਰੀ ਜਗਦੀਸ ਬਨਾਈ ॥੧੧॥
ਅਖੌਤੀ ਦਸਮ ਗ੍ਰੰਥ, ਪੇਜ 1296
ਇਹ ਚਰਿਤ੍ਰ ਤਿਹ ਚੰਚਲਾ ਪਿਯਹਿ ਦਯੋ ਪਹੁਚਾਇ ॥ ਭੇਦ ਅਭੇਦ ਤ੍ਰਿਯਾਨ ਕੇ ਸਕਿਯੋ ਨ ਕੋਈ ਪਾਇ ॥੧੫॥
ਤਰੁਨਿਨ ਕਰ ਹਿਯਰੋ ਨਹਿ ਦੀਜੈ ॥ ਤਿਨ ਕੋ ਚੋਰਿ ਸਦਾ ਚਿਤ ਲੀਜੈ ॥
ਅਤਭੁਤ ਚਰਿਤ੍ਰ ਤ੍ਰਿਯਾਨ ਕੌ ਸਕਤ ਨ ਕੋਊ ਚੀਨ ॥੩੧॥
ਅਖੌਤੀ ਦਸਮ ਗ੍ਰੰਥ, ਪੇਜ 1027
ਇੰਦ੍ਰ ਬਿਸਨ ਬ੍ਰਹਮਾ ਸਿਵ ਹੋਈ ॥ ਤ੍ਰਿਯ ਚਰਿਤ੍ਰ ਤੇ ਬਚਤ ਨ ਕੋਈ ॥੧੧॥
ਚੰਚਲਾਨ ਕੇ ਚਰਿਤ੍ਰ ਕੋ ਸਕਤ ਨ ਕੋਊ ਪਾਇ ॥ ਚੰਦ੍ਰ ਸੂਰ ਸੁਰ ਅਸੁਰ ਸਭ ਬ੍ਰਹਮ ਬਿਸਨ ਸੁਰ ਰਾਇ ॥੪੯॥
ਅਖੌਤੀ ਦਸਮ ਗ੍ਰੰਥ ਪੇਜ 848

ਸਾਰੀ ਕਿਤਾਬ ਹੀ ਇਸਤ੍ਰੀ ਬਾਰੇ ਇਹੋ ਜਹੇ ਵੀਚਾਰ ਰਖਦੀ ਹੈ। ਇਹ ਹੀ ਨਹੀਂ ਉਹ "ਪੁਰਸ਼ ਪ੍ਰਧਾਨ" ਸਮਾਜ ਨੂੰ ਇਹ ਹਿਦਾਇਤ ਵੀ ਦੇ ਰਹੀ ਹੈ ਕਿ ਇਨ੍ਹਾਂ ਇਸਤ੍ਰੀਆਂ ਤੇ ਕਦੀ ਵੀ ਵਿਸ਼ਵਾਸ ਨਾ ਕਰਨਾ। ਇਨ੍ਹਾਂ ਦੇ ਚਰਿਤ੍ਰ ਤੋਂ ਹਮੇਸ਼ਾਂ ਡਰ ਕੇ ਰਹਿਣਾ।

ਤ੍ਰਿਯ ਕੋ ਕਛੁ ਬਿਸ੍ਵਾਸ ਨ ਕਰਿਯੈ ॥ ਤ੍ਰਿਯ ਚਰਿਤ੍ਰ ਤੇ ਜਿਯ ਅਤਿ ਡਰਿਯੈ ॥੨੦॥ ਅਖੌਤੀ ਦਸਮ ਗ੍ਰੰਥ ਪੇਜ 1170

ਇਕ ਪਾਸੇ ਅਸੀਂ ਇਸਤ੍ਰੀ ਨੂੰ ਹਰ ਸਮਾਜ, ਹਰ ਧਰਮ ਵਿੱਚ ਪੁਰਸ਼ ਦੇ ਬਰਾਬਰ ਦਾ ਦਰਜਾ ਦੇ ਰਹੇ ਹਾਂ। ਦੂਜੇ ਪਾਸੇ ਇਹ "ਕੂੜ ਕਿਤਾਬ" ਇਸਤ੍ਰੀ ਨੂੰ ਨੀਵੇਂ ਤੋ ਨੀਵਾਂ ਦਰਜਾ ਦੇ ਰਹੀ ਹੈ, ਜੋ ਬਰਦਾਸ਼ਤ ਨਹੀਂ ਹੁੰਦਾ। ਹਲੀ ਤੇ ਅਸੀਂ ਇਸ ਕੂੜ ਕਿਤਾਬ ਦੇ "ਚਰਿਤ੍ਰਯੋ ਪਾਖਿਯਾਨ" ਨਾਮ ਦੇ ਗੰਦ ਅਤੇ ਨੰਗੇਜ਼ ਦਾ ਜ਼ਿਕਰ ਨਹੀਂ ਕੀਤਾ ਹੈ, ਜਿਸ ਦੇ 579 ਪੰਨੇ ਇਸ "ਮਿਥਿਹਾਸਕ ਪੋਥੀ" ਨੂੰ ਇਕ ਗ੍ਰੰਥ ਦਾ ਰੂਪ ਦੇਂਦੇ ਨੇ। ਦਸਮ ਗ੍ਰੰਥੀ ਇਸ "ਕਾਮ ਕਵਿਤਾ" ਨੂੰ ਗੁਰੂ ਕ੍ਰਿਤ ਕਹਿ ਕੇ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਦਨਾਮ ਕਰ ਰਹੇ ਨੇ। ਇਸ "ਕਾਮ ਕਵਿਤਾ" ਦੇ 405 "ਤ੍ਰਿਯਾ ਤਰਿਤ੍ਰਾਂ" ਵਿਚ, ਇਕ ਔਰਤ ਨੂੰ ਕਿਸੇ ਕੋਠੇ ਦੀ ਵੇਸਵਾ ਦੇ ਰੂਪ ਵਿੱਚ ਪੇਸ਼ ਕੀਤਾ ਗਇਆ ਹੈ। ਇਸ ਬਾਰੇ ਇਸ ਲੇਖ ਲੜੀ ਦੇ ਕਿਸੇ ਅਗਲੇ ਭਾਗ ਵਿੱਚ ਚਰਚਾ ਕਰਾਂਗੇ। ਮੈਂ ਅਪਣੀਆ ਮਾਵਾਂ, ਭੈਣਾਂ ਅਤੇ ਧੀਆਂ ਕੋਲੋਂ ਇਸ ਕਿਤਾਬ ਦਾ ਪੁਰਜੋਰ ਵਿਰੋਧ ਕਰਨ ਦੀ ਅਪੀਲ ਕਰਦਾ ਹਾਂ, ਅਤੇ ਇਹ ਬੇਨਤੀ ਕਰਦਾ ਹਾਂ ਕਿ ਇਕ "ਔਰਤ" ਦਾ ਦਰਜਾ ਸਿੱਖੀ ਵਿੱਚ ਬਹੁਤ ਉੱਚਾ ਹੈ। ਗੁਰੂ ਸਾਹਿਬ ਨੇ ਤੇ ਉਸ ਨੂੰ "ਕੌਰ" (ਇਕ ਰਾਜ ਕੁਮਾਰੀ) ਦਾ ਦਰਜਾ ਦੇ ਕੇ ਨਿਵਾਜਿਆ ਹੈ। ਇਸ ਕੂੜ ਕਿਤਾਬ ਅਗੇ ਮੱਥਾ ਟੇਕ ਕੇ, ਉਸ ਗੁਰੂ ਦਾ ਅਪਮਾਨ ਨਾ ਕਰੋ। ਜੇ ਮੇਰੀਆਂ ਧੀਆ, ਭੈਣਾਂ ਨੇ ਵਕਤ ਰਹਿੰਦਿਆਂ ਇਸ "ਕਾਲੀ ਕਿਤਾਬ" ਦਾ ਕੋਈ ਵਿਰੋਧ ਨਾ ਕੀਤਾ, ਤੇ ਉਹ ਦਿਨ ਦੂਰ ਨਹੀਂ ਜਦੋਂ ਅਨਮਤ ਦੇ ਧਰਮਾਂ ਵਾਂਗ ਸਿੱਖੀ ਵਿੱਚ ਵੀ ਇਸਤ੍ਰੀ ਨੂੰ "ਪੈਰਾਂ ਦੀ ਜੁੱਤੀ" ਹੀ ਸਮਝਿਆ ਜਾਣ ਲਗੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top