Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - (ਭਾਗ ਸਤਵਾਂ)
-
ਇੰਦਰਜੀਤ ਸਿੰਘ ਕਾਨਪੁਰ

(ਸ੍ਰੀ ਭਗਉਤੀ ਜੀ ਸਹਾਇ ॥ ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ਲਿਖਯਤੇ ॥)

"ਬਚਿਤ੍ਰ ਨਾਟਕ" (ਅਜੀਬੋ ਗਰੀਬ ਸਵਾਂਗ), ਤੋਂ ਬਾਅਦ ਇਹ ਚੰਡੀ ਚਰਿਤ੍ਰ ਵਾਲੀ "ਦੁਰਗਾ" ਦੇਵੀ ਦੀ ਉਸਤਿ ਇਸ ਕੂੜ ਗ੍ਰੰਥ ਦੇ ਪੰਨਾ ਨੰ 74 ਤੋਂ ਸ਼ੁਰੂ ਹੂਦੀ ਹੈ ਤੇ ਪੰਨਾ ਨੰ119 ਤੇ ਖਤਮ ਹੁੰਦੀ ਹੈ। ਇਸ "ਕਾਲੀ ਦੀ ਕਿਤਾਬ" ਦੇ 45 ਪੰਨੇ ਇਸ "ਕੂੜ ਕਬਾੜ" ਨਾਲ ਹੋਰ ਭਰੇ ਜਾਂਦੇ ਨੇ। ਇਹੋ ਜਹਿਆ ਕੂੜਾ ਹੀ ਇਸ ਕਿਤਾਬ ਵਿੱਚ ਇਕੱਠਾ ਕੀਤਾ ਹੋਇਆ ਹੈ, ਜੋ ਸਿੱਖਾਂ ਦੇ ਕਿਸੇ ਕੰਮ ਦਾ ਨਹੀਂ ਹੈ। ਜੇ ਕੋਈ ਵੀਰ ਇਹ ਸਮਝਦਾ ਹੋਵੇ ਕਿ ਇਹ ਰਚਨਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆ ਅਤੇ ਸਿਧਾਂਤਾਂ ਦੇ ਅਨੁਸਾਰ ਤੇ ਉਹ, ਇਹ ਜ਼ਰੂਰ ਦਸੇ ਕਿ ਇਹ "ਦੁਰਗਾ ਉਸਤਤਿ" ਸਿੱਖਾਂ ਨੂੰ ਕੀ ਸਿਖਿਆ ਦੇਂਦੀ ਹੈ? ਅਤੇ ਸਿੱਖਾਂ ਨੂੰ ਕਿਸ ਸਿਧਾਂਤ ਨਾਲ ਜੋੜਦੀ ਹੈ? "ਅਥ ਚੰਡੀ ਚਰਿਤ੍ਰ ਉਕਤਿ ਬਿਲਾਸ", ਸਿਰਲੇਖ ਹੇਠ "ਦੁਰਗਾ" ਦੇਵੀ ਦੀ ਉਸਤਤਿ ਹੈ, ਅਤੇ ਉਸ ਦੇ ਕੁਝ ਯੁਧਾਂ ਦਾ ਵਰਨਣ ਹੈ। ਇਸ ਦੁਰਗਾ ਉਸਤਤਿ ਬਾਰੇ ਗਲ ਸ਼ੁਰੂ ਕਰਨ ਤੋਂ ਪਹਿਲਾਂ, ਬਹੁਤ ਹੈਰਾਨਗੀ ਅਤੇ ਦੁਖ ਨਾਲ ਆਪ ਜੀ ਨਾਲ ਇਹ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ, ਕਿ ਇਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਿਤ ਰਚਨਾਂ ਸਾਬਿਤ ਕਰਨ ਲਈ, ਇਸ ਗ੍ਰੰਥ ਦੀਆਂ ਹੋਰ ਕਈ ਰਚਨਾਵਾਂ ਵਾਂਗ, ਇਸ ਉਪਰ ਵੀ "ਪਾਤਸ਼ਾਹੀ 10" ਵੀ ਲਿੱਖ ਦਿਤਾ ਗਇਆ ਹੈ।

ਮਨ ਤੇ ਕਰਦਾ ਹੈ, ਕਿ ਇਹੋ ਜਹੇ "ਕੂੜ ਕਬਾੜ" ਨੂੰ ਆਪ ਜੀ ਨਾਲ ਸਾਂਝਾਂ ਕਰਕੇ ਆਪ ਜੀ ਦਾ ਸਮਾਂ ਖਰਾਬ ਨਾਂ ਕਰਾਂ, ਲੇਕਿਨ ਜਿਸ ਦੁਰਗਾ ਦੀ ਉਸਤਤਿ ਨੂੰ ਸਾਡੇ ਗੁਰਦੁਆਰਿਆਂ ਦੀਆ ਆਰਤੀਆਂ ਵਿੱਚ ਪੜ੍ਹਿਆ ਜਾ ਰਿਹਾ ਹੈ। "ਯਾਤੇ ਪ੍ਰਸੰਨ ਭਏ........ਸੰਖਨ ਕੀ ਧੁਨਿ", ਜਿਸ ਦਾ ਜਿਕਰ ਅਸੀਂ ਇਸ ਲੇਖ ਲੜੀ ਵਿੱਚ ਪਹਿਲਾਂ ਹੀ ਕਰ ਚੁਕੇ ਹਾਂ। "ਦੇਹਿ ਸ਼ਿਵਾ ਬਰ ਮੋਹਿ ਇਹੈ........" ਵਰਗੀ "ਦੇਵੀ ਉਸਤਤਿ" ਵਾਲੀ ਕੱਚੀ ਬਾਣੀ, ਸਿੱਖਾਂ ਨੂੰ ਘੋਲ ਘੋਲ ਕੇ ਪਿਆ ਦਿਤੀ ਗਈ ਹੈ। ਇਹ ਕੱਚੀ ਬਾਣੀ ਇਸੇ "ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ਲਿਖਯਤੇ" ਸਿਰਲੇਖ ਹੇਠ ਮਿਲਦੀ ਹੈ, ਜੋ ਸਿੱਖਾਂ ਨੂੰ "ਦੇਵੀ" ਜੀ ਉਸਤਤਿ ਕਰਵਾ ਕੇ ਉਸ ਨੂੰ "ਇਕ ਨਿਰੰਕਾਰ" ਤੋਂ ਤੋੜ ਕੇ "ਦੇਵੀ ਪੂਜਕ" ਬਣਾ ਚੁਕੀ ਹੈ। ਜੇ ਇਨਾਂ ਬਾਰੇ ਚਰਚਾ ਨਾ ਕਰੀਏ ਤੇ ਇਸ ਲੇਖ ਲੜੀ ਦਾ ਮਕਸਦ ਹੀ ਅਧੂਰਾ ਰਹਿ ਜਾਵੇਗਾ। ਇਸ ਰਚਨਾਂ ਦੀ ਅਸੀਂ ਬਹੁਤ ਵਿਸਥਾਰ ਨਾਲ ਚਰਚਾ ਕਰਨ ਦੀ ਬਜਾਇ, ਇਸ ਦੇ ਮੁੱਖ ਮੁੱਖ ਹਿੱਸਿਆਂ ਤੇ ਹੀ ਨਜਰ ਮਾਰਾਂਗੇ ਕੇ ਸਿੱਖੀ ਵਿੱਚ ਇਸ ਦਾ ਕੋਈ ਮਹਤੱਵ ਵੀ ਹੈ ਕਿ ਨਹੀਂ। ਗੁਰੂ ਕ੍ਰਿਤ ਦਰਸਾਈ ਗਈ ਇਹ ਕਵਿਤਾ, ਕੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ "ਚੰਡੀ" ਦੇਵੀ ਦਾ ਉਪਾਸਕ ਸਾਬਿਤ ਕਰਕੇ ਉਨਾਂ ਨੂੰ ਬਦਨਾਮ ਨਹੀਂ ਕਰ ਰਹੀ?

ਇਸ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਸ਼ੁਰੂ ਹੂੰਦੀ ਹੈ।

ਮੁਖ ਭਾਗ 4
ਚੰਡੀ ਚਰਿਤ੍ਰ (ੳਕਤਿ ਬਿਲਾਸ)
ੴ ਵਾਹਿਗੁਰੂ ਜੀ ਕੀ ਫਤਹਿ ॥
ਸ੍ਰੀ ਭਗਉਤੀ ਜੀ ਸਹਾਇ ॥
ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ਲਿਖਯਤੇ ॥ ਪਾਤਸਾਹੀ ੧੦
ਸ੍ਵੈਯਾ॥ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥ ਕੈ "ਸਿਵ ਸਕਤ" ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥
ਦਿਉਸ ਨਿਸਾ ਸਸਿ ਸੂਰ ਕੈ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥ ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥
ਦੋਹਰਾ ॥ ਕ੍ਰਿਪਾ ਸਿੰਧ ਤੁਮਰੀ ਕ੍ਰਿਪਾ ਜੋ ਕਛੁ ਮੋ ਪਰਿ ਹੋਇ ॥ ਰਚੋ ਚੰਡਿਕਾ ਕੀ ਕਥਾ ਬਾਣੀ ਸੁਭ ਸਭ ਹੋਇ ॥੨॥
ਜੋਤ ਜਗਮਗੈ ਜਗਤਿ ਮੈ ਚੰਡ ਚਮੁੰਡ ਪ੍ਰਚੰਡ ॥ ਭੁਜ ਦੰਡਨ ਦੰਡਨਿ ਅਸੁਰ ਮੰਡਨ ਭੁਇ ਨਵ ਖੰਡ ॥੩॥

ਸ੍ਵੈਯਾ ॥
ਤਾਰਨ ਲੋਕ ਉਧਾਰਨ ਭੂਮਹਿ ਦੈਤ ਸੰਘਾਰਨ ਚੰਡਿ ਤੁਹੀ ਹੈ ॥ ਕਾਰਨ ਈਸ ਕਲਾ, ਕਮਲਾ ਹਰਿ ਅਦ੍ਰਸੁਤਾ ਜਹ ਦੇਖੇ ਉਹੀ ਹੈ ॥ ਪੇਜ 73 ਅਖੌਤੀ ਦਸਮ ਗ੍ਰੰਥ

ਵੀਰੋ, ਅਰਥ ਵੀ ਸਮਝ ਲਇਏ। ਇਸ ਕਿਤਾਬ ਦੇ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਇਹ ਸਭ ਲਿਖ ਰਹੇ ਨੇ ਕਿ

ਚੰਡੀ (ਦੁਰਗਾ) ਦੇ ਚਰਿਤ੍ਰ॥
ੴ ਵਾਹਿਗੁਰੂ ਜੀ ਕੀ ਫਤਹਿ ॥
ਦੁਰਗਾ ਦੇਵੀ ਮੇਰੀ ਸਹਾਇਤਾ ਕਰੇ ॥
ਹੁਣ ਮੈਂ "ਚੰਡੀ" ਦੀਆਂ ਅਪਾਰ ਵਡਿਆਈਆਂ ਲਿਖਦਾ ਹਾਂ॥ ਪਾਤਸ਼ਾਹੀ 10॥ ਸਵੈਯਾ॥

ਆਦਿ (ਇਸ ਦੁਨੀਆਂ ਵਿੱਚ ਸਭ ਤੋਂ ਪਹਿਲਾਂ ਪ੍ਰਕਟ ਹੋਣ ਵਾਲਾ), ਅਪਾਰ, ਲਿਖ ਕੇ ਵਰਨਣ ਨਾਂ ਕੀਤਾ ਜਾਣ ਵਾਲਾ, ਜਿਸ ਦਾ ਕੋਈ ਅੰਤ ਨਹੀਂ ਹੈ, ਬੰਧਨ ਮੁਕਤ ਹੈ, ਮੌਤ ਤੋਂ ਮੁਕਤ ਹੈ, ਨਾ ਦਿਸਣ ਵਾਲਾ, ਅਤੇ ਨਾਸ ਨਾ ਹੋਣ ਵਾਲਾ ਹੈ। ਉਸ ਨੇ "ਸ਼ਿਵ ਦੀ ਸ਼ਕਤੀ" (ਸਿਵ ਸਕਤ), ਦੇਵੀ ਸ਼ਿਵਾ, ਪਾਰਵਤੀ ਨੂੰ ਚਾਰ ਵੇਦ ਅਤੇ ਤਿਨ ਗੁਣ ਰਾਜਸ, ਤਾਮਸ ਅਤੇ ਸਾਤਵ ਦਿਤੇ, ਜਿਨ੍ਹਾਂ ਨੂੰ ਉਸਨੇ ਤਿਨਾਂ ਲੋਕਾਂ ਵਿੱਚ ਫੈਲਾਇਆ। ਉਸਨੇ ਦਿਨ ਅਤੇ ਰਾਤ ਬਣਾਏ, ਅਤੇ ਉਸ ਰਾਤ ਨੂੰ ਚੰਦ੍ਰਮਾਂ ਅਤੇ ਸੂਰਜ ਨਾਲ ਪ੍ਰਕਾਸ਼ ਮਾਨ ਕਰਕੇ ਇਸ ਸ੍ਰਿਸ਼ਟੀ ਦੀ ਰਚਨਾਂ ਕੀਤੀ। ਦਾਨਵਾਂ ਅਤੇ ਦੇਵਤਿਆਂ ਵਿੱਚ ਵੈਰ ਪੈਦਾ ਕਰ ਕੇ, ਉਨ੍ਹਾਂ ਨੂੰ ਆਪਸ ਵਿੱਚ ਲੜਾ ਦਿਤਾ, ਅਤੇ ਆਪ ਬੈਠ ਕੇ ਇਹ ਸਾਰਾ ਤਮਾਸ਼ਾ ਵੇਖਣ ਲਗਾ॥ ਦੋਹਰਾ॥ ਹੇ ਦਇਆ ਦੇ ਸਾਗਰ ਜੇ ਤੇਰੀ ਥੋੜੀ ਜਹੀ ਕਿਰਪਾ ਮੇਰੇ ਤੇ ਹੋ ਜਾਵੇ ਤੇ ਮੈਂ ਚੰਡਿਕਾ (ਦੁਰਗਾ) ਦੀ ਕਥਾ ਦੀ ਰਚਨਾਂ ਠਿਕ ਠਾਕ ਕਰ ਸਕਾਂ॥ ਹੇ ਚੰਡ ਚਮੂੰਡਾ (ਦੇਵੀ) ਤੇਰੀ ਜੋਤ ਸਾਰੀ ਦੁਨੀਆਂ ਵਿੱਚ ਰੋਸ਼ਨ ਹੋਵੇ। ਨਵਾਂ ਖੰਡਾਂ ਤੇ ਬ੍ਰਹਮੰਡਾਂ ਦੀ ਸਭ ਤੋ ਵਡੀ ਸ਼ਕਤੀ ਅਸੁਰਾਂ ਨੂੰ ਦੰਡ ਦੇਨ ਵਾਲੀ॥ ਸਵੈਯਾ॥ ਲੋਕਾਂ ਨੂੰ ਤਾਰਨ ਵਾਲੀ ਅਤੇ ਦੈਤਾਂ ਨੂੰ ਮਾਰਨ ਵਾਲੀ "ਚੰਡੀ" ਤੂੰ ਹੀ ਹੈ॥ ਹੈ "ਸ਼ਿਵ ਦੀ ਸ਼ਕਤੀ" (ਈਸ ਕਲਾ), "ਵਿਸ਼ਨੂੰ ਦੀ ਲਕਸ਼ਮੀ" (ਕਮਲਾ), ਹਿਮਾਵਨ ਦੀ ਪੁਤਰੀ, ਪਾਰਵਤੀ (ਅਦ੍ਰਸੁਤਾ) ਇਹ ਸਾਰੇ ਤੇਰੇ ਹੀ ਰੂਪ ਹਨ॥

ਵੀਰੋ ਇਸ ਤਰ੍ਹਾਂ, ਇਹ ਕਿਤਾਬ ਕਹਿੰਦੀ ਹੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ,ਚੰਡੀ (ਦੁਰਗਾ) ਦੇਵੀ ਦੀ ਵਡਿਆਈ ਵਿੱਚ ਲਗ ਜਾਂਦੇ ਨੇ -ਸਾਰੇ "ਚੰਡੀ ਚਰਿਤ੍ਰ " ਵਿੱਚ ਉਹ ਕਿਤੇ ਇਸ ਦੇ ਯੁਧਾਂ ਦਾ ਜਿਕਰ ਕਰਦੇ ਨੇ, ਤੇ ਨਾਲ ਹੀ ਨਾਲ ਉਸ ਦੀ ਉਸਤਤਿ ਵੀ ਕਰੀ ਜਾਂਦੇ ਨੇ। ਸਾਰਾ "ਚੰਡੀ ਚਰਿਤ੍ਰ" ਲਿਖਨਾਂ ਸਮੇਂ ਦੀ ਬਰਬਾਦੀ ਹੈ। ਅਸੀਂ ਜ਼ਰੂਰੀ ਜ਼ਰੂਰੀ ਨੁਕਤਿਆਂ 'ਤੇ ਵਿਚਾਰ ਕਰਦੇ ਚਲਦੇ ਹਾਂ। ਇਹ ਸ਼ੁਰੂਆਤੀ ਲਾਇਨਾਂ ਪੜ੍ਹ ਕੇ ਕੁੱਝ ਸਵਾਲ ਖੜੇ ਹੁੰਦੇ ਨੇ। ਸਾਡੇ ਆਗੂਆਂ, ਵਿਦਵਾਨਾਂ ਅਤੇ ਕਥਾਕਾਰਾਂ ਕੋਲ ਇਨਾਂ ਦਾ ਕੋਈ ਜਵਾਬ ਹੈ? ਜੋ ਇਸ ਨੂੰ "ਦਸਮ ਬਾਣੀ" ਕਹਿ ਕੇ ਸ਼ਬਦ ਗੁਰੂ ਅਤੇ ਉਨਾਂ ਵਿੱਚ ਦਰਜ ਸਿਧਾਂਤਾਂ ਦਾ ਮਖੌਲ ਉਡਾ ਰਹੇ ਨੇ।

ਗੁਰੂ ਗ੍ਰੰਥ ਸਾਹਿਬ ਜੀ ਤੇ ਸਾਨੂੰ ਇਹ ਸਿਖਿਆ ਦੇ ਰਹੇ ਨੇ ਕਿ

ਮਾਇਆ ਮੋਹੇ ਦੇਵੀ ਸਭਿ ਦੇਵਾ ॥ ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ ॥ ਅੰਕ 227

ਭਰਮੇ ਸੁਰਿ ਨਰ ਦੇਵੀ ਦੇਵਾ ॥ ਭਰਮੇ ਸਿਧ ਸਾਧਿਕ ਬ੍ਰਹਮੇਵਾ ॥
ਭਰਮਿ ਭਰਮਿ ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ ਇਹ ਮਾਏ ॥
ਅੰਕ 258

ਗੁਰਮੁਖਿ ਭ੍ਰਮ ਭੈ ਮੋਹ ਮਿਟਾਇਆ ॥ ਨਾਨਕ ਤੇਹ ਪਰਮ ਸੁਖ ਪਾਇਆ ॥੪੦॥
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥
ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥
ਅੰਕ 332

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥੬॥
ਗੁਰ ਬਿਨੁ ਅਲਖੁ ਨ ਲਖੀਐ ਭਾਈ ਜਗੁ ਬੂਡੈ ਪਤਿ ਖੋਇ ॥ ਮੇਰੇ ਠਾਕੁਰ ਹਾਥਿ ਵਡਾਈਆ ਭਾਈ ਜੈ ਭਾਵੈ ਤੈ ਦੇਇ ॥੭॥
ਅੰਕ 637

ਇਸ ਕਾਲੀ ਕਿਤਾਬ ਨੂੰ ਲਿਖਣ ਵਾਲਾ ਕੀ ਇਹ ਭੁਲ ਗਇਆ ਕਿ ਗੁਰੂ ਗ੍ਰੰਥ ਸਾਹਿਬ ਨੂੰ "ਗੁਰੂ" ਮਨਣ ਦਾ ਹੁਕਮ ਦਸਮ ਪਿਤਾ ਨੇ ਹੀ ਅਪਣੇ ਸਿੱਖ ਨੂੰ ਦਿਤਾ ਸੀ। ਹਰ ਇਕ ਦੇਵੀ ਉਸਤਤਿ ਅਤੇ ਕੂੜ ਕਬਾੜ ਰਚਨਾ ਦੇ ਉਤੇ "ਪਾਤਸਾਹੀ 10" ਲਿਖ ਦੇਣ ਨਾਲ ਉਹ ਗੁਰੂ ਕ੍ਰਿਤ ਨਹੀਂ ਹੋ ਜਾਂਦੀ। ਇਹ ਦੁਰਗਾ ਦਾ ਉਪਾਸਕ ਕਵੀ, ਕੀ ਇਹ ਭੁਲ ਗਇਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੌ ਗੁਰੂ ਸਰੂਪਾਂ ਦੀ ਹੀ ਇਕ ਜੋਤ ਸਨ । ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਤੋਂ ਅਨਜਾਣ ਸਨ? ਜੋ "ਚੰਡੀ ਦੀ ਉਸਤਤਿ" ਕਰਨ ਲਗ ਪਏ? ਸ਼ਰਮ ਤੇ ਉਨਾਂ ਬੇਮੁਖਾਂ ਨੂੰ ਆਉਣੀ ਚਾਹੀਦੀ ਹੈ, ਜੋ ਇਸ "ਦੇਵੀ ਜੂ ਕੀ ਉਸਤਤਿ" ਨੂੰ "ਗੁਰੂ ਕ੍ਰਿਤ" ਕਹਿ ਕੇ ਅਪਣੇ ਗੁਰੂ ਨੂੰ "ਦੇਵੀ ਪੂਜਕ" ਸਾਬਿਤ ਕਰ ਰਹੇ ਨੇ। ਸਿੱਖੋ ਹੋਸ਼ ਵਿਚ ਆਉ! ਇਸ ਕਿਤਾਬ ਨੂੰ ਗੁਰੂ ਕ੍ਰਿਤ ਕਹਿਨ ਵਾਲਿਆਂ ਨੂੰ ਪੰਥ ਤੋਂ ਬਾਹਰ ਕੱਢ ਕੇ ਉਨਾਂ ਨੂੰ ਵਾਜਿਬ ਸਜਾ ਦਿਉ, ਜੋ ਪੂਰੀ ਕੌਮ ਨੂੰ ਹੀ "ਦੇਵੀ ਪੂਜਕ" ਬਣਾਂ ਰਹੇ ਨੇ। ਛੇਕੇ ਉਹ ਜਾ ਰਹੇ ਨੇ ਜੋ ਸ਼ਬਦ ਗੁਰੂ ਦੇ ਸਿੱਖ ਨੇ, ਸਤਕਾਰੇ ਉਹ ਜਾ ਰਹੇ ਨੇ ਜੋ ਪੰਥ ਦੋਖੀ ਨੇ।

ਚੰਡੀ ਦੀ ਉਸਤਤਿ ਕਰਨਾਂ ਕੀ ਸਿੱਖ ਸਿਧਾਤਾਂ ਦਾ ਕੋਈ ਹਿੱਸਾ ਹੈ? ਇਸ ਨਾਲ ਸਿੱਖ ਨੂੰ ਕੀ ਸਿਖਿਆ ਮਿਲ ਰਹੀ ਹੈ? ਇਹ ਦੇਵੀ ਪੂਜਾ ਜੋ ਸਿੱਖ ਸਿਧਾਂਤਾਂ ਦਾ ਘਾਣ ਕਰਦੀ ਹੈ, ਉਹ ਸਾਡੀਆਂ ਧਾਰਮਿਕ ਰੀਤੀਆਂ ਵਿੱਚ ਕਿਸ ਲਈ ਸ਼ਾਮਿਲ ਹੈ? ਕਲਪਣ ਨਾਲ ਹੁਣ ਕੁੱਝ ਨਹੀਂ ਜੇ ਹੋਣਾ, ਬਹੁਤ ਦੇਰ ਹੋ ਗਈ ਹੈ। ਇਹ ਕਿਤਾਬ ਸਾਡੇ "ਅਧਿਆਤਮਕ ਸਰਮਾਏ" ਨੂੰ ਖੋਖਲਾ ਕਰ ਚੁਕੀ ਹੈ। ਇਸ ਦੇ ਸ੍ਰੋਤ ਛੁਪਾ ਛੁਪਾ ਕੇ ਇਸ ਵਿਚਲੇ ਕੁਝ (ਅਪ) ਸ਼ਬਦ ਇੰਨੇ ਪ੍ਰਚਲਿਤ ਕਰ ਦਿਤੇ ਗਏ ਨੇ, ਕਿ ਸਿੱਖਾਂ ਨੇ ਉਨਾਂ ਨੂੰ "ਗੁਰੂ ਦੀ ਬਾਣੀ" ਹੀ ਸਮਝ ਲਿਆ ਹੈ। ਆਉ, ਸਭ ਤੋਂ ਪਹਿਲਾਂ ਅਸੀ ਇਸ ਰਚਨਾਂ ਦੇ ਉਸ ਮਸ਼ਹੂਰ (ਅਪ)ਸ਼ਬਦ ਦਾ ਜਿਕਰ ਕਰਦੇ ਹਾਂ, ਜੋ ਜਾਨੇ ਅਣਜਾਨੇ ਸਾਡਾ ਰਾਸ਼ਟਰੀ ਗੀਤ ਵੀ ਬਣ ਚੁਕਾ ਹੈ। "ਸੁੰਦਰ ਗੁਟਕੇ" ਨੂੰ ਪੜ੍ਹ ਕੇ ਬਣੇ ਰਾਗੀ ਵੀ ਇਸ ਸ਼ਬਦ ਨੂੰ ਅਕਸਰ ਗਾਉਂਦੇ ਤੇ ਲੋਕਾਂ ਨੂੰ ਕੱਨ ਰਸ ਪਾ ਕੇ ਉਨ੍ਹਾਂ ਨੂੰ ਠੱਗਦੇ ਨਜ਼ਰ ਆਉਂਦੇ ਨੇ। ਕਿਸੇ ਨੂੰ ਇਹ ਪਤਾ ਨਹੀਂ ਕਿ ਉਹ "ਸਿੱਵ ਦੀ ਪਤਨੀ ਪਾਰਵਤੀ" ਕੋਲੋ ਹੀ ਵਰ ਮੰਗੀ ਜਾ ਰਹੇ ਨੇ। "ਅਕਾਲ ਪੁਰਖ" ਸਾਨੂੰ ਭੁਲ ਗਇਆ ਤੇ "ਸ਼ਿਵਾ" ਯਾਦ ਰਹਿ ਗਈ । ਸ਼ਬਦ ਗੁਰੂ ਦੀ "ਅੰਮ੍ਰਿਤ ਬਾਣੀ" ਸਾਨੂੰ ਭੁਲ ਗਈ, ਤੇ ਇਸ "ਕਾਲੀ ਦੀ ਕਿਤਾਬ" ਦੀ 'ਕੱਚੀ ਬਾਣੀ" ਸਾਨੂੰ ਯਾਦ ਰਹਿ ਗਈ । ਇਹੋ ਹੀ ਤੇ ਕਾਰਣ ਹੈ ਸਾਡੇ "ਅਧਿਆਤਮਿਕ ਪਤਨ" ਦਾ ।

ਸ੍ਵੈਯਾ ॥
ਦੇਹ "ਸਿਵਾ" ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥੨੩੧॥
ਪੇਜ 99 ਅਖੌਤੀ ਦਸਮ ਗ੍ਰੰਥ

ਚੰਡਿ ਚਰਿਤ੍ਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦ੍ਰਮਈ ਹੈ ॥
ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ ਲਉ ਉਪਮਾ ਸੁ ਨਈ ਹੈ ॥
ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ ॥
ਜਾਹਿ ਨਮਿਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ ॥੨੩੨॥
ਪੇਜ 99 ਅਖੌਤੀ ਦਸਮ ਗ੍ਰੰਥ

ਖਾਲਸਾ ਜੀ, ਅਸੀਂ ਲੁਟੇ ਜਾ ਚੁਕੇ ਹਾਂ। ਕੁੱਝ ਦੁਸਮਨ ਨੇ ਲੁਟ ਲਿਆ, ਤੇ ਕੁਝ ਆਪਣਿਆਂ ਨੇ। ਸਾਡੇ ਅਕਾਲ ਤਖਤ ਦਾ ਹੈਡ ਗ੍ਰੰਥੀ ਹੱਲੀ ਵੀ ਕਹੀ ਜਾ ਰਿਹਾ ਹੈ "ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ"। "ਇਹ ਕੋਈ ਕਿਤਾਬ ਨਹੀਂ ਇਹ ਗੁਰੂ ਕ੍ਰਿਤ ਇਕ ਲਾਜਵਾਬ ਮੁਜਸੱਮਾਂ ਹੈ।" ਸ਼ਰਮ ਕਰੋ ਕੌਮ ਦੇ ਅਖੌਤੀ ਜੱਥੇਦਾਰੋ! ਕੌਮ ਨੂੰ ਉਂਜ ਹੀ ਇਕ ਥਾਂ ਤੇ ਇਕੱਠਾ ਕਰ ਕੇ ਕੋਈ ਬੰਬ ਜਾ ਮਿਸਾਇਲ ਮਾਰ ਕੇ ਮੁਕਾ ਦਿਉ। ਉਸ ਨੂੰ ਮਾਨਸਿਕ ਅਤੇ ਅਧਿਆਤਮਕ ਪੱਖੌ ਅੰਨ੍ਹਾ ਕਿਉ ਬਣਾਂ ਰਹੇ ਹੋ?

ਸਿੱਖੀ ਵਿਚ ਵੱੜ ਚੁਕੇ ਇਨਾਂ ਕੇਸਾਧਾਰੀ ਬ੍ਰਾਹਮਣਾਂ, ਮੀਣਿਆਂ, ਮਸੰਦਾ, ਮਹੰਤਾਂ ਅਤੇ ਅਖੌਤੀ ਆਗੂਆਂ ਦੀ ਚਾਲਾਕੀ ਵੇਖੋ। ਇਸ ਸ਼ਬਦ ਦੀ 231 ਵੀ ਪੌੜੀ ਤੇ ਇਹ ਪੜ੍ਹਦੇ ਅਤੇ ਪੜ੍ਹਾਂਦੇ ਨੇ। ਇਸ ਤੋਂ ਅਗਲੀ 332 ਵੀ ਪੌੜੀ ਨੂੰ ਇਹ "ਮਹਾਕਾਲ" ਵਾਂਗੂ ਚਬਾ ਚਬਾ ਕੇ ਖਾ ਜਾਂਦੇ ਨੇ, ਕਿਉਂਕਿ ਇਨ੍ਹਾਂ ਦਾ ਢਿੱਡ ਅਤੇ ਦਾੜ੍ਹਾ ਵੀ ਇਨਾਂ ਦੇ ਇਸ਼ਟ "ਮਹਾਕਾਲ" ਵਾਂਗ ਬਹੁਤ ਵਡੀਆਂ ਨੇ। ਮੇਰਾ ਅਕਾਲ ਤਖਤ ਦੇ ਹੈਡ ਗ੍ਰੰਥੀ ਨੂੰ ਇਹ ਕਹਨਾਂ ਹੈ ਕਿ ਜੇ ਇਸ (ਅਪ) ਸ਼ਬਦ ਦੀ 231 ਵੀ ਪੌੜੀ ਦਾ ਕੀਰਤਨ ਦਰਬਾਰ ਸਾਹਿਬ ਤੋਂ ਪੜ੍ਹਵਾਂਦੇ ਹੋ, ਤੇ ਨਾਲ ਹੀ 232 ਵੀ ਪੌੜੀ ਵੀ ਪੜ੍ਹਾਇਆ ਕਰੋ। ਤੁਹਾਡੇ ਅਨੁਸਾਰ ਤੇ ਇਹ ਸਾਰੀ ਬਾਣੀ ਗੁਰੂ ਕ੍ਰਿਤ ਹੀ ਤਾਂ ਹੈ। ਘਟੋ ਘੱਟ ਸਿੱਖਾਂ ਨੂੰ ਇਹ ਤਾਂ ਪਤਾ ਲਗ ਸਕੇ, ਕਿ ਇਹ "ਸ਼ਿਵਾ" ਤੁਹਾਡਾ "ਅਕਾਲ ਪੁਰਖ" ਨਹੀਂ,ਇਹ ਤਾਂ ਸ਼ੰਕਰ ਦੇਵਤੇ ਦੀ ਪਤਨੀ "ਸ਼ਿਵਾ" ਹੈ. ਜਿਸ ਕੋਲੋ ਸਾਰੀ ਕੌਮ ਮੂਰਖ ਬਣ ਕੇ ਤਰਲੇ ਕਰੀ ਜਾ ਰਹੀ ਹੈ। 231 ਵੀਂ ਪੌੜੀ ਦਾ ਭੇਦ 232 ਵੀ ਪੌੜੀ ਖੋਲਦੀ ਹੈ। ਇਹ ਇਸ ਗਲ ਦੀ ਪ੍ਰੌੜਤਾ ਕਰ ਰਹੀ ਹੈ ਕਿ:

ਅਰਥ : ਚੰਡੀ ਚਰਿਤ੍ਰ ਕਵਿਤਾ ਵਿੱਚ ਜੋ ਕੁੱਝ ਵੀ ਮੈਂ ਕਹਿਆ ਹੈ ਇਹ "ਰੁਦ੍ਰ ਰਾਸ" ਮਈ ਹੈ (ਸ਼ੰਕਰ ਦੇਵਤਾ ਜਦੋਂ ਕ੍ਰੋਧ ਵਿੱਚ ਆਂਉਦਾ ਸੀ, ਤੇ ਉਸ ਦਾ ਤੀਸਰਾ ਨੇਤ੍ਰ ਖੁਲ ਜਾਂਦਾ ਸੀ ਅਤੇ ਉਹ ਤਾਂਡਵ ਨਾਮ ਦਾ ਨ੍ਰਿਤ ਕਰਨ ਲਗਦਾ ਸੀ। ਉਸ "ਈਵੇਂਟ" ਨੂੰ "ਰੁਦ੍ਰ ਰਾਸ" ਕਹਿਆ ਜਾਂਦਾ ਸੀ, ਇਹ ਮਿਥਿਹਾਸਕ ਮਾਨਤਾ ਹੈ)। ਇਹ ਕਵਿਤਾ ਇੱਨੀ ਸੁੰਦਰ ਬਣੀ ਹੈ, ਕਿ ਇਹ ਸ਼ੁਰੂ ਤੋਂ ਅੰਤ ਤਕ ਬਹੁਤ ਹੀ ਸੁੰਦਰ ਹੈ। ਇਹ ਕਵਿਤਾ ਮੰਨ ਨੂੰ ਸ਼ਾਂਤੀ ਦੇਣ ਵਾਲੀ ਹੈ ਅਤੇ ਇਸ ਦੇ 700 ਸਲੋਕ ਮੈਂ ਪੂਰੇ ਕਰ ਦਿਤੇ ਨੇ। ਇਹ ਕਵਿਤਾ ਜੋ ਨਿਤ ਪੜ੍ਹੇਗਾ ਅਤੇ ਸੁਨੇਗਾ ਉਸ ਤੇ ਦੇਵੀ ਜਰੂਰ ਕਿਰਪਾ ਕਰੇਗੀ ।

ਚਲੋ ਸਿੱਖੋ! ਹੁਣ ਰੋਜ ਸਵੇਰੇ "ਚੰਦੀ ਚਰਿਤ੍ਰ" ਪੜ੍ਹਨਾਂ ਸ਼ੁਰੂ ਕਰ ਦਿਉ। ਦੇਵੀ ਦੀ ਕਿਰਪਾ ਜੁ ਚਾਹੀਦੀ ਹੈ। ਮੇਰੇ ਵੀਰੋ! ਜੇ ਕਿਸੇ ਵੀ ਵੀਰ ਨੂੰ ਇਹ ਸਾਰਾ ਕੁਝ ਪੜ੍ਹ ਕੇ ਵੀ ਹੱਲੀ ਸ਼ਿਵ ਦੀ ਪਤਨੀ "ਸ਼ਿਵਾ" ਅਪਣਾਂ "ਅਕਾਲਪੁਰਖ" ਹੀ ਲਗ ਰਹੀ ਹੈ ਤੇ, ਇਸ ਸ਼ਬਦ ਤੋਂ ਥੋੜਾ ਹੋਰ ਪਿਛੇ ਆ ਜਾਉ, ਜਿਥੇ ਉਹ ਸਾਫ ਸਾਫ ਕਹਿੰਦਾ ਹੈ ਕਿ ਮੈਂ "ਦੇਵੀ ਜੂ ਕੀ ਉਸਤਤ" ਹੀ ਕਰ ਰਿਹਾ ਹਾਂ "ਅਕਾਲਪੁਰਖ" ਦੀ ਨਹੀਂ।

ਦੇਵੀ ਜੂ ਕੀ ਉਸਤਤਿ ॥
ਭੁਜੰਗ ਪ੍ਰਯਾਤ ਛੰਦ ॥
ਨਮੋ ਜੋਗ ਜ੍ਵਾਲੰ ਧਰੀਯੰ ਜੁਆਲੰ ॥ ਨਮੋ ਸੁੰਭ ਹੰਤੀ ਨਮੋ ਕ੍ਰੂਰ ਕਾਲੰ ॥
ਨਮੋ ਸ੍ਰੋਨ ਬੀਰਜਾਰਦਨੀ ਧੂਮ੍ਰ ਹੰਤੀ ॥ ਨਮੋ ਕਾਲਿਕਾ ਰੂਪ ਜੁਆਲਾ ਜਯੰਤੀ ॥੪॥੨੨੩॥
ਨਮੋ ਅੰਬਿਕਾ ਜੰਭਹਾ ਜੋਤਿ ਰੂਪਾ ॥ ਨਮੋ ਚੰਡ ਮੁੰਡਾਰਦਨੀ ਭੂਪਿ ਭੂਪਾ ॥
ਨਮੋ ਚਾਮਰੰ ਚੀਰਣੀ ਚਿਤ੍ਰ ਰੂਪੰ ॥ ਨਮੋ ਪਰਮ ਪ੍ਰਗਯਾ ਬਿਰਾਜੈ ਅਨੂਪੰ ॥੫॥੨੨੪॥
ਨਮੋ ਪਰਮ ਰੂਪਾ ਨਮੋ ਕ੍ਰੂਰ ਕਰਮਾ ॥ ਨਮੋ ਰਾਜਸਾ ਸਾਤਕਾ ਪਰਮ ਬਰਮਾ ॥
ਨਮੋ ਮਹਿਖ ਦਈਤ ਕੋ ਅੰਤ ਕਰਣੀ ॥ ਨਮੋ ਤੋਖਣੀ ਸੋਖਣੀ ਸਰਬ ਇਰਣੀ ॥੬॥੨੨੫॥
ਪੇਜ 115 ਅਖੌਤੀ ਦਸਮ ਗ੍ਰੰਥ।

ਹੁਣ ਦਸਮ ਗ੍ਰਥੀਆਂ ਨੂੰ ਇਸ ਦੇ ਅਰਥ ਵੀ ਚਾਹੀਦੇ ਹੋਣਗੇ। ਉਹ ਵੀ ਦਸਦੇ ਹਾਂ।

ਦੇਵੀ ਜੀ ਕੀ ਉਸਤਤਿ॥ ਭੁਜੰਗ ਪ੍ਰਯਾਤ ਛੰਦ ॥ ਜੋਗ, ਅਗ ਅਤੇ ਪੂਰੀ ਧਰਤੀ ਨੂੰ ਅੱਗ ਪ੍ਰਦਾਨ ਕਰਨ ਵਾਲੀ ਦੇਵੀ ਤੈਨੂੰ ਨਮਸਕਾਰ ਹੈ॥ ਸੂੰਭ ਨਾਮ ਦੇ ਦੈਤ ਦੀ ਹਤਿਆ ਕਰਨ ਵਾਲੀ, ਮੌਤ ਦੀ ਦੇਵੀ ਤੈਨੂੰ ਨਮਸਕਾਰ ਹੈ। ਧੁਮ੍ਰ ਨੈਨ ਅਤੇ ਰਕਤਬੀਜ ਦਾ ਵੱਧ (ਹਤਿਆ) ਕਰਨ ਵਾਲੀ ਤੈਨੂੰ ਨਮਸਕਾਰ ਕਰਦਾ ਹਾਂ। ਕਾਲਕਾ , ਜੁਆਲਾ ਅਤੇ ਜਯੰਤੀ ਦੇ ਰੂਪ ਵਿੱਚ ਵੀ ਤੈਨੂੰ ਨਮਸਕਾਰ ਕਰਦਾ ਹਾਂ । (ਦਸਮ ਗ੍ਰੰਥੀਆਂ ਅਨੁਸਾਰ ਇਹ ਸਭ ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਹੇ ਨੇ)। ਅੰਬਿਕਾ ਜੰਭਹਾ (ਜੰਭ ਨਾਮ ਦੇ ਦੈਤ ਦੀ ਹਤਿਆ ਕਰਨ ਵਾਲੀ) ਤੈਨੂੰ ਨਮਸਕਾਰ ਹੈ। ਚੰਡ ਅਤੇ ਮੁੰਡ ਨੂੰ ਮਾਰਨ ਵਾਲੀ ਤੈਨੂੰ ਨਮਸਕਾਰ ਹੈ। ਗਿਆਨ ਅਤੇ ਵਿਦਿਆ ਦੀ ਦੇਵੀ (ਸਰਸਵਤੀ) ਤੇਨੂੰ ਨਮਸਕਾਰ ਕਰਦਾ ਹਾਂ। ਤੂੰ ਪਰਮ ਰੂਪ ਵਾਲੀ ਅਤੇ ਕ੍ਰੂਰ ਕਰਮ (ਨਿਰਦਈ ਕਰਮਾਂ ਵਾਲੀ) ਹੈ, ਤੈਨੂੰ ਨਮਸਕਾਰ ਕਰਦਾ ਹਾਂ। ਰਾਜਸ, ਸਾਤੱਵ ਅਤੇ ਤਾਮਸ ਤਿਨਾਂ ਗੁਣਾਂ ਦੀ ਧਾਰਣੀ, ਤੈਨੂੰ ਨਮਸਕਾਰ ਕਰਦਾ ਹਾਂ ॥ ਮਹਿਸਾਸੁਰ ਨਾਮ ਦੇ ਦੈਤ ਨੂੰ ਮਾਰਨ ਵਾਲੀ ਤੈਨੂੰ ਨਮਸਕਾਰ ਕਰਦਾ ਹਾਂ। ਵੀਰੋ ਦਸੋ ਕਿ ਭਲਾ ਇਸ ਵਿੱਚ ਸਿੱਖਾਂ ਨੂੰ ਕੀ ਖੁਸ਼ੀ ਮਿਲਦੀ ਹੈ? ਭਾਵੇ ਉਸ ਨੇ ਚੰਡ ਨੂੰ ਮਾਰਿਆ, ਭਾਵੇ ਮੁੰਡ ਨੂੰ ਮਾਰਿਆ, ਅਸਾਂ ਕੀ ਲੈਨਾਂ ਦੇਣਾਂ ਹੈ ਇਸ ਤੋਂ।

ਬਸ ਵੀਰੋ ਇਸ "ਚੰਡੀ ਚਰਿਤ੍ਰ" ਤੋ ਇਨਾਂ ਹੀ, ਇਸ ਵਿੱਚ ਦੁਰਗਾ (ਚੰਡੀ ਦੇ ਹੋਰ ਯੁਧਾਂ ਦਾ ਵਰਨਣ ਹੈ ਜਿਸ ਵਿੱਚ ਚੰਡ, ਮੁੰਡ, ਸੁੰਭ, ਨਿਸੁੰਬ, ਮਹਿਸਾਸੁਰ ਆਦਿਕ ਦੀ ਹਤਿਆ ਅਤੇ ਯੁਧਾਂ ਦਾ ਵਰਨਣ ਹੈ, ਜੋ ਸਾਡੇ ਲਈ ਕਿਸੇ ਕੰਮ ਦਾ ਨਹੀਂ। ਫੈਸਲਾ ਤੁਹਾਡੇ ਹੱਥ ਹੈ ਕਿ ਇਸ "ਸ਼ਿਵਾ" ਦੇ ਤੁਸੀਂ ਉਪਾਸਕ ਬਣੇ ਰਹਿਣਾ ਹੈ, ਕਿ ਸ਼ਬਦ ਗੁਰੂ ਦੀ "ਅੰਮ੍ਰਿਤ ਵਾਣੀ" ਨਾਲ ਜੁੜ ਕੇ ਅਪਣੇ ਆਪ ਨੂੰ ਉਸ ਗੁਰੂ ਦਾ ਸਿੱਖ ਬਨਣਾ ਹੈ ਜੋ ਹਮੇਸ਼ਾ ਕਹਿੰਦਾ ਹੈ-

ਸਿਰੀਰਾਗੁ ਮਹਲਾ ੧ ॥
ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥
ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥
ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥


ਗੁਰੂ ਬਖਸ਼ਿਸ਼ ਨਾਲ ਇਸ ਲੇਖ ਲੜੀ ਦੇ ਅਗਲੇ ਭਾਗ ਵਿੱਚ "ਅਥ ਗਿਆਨ ਪ੍ਰਬੋਧ" ਬਾਰੇ ਚਰਚਾ ਕਰਾਂਗੇ, ਭੁਲ ਚੁਕ ਲਈ ਖਿਮਾ ਦਾ ਜਾਚਕ ਹਾਂ ਜੀ।

ਭਰਮ ਦੀ ਅਗ ਕਦੀ ਵੀ ਨਹੀਂ ਬੁਝ ਸਕਦੀ, ਭਾਵੇ ਤੂੰ ਦੇਸ਼ ਦਿਸੰਤਰਾਂ ਵਿੱਚ ਭਟਕ ਲੈ। ਅੰਦਰ ਦੀ ਮੈਲ ਵੀ ਨਹੀਂ ਉਤਰ ਸਕਦੀ ਭਾਵੇਂ ਇਹ ਕਪੜੇ ਬਦਲ ਲੈ ਭਾਵੇਂ ਇਹ ਸ਼ਰੀਰ ਹੀ ਕਿਉ ਨਾਂ ਬਦਲ ਲਿਆ ਜਾਵੇ। ਹੋਰ ਕਿਤੇ ਵੀ ਤੇਰੀ ਭਗਤੀ (ਪੂਜਾ) ਨਹੀਂ ਹੋ ਸਕਦੀ ਜਦੋ ਤੱਕ ਤੂੰ ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top