Share on Facebook

Main News Page

28 ਸਾਲਾਂ ਬਾਅਦ ਵੀ ਅਣ-ਸੁਲਝੇ ਸਵਾਲ - ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਦੁਰਲੱਭ ਵਸਤਾਂ ਮੁੜ ਹਾਸਲ ਕਰਨ ਸੰਬੰਧੀ ਕੌਮੀ ਲੀਡਰਸ਼ਿਪ ’ਚ ਚੁੱਪੀ ਕਿਉਂ?
- ਪ੍ਰੋ. ਸਰਚਾਂਦ ਸਿੰਘ , ਫੋਨ : 9781355522

ਸਿੱਖ ਜ਼ਜਬਾਤਾਂ ਨਾਲ ਸਰੋਕਾਰ ਰੱਖਦੀ ਸਿੱਖ ਰੈਫਰੰਸ ਲਾਇਬਰੇਰੀ ਜੂਨ 1984 ਦੇ ਬਲਿਊ ਸਟਾਰ ਉਪਰੇਸ਼ਨ ਦੀ ਭੇਟ ਚੜ ਗਈ। ਜਿਸ ਸੰਬੰਧੀ ਸਚਾਈ, ਅੱਜ 28 ਸਾਲ ਬੀਤ ਜਾਣ ’ਤੇ ਵੀ ਸਾਹਮਣੇ ਨਹੀਂ ਲਿਆਂਦੀ ਜਾ ਸਕੀ। ਜਿੱਥੇ ਇੱਕ ਪਾਸੇ ਉਕਤ ਉਪਰੇਸ਼ਨ ਦੇ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਦੂਦ ਅੰਦਰ ਸ਼੍ਰੋਮਣੀ ਕਮੇਟੀ ਤੇ ਸੰਤ ਸਮਾਜ ਵੱਲੋਂ ਯਾਦਗਾਰ ਦੀ ਉੱਸਾਰੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਤਾਂ ਫਿਰ ਦੂਜੀ ਤਰਫ਼ ਇਹ ਸਵਾਲ ਵੀ ਪੈਦਾ ਹੋ ਰਿਹਾ ਹੈ, ਕਿ ਸ਼੍ਰੋਮਣੀ ਕਮੇਟੀ ਅਤੇ ਸਿੱਖ ਲੀਡਰਸ਼ਿਪ ਵੱਲੋਂ ਉਕਤ ਲਾਇਬਰੇਰੀ ਦੀਆਂ ਦੁਰਲੱਭ ਵਸਤਾਂ ਮੁੜ ਹਾਸਲ ਕਰਨ ਵਿਚ ਕਿਉਂ ਖਾਮੋਸ਼ੀ ਧਾਰਨ ਕੀਤੀ ਜਾ ਰਹੀ ਹੈ?

ਸਿੱਖ ਰੈਂਫਰੰਸ ਲਾਇਬਰੇਰੀ ਸੜ ਜਾਣ ਦਾ ਪ੍ਰਗਟਾਵਾ ਕੇਂਦਰ ਸਰਕਾਰ ਵੱਲੋਂ ਜੁਲਾਈ 1984 ਵਿੱਚ ਇੱਕ ਵਾਈਟ ਪੇਪਰ ਰਾਹੀਂ ਕੀਤਾ ਗਿਆ ਸੀ। ਪਰ ਉਪਰੋਕਤ ਮਸਲੇ ਪ੍ਰਤੀ ਵੀ. ਕੇ ਗੁਪਤਾ ਅੰਡਰ ਸੈਕਟਰੀ ਮਨਿਸਟਰ ਆਫ਼ ਹੋਮ ਅਫੇਅਰਜ਼, ਸੀ. ਬੀ. ਆਈ., ਸਾਬਕਾ ਕੇਂਦਰੀ ਮੰਤਰੀ ਜਾਰਜ ਫਾਰਨੰਡੇਜ਼ ਦਾ ਬਿਆਨ, ਸੀ. ਬੀ. ਆਈ. ਵਿੱਚ ਉਸ ਸਮੇਂ ਕੰਮ ਕਰ ਚੁੱਕੇ ਪੰਜਾਬ ਪੁਲਿਸ ਦੇ ਇੰਸਪੈਕਟਰ ਰਣਜੀਤ ਸਿੰਘ ਅਤੇ ਡੀ ਐਸ ਪੀ ਸ਼ਬਦਲ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਕਿਰਪਾਲ ਸਿੰਘ ਦੀਆਂ ਲਿਖਤਾਂ ਦੇ ਹਵਾਲੇ ਨਾਲ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਸ: ਬੂਟਾ ਸਿੰਘ ਦਾ ਬਿਆਨ ਆਦਿ ਨੂੰ ਵਾਚਣ ’ਤੇ ਕੋਈ ਵੀ ਕਹਿ ਸਕਦਾ ਹੈ ਕਿ ਅਸਲੀਅਤ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਰਿਕਾਰਡ ਦੱਸਦਾ ਹੈ ਕਿ ਕੇਂਦਰੀ ਰੱਖਿਆ ਮੰਤਰੀ ਏ. ਕੇ. ਐਂਟੋਨੀ ਵੱਲੋਂ 21 ਮਈ 2009 ਦੌਰਾਨ ਰਾਜ ਸਭਾ ਵਿੱਚ ਸ: ਤਰਲੋਚਨ ਸਿੰਘ ਦੇ ਇੱਕ ਸਵਾਲ ਦੇ ਜਵਾਬ ’ਚ ਕਿਹਾ, ਕਿ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਫੌਜ ਨੇ ਜੋ ਸਮਾਨ ਜ਼ਬਤ ਕੀਤਾ ਸੀ, ਉਹ ਸਾਰਾ ਸਮਾਨ ਵਾਪਸ ਮੋੜਿਆ ਜਾ ਚੁਕਾ ਹੈ, ਹੁਣ ਫੌਜ ਜਾਂ ਸਰਕਾਰ ਕੋਲ ਕੋਈ ਵਸਤੂ ਨਹੀਂ ਹੈ। ਇਸ ਤੋਂ ਵੀ ਵੱਧ ਹੈਰਾਨੀ ਦੀ ਗਲ ਇਹ ਕਿ ਉਹਨਾਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਹਲਫਨਾਮ ਦੇਣ ਦਾਅਵਾ ਵੀ ਕੀਤਾ ਗਿਆ, ਜਿਸ ’ਚ ਕਮੇਟੀ ਇਸ ਸੰਬੰਧੀ ਫੌਜ ਜਾਂ ਸਰਕਾਰ ਤੋਂ ਭਵਿੱਖ ਵਿੱਚ ਕੋਈ ਕਲੇਮ ਨਹੀਂ ਕਰੇਗੀ। ਸ਼੍ਰੋਮਣੀ ਕਮੇਟੀ ਉਕਤ ਦਾਅਵੇ ਨੂੰ ਬੇਸ਼ਕ ਨਕਾਰ ਚੁੱਕੀ ਹੈ।

ਸਿੱਖ ਰੈਂਫਰੰਸ ਲਾਇਬਰੇਰੀ ਦੀਆਂ ਵਿਰਾਸਤੀ ਵਸਤਾਂ ਅਤੇ ਇਤਿਹਾਸਕ ਦਸਤਾਵੇਜ਼ਾਂ ਦੀ ਬਲਿਊ ਸਟਾਰ ਉਪਰੇਸ਼ਨ ਤੋਂ ਬਾਅਦ ਮੌਜੂਦਗੀ ਬਾਰੇ ਕਈ ਤੱਥ ਜੋ ਸਮੇ ਸਮੇਂ ਸਾਹਮਣੇ ਆਏ ਹਨ, ਉਸ ਅਨੁਸਾਰ ਸੇਵਾ ਮੁਕਤ ਇੰਸਪੈਕਟਰ ਰਣਜੀਤ ਸਿੰਘ ਨੰਦਾ ਜਿਸ ਨੇ ਕਿ ਉਸ ਸਮੇਂ ਸੀ. ਬੀ. ਆਈ. ਨਾਲ ਕੰਮ ਕੀਤਾ (ਜਿਸ ਨੂੰ ਸੀ. ਬੀ. ਆਈ. ਵੀ ਤਸਲੀਮ ਕਰਦੀ ਹੈ) ਨੇ 10 ਜੂਨ 2000 ਨੂੰ ਮੀਡੀਆ ਨੂੰ ਦੱਸਿਆ ਕਿ ਲਾਇਬਰੇਰੀ ਨਾਲ ਸੰਬੰਧਿਤ ਬਹੁਤ ਸਾਰੀ ਸਮਗਰੀ ਨੂੰ ਫੌਜੀ ਕਰਵਾਈ ਖਤਮ ਹੋਣ ਤੋਂ ਦੋ ਹਫ਼ਤੇ ਬਾਅਦ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚੋਂ 190 ਵੱਡੀਆਂ ਬੋਰੀਆਂ ਵਿੱਚ ਭਰ ਕੇ ਟਰਕਾਂ ਵਿੱਚ ਲੱਦ ਕੇ ਅੰਮ੍ਰਿਤਸਰ ਸੀ. ਬੀ. ਆਈ. ਕੈਪ ਕੁਆਟਰ ਯੂਥ ਹੋਸਟਲ ਵਿੱਚ ਲੈ ਕੇ ਗਈ ਸੀ ਤੇ ਹਰ ਬੋਰੀ ’ਤੇ ਕਾਲੀ ਸਿਆਹੀ ਨਾਲ ਤਰਤੀਬਵਾਰ ਨੰਬਰ ਲਿਖਿਆ ਹੋਇਆ ਸੀ। ਇਹ ਵੀ ਕਿ ਸੀ ਬੀ ਆਈ ਦੀ ਪੰਚ ਮੈਂਬਰੀ ਟੀਮ ਨੇ ਇੱਕ ਮਹੀਨੇ ਦੇ ਕਰੀਬ 160- 65 ਬੋਰੀਆਂ ਦੀ ਬਰੀਕੀ ਨਾਲ ਛਾਣਬੀਣ ਕਰਨ ਤੋਂ ਬਾਅਦ ਸੂਚੀ ਤਿਆਰ ਕੀਤੀ। 30-35 ਬੋਰੀਆਂ ਦੀ ਛਾਣਬੀਣ ਬਾਕੀ ਸੀ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਸਿੱਖ ਸੰਮੇਲਨ ਸੱਦੇ ਜਾਣ ਦੇ ਮੱਦੇ ਨਜ਼ਰ ਸਾਰਾ ਸਮਾਨ ਫੌਜੀ ਗੱਡੀਆਂ ਵਿੱਚ ਲੱਦ ਕੇ ਹੋਰ ਥਾਂ ਭੇਜ ਦਿੱਤਾ ਗਿਆ।

ਉਹਨਾਂ ਦੇ ਕਹਿਣ ਅਨੁਸਾਰ ਧਾਰਮਿਕ ਪੁਸਤਕਾਂ 12 ਲੋਹੇ ਦੇ ਟਰੰਕ ਅਤੇ ਬਾਕੀ ਵਸਤਾਂ ਬੋਰੀਆਂ ਵਿੱਚ ਸੀ। ਉਹਨਾਂ ਇਸ ਵਿੱਚੋਂ ਕਿਵੇਂ ਨਾ ਕਿਵੇਂ ਹਾਸਲ ਕਰ ਲਈਆਂ ਗਈਆਂ ਕੁੱਝ ਹੱਥ ਲਿਖਤ ਪੋਥੀਆਂ ਅਤੇ ਹੁਕਮਨਾਮੇ ਸੇਵਾ ਮੁਕਤ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤਿਆਂ।

ਸਰਕਾਰੀ ਦਾਅਵਿਆਂ ਨੂੰ ਚੁਨੌਤੀ ਦਿੰਦਿਆਂ ਸ: ਨੰਦਾ ਦੇ ਇਸ ਦਾਅਵੇ ’ਚ ਵੀ ਕਾਫ਼ੀ ਦਮ ਲਗਦਾ ਹੈ, ਕਿ ਸਰਕਾਰ ਸੀ ਬੀ ਆਈ ਵੱਲੋਂ ਅਗਸਤ ਦੇ ਪਹਿਲੇ ਹਫ਼ਤੇ ਕਾਠੀਆਂ ਬਾਜ਼ਾਰ ਦੇ ਮੰਦਰ ਦੇ ਐਨ ਸਾਹਮਣੇ ਲੋਹੇ ਦੇ ਟਰੰਕ ਬਣਾਉਣ ਵਾਲੀ ਇੱਕ ਫਰਮ ਤੋਂ ਇੱਕ ਦਰਜਨ ਟਰੰਕਾਂ ਦੇ ਚੈਕ ਰਾਹੀਂ ਕੀਤੇ ਗਏ ਭੁਗਤਾਨ ਦੀ ਪੜਤਾਲ ਕਰਵਾਏ ਤਾਂ ਸੱਚ ਸਾਹਮਣੇ ਆ ਜਾਵੇਗੀ।

ਸਰਕਾਰੀ ਦਾਅਵਿਆਂ ਅਨੁਸਾਰ ਲਾਇਬਰੇਰੀ 6 ਜੂਨ ਨੂੰ ਅੱਗ ਲੱਗਣ ਕਾਰਨ ਸੜ ਗਈ, ਪਰ ਨੰਦਾ ਦੇ ਕਹਿਣ ਅਨੁਸਾਰ ਯੂਥ ਹੋਸਟਲ ਵਿਖੇ ਇਹ ਸਮਗਰੀ 18 – 19 ਜੂਨ ਨੂੰ ਪੁੱਜੀ ਸੀ। ਉਹਨਾਂ ਦਾ ਮੰਨਣਾ ਹੈ ਕਿ ਲਾਇਬਰੇਰੀ ਵਿੱਚ ਪਈ ਅਖ਼ਬਾਰਾਂ ਦੀ ਰੱਦੀ ਨੂੰ ਅੱਗ ਲਾਈ ਗਈ ਸੀ।

ਦੂਜੀ ਗਲ ਇਹ ਕਿ ਸੀ ਬੀ ਆਈ ਟੀਮ ਨਾਲ ਉਸ ਸਮੇਂ ਕੰਮ ਕਰਦੇ ਰਹੇ ਹੁਣ ਸੇਵਾ ਮੁਕਤ ਹੋ ਚੁੱਕੇ ਡੀ ਐਸ ਪੀ ਸ: ਸ਼ਬਦਲ ਸਿੰਘ ਵੱਲੋਂ 11 ਜੂਨ 2000 ਨੂੰ ਕਹਿਣ ਅਨੁਸਾਰ ਜੂਨ 84 ਦੀ ਫੌਜੀ ਕਾਰਵਾਈ ਤੋਂ ਤੁਰੰਤ ਬਾਅਦ ਸ੍ਰੀ ਦਰਬਾਰ ਸਾਹਿਬ ਸਮੂਹ ਅਤੇ ਲਾਇਬਰੇਰੀ ਦੀਆਂ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ, ਚਿੱਠੀ ਪੱਤਰ ਅਤੇ ਕਮੇਟੀ ਦਾ ਰਿਕਾਰਡ ਸੀ ਬੀ ਆਈ ਦਿਲੀ ਲੈ ਗਈ ਜੋ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਮੁੜ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ। ਜੋ ਕਿ ਮਹੀਨਾ ਭਰ ਜਾਂਚ ਉਪਰੰਤ ਟਰੰਕਾਂ ਵਿੱਚ ਭਰ ਕੇ ਫੌਜ ਕਿਸੇ ਹੋਰ ਸਥਾਨ ਉੱਪਰ ਲੈ ਗਈ। 5 ਜੂਨ ਨੂੰ ਸੀ ਬੀ ਆਈ ਨਾਲ ਡਿਊਟੀ ਸ਼ੁਰੂ ਕਰਨ ਤੋਂ ਦੋ ਹਫ਼ਤਿਆਂ ਬਾਅਦ ਉਹ ਇੱਕ ਦਿਨ ਸਵੇਰੇ ਰਾਜਾਸਾਂਸੀ ਹਵਾਈ ਅੱਡੇ ਗਿਆ ਜਿੱਥੇ ਸੀ ਬੀ ਆਈ ਦੇ ਤਤਕਾਲੀ ਡਾਇਰੈਕਟਰ ਬਾਵਾ ਹਰਕ੍ਰਿਸ਼ਨ ਸਿੰਘ ਵੀ ਮੌਜੂਦ ਸਨ, ਉਸ ਵਕਤ ਉਹਨਾਂ ਦੇਖਿਆ ਕਿ ਫੌਜੀ ਜਹਾਜ਼ ਵਿੱਚੋਂ ਕੁੱਝ ਬੋਰੀਆਂ ਵਿੱਚ ਭਰੀਆਂ ਧਾਰਮਿਕ ਪੁਸਤਕਾਂ, ਸ੍ਰੀ ਗੁਰੂ ਗ੍ਰੰਥ ਜੀ ਦੀਆਂ ਹੱਥ ਲਿਖਤ ਬੀੜਾਂ ਤੇ ਹੋਰ ਸਮਗਰੀ ਹੇਠਾਂ ਧਰਤੀ ਉੱਪਰ ਰੱਦੀ ਵਾਂਗ ਸੁੱਟੀ ਜਾ ਰਹੇ ਸਨ। ਪੁੱਛਣ ਤੇ ਪਤਾ ਲਗਾ ਕਿ ਇਹ ਸਾਰਾ ਕੁੱਝ ਦਰਬਾਰ ਸਾਹਿਬ ਤੋਂ ਦਿਲੀ ਲਿਜਾਇਆ ਗਿਆ ਤੇ ਹੁਣ ਵਾਪਸ ਲਿਆਂਦੀ ਗਈ ਸੀ। ਹਵਾਈ ਅੱਡੇ ਤੋਂ ਇਹ ਸਮਗਰੀ ਯੂਥ ਹੋਸਟਲ ਲਿਆਂਦੀ ਗਈ। ਉਹਨਾਂ ਅਨੁਸਾਰ ਜਾਂਚ ਟੀਮ ਵਿੱਚ ਉਹਨਾਂ ਤੋਂ ਇਲਾਵਾ ਸ: ਨੰਦਾ ਅਤੇ ਬਲਜਿੰਦਰ ਕੁਮਾਰ ਵੀ ਸ਼ਾਮਿਲ ਸਨ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਇਹ ਪੁਸਤਕਾਂ ਉਹਨਾਂ ਨੇ 18-20 ਜੂਨ ਨੂੰ ਵੇਖੀਆਂ।

ਤੀਜਾ ਪ੍ਰਮਾਣ ਇਹ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਕਿਰਪਾਲ ਸਿੰਘ ਨੇ ਸਾਕਾ ਨੀਲਾ ਤਾਰਾ ਸੰਬੰਧੀ ਆਪਣੀ ਕਿਤਾਬ ਵਿੱਚ ਕਿਹਾ ਕਿ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਸ: ਬੂਟਾ ਸਿੰਘ ਨੇ 9 ਜੁਲਾਈ 1984 ਨੂੰ ਇਹ ਕਿਹਾ ਸੀ ਕਿ ਫੌਜ ਲਾਇਬਰੇਰੀ ਦੇ ਰਿਕਾਰਡ ਅਤੇ ਕਿਤਾਬਾਂ ਦੇ 125 ਬੰਡਲ ਅੰਮ੍ਰਿਤਸਰ ਛਾਉਣੀ ਲੈ ਗਈ ਸੀ।

ਚੌਥੀ ਇਹ ਵੀ ਕਿ ਸ਼੍ਰੋਮਣੀ ਕਮੇਟੀ ਦੇ ਇੱਕ ਪੱਤਰ ਦੇ ਜੁਆਬ ਵਿੱਚ ਕੇਂਦਰੀ ਰੱਖਿਆ ਮੰਤਰੀ ਨੇ ਉਕਤ ਮਾਮਲੇ ਦੀ ਜਾਂਚ ਉਪਰੰਤ 3 ਮਈ 2000 ਨੂੰ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਗਏ ਜਵਾਬ ਵਿੱਚ ਇਹ ਸੂਚਨਾ ਦਿੱਤੀ ਕਿ ਇਹ ਸਾਰਾ ਖ਼ਜ਼ਾਨਾ ਸੀ. ਬੀ. ਆਈ. ਹਵਾਲੇ ਕਰ ਦਿੱਤਾ ਗਿਆ। ਇਸ ਸੰਬੰਧੀ ਕਮੇਟੀ ਨੂੰ ਮਨਿਸਟਰੀ ਆਫ਼ ਪ੍ਰਸੋਨਲ ਪਬਲਿਕ ਗਰੀਵੈਸਿਸ ਅਤੇ ਪੈਨਸ਼ਨ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਪੰਜਵਾਂ ਤੇ ਪੁਖਤਾ ਸਬੂਤ ਇਹ ਕਿ ਜਿੱਲਾ ਤਰਨ ਤਾਰਨ ਦੇ ਪਿੰਡ ਪੰਡੋਰੀ ਰੁਮਾਣਾ ਦੇ ਵਾਸੀ ਸ: ਸਤਨਾਮ ਸਿੰਘ ਵੱਲੋਂ ਲਾਇਬਰੇਰੀ ਵਸਤਾਂ ਦੀ ਵਾਪਸੀ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਕੀਤੀ ਗਈ ਰਿੱਟ ਸੀ ਡਬਲਯੂ ਪੀ ਨੰ: 11301 ਆਫ਼ 2003 ਦੇ ਜਵਾਬ ਵਿੱਚ ਸੈਕਟਰੀ ਆਫ਼ ਹੋਮ ਅਫੇਅਰਜ਼ ਵੱਲੋਂ ਹਾਈ ਕੋਰਟ ਨੂੰ ਦਿੱਤੇ ਗਈ ਜਵਾਬ ਨਾਮੇ ਵਿੱਚ ਉਹ ਇਹ ਮੰਨਦੇ ਹਨ ਕਿ 4 ਹਜ਼ਾਰ ਵਸਤਾਂ ਸੀ ਬੀ ਆਈ ਹਵਾਲੇ ਕਰ ਦਿੱਤਿਆਂ ਗਈਆਂ ਹਨ। ਕੁੱਝ ਵਸਤਾਂ ਸ਼੍ਰੋਮਣੀ ਕਮੇਟੀ ਨੂੰ ਤੇ ਕੁੱਝ ਪੰਜਾਬ ਦੇ ਸਭਿਆਚਾਰਕ ਮਾਮਲੇ ਵਿਭਾਗ ਦੇ ਹਵਾਲੇ ਅਤੇ ਕੁੱਝ ਕੈਲਾਸ਼ ਚੰਦ ਸ਼ਰਮਾ ਕਾਰਜਕਾਰੀ ਖ਼ਜ਼ਾਨਾ ਅਫ਼ਸਰ ਅੰਮ੍ਰਿਤਸਰ ਦੇ ਹਵਾਲੇ ਕੀਤੇ ਗਏ ਹਨ। ਸੀ ਬੀ ਆਈ ਨੂੰ 5 ਜੁਲਾਈ 1984 ਤੋਂ 6 ਮਾਰਚ 1985 ਤੱਕ ਸੌਂਪਿਆਂ ਗਈਆਂ ਵਸਤਾਂ ਵਿੱਚ 68 ਬੰਡਲ ਵੱਡੇ 119 ਛੋਟੇ ਬੰਡਲ ਸ਼ਾਮਿਲ ਹਨ।

ਇਹ ਕਿ ਉਕਤ ਕੇਸ ਦੇ ਸੰਬੰਧ ਵਿੱਚ ਸੀ ਬੀ ਆਈ ਹਾਈ ਕੋਰਟ ਵਿੱਚ ਦਿੱਤੇ ਗਏ ਜਵਾਬਨਾਮੇ ਵਿੱਚ ਗ੍ਰਹਿ ਮੰਤਰਾਲੇ ਵੱਲੋਂ 4 ਹਜ਼ਾਰ ਵਸਤਾਂ ਦਾ ਪ੍ਰਾਪਤ ਹੋਣਾ ਮੰਨਦੀ ਹੈ, ਪਰ ਏਜੰਸੀ ਦਾ ਇਹ ਵੀ ਕਹਿਣਾ ਹੈ ਕਿ ਉਸ ਕੋਲ 5 ਵਸਤਾਂ ਹੀ ਹਨ ਜੋ ਕਿ ਸਪੈਸ਼ਲ ਕੋਰਟ ਬਗਲ ਪੁਰ ਨੂੰ ਲੋੜੀਂਦੀਆਂ ਹੋਣ ਕਰਕੇ ਉਹਨਾਂ ਕੋਲ ਮੌਜੂਦ ਹਨ।

ਇਹ ਵੀ ਕਿ ਸੀ ਬੀ ਆਈ ਨੇ 117 ਆਈਟਮਾਂ ਨੂੰ ਅਦਾਲਤੀ ਹੁਕਮਾਂ ਅਨੁਸਾਰ ਬਗਾਵਤੀ ਸੁਰ ਵਾਲਾ ਸਾਹਿੱਤ ਗਰਦਾਨ ਕੇ ਜਲਾ ਦੇਣ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਵਿੱਚ ਜ਼ਿਆਦਾ ਤਰ ਚਿੱਠੀਆਂ, ਨਿੱਜੀ ਟੈਲੀਫ਼ੋਨ ਡਾਇਰੀਆਂ, ਵਿਜ਼ਟਿੰਗ ਕਾਰਡ, ਟੈਲੀ ਗਰਾਫ਼, ਸਕੂਲੀ ਕਾਪੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮ ਨਾਮੇ ਦੀ ਕਾਪੀ ਸ਼੍ਰੋਮਣੀ ਕਮੇਟੀ ਦੀਆਂ ਦਫ਼ਤਰੀ ਫਾਈਲਾਂ, ਗਰੀਡਿੰਗ ਪੇਪਰ, ਇੱਥੋਂ ਤੱਕ ਕਿ ਭਗਤਾਂ ਦੀ ਬਾਣੀ, ਸੰਤ ਭਿੰਡਰਾਂ ਵਾਲਿਆਂ ਨੂੰ ਲਿਖੀਆਂ ਚਿੱਠੀਆਂ, ਇੱਕ ਟਰਕ ਦੀ ਆਰ. ਸੀ. ਆਦਿ ਸ਼ਾਮਿਲ ਹਨ।

ਪ੍ਰਸ਼ਨ ਪੈਦਾ ਹੁੰਦੇ ਹਨ ਕਿ ਜੇ ਵਾਈਟ ਪੇਪਰ ਅਨੁਸਾਰ 6 ਜੂਨ ਨੂੰ ਲਾਇਬਰੇਰੀ ਸੜ ਗਈ ਸੀ ਤਾਂ ਦਿਲੀ ਤੋਂ ਰਾਜਾਸਾਂਸੀ ਲਿਆਂਦੀਆਂ ਗਈਆਂ ਪੁਸਤਕਾਂ ਅਤੇ ਯੂਥ ਹੋਸਟਲ ਵਿੱਚ ਜਾਂਚ ਪੜਤਾਲ ਲਈਂ ਲਿਆਂਦੀਆਂ ਗਈਆਂ 190 ਬੋਰੀਆਂ ਕਿੱਥੋਂ ਆਈਆਂ? ਜੇ ਯੂਥ ਹੋਸਟਲ ’ਚ ਸਮਗਰੀ ਦੀ ਜਾਂਚ ਸੰਬੰਧੀ ਸ: ਨੰਦਾ ਅਤੇ ਸ਼ਬਦਲ ਸਿੰਘ ਦੇ ਬਿਆਨਾਂ ਨੂੰ ਬੇ-ਬੁਨਿਆਦ ਮੰਨ ਲਿਆ ਜਾਵੇ ਤਾਂ ਫਿਰ ਉਹਨਾਂ ਵੱਲੋਂ ਜੋ ਵਸਤਾਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤੀਆਂ ਉਹ ਕਿੱਥੋਂ ਆਈਆਂ?

ਸੀ ਬੀ ਆਈ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤੀਆਂ ਗਈਆਂ ਵਸਤਾਂ ਜਿਨ੍ਹਾਂ ’ਚ ਲਾਇਬਰੇਰੀ ਦੇ ਤਿੰਨ ਐਕਸ਼ੈਸ਼ਨ ਰਜਿਸਟਰ ਭਿਆਨਕ ਅੱਗ ਵਿੱਚੋਂ ਕਿਵੇਂ ਬੱਚ ਗਏ?

ਇਹ ਵੀ ਕਿ ਸੀ ਬੀ ਆਈ ਵੱਲੋਂ ਸਾੜੀਆਂ ਗਈਆਂ 117 ਆਈਟਮਾਂ ਤਾਂ ਇੱਕ ਦੋ ਬੰਡਲਾਂ ਜਾਂ ਬੋਰੀਆਂ ’ਚ ਹੀ ਆ ਗਈ ਹੋਣਗੀਆਂ ਫਿਰ ਬਾਕੀ ਦੀਆਂ ਕਰੀਬ 186 ਬੰਡਲਾਂ ਦਾ ਕੀ ਬਣਿਆ, ਤੇ ਕਿੱਥੇ ਹਨ?

ਇਹ ਵੀ ਕਿ ਸੀ ਬੀ ਆਈ ਵੱਲੋਂ ਬਗਾਵਤੀ ਸੁਰ ਕਹਿ ਕੇ ਨਸ਼ਟ ਕੀਤੀਆਂ ਗਈਆਂ ਵਸਤਾਂ ਵਿੱਚ ਜ਼ਿਆਦਾਤਰ ਫਾਈਲਾਂ, ਵਿਜ਼ਟਿੰਗ ਕਾਰਡ, ਭਗਤਾਂ ਦੀ ਬਾਣੀ ਅਤੇ ਟਰਕ ਦੀ ਆਰ ਸੀ ਵੀ ਸੀ ਕੀ ਇਹ ਵਾਕਿਆ ਹੀ ਬਗਾਵਤੀ ਸੁਰ ਕਹੀਆਂ ਜਾ ਸਕਦੀਆਂ ਹਨ? ਸਬੂਤ ਸੁਰਖਿਅਤ ਰੱਖਣ ਵਾਲੀਆਂ ਜਾਂਚ ਏਜੰਸੀਆਂ ਨੇ ਉਕਤ ਸਮਗਰੀ ਨੂੰ ਕਿਸ ਮਕਸਦ ਲਈ ਨਸ਼ਟ ਕੀਤਾ? ਇਹ ਵੀ ਕਿ ਕੇਂਦਰ ਸਰਕਾਰ ਨੂੰ ਪਵਿੱਤਰ ਪਾਰਲੀਮੈਂਟ ਵਿੱਚ ਇਸ ਸੰਬੰਧੀ ਝੂਠ ਬੋਲਣ ਦੀ ਲੋੜ ਕਿਉਂ ਪਈ? ਕੀ ਇਹ ਕੁੱਝ ਸਬੂਤ ਨਸ਼ਟ ਕਰਨ ਦੀ ਕਾਰਵਾਈ ਸੀ? ਕੀ ਇਸ ਸਾਰੇ ਡਰਾਮੇ ਦਾ ਮਕਸਦ ਸਰਕਾਰ ਵੱਲੋਂ ਲਾਇਬਰੇਰੀ ਸਮਗਰੀ ਦੀ ਬਰੀਕੀ ਤੇ ਤਸੱਲੀ ਨਾਲ ਤਲਾਸ਼ੀ ਜਾਂ ਵਿਰਾਸਤੀ ਵਸਤਾਂ ਨੂੰ ਖੁਰਦ ਬੁਰਦ ਕਰਨਾ ਚਾਹੁੰਦੀ ਸੀ? ਲੋਕ ਸੱਚ ਜਾਣਨਾ ਚਾਹੁੰਦੇ ਹਨ। ਪੰਜਾਬ ਦੀਆਂ ਸਮੂਹ ਰਾਜਸੀ ਪਾਰਟੀਆਂ ਨੂੰ ਪਾਰਟੀ ਪੱਧਰ ਤੋ ਉੱਪਰ ਉੱਠ ਕੇ ਉਕਤ ਮਸਲੇ ਸੰਬੰਧੀ ਕੇਂਦਰ ਸਰਕਾਰ ’ਤੇ ਦਬਾਅ ਪਾਉਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਇਹਨਾਂ ਵਿਰਾਸਤੀ ਵਰਤਾਂ ਨੂੰ ਵਾਪਸ ਲਿਆਉਣ ਸੰਬੰਧੀ ਅੱਜ ਅਵੇਸਲੀ ਰਹੀ। ਕੀ ਸ਼੍ਰੋਮਣੀ ਕਮੇਟੀ ਤੇ ਸਿੱਖ ਲੀਡਰਸ਼ਿਪ ਉਕਤ ਸੰਬੰਧੀ ਠੋਸ ਕਾਰਵਾਈ ਕਰਨ ਦੀ ਇੱਛਾ ਸ਼ਕਤੀ ਰੱਖਦੀ ਹੈ? ਲਾਇਬਰੇਰੀ ਵਸਤਾਂ ਦੀ ਵਾਪਸੀ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਰਿਟ ਪਾਉਣ ਵਾਲੇ ਪਿੰਡ ਪੰਡੋਰੀ ਰੁਮਾਣਾ ਦੇ ਵਾਸੀ ਸ: ਸਤਨਾਮ ਸਿੰਘ ਉਕਤ ਵਸਤਾਂ ਦੀ ਵਾਪਸੀ ਲਈ ਹੁਣ ਫਿਰ ਤੋਂ ਅਦਾਲਤ ਜਾਣ ਦੀ ਤਿਆਰੀ ਕਰ ਰਿਹਾ ਹੈ। ਸ਼ਾਬਾਸ਼ ਸਤਨਾਮ ਸਿੰਘ ਸ਼ਾਬਾਸ਼ !


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top