Share on Facebook

Main News Page

ਅਖੌਤੀ ਸੰਤ ਹਰੀ ਸਿੰਘ ਰੰਧਾਵਾ ਨੂੰ ਸੰਗਤ ਵਲੋਂ ਸਵਾਲ?

ਪਿਛਲੇ ਕੁਝ ਸਮੇਂ ਤੋਂ ਸੰਤ (ਅਖੌਤੀ) ਹਰੀ ਸਿੰਘ ਰੰਧਾਵੇ ਵਾਲਾ ਕਨੇਡਾ ਵਿੱਚ ਸਿੱਖੀ ਦੇ ਨਾਮ ਤੇ ਬ੍ਰਾਹਮਣਵਾਦ ਅਤੇ ਆਰ. ਐਸ. ਐਸ. ਦਾ ਪ੍ਰਚਾਰ ਗੁਰਦੁਆਰਿਆਂ ਵਿੱਚ ਕਰ ਰਿਹਾ ਹੈ। ਟਰਾਂਟੋ ਵਿੱਚ ਟਕਸਾਲੀਆਂ ਦੇ ਮਾਲਟਨ ਵਾਲੇ ਡੇਰੇ ਤੋਂ ਇਲਾਵਾ ਕਿਸੇ ਨੇ ਇਸ ਨੂੰ ਮੂੰਹ ਨਹੀਂ ਲਾਇਆ।  ਹੁਣ ਟਰਾਂਟੋ ਤੋਂ ਬਾਅਦ ਕੈਲਗਰੀ, ਐਡਮਿੰਟਨ ਤੇ ਵਿਨੀਪੈਗ ਵਿੱਚ ਸਾਧਾਂ ਦੇ ਕੁਝ ਚੇਲਿਆਂ ਦੇ ਸੱਦੇ ਤੇ ਮਨਮਤਿ ਦਾ ਕੂੜ ਪ੍ਰਚਾਰ ਕਰਨ ਆ ਰਿਹਾ ਹੈ। ਜਦੋਂ ਇਹ ਅਖੌਤੀ ਸਾਧ ਤੁਹਾਡੇ ਸ਼ਹਿਰ ਆਵੇ ਤਾਂ ਇਸਨੂੰ ਜਾਂ ਇਸਦੇ ਚੇਲਿਆਂ ਜਾਂ ਪ੍ਰਬੰਧਕਾਂ ਨੂੰ ਹੇਠ ਲਿਖੇ ਸਵਾਲ ਸੰਗਤ ਵਿੱਚ ਪੁਛੇ ਜਾਣ:-

  1. ਭਾਈ ਹਰੀ ਸਿੰਘ ਰੰਧਾਵਾ ਨੂੰ ਕਦੋਂ, ਕਿਥੋਂ, ਕਿਸ ਯੋਗਤਾ ਬਦਲੇ, ਕਿਹੜੀ ਸੰਸਥਾ ਨੇ ‘ਸੰਤ’ ਦੀ ਉਪਾਧੀ ਦਿੱਤੀ ਹੈ? ਜਾਂ ਫਿਰ ਇਸਨੇ ਵੀ ਆਪਣੀ ਮਰਜ਼ੀ ਨਾਲ ਹੀ ਹੋਰ ਸਾਧਾਂ ਵਾਂਗ ਚਿੱਟਾ ਚੋਲਾ, ਨੰਗੀਆਂ ਲੱਤਾਂ ਤੇ ਗੋਲ ਪੱਗ ਬੰਨ੍ਹ ਕੇ ਆਪਣੇ ਆਪ ਨੂੰ ‘ਸੰਤ’ (ਬ੍ਰਹਮ ਗਿਆਨੀ) ਅਖਵਾਉਣਾ ਸ਼ੁਰੂ ਕਰ ਦਿੱਤਾ ਹੈ?

  2. ਆਪਣੇ ਆਪ ਨੂੰ ਦਮਦਮੀ ਟਕਸਾਲ ਦਾ ਮਹਾਂਪੁਰਸ਼ ਅਖਵਾਉਣ ਵਾਲਾ ਇਹ ਸਾਧ ਉਸ ਅਖੌਤੀ ਸੰਤ ਸਮਾਜ (ਸਿੱਖ ਪੰਥ ਜਾਂ ਖਾਲਸਾ ਪੰਥ ਤੋਂ ਵੱਖਰਾ ਸਾਧਾਂ ਦਾ ਸਮਾਜ) ਦਾ ਸਪੋਕਸਮੈਨ ਹੈ, ਜਿਸ ਸੰਤ ਸਮਾਜ ਦੇ ਕਈ ਅਖੌਤੀ ਸਾਧਾਂ (ਸਾਧ ਮਾਨ ਸਿੰਘ ਪਿਹੋਵੇਵਾਲਾ, ਸਾਧ ਦਲਜੀਤ ਸਿੰਘ ਸ਼ਿਕਾਗੋ, ਸਾਧ ਧਨਵੰਤ ਸਿੰਘ, ਸਾਧ ਅਮਰ ਸਿੰਘ ਬੜੂੰਦੀਵਾਲਾ, ਸਾਧ ਰਣਜੀਤ ਸਿੰਘ ਢੱਡਰੀਆਂ ਵਾਲਾ ਆਦਿ) ਤੇ ਬਲਾਤਕਾਰ, ਕਤਲ ਤੇ ਹੋਰ ਕਈ ਕਿਸਮ ਦੇ ਸੰਗੀਨ ਜ਼ੁਰਮਾਂ ਦੇ ਕੇਸ ਚੱਲ ਰਹੇ ਹਨ?

  3. ਇਹ ਸਾਧ ਉਸ ਸੰਤ ਸਮਾਜ ਦਾ ਬੁਲਾਰਾ ਹੈ, ਜਿਸ ਸੰਤ ਯੂਨੀਅਨ ਦੇ ਬਾਦਲ ਜੁੰਡਲੀ ਨਾਲ ਗੂੜ੍ਹੇ ਸਬੰਧ ਹਨ, ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਤੇ ਪੰਜਾਬ ਅਸੰਬਲੀ ਦੀਆਂ ਚੋਣਾਂ, ਉਸ ਪੰਥ ਦੁਸ਼ਮਣ ਜਮਾਤ ਭਾਜਪਾ ਨਾਲ ਰਲ ਕੇ ਲੜੀਆਂ ਸਨ, ਜਿਹੜੀ ਭਾਜਪਾ ਸਿੱਖੀ ਨੂੰ ਖਤਮ ਕਰਨ ਦੀਆਂ ਚਾਲਾਂ ਵਿੱਚ ਲੱਗੀ ਹੋਈ ਆਰ. ਐਸ. ਐਸ. ਦਾ ਰਾਜਸੀ ਵਿੱੰਗ ਹੈ? ਰੰਧਾਵੇ ਵਾਲੇ ਦੀਆਂ ਫੋਟੋਆਂ ਤੇ ਮੂਵੀਆਂ ਹੋਰ ਸਾਧਾਂ ਵਾਂਗ ਆਰ. ਐਸ. ਐਸ. ਦੇ ਲੀਡਰਾਂ ਨਾਲ ਯੂ ਟਿਊਬ ਅਤੇ ਹੋਰ ਇੰਟਰਨੈਟ ਸਾਈਟਾਂ ਤੇ ਦੇਖੀਆਂ ਜਾ ਸਕਦੀਆਂ ਹਨ?

  4. ਦਮਦਮੀ ਟਕਸਾਲ ਦੇ ਇਸ ਸਾਧ ਨੂੰ ਇਹ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ 1984 ਤੋਂ 2005 ਤੱਕ 21 ਸਾਲ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਕੌਮੀ ਸ਼ਹੀਦੀ ਨੂੰ ਰੋਲਣ ਵਾਲਾ ਸਾਧ ਠਾਕੁਰ ਸਿੰਘ, ਜੇ 21 ਸਾਲ ਕੌੰਮ ਨੂੰ ਝੂਠ ਬੋਲ ਕੇ ਗੁੰਮਰਾਹ ਕਰਦਾ ਰਿਹਾ ਸੀ ਤਾਂ ਫਿਰ ਉਸਨੂੰ ਕਿਹੜੀ ਸੇਵਾ ਬਦਲੇ ਬ੍ਰਹਮ ਗਿਆਨੀ ਦਾ ਖਿਤਾਬ ਦਿੱਤਾ ਜਾ ਰਿਹਾ ਹੈ ਤੇ ਉਸਦੀਆਂ ਬਰਸੀਆਂ ਮਨਾਇਆ ਜਾਂਦੀਆਂ ਹਨ? ਜੇ ਟਕਸਾਲੀ ਲੀਡਰਾਂ ਨੂੰ ਇਹ ਪਤਾ ਸੀ ਕਿ ਬਾਬਾ ਝੂਠ ਬੋਲਦਾ ਹੈ ਤਾਂ ਫਿਰ ਉਨ੍ਹਾਂ 21 ਸਾਲ ਜ਼ੁਬਾਨ ਕਿਉਂ ਨਾ ਖੋਲੀ? ਜੇ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਬਾਬਾ ਝੂਠ ਬੋਲਦਾ ਹੈ ਤਾਂ ਫਿਰ ਠਾਕੁਰ ਸਿੰਘ ਦੀ ਮੌਤ ਤੋਂ ਬਾਅਦ ਬਾਬੇ ਧੁੰਮੇ ਨੂੰ ਕਿਹੜੀ ਅਕਾਸ਼ਬਾਣੀ ਹੋਈ ਸੀ ਕਿ ਬਾਬਾ ਝੂਠ ਬੋਲਦਾ ਸੀ ਤੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਹੋ ਗਏ ਸਨ?

  5. ਸੰਗਤ ਜੀ, ਇਹ ਸਾਧ ਉਸੇ ਸੰਤ ਸਮਾਜ ਦਾ ਬੁਲਾਰਾ ਹੈ, ਜਿਸਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦੇ ਮੁਕਾਬਲੇ ਤੇ ਸਿੱਖ ਕੌਮ ਵਿੱਚ ਦੁਬਧਾ ਖੜੀ ਕਰਨ ਤੇ ਸਿੱਖ ਕੌਮ ਨੂੰ ਵੰਡਣ ਲਈ ਆਰ. ਐਸ. ਐਸ. ਦੇ ਇਸ਼ਾਰੇ ਤੇ ਆਪਣੀ ਵੱਖਰੀ ਸੰਤ ਸਮਾਜ ਦੀ ਮਰਿਯਾਦਾ ਬਣਾਈ ਹੋਈ ਹੈ? ਹੁਣ ਇਨ੍ਹਾਂ ਦੇ ਚੇਲੇ ਸੰਗਤੀ ਗੁਰਦੁਆਰਿਆਂ ਵਿੱਚ ਵੀ ਸਾਧਾਂ ਦੀ ਮਰਿਯਾਦਾ ਧੱਕੇ ਨਾਲ ਲਾਗੂ ਕਰ ਰਹੇ ਹਨ? ਸੰਗਤ ਨੂੰ ਜਾਗਣ ਤੇ ਇਨ੍ਹਾਂ ਵਿਰੁੱਧ ਖੜੇ ਹੋਣ ਦੀ ਲੋੜ ਹੈ?

  6. ਇਹ ਸਾਧ ਵੀ ਹੋਰ ਅਖੌਤੀ ਸਾਧਾਂ ਵਾਂਗ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਕਰਕੇ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਦਾ ਹੈ, ਅਖੰਡ ਪਾਠ ਕਰਦਾ ਹੈ, ਸੰਥਿਆ ਦਿੰਦਾ ਹੈ, ਜਦਕਿ ਪੰਥਕ ਮਰਿਯਾਦਾ ਵਿੱਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਾਂ ਉਸ ਵਾਂਗ ਕਿਸੇ ਕਿਤਾਬ ਜਾਂ ਗ੍ਰੰਥ ਦਾ ਪ੍ਰਕਾਸ਼ ਕਰਨਾ ਮਨਮਤਿ ਹੈ? ਪਰ ਇਹ ਸਾਧ ਹਰ ਉਹ ਮਨਮਤਿ ਕਰਦੇ ਹਨ ਤੇ ਆਪਣੇ ਚੇਲਿਆਂ ਨੂੰ ਕਰਨ ਲਈ ਕਹਿੰਦੇ ਹਨ, ਜਿਸ ਤੋਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਰੋਕ ਰਹੇ ਹਨ?

7. ਇਸ ਸਾਧ ਦੀ ਇਕ ਵੀਡੀਉ ਦੇਖੀ ਜਾ ਸਕਦੀ ਹੈ, ਜਿਸ ਵਿੱਚ ਇਹ ਸਿੱਖ ਬੀਬੀਆਂ ਬਾਰੇ ਬੜੀ ਘਟੀਆ ਸ਼ਬਦਾਵਲੀ ਵਰਤਦਾ ਹੈ, ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਬੀਬੀਆਂ ਨੂੰ ਸਮਾਜ ਵਿੱਚ ਬਰਾਬਰ ਸਥਾਨ ਦੇਣ ਲਈ ਆਵਾਜ ਬੁਲੰਦ ਕਰ ਰਹੇ ਹਨ। ਇਹ ਸਾਧ ਬੀਬੀਆਂ ਨੂੰ ਉਸੇ ਤਰ੍ਹਾਂ ਅਪਵਿੱਤਰ ਹੋਣ ਦਾ ਹੋਕਾ ਦਿੰਦਾ ਹੈ ਜਿਵੇਂ ਪੰਡਿਤ ਬੀਬੀਆਂ ਤੇ ਸ਼ੂਦਰਾਂ ਨੂੰ ਨੀਵੇਂ ਤੇ ਅਪਵਿੱਤਰ ਕਹਿ ਕੇ ਭਿੱਟ ਹੋਣ ਦਾ ਹੋਕਾ ਦਿੰਦਾ ਸੀ?

8. ਇਹ ਸਾਧ ਆਪਣੀ ਇੱਕ ਹੋਰ ਵੀਡੀਉ ਵਿੱਚ ਗੱਪ ਮਾਰਦਾ ਹੋਇਆ ਕਹਿੰਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਆਦਿ ਸਿੱਖ ਕੌਮ ਦੇ ਮਹਾਨ ਸ਼ਹੀਦ ਹਿਮਾਚਲ ਦੀਆਂ ਪਹਾੜੀਆਂ ਵਿੱਚ ਬਣੀ ਇੱਕ ਸੁਰੰਗ ਵਿੱਚ ਭੁਤ ਬਣ ਕੇ ਲੁਕ ਕੇ ਰਹਿ ਰਹੇ ਹਨ?

 

 

9. ਇਹ ਸਾਧ ਆਪਣੀਆਂ ਗੱਪਾਂ ਲਈ ਬੜਾ ਮਸ਼ਹੂਰ ਹੈ, ਇਸਨੇ ਇੱਕ ਹੋਰ ਵੀਡੀਉ ਵਿੱਚ ਪਾਥੀਆਂ (ਪਸ਼ੂਆਂ ਦਾ ਗੰਦ ਗੋਹਾ) ਤੋਂ ਵੀ ਸਿਮਰਨ ਕਰਾਇਆ ਹੋਇਆ ਹੈ?

ਆਓ ਰਲ-ਮਿਲ ਕੇ ਅਜਿਹੇ ਪਾਖੰਡੀ ਸਾਧਾਂ ਦਾ ਤੇ ਉਨ੍ਹਾਂ ਦੇ ਅੰਧ-ਵਿਸ਼ਵਾਸ਼ੀ ਚੇਲਿਆਂ ਦਾ ਵਿਰੋਧ ਕਰੀਏ ਤਾਂ ਕਿ ਇਹ ਗੁਰਮਤਿ ਨੂੰ ਆਪਣੀ ਬ੍ਰਾਹਮਣੀ ਮਨਮਤਿ ਨਾਲ ਪਲੀਤ ਨਾ ਕਰ ਸਕਣ।ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਅਜਿਹੇ ਸਾਧਾਂ ਨੂੰ ਮਨਮਤਿ ਦਾ ਪ੍ਰਚਾਰ ਕਰਨ ਲਈ ਸੱਦਦੇ ਹਨ, ਉਨ੍ਹਾਂ ਦਾ ਬੋਰੀ ਬਿਸਤਰਾ ਗੁਰਦੁਆਰਿਆਂ ਵਿੱਚੋਂ ਗੋਲ ਕਰਨ ਲਈ ਵੀ ਲਾਮਬੰਦ ਹੋਈਏ।

ਧੰਨਵਾਦ!

- ਪਾਖੰਡੀ ਸਾਧਾਂ ਵਿਰੋਧੀ ਜਾਗਰਤੀ ਲਹਿਰ (ਟਰਾਂਟੋ, ਕਨੇਡਾ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top