Share on Facebook

Main News Page

28ਵਾਂ ਘੱਲੂਘਾਰਾ ਦਿਵਸ ਸਮਾਗਮ ਨਾਹਰੇਬਾਜ਼ੀ ਅਤੇ ਤਿੱਖੇ ਮਤਭੇਦਾਂ ਦੀ ਭੇਂਟ ਚੜ੍ਹਿਆ

ਅੰਮ੍ਰਿਤਸਰ, (ਗੁਰਿੰਦਰ ਸਿੰਘ) : ਅੱਜ ਇਥੇ ਹੋਇਆ 28ਵਾਂ ਘੱਲੂਘਾਰਾ ਦਿਵਸ ਸਮਾਗਮ ਨਾਹਰੇਬਾਜ਼ੀ ਅਤੇ ਤਿੱਖੇ ਮਤਭੇਦਾਂ ਦੀ ਭੇਂਟ ਚੜ੍ਹ ਗਿਆ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸਾਕਾ ਨੀਲਾ ਤਾਰਾ ਦੀ ਯਾਦਗਾਰ ਦੀ ਸੇਵਾ ਭਾਈ ਹਰਨਾਮ ਸਿੰਘ ਧੁੰਮਾ ਨੂੰ ਸੌਂਪੇ ਜਾਣ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ।

ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਜੁੜੇ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂ ਅਪਣੀ-ਅਪਣੀ ਸੁਰ ਅਲਾਪਦੇ ਨਜ਼ਰ ਆਏ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ, ਅਕਾਲੀ ਦਲ ਦੇ ਕੁੱਝ ਆਗੂਆਂ ਅਤੇ ਦਰਬਾਰ ਸਾਹਿਬ ’ਤੇ ਹਮਲਾਵਰ ਹੋ ਕੇ ਆਈ ਫ਼ੌਜ ਨੂੰ ਕਰਾਰੀ ਟੱਕਰ ਦੇਣ ਵਾਲੇ ਗਿਣਤੀ ਦੇ ਜ਼ਿੰਦਾ ਬਚੇ ਜਾਂਬਾਜ਼ ਯੋਧਿਆਂ ਨੇ ਇਸ ਕਹਿਰੀ ਸਾਕੇ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਭੁਝੰਗੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਜੂਨ 1984 ਵਿਚ ਤਤਕਾਲੀਨ ਕੇਂਦਰ ਸਰਕਾਰ ਵਲੋਂ ਅਪਣੇ ਹੀ ਦੇਸ਼ ਦੀ ਫ਼ੌਜ ਕੋਲੋਂ ਹਮਲਾ ਕਰਵਾ ਕੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿਤਾ ਤੇ ਹਜ਼ਾਰਾਂ ਬੇਦੋਸ਼ੇ ਸਿੰਘ-ਸਿੰਘਣੀਆਂ ਨੂੰ ਸ਼ਹੀਦ ਕਰ ਦਿਤਾ ਸੀ। ਭਾਰਤੀ ਫ਼ੌਜ ਵਲੋਂ ਕੀਤੀ ਇਸ ਕਾਰਵਾਈ ਦਾ ਡੱਟ ਕੇ ਵਿਰੋਧ ਕਰਦੇ ਹੋਏ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਜਨਰਲ ਸੁਬੇਗ ਸਿੰਘ ਦੀ ਅਗਵਾਈ ਵਿਚ ਸੈਂਕੜੇ ਜੁਝਾਰੂ ਸਿੰਘ ਸ਼ਹੀਦ ਹੋ ਗਏ। ਸ਼ਹੀਦ ਹੋਏ ਉਨ੍ਹਾਂ ਸਿੰਘਾਂ ਦੀ 28ਵੀਂ ਯਾਦ ਨੂੰ ਸਮਰਪਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਕਾਲ ਤਖ਼ਤ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਸੱਚਖੰਡ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲਿਆਂ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਤੇ ਅਰਦਾਸ ਗਿਆਨੀ ਜਸਵਿੰਦਰ ਸਿੰਘ ਹੈ¤ਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵਲੋਂ ਕੀਤੀ ਗਈ।

ਇਸ ਉਪਰੰਤ ਹੁਕਮਨਾਮਾਂ ਗਿਆਨੀ ਗੁਰਮੁਖ ਸਿੰਘ ਹੈ¤ਡ ਗ੍ਰੰਥੀ ਅਕਾਲ ਤਖ਼ਤ ਸਾਹਿਬ ਨੇ ਲਿਆ। ਇਸ ਮੌਕੇ ਜੁੜੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਦੇਸ਼ ਦੇਂਦਿਆਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਸਮੇਂ ਭਗਤੀ ਤੇ ਸ਼ਕਤੀ ਦੇ ਕੇਂਦਰ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਪਵਿੱਤਰਤਾ ਕਾਇਮ ਰਖਦਿਆਂ ਸ਼ਹੀਦ ਹੋਏ ਕੌਮੀ ਪਰਵਾਨਿਆਂ ਦੀ ਸਿਮਰਤੀ ਵਿਚ ਪੰਥਕ ਜਜ਼ਬੇ ਨਾਲ ਸ਼ਰਧਾ ਸਹਿਤ 28ਵਾਂ ਘੱਲੂਘਾਰਾ ਦਿਵਸ ਮਨਾਉਣ ਲਈ ਇਕੱਤਰ ਹੋਏ ਗੁਰੂ ਪਿਆਰੇ ਖ਼ਾਲਸਾ ਜੀ, ਵਕਤ ਦੇ ਜਾਬਰ ਹੁਕਮਰਾਨਾਂ ਨੇ ਸਾਡੀ ਹੋਂਦ, ਹਸਤੀ ਤੇ ਪਛਾਣ ਨੂੰ ਮਲੀਆਮੇਟ ਕਰਨ ਦਾ ਨਾਪਾਕ ਯਤਨ ਕੀਤਾ। ਉਨ੍ਹਾਂ ਕਿਹਾ ਕਿ ਇਹ ਵੀ ਹਕੀਕਤ ਹੈ ਕਿ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਅਪਣੇ ਸਿਰਜਨਾ ਕਾਲ ਤੋਂ ਲੈ ਕੇ ਅਤਿਆਚਾਰੀ ਅਤੇ ਅਨਿਆਕਾਰੀ ਹਾਕਮਾਂ ਦੀਆਂ ਅੱਖਾਂ ਵਿਚ ਰੜਕਦੇ ਆਏ ਹਨ। ਉਨ੍ਹਾਂ ਅਕਾਲ ਤਖ਼ਤ ਤੋਂ ਜਾਰੀ ਸੰਦੇਸ਼ ਵਿਚ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਸਿਰਜਿਆ ਅਕਾਲ ਤਖ਼ਤ ਸਾਹਿਬ ਸਾਡੇ ਪੁਰਖਿਆਂ ਦੀ ਇਤਿਹਾਸਕ ਸ਼ਕਤੀ ਤੇ ਫ਼ਤਹਿ ਦਾ ਅਲੰਬਰਦਾਰ ਹੈ। ਸਾਡੇ ਧਰਮਵੀਰ ਬਹਾਦਰ ਸੂਰਬੀਰਾਂ ਨੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੋਂ ਅਗਵਾਈ ਲੈ ਕੇ ਸਦਾ ਹੀ ਅਪਣਾ ਸ਼ਾਨਾਮੱਤਾ ਗੌਰਵਮਈ ਇਤਿਹਾਸ ਸਿਰਜਿਆ ਹੈ। ਸਮੁੱਚੀ ਮਾਨਵਤਾ ਦੇ ਕਲਿਆਣ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਸਿੱਖ ਪੰਥ ਦਾ ਮਹਾਨ ਸਿਧਾਂਤ ਹੈ। ਸਿੱਖ ਪੰਥ ਸਮਾਜਕ ਬੁਰਾਈਆਂ ਤੇ ਮਨੁੱਖੀ ਗੁਲਾਮੀ ਵਿਰੁਧ ਸੱਚ ਲਈ ਸਦਾ ਹੀ ਜੀਅ ਜਾਨ ਨਾਲ ਜੂਝਿਆ ਤੇ ਜੂਝਦਾ ਰਹੇਗਾ।

ਉਨ੍ਹਾਂ ਕਿਹਾ ਕਿ ਗੁਰੂ ਦੇ ਸਿੱਖਾਂ ਨੇ ਉ¤ਚੇ ਸੁੱਚੇ ਸਿੱਖੀ ਸਿਧਾਂਤਾਂ ਲਈ ਹਰ ਕੁਰਬਾਨੀ ਦਿਤੀ ਹੈ ਕਿਉਂਕਿ ਸੂਰਬੀਰ ਯੋਧਿਆਂ ਦਾ ਧਰਮ ਲਈ ਕੁਰਬਾਨ ਹੋਣਾ ਮੁਢਲਾ ਅਧਿਕਾਰ ਹੈ, ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥’ ਹਰ ਸਾਲ 6 ਜੂਨ ਦਾ ਦਿਨ ਸਮੁੱਚੇ ਪੰਥ ਨੂੰ ਭਾਰਤ ਸਰਕਾਰ ਦੀ ਉਸ ਗਿਣੀ- ਮਿੱਥੀ ਚਾਲ ਤੇ ਘਿਨਾਉਣੀ ਘਟਨਾ ਦੀ ਕੌੜੀ ਯਾਦ ਦਿਵਾਉਂਦਾ ਹੈ ਜਦ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਤਰ ਹੋਏ ਹਜ਼ਾਰਾਂ ਸ਼ਰਧਾਲੂ, ਬੀਬੀਆਂ ਤੇ ਬੱਚੇ ਗੋਲੀਆਂ ਨਾਲ ਭੁੰਨ ਦਿਤੇ ਗਏ। ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਪੈਗ਼ਾਮ ਦੇਣ ਵਾਲੇ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਧਾਮਾਂ ਉਤੇ ਅਪਣੇ ਹੀ ਦੇਸ਼ ਦੀ ਸਰਕਾਰ ਵਲੋਂ ਫ਼ੌਜੀ ਹਮਲਾ ਕੀਤਾ ਗਿਆ। ਇਹ ਜਬਰ ਤੇ ਜ਼ੁਲਮ ਦੀ ਅੱਤ ਸੀ। ਉਨ੍ਹਾਂ ਸੰਦੇਸ਼ ਜਾਰੀ ਰਖਦਿਆਂ ਕਿਹਾ ਕਿ ਇਸ ਨਾਲ ਦਿੱਲੀ ਦੇ ਤਾਨਾਸ਼ਾਹ ਤਾਜਦਾਰਾਂ ਪ੍ਰਤੀ ਸਮਾਜ ਵਿਚ ਘ੍ਰਿਣਾ ਤੇ ਨਫ਼ਰਤ ਪੈਦਾ ਹੋਈ ਅਤੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਮੂਹ ਮਰਜੀਵੜਿਆਂ ਪ੍ਰਤੀ ਸ਼ਰਧਾ ਤੇ ਕੌਮੀ ਜਜ਼ਬਾ ਹੋਰ ਪ੍ਰਚੰਡ ਹੋਇਆ। ਸੱਚ ਦੀ ਸਦਾ ਜਿੱਤ ਹੁੰਦੀ ਹੈ ਅਤੇ ਤੁਸੀਂ ਦੇਖ ਰਹੇ ਹੋ ਕਿ ਖ਼ਾਲਸਾ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਪੰਥ ਦਰਦੀਆਂ ਦੇ ਸਹਿਯੋਗ ਨਾਲ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਸਦੀਵੀ ਯਾਦ ਸਥਾਪਤ ਕਰਦਿਆਂ ਸ਼ਹੀਦੀ ਯਾਦਗਾਰ ਦਾ ਨਿਰਮਾਣ ਕਰਨ ਲਈ 20 ਮਈ, 2012 ਨੂੰ ਸ਼ੁਭ ਆਰੰਭ ਕੀਤਾ ਗਿਆ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਅਗਵਾਈ ਲੈ ਕੇ ਧਰਮ-ਕਰਮ ਵਿਚ ਪ੍ਰਪੱਕ ਹੋਣਗੀਆਂ।

ਜੂਨ 1984 ਵਿਚ ਹੀ ਬਹੁਤ ਸਾਰੇ ਨਿਰਦੋਸ਼ ਗੁਰਸਿੱਖਾਂ ਨੂੰ ਫੜ ਕੇ ਕਾਲ ਕੋਠੜੀਆਂ ਵਿਚ ਬੰਦੀ ਬਣਾਇਆ ਗਿਆ ਜਿਨ੍ਹਾਂ ਵਿਚੋਂ ਕੁੱਝ ਨੂੰ ਦਹਾਕਿਆਂ ਬਾਅਦ ਰਿਹਾਅ ਕੀਤਾ ਗਿਆ ਪਰ ਅਜੇ ਵੀ ਬਹੁਤ ਸਾਰੇ ਧਰਮੀ ਜੀਉੜੇ ਗੁਰਸਿੱਖ ਕਾਲ ਕੋਠੜੀਆਂ ਵਿਚ ਕੈਦ ਹਨ ਜਿਨ੍ਹਾਂ ’ਤੇ ਸਮੇਂ ਦੀ ਸਰਕਾਰ ਵਲੋਂ ਨਾ ਤਾਂ ਕੋਈ ਮੁਕੱਦਮਾ ਚਲਾਇਆ ਜਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਅੱਜ ਲੋੜ ਹੈ ਕਿ ਅਸੀਂ ਜਾਤੀ ਤੇ ਜਮਾਤੀ ਤੌਰ ’ਤੇ ਸਰਕਾਰ ’ਤੇ ਦਬਾਅ ਪਾ ਕੇ ਇਨ੍ਹਾਂ ਨਿਰਦੋਸ਼ ਧਰਮੀ ਸਿੱਖਾਂ ਨੂੰ ਰਿਹਾਅ ਕਰਵਾ ਸਕੀਏ। ਉਨ੍ਹਾਂ ਕਿਹਾ ਕਿ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਸੰਗਤੀ ਰੂਪ ਵਿਚ ਕੁੱਝ ਪ੍ਰਣ ਕਰੀਏ ਕਿ ਸਮੂਹ ਮਾਈ ਭਾਈ ਅਪਣੇ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਨ। ਅਸੀਂ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈ ਕੇ ਪੰਥਕ ਰਹਿਤ ਮਰਯਾਦਾ ਉਪਰ ਪਹਿਰਾ ਦਿੰਦੇ ਹੋਏ, ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਜੀਵਨ ਗੁਜ਼ਾਰੀਏ। ਸਿੱਖ ਪੰਥ ਇਕ ਬਾਗ਼ ਵਾਂਗ ਹੈ, ਇਸ ਲਈ ਸਮੂਹ ਸੰਪਰਦਾਵਾਂ, ਟਕਸਾਲਾਂ, ਨਿਰਮਲੇ, ਉਦਾਸੀ, ਸਟੱਡੀ ਸਰਕਲ, ਮਿਸ਼ਨਰੀ ਵੀਰ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਆਪਸੀ ਸਾਂਝ ਨੂੰ ਵਧਾਉਣ ਦੇ ਪਰਪੱਕ ਹੋਣ ਤਾਕਿ ਸਾਡੀ ਸ਼ਕਤੀ ਅੱਗੇ ਧਰਮ ਦੋਖੀ ਤਾਕਤਾਂ ਸ਼ਕਤੀਹੀਣ ਹੋ ਜਾਣ। ਉਨ੍ਹਾਂ ਮੌਕੇ ਦੇ ਹਾਲਾਤ ਬਾਰੇ ਕਿਹਾ ਕਿ ਨਸ਼ੇ-ਪਤਿਤਪੁਣਾ, ਭਰੂਣ ਹਤਿਆ ਅਤੇ ਦੇਹਧਾਰੀ ਗੁਰੂਡੰਮ ਜਾਂ ਹੋਰ ਸਮਾਜਕ ਬੁਰਾਈਆਂ ਸੱਭ ਦੂਰ ਹੋ ਜਾਣਗੀਆਂ ਜੇ ਹਰ ਸਿੱਖ ਅਪਣੀ ਸੁਰਤ ਨੂੰ ਬਲਵਾਨ ਕਰੇ। ਕਿਰਤ ਕਰੋ-ਨਾਮ ਜਪੋ-ਵੰਡ ਛਕੋ ਇਸ ਦਾ ਅਧਾਰ ਹੈ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ ਆਦਿ ਇਸ ਤੋਂ ਵੱਡਾ ਸੁਰਤ ਲਈ ਥੰਮ੍ਹ ਕੋਈ ਨਹੀਂ। ਸੇਵਾ-ਸਿਮਰਨ, ਬਾਣੀ-ਬਾਣਾ, ਸ਼ਰਧਾ-ਭਾਵਨਾ ਸੁਰਤ ਨੂੰ ਡੋਲਣ ਨਹੀਂ ਦੇਣਗੇ। ਇਹੀ ਆਪੇ ਦੀ ਪਛਾਣ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top