Share on Facebook

Main News Page

ਮਨੁੱਖੀ ਅਧਿਕਾਰਾਂ ਸਬੰਧੀ ਭਾਰਤ ਸਰਕਾਰ ਦੇ ਦੋਹਰੇ ਮਾਪਢੰਡ ਦੁਨੀਆਂ ਸਾਹਮਣੇ ਆਏ: ਭਾਈ ਦਲਜੀਤ ਸਿੰਘ ਬਿੱਟੂ

ਲੁਧਿਆਣਾ, (ਸਿੱਖ ਸਿਆਸਤ): ਜਨੇਵਾ ਵਿਚ ਯੂਨਾਈਟਿਡ ਨੇਸ਼ਨਜ਼ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਸਾਲਾਨਾ ਵਿਸ਼ਲੇਸ਼ਣ ਦੌਰਾਨ ਭਾਰਤ ਵਲੋਂ ਫੌਜਾਂ ਨੂੰ ਵਿਸ਼ੇਸ਼ ਸ਼ਕਤੀਆਂ, ਫਿਰਕੂ ਹਿੰਸਾ, ਜਬਰੀ ਗੁੰਮਸ਼ੁਦਗੀਆਂ, ਬਾਲ-ਮਜਦੂਰੀ ਅਤੇ ਮੌਤ ਦੀ ਸਜ਼ਾ ਬਾਰੇ ਕੋਈ ਸਪੱਸ਼ਟ ਜਵਾਬ ਨਾ ਦੇਣ ਕਾਰਣ ਯੂਨਾਈਟਿਡ ਨੇਸ਼ਨਜ਼ ਸਾਹਮਣੇ ਸ਼ਰਮਸ਼ਾਰ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਭਾਰਤ ਆਪਣੇ ਜਨਮ ੧੯੪੭ ਤੋਂ ਲੈ ਕੇ ਹੀ ਲਗਾਤਾਰ ਦਿਖਾਵੇ ਲਈ ਲੋਕਤੰਤਰ ਤੇ ਧਰਮ ਨਿਰਪੱਖ ਹੋਣ ਦਾ ਢੌਂਗ ਰਚੀ ਬੈਠਾ ਹੈ ਪਰ ਬ੍ਰਾਹਮਣਵਾਦੀ ਰਾਜ ਵਲੋਂ ਹਮੇਸ਼ਾ ਹੀ ਘੱਟਗਿਣਤੀਆਂ, ਦਲਿਤਾਂ, ਔਰਤਾਂ ਤੇ ਪਛੜੇ ਵਰਗਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ਜੂਨ ੮੪ ਘੱਲੂਘਾਰੇ ਦੀ ੨੮ਵੀਂ ਸਾਲਾਨਾ ਯਾਦ ਵਿਚ ਪਰਗਟਾਏ।

ਜਿਕਰਯੋਗ ਹੈ ਕਿ ਜਨੇਵਾ (ਸਵਿਟਜ਼ਰਲੈਂਡ) ਵਿਚ ਮਨੁੱਖੀ ਅਧਿਕਾਰਾਂ ਸਬੰਧੀ ਦੂਜੇ ਕੌਮਾਂਤਰੀ ਨਿਸਚਤ-ਕਾਲ ਵਿਸ਼ਲੇਸ਼ਣ ਦੌਰਾਨ ੮੦ ਮੈਂਬਰ ਦੇਸ਼ਾਂ ਵਲੋਂ ਕੀਤੀਆਂ ੧੬੯ ਸਿਫਾਰਸ਼ਾਂ ਵਿਚੋਂ ਕਿਸੇ ਇਕ ਬਾਰੇ ਵੀ ਭਾਰਤ ਨੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।ਇਹਨਾਂ ਸਵਾਲਾਂ ਵਿਚ ਪਰਮੁੱਖ ਤੌਰ 'ਤੇ ਫੌਜਾਂ ਨੂੰ ਵਿਸ਼ੇਸ਼ ਸ਼ਕਤੀਆਂ ਐਕਟ ਨੂੰ ਮੁੜ-ਵਿਚਾਰ ਕੇ ਖਤਮ ਕਰਨਾ, ਜਬਰੀ ਲਾਪਤਾ ਕਰਨ ਤੇ ਤਸ਼ੱਦਦ ਬਾਰੇ ਕਾਨੂੰਨਾਂ ਵਿਚ ਸੁਧਾਰ ਲਿਆਉਂਣਾ, ਮੌਤ ਦੀ ਸਜ਼ਾ ਖਤਮ ਕਰਨੀ, ਧਰਮ-ਪਰਵਰਤਨ ਵਿਰੋਧੀ ਕਾਨੂੰਨ ਤੇ ਬਾਲ-ਮਜਦੂਰੀ ਨੂੰ ਖਤਮ ਕਰਨਾ ਸ਼ਾਮਲ ਹੈ।

ਉਹਨਾਂ ਕਿਹਾ ਕਿ ਇਕ ਪਾਸੇ ਤਾਂ ਜਨੇਵਾ ਵਿਚ ਭਾਰਤ ਦਾ ਨੁੰਮਾਇੰਦਾ ਪਿਛਲੇ ਸਮੇਂ ਵਿਚ ਸੀਰੀਆ ਦੀ ਸਰਕਾਰ ਵਲੋਂ ਹਓਲਾ ਵਿਚ ਕੀਤੇ ਕਤਲੇਆਮ ਨੂੰ ਨਿੰਦਦੇ ਹੋਏ ਕੌਮਾਂਤਰੀ ਸੰਸਥਾਵਾਂ ਵਲੋਂ ਜਾਂਚ ਕਰਨ ਦੇ ਬਿਆਨ ਦਾਗ ਰਿਹਾ ਹੈ ਪਰ ਦੂਜੇ ਪਾਸੇ ੧੯੮੪ ਵਿਚ ਸਿੱਖਾਂ ਦਾ ਕਤਲੇਆਮ ੨੦੦੨ ਵਿਚ ਗੁਜਰਾਤ ਵਿਚ ਮੁਸਲਾਮਾਨਾਂ ਦਾ ਕਤਲੇਆਮ ਤੇ ੨੦੦੪ ਵਿਚ ਉੜੀਸਾ ਵਿਚ ਇਸਾਈਆਂ ਦਾ ਕਤਲੇਆਮ ਸਪੱਸ਼ਟ ਰੂਪ ਵਿਚ ਸਟੇਟ ਦੀ ਸਰਪ੍ਰਸਤੀ ਹੇਠ ਕੀਤਾ ਗਿਆ ਪਰ ਭਾਰਤ ਸਰਕਾਰ ਵਲੋਂ ਜਾਣ-ਬੁਝ ਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਵੱਡੇ ਅਹੁਦਿਆਂ ਨਾਲ ਨਿਵਾਜ਼ਿਆ ਗਿਆ ਹੈ।

ਉਹਨਾਂ ਕਿਹਾ ਕਿ ਭਾਰਤ ਸਰਕਾਰ ਸੀਰੀਆ ਸਰਕਾਰ ਵਲੋਂ ੧੦੦ ਦੇ ਕਰੀਬ ਆਮ ਸ਼ਹਿਰੀਆਂ ਨੂੰ ਮਾਰਨ ਵਿਰੁੱਧ ਆਪਣਾ ਰੋਸ ਤਾਂ ਪਰਗਟ ਕਰ ਰਹੀ ਹੈ ਪਰ ਸ਼ਰਮ ਦੀ ਗੱਲ ਹੈ ਕਿ ਭਾਰਤ ਅੱਜ ਤੋਂ ੨੮ ਸਾਲ ਪਹਿਲਾਂ eਲਮਿਨਿaਟਿਨ ਨੀਤੀ ਤਹਿਤ ਕੀਤੇ ਲੱਖਾਂ ਕਤਲਾਂ ਤੇ ਅੱਜ aਸਸਮਿਲਿaਟਿਨ ਨੀਤੀ ਤਹਿਤ ਸਿੱਖਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਪ੍ਰਤੀ ਸਾਜ਼ਿਸ਼ੀ ਚੁੱਪ ਧਾਰੀ ਬੈਠਾ ਹੈ।

ਭਾਈ ਬਿੱਟੂ ਨੇ ਪਿਛਲੇ ਸਮੇਂ ਅਫਰੀਕੀ ਮੁਲਕ ਲਾਇਬੇਰੀਆ ਵਿਚ ਆਪਣੇ ਹੀ ਲੋਕਾਂ ਦਾ ਘਾਤ ਕਰਨ ਵਾਲੇ ਸਾਬਕਾ ਰਾਸ਼ਰਟਪਤੀ ਚਾਰਲਸ ਟੇਲਰ ਨੂੰ ਕੌਮਾਂਤਰੀ ਨਿਆਂ ਅਦਾਲਤ ਵਲੋਂ ੫੦ ਸਾਲ ਦੀ ਸਜ਼ਾ ਦੇਣ ਉੱਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਕੌਮਾਂਤਰੀ ਨਿਆਂ ਅਦਾਲਤ ਵਲੋਂ ਅਜਿਹੇ ਤਾਨਾਸ਼ਾਹ ਨੂੰ ਮਨੁੱਖਤਾ ਖਿਲਾਫ ਅਪਰਾਧ ਦਾ ਦੋਸ਼ੀ ਮੰਨਦੇ ਹੋਏ ਸਜ਼ਾ ਦੇਣੀ ਸ਼ਲਾਘਾਯੋਗ ਹੈ ਪਰ ਅਸੀਂ ਅਦਾਲਤ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣਾ ਘੇਰਾ ਵਿਸ਼ਾਲ ਕਰਦੇ ਹੋਏ ਭਾਰਤ ਵਰਗੇ ਅਖੌਤੀ ਲੋਕਤੰਤਰ ਮੁਲਕ ਵਿਚ ਵੱਖ-ਵੱਖ ਕੌਮਾਂ ਦੇ ਲੋਕਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਵੀ ਮਿਸਾਲੀ ਸਜ਼ਾਵਾਂ ਦੇਣ ਜਿਵੇ ਕਿ ੧੯੮੪ ਤੋਂ ਲੈ ਕੇ ਹੁਣ ਤੱਕ ਭਾਰਤ ਸਰਕਾਰ ਦੀਆਂ ਨੀਤੀਆਂ ਤਹਿਤ ਸਿੱਖਾਂ ਦੇ ਕਤਲ ਤੇ ਬਲਾਤਕਾਰ ਕੀਤੇ ਗਏ, ੧੯੯੨ ਤੋਂ ਮੁਸਲਮਾਨਾਂ ਤੇ ੨੦੦੪ ਤੋਂ ਇਸਾਈਆਂ ਨੂੰ ਇਕ ਸਾਜ਼ਿਸ਼ ਤਹਿਤ ਕਤਲ ਕੀਤਾ ਜਾ ਰਿਹਾ ਹੈ ਜਿਹਨਾਂ ਲਈ ਨਰਿੰਦਰ ਮੋਦੀ, ਐਲ.ਕੇ.ਅਡਵਾਨੀ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕੇ.ਪੀ. ਐੱਸ ਗਿੱਲ, ਸੁਮੇਧ ਸੈਣੀ ਵਰਗੇ ਨੇਤਾ ਤੇ ਪੁਲਸ ਅਫਸਰ ਸ਼ਾਮਲ ਹਨ।

ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸਰਬੱਤ ਦੇ ਭਲੇ ਵਾਲੇ ਵਿਲੱਖਣ ਸਿੱਖ ਸੱਭਿਆਚਾਰ ਨੂੰ ਖਤਮ ਕਰਕੇ ਬ੍ਰਾਹਮਣਵਾਦੀ ਗਲਬੇ ਹੇਠ ਲਿਆਉਂਣ ਲਈ ਯਤਨ ਜਾਰੀ ਹਨ ਅਤੇ ਅਸੀਂ ਕੌਮਾਂਤਰੀ ਭਾਈਚਾਰੇ ਤੇ ਯੁਨਾਈਟਿਡ ਨੇਸ਼ਨਜ਼ ਨੂੰ ਅਪੀਲ ਕਰਦੇ ਹਾਂ ਕਿ ਭਾਰਤੀ ਉਪ-ਮਹਾਂਦੀਪ ਵਿਚ ਵਸਦੇ ਸੱਭਿਆਚਾਰਾਂ ਨੂੰ ਵੱਖਰੀ ਭੂਗੋਲਿਕ ਤੇ ਸਿਆਸੀ ਮਾਨਤਾ ਦੇ ਕੇ ਉਹਨਾਂ ਨੂੰ ਦੁਨੀਆਂ ਵਿਚ ਆਦਰ-ਸਤਿਕਾਰ ਦਿਵਾ ਕੇ ਦੱਖਣੀ ਏਸ਼ੀਆ ਵਿਚ ਸ਼ਾਂਤੀ ਦਾ ਰਾਹ ਖੋਲਿਆ ਜਾਵੇ।

ਜਾਰੀ ਕਰਤਾ:
ਜਸਪਾਲ ਸਿੰਘ ਮੰਝਪੁਰ
ਮੈਂਬਰ ਮੀਡੀਆ ਕਮੇਟੀ
ਅਕਾਲੀ ਦਲ ਪੰਚ ਪਰਧਾਨੀ
੦੦੯੧-੯੮੫-੫੪੦-੧੮੪੩


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top