Share on Facebook

Main News Page

ਜਿਹੜੇ ਰੱਬ ਦੇ ਨਿਯਮਾਂ ਨੂੰ ਨਹੀਂ ਸਮਝ ਸਕੇ ਉਹ ਰੱਬ ਨਾਲ ਸਾਂਝ ਕਿਵੇਂ ਪਾ ਸਕਦੇ ਹਨ?: ਭਾਈ ਸ਼ਿਵਤੇਗ ਸਿੰਘ

ਸਿੱਖਾਂ ਨੂੰ ਸ਼ਬਦ ਗੁਰੂ ਨਾਲੋਂ ਤੋੜ ਕੇ ਪੁਜਾਰੀਆਂ ਨਾਲ ਜੋੜਨ ਲਈ ਸਾਖੀਆਂ ਪ੍ਰਚੱਲਤ ਕੀਤੀਆਂ ਕਾਨ੍ਹਾ ਪੀਲੂ ਆਦਿ ਭਗਤ ਗੁਰੂ ਅਰਜੁਨ ਸਾਹਿਬ ਜੀ ਨੂੰ ਹੁਣ ਪੁਛਦੇ ਹੋਣਗੇ, ਸਤਿਗੁਰੂ ਜੀ ਤੁਸਾਂ ਤਾਂ ਸਾਡੀ ਰਚਨਾ ਨੂੰ ਕੱਚੀ ਦੱਸ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਨਾਲੋਂ ਤੱਤੀਆਂ ਤਵੀਆਂ ’ਤੇ ਬੈਠ ਕੇ ਸ਼ਹੀਦ ਹੋਣ ਨੂੰ ਤਰਜੀਹ ਦਿੱਤੀ ਸੀ ਪਰ ਹੁਣ ਤਾਂ ਤੇਰੇ ਲਾਡਲੇ ਸਿੱਖ ਤੇਰੀ ਗੋਦ ਵਿੱਚ ਬੈਠ ਕੇ ਹੀ ਕੱਚੀ ਰਚਨਾ ਪੜ੍ਹ ਰਹੇ ਹਨ

ਬਠਿੰਡਾ, 8 ਜੂਨ (ਕਿਰਪਾਲ ਸਿੰਘ): ਜਿਹੜੇ ਰੱਬ ਦੇ ਨਿਯਮਾਂ ਨੂੰ ਨਹੀਂ ਸਮਝ ਸਕੇ ਉਹ ਰੱਬ ਨਾਲ ਸਾਂਝ ਕਿਵੇਂ ਪਾ ਸਕਦੇ ਹਨ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਹੈੱਡ ਪ੍ਰਚਾਰਕ ਭਾਈ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਜਿਸ ਮਨੁੱਖ ਨੇ ਮਾਲਕ ਪ੍ਰਭੂ ਦਾ ਭੇਤ ਲਿਆ ਹੈ (ਕਿ ਉਸ ਨੂੰ ਕਿਵੇਂ ਪ੍ਰਸੰਨ ਕਰ ਸਕੀਦਾ ਹੈ) ਉਸ ਨਾਲ ਸਾਂਝ ਸਿਰਫ ਉਹ ਮਨੁਖ ਹੀ ਪਾ ਸਕਦਾ ਹੈ। ਗੁਰਬਾਣੀ ਵਿੱਚ ਇਹ ਵੀ ਦਰਜ ਹੈ ਕਿ ਮਾਲਕ ਪ੍ਰਭੂ ਦਾ ਭੇਤ ਸਿਰਫ ਉਹ ਸੇਵਕ ਜਨ ਹੀ ਪਾ ਸਕਦਾ ਹੈ ਜਿਸ ਨੇ ਉਸ ਦੇ ਹੁਕਮ ਨੂੰ ਪਛਾਣ ਲਿਆ।

ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥5॥9॥ (ਰਾਮਕਲੀ ਮ: 5 ਗੁ.ਗ੍ਰੰ.ਸਾ ਪੰਨਾ 885)

ਜਿਸ ਨੂੰ ਹੁਕਮ ਦੀ ਸਮਝ ਆ ਗਈ ਉਸ ਨੂੰ ਇਹ ਸੋਝੀ ਵੀ ਆ ਜਾਂਦੀ ਹੈ ਕਿ ਪ੍ਰਭੂ ਦੀ ਰਜ਼ਾ ਅਨੁਸਾਰ ਜੋ ਧੁਰੋਂ ਹੀ ਉਸ ਦੇ ਮੱਥੇ ’ਤੇ ਲਿਖਿਆ ਗਿਆ ਹੋਵੇ ਉਹ ਹੀ ਵਾਪਰਦਾ ਤੇ ਉਸ ਨੂੰ ਕੋਈ ਵੀ ਵਰ ਜਾਂ ਸਰਾਪ ਰਾਹੀਂ ਮੇਟ ਨਹੀਂ ਸਕਦਾ:

ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥5॥ (ਸਲੋਕ ਵਾਰਾਂ ਤੇ ਵਧੀਕ ਮ: 3, ਗੁ.ਗ੍ਰੰ.ਸਾ ਪੰਨਾ 1413)

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਪ੍ਰਭੂ ਦਾ ਹੁਕਮ ਕੀ ਹੈ? ਉਸ ਦੀ ਰਜ਼ਾ ਵਿੱਚ ਕਿਵੇਂ ਚੱਲਣਾ ਹੈ? ਇਹ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਬਾਣੀ ਦੇ ਰੂਪ ਵਿੱਚ ਦਰਜ ਕਰ ਦਿੱਤਾ ਹੈ। ਇਹ ਨਹੀਂ ਹੋ ਸਕਦਾ ਕਿ ਗੁਰੂ ਸਾਹਿਬ ਨੇ ਗੁਰਬਾਣੀ ਰਾਹੀਂ ਸਾਨੂੰ ਤਾਂ ਪ੍ਰਭੂ ਦੇ ਹੁਕਮ ਨੂੰ ਸਮਝਣ ਤੇ ਉਸ ਦੀ ਰਜ਼ਾ ਵਿੱਚ ਚੱਲਣ ਦੀ ਸਿਖਿਆ ਦਿਤੀ ਹੋਵੇ ਪਰ ਆਪ ਉਨ੍ਹਾਂ ਨੇ ਹੋਰ ਤਰ੍ਹਾਂ ਦਾ ਜੀਵਨ ਜੀਵਿਆ ਹੋਵੇ। ਜੇ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਸਮਝਣਾ ਹੋਵੇ ਤਾਂ ਉਹ ਸਾਖੀਆਂ ਵਿੱਚੋਂ ਨਹੀਂ ਉਨ੍ਹਾਂ ਦੀ ਬਾਣੀ ਵਿੱਚੋਂ ਸਮਝਣਾ ਪਏਗਾ। ਗੁਰੂ ਨਾਨਕ ਸਾਹਿਬ ਨੇ ਕਿਹੋ ਜਿਹਾ ਜੀਵਨ ਜੀਵਿਆ ਇਹ ਜਪੁਜੀ ਸਾਹਿਬ, ਆਸਾ ਕੀ ਵਾਰ ਅਤੇ ਸਿੱਧ ਗੋਸਟਿ ਬਾਣੀ ਵਿੱਚੋਂ ਸਮਝਣਾ ਪਏਗਾ। ਪਰ ਅਫਸੋਸ ਕਿ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਨੂੰ ਉਨ੍ਹਾਂ ਦੀ ਬਾਣੀ ਵਿੱਚੋਂ ਲੱਭਣ ਦੀ ਥਾਂ ਪੁਜਾਰੀ ਵਰਗ ਵੱਲੋਂ ਪ੍ਰਚਲਤ ਕੀਤੀਆਂ ਸਾਖੀਆਂ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ।

ਭਾਈ ਸ਼ਿਵਤੇਗ ਸਿੰਘ ਨੇ ਬੀਬੀ ਭਾਨੀ ਜੀ ਨਾਲ ਜੋੜੀ ਗਈ ਸਾਖੀ ਸੁਣਾਉਂਦੇ ਹੋਏ ਕਿਹਾ ਕਿ ਇਹ ਸਾਖੀ ਉਨ੍ਹਾਂ ਦੇ ਗੁਰੂ ਪਿਤਾ ਅਮਰਦਾਸ ਜੀ ਦੀ ਸਿਖਿਆ ਨਾਲ ਬਿਲਕੁਲ ਹੀ ਮੇਲ ਨਹੀਂ ਖਾਦੀ। ੳਨ੍ਹਾਂ ਕਿਹਾ ਮਨਘੜਤ ਸਾਖੀ ਵਿੱਚ ਲਿਖਿਆ ਹੈ ਕਿ ਬੀਬੀ ਭਾਨੀ ਜੀ ਆਪਣੇ ਪਿਤਾ ਗੁਰੂ ਅਮਰਦਾਸ ਜੀ ਦਾ ਇਸ਼ਨਾਨ ਕਰਾ ਰਹੀ ਸੀ ਤਾਂ ਅਚਾਨਕ ਉਸ ਚੌਕੀ ਦਾ ਪਾਵਾ ਟੁੱਟ ਗਿਆ, ਜਿਸ ’ਤੇ ਬੈਠ ਕੇ ਗੁਰੂ ਸਾਹਿਬ ਇਸ਼ਨਾਨ ਕਰ ਰਹੇ ਸਨ। ਬੀਬੀ ਭਾਨੀ ਨੇ ਉਸੇ ਸਮੇਂ ਟੁੱਟੇ ਪਾਵੇ ਦੀ ਥਾਂ ਆਪਣਾ ਪੈਰ ਉਸ ਚੌਕੀ ਦੇ ਨੀਚੇ ਰੱਖ ਲਿਆ। ਜਿਸ ਕਾਰਣ ਟੁੱਟੇ ਹੋਏ ਪਾਵੇ ਦਾ ਕਿੱਲ ਬੀਬੀ ਭਾਨੀ ਜੀ ਦੇ ਪੈਰ ’ਚ ਵੱਜਣ ਕਰਕੇ ਭਾਰੀ ਮਾਤਰਾ ਵਿੱਚ ਖੂਨ ਵਹਿ ਤੁਰਿਆ, ਜਿਸ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਬੇਖ਼ਬਰ ਰਹੇ ਪਰ ਇਸ਼ਨਾਨ ਕਰਨ ਉਪ੍ਰੰਤ ਜਦੋਂ ਉਨ੍ਹਾਂ ਡੁੱਲੇ ਹੋਏ ਖੂਨ ਵੱਲ ਤੱਕਿਆ ਤਾਂ ਉਨ੍ਹਾਂ ਬੀਬੀ ਭਾਨੀ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਸੇਵਾ ਬਦਲੇ ਕੋਈ ਵਰ ਮੰਗਣ ਲਈ ਕਿਹਾ ਤਾਂ ਉਸ ਨੇ ਗੁਰਿਆਈ ਨੂੰ ਸਦਾ ਲਈ ਆਪਣੇ ਖਾਨਦਾਨ ਵਿੱਚ ਰਹਿਣ ਦਾ ਵਰ ਮੰਗ ਲਿਆ।

ਸਾਖੀ ਅਨੁਸਾਰ ਪਹਿਲਾਂ ਤਾਂ ਗੁਰੂ ਸਾਹਿਬ ਨੇ ਸਮਝਾਇਆ ਕਿ ਇਸ ਬਦਲੇ ਤੁਹਾਡੇ ਪੁੱਤਰ (ਗੁਰੂ) ਅਰਜੁਨ ਸਾਹਿਬ ਨੂੰ ਸ਼ਹੀਦੀ ਦੇਣੀ ਪਏਗੀ, ਉਸ ਤੋਂ ਅੱਗੇ ਵੀ ਗੁਰਗੱਦੀ ’ਤੇ ਸ਼ੁਸ਼ੋਭਿਤ ਹੋਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਤੇ ਉਨ੍ਹਾਂ ਨੂੰ ਪ੍ਰਵਾਰ ਸਮੇਤ ਸ਼ਹੀਦੀਆਂ ਦੇਣੀਆਂ ਪੈਣਗੀਆਂ। ਪਰ ਬੀਬੀ ਜੀ ਦੇ ਹੱਠ ਕਾਰਣ ਉਨ੍ਹਾਂ ਦੇ ਖਾਨਦਾਨ ਵਿੱਚ ਹੀ ਗੁਰਿਆਈ ਰਹਿਣ ਦਾ ਵਰ ਦੇ ਦਿੱਤਾ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਹ ਸਾਖੀ ਗੁਰੂ ਸਾਹਿਬ ਦੀ ਸਿਖਿਆ ਨਾਲ ਬਿਲਕੁਲ ਹੀ ਮੇਲ ਨਹੀਂ ਖਾਂਦੀ। ਗੁਰਿਆਈ ਲਈ ਯੋਗਤਾ ਦੇ ਅਧਾਰ ’ਤੇ ਗੁਰੂ ਸਾਹਿਬ ਵੱਲੋਂ ਕੀਤੀ ਚੋਣ ਨੂੰ ਵੀ ਵਰਾਂ ਸਰਾਪਾਂ ਨਾਲ ਜੋੜ ਕੇ ਗੁਰੂ ਸਾਹਿਬ ਵੱਲੋਂ ਕੀਤੀ ਚੋਣ ਨੂੰ ਛੁਟਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਬੀਬੀ ਭਾਨੀ ਜੀ ਸਿੱਖ ਇਤਿਹਾਸ ਦੀ ਉਹ ਮਹਾਨ ਔਰਤ ਹੈ ਜਿਸ ਨੇ ਆਪਣਾ ਜੀਵਨ ਗੁਰਬਾਣੀ ਅਨੁਸਾਰ ਜੀਵਿਆ ਤੇ ਉਨ੍ਹਾਂ ਨੂ ਗੁਰੂ ਹੁਕਮਾਂ ਦੀ ਪੂਰੀ ਸਮਝ ਹੋਣ ਕਰਕੇ ਉਹ ਕਦੀ ਵੀ ਸੇਵਾ ਬਦਲੇ ਵਰ ਮੰਗਣ ਦਾ ਹੱਠ ਨਹੀਂ ਕਰ ਸਕਦੀ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਸ਼ਬਦ ਗੁਰੂ ਨਾਲੋਂ ਤੋੜ ਕੇ ਪੁਜਾਰੀਆਂ ਨਾਲ ਜੋੜਨ ਲਈ ਹੀ ਪੁਜਾਰੀ ਵਰਗ ਨੇ ਅਜੇਹੀਆਂ ਸਾਖੀਆਂ ਪ੍ਰਚੱਲਤ ਕੀਤੀਆਂ। ਅਸਲ ਵਿੱਚ ਗਿਆਨਹੀਣ ਲੋਕਾਂ ਦੀ ਲੁੱਟ ਕਰਨ ਵਾਲੇ ਪੁਜਾਰੀ ਵਰਗ ਨੇ ਬਾਣੀ ਦੇ ਰੂਪ ਵਿੱਚ ਗੁਰੂ ਸਾਹਿਬ ਵੱਲੋਂ ਦਿੱਤਾ ਗਿਆ ਹੁਕਮ ਲੋਕਾਂ ਨੂੰ ਸਮਝਾਉਣ ਦੀ ਥਾਂ ਅਜੇਹੀਆਂ ਮਨਘੜਤ ਸਾਖੀਆਂ ਪ੍ਰਚਲਤ ਕਰ ਦਿੱਤੀਆਂ ਤਾਂ ਕਿ ਇਨ੍ਹਾਂ ਰਾਹੀਂ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਮਹਾਂ ਪੁਰਸ਼ ਕਿਸੇ ਨੂੰ ਵਰ ਜਾਂ ਸਰਾਪ ਦੇ ਕੇ ਪ੍ਰਭੂ ਦੇ ਹੁਕਮਾਂ ਨੂੰ ਵੀ ਬਦਲ ਸਕਦੇ ਹਨ ਇਸ ਲਈ ਇਨ੍ਹਾਂ ਅਖੌਤੀ ਮਹਾਂਪੁਰਖਾਂ ਤੋਂ ਵਰ ਪ੍ਰਾਪਤ ਕਰਨ ਲਈ ਇਨ੍ਹਾਂ ਦੀ ਸੇਵਾ ਕਰੋ।

ਭਾਈ ਸ਼ਿਵਤੇਗ ਸਿੰਘ ਨੇ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਸਬੰਧੀ ਇਤਿਹਾਸਕ ਤੱਥ ਦਸਦਿਆਂ ਕਿਹਾ ਕਿ ਉਨ੍ਹਾਂ ਨੇ ਸਿਧਾਂਤ ਨੂੰ ਬਚਾਉਣ ਲਈ ਤੱਤੀ ਤਵੀ ’ਤੇ ਬੈਠ ਕੇ ਸ਼ਹੀਦੀ ਦੇਣਾ ਪ੍ਰਵਾਨ ਕੀਤਾ। ਉਨ੍ਹਾਂ ਸਮੇਂ ਦੇ ਬਾਦਸ਼ਾਹ ਜਹਾਂਗੀਰ ਨੂੰ ਸਾਫ ਨਾਂਹ ਕਰ ਦਿੱਤੀ ਕਿ ਸ਼ਹੀਦੀ ਤੋਂ ਬਚਣ ਲਈ ਉਹ ਮੁਹੰਮਦ ਸਾਹਿਬ ਦੀ ਉਸਤਤਿ ਗੁਰੂ ਗ੍ਰੰਥ ਸਾਹਿਬ ’ਚ ਦਰਜ ਨਹੀਂ ਕਰ ਸਕਦੇ ਕਿਉਂਕਿ ਇਸ ਵਿੱਚ ਤਾਂ ਸਿਰਫ ਅਕਾਲ ਪੁਰਖ਼ ਦੀ ਉਸਤਤਿ ਹੀ ਦਰਜ ਕੀਤੀ ਜਾ ਸਕਦੀ ਹੈ ਕਿਸੇ ਵਿਅਕਤੀ ਦੀ ਨਹੀਂ। ਗੁਰੂ ਗ੍ਰੰਥ ਸਾਹਿਬ ’ਚ ਆਪਣੀ ਰਚਨਾ ਦਰਜ ਕਰਵਾਉਣ ਆਏ ਚਾਰ ਭਗਤ ਕਾਨ੍ਹਾ ਪੀਲੂ ਆਦਿਕ ਨੂੰ ਸਾਫ ਨਾਂਹ ਕਰ ਦਿੱਤੀ ਕਿ ਇਸ ਪਾਵਨ ਗੁਰੂ ਗ੍ਰੰਥ ਸਾਹਿਬ ’ਚ ਤਾਂ ਅਕਾਲ ਪੁਰਖ਼ ਦੇ ਨਿਯਮਾਂ ਨੂੰ ਦਰਸਾਉਣ ਲਈ ਧੁਰ ਕੀ ਆਈ ਬਾਣੀ ਹੀ ਦਰਜ ਹੋ ਸਕਦੀ ਹੈ। ਤੁਹਾਡੀ ਰਚਨਾਂ ਵਿੱਚ ਅਕਾਲ ਪੁਰਖ਼ ਦੇ ਨਿਯਮ ਨਹੀਂ ਬਲਕਿ ਤੁਹਾਡੀ ਸੋਚ ਅਨੁਸਾਰ ਤੁਹਾਡੇ ਆਪਣੇ ਹੀ ਘੜੇ ਗਏ ਨਿਯਮ ਹਨ। ਕਿਸੇ ਵਿਅਕਤੀ ਦੀ ਅਜੇਹੀ ਕੱਚੀ ਰਚਨਾ ਜਿਹੜੀ ਅਕਾਲ ਪੁਰਖ਼ ਦੇ ਨਿਯਮਾਂ ਤੋਂ ਸੱਖਣੀ ਹੋਵੇ ਉਹ ਇਸ ਪਾਵਨ ਗ੍ਰੰਥ ਵਿੱਚ ਦਰਜ ਨਹੀਂ ਹੋ ਸਕਦੀ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਾਨ੍ਹਾ ਪੀਲੂ ਆਦਿ ਭਗਤ ਗੁਰੂ ਅਰਜੁਨ ਸਾਹਿਬ ਜੀ ਨੂੰ ਹੁਣ ਪੁਛਦੇ ਹੋਣਗੇ ਕਿ ਸਤਿਗੁਰੂ ਜੀ! ਤੁਸਾਂ ਤਾਂ ਸਾਡੀ ਰਚਨਾ ਨੂੰ ਕੱਚੀ ਦੱਸ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਤੋਂ ਨਾਂਹ ਕਰਕੇ ਤੱਤੀਆਂ ਤਵੀਆਂ ’ਤੇ ਬੈਠ ਕੇ ਸ਼ਹੀਦ ਹੋਣਾਂ ਪ੍ਰਵਾਨ ਕਰ ਲਿਆ ਸੀ, ਤੁਸੀਂ ਤਾਂ ਕਿਹਾ ਸੀ ਇਸ ਪਾਵਨ ਗ੍ਰੰਥ ਵਿੱਚ ਕਿਸੇ ਵਿਅਕਤੀ (ਇੱਥੋਂ ਤੱਕ ਕਿ ਮੁਹੰਮਦ ਸਾਹਿਬ) ਦੀ ਉਸਤਤਿ ਵੀ ਦਰਜ ਨਹੀਂ ਹੋ ਸਕਦੀ ਪਰ ਹੁਣ ਤਾਂ ਤੇਰੇ ਲਾਡਲੇ ਸਿੱਖ ਹੀ ਤੇਰੀ ਗੋਦ ਵਿੱਚ ਬੈਠ ਕੇ ਹੀ ਕੱਚੀ ਰਚਨਾ ਪੜ੍ਹ ਰਹੇ ਹਨ ਅਤੇ ਅਕਾਲਪੁਰਖ ਦੀ ਉਸਤਤਿ ਦੀ ਥਾਂ ਵਿਅਕਤੀਆਂ (ਆਪਣੇ ਵੱਲੋਂ ਮਿਥੇ ਗਏ ਮਹਾਂਪੁਰਖਾਂ) ਦੀ ਉਸਤਤਿ ਕੀਤੀ ਜਾ ਰਹੀ ਹੈ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਗੁਰੂ ਦੀ ਹਜੂਰੀ ’ਚ ਕੱਚੀ ਰਚਨਾ ਪੜ੍ਹਨ ਅਤੇ ਵਿਅਕਤੀਆਂ ਦੀ ਉਸਤਤਿ ਕਰਨ ਵਾਲੇ ਪ੍ਰਚਾਰਕਾਂ ਨੂੰ, ਕਾਨ੍ਹਾ ਪੀਲੂ ਆਦਿਕ ਭਗਤਾਂ ਵੱਲੋਂ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦਾ ਉਤਰ ਦੇਣਾ ਬਣਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top