Share on Facebook

Main News Page

ਯਾਦਗਾਰਾਂ ਸ਼ਾਂਤੀ ਲਈ ਖ਼ਤਰਾ ਨਹੀਂ ਹੁੰਦੀਆਂ

ਚੰਡੀਗੜ੍ਹ, 10 ਜੂਨ (ਜੀ.ਸੀ. ਭਾਰਦਵਾਜ) : ਦਰਬਾਰ ਸਾਹਿਬ ਕੰਪਲੈਕਸ ਵਿਚ ਤਿੰਨ ਦਿਨ ਪਹਿਲਾਂ ਬਲੂ ਸਟਾਰ ਅਪਰੇਸ਼ਨ ਦੀ ਯਾਦਗਾਰ ਉਸਾਰਨ ਦਾ ਨੀਂਹ ਪੱਥਰ ਰੱਖਣ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਨਮਾਨਤ ਕਰਨ ਲਈ ਜ਼ਿੰਦਾ ਸ਼ਹੀਦ ਦਾ ਖ਼ਿਤਾਬ ਦੇਣ ਨਾਲ ਸਾਰੇ ਮੁਲਕ, ਖ਼ਾਸ ਕਰ ਕੇ ਪੰਜਾਬ ਵਿਚ ਵਿਵਾਦ ਛਿੜ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਵਲੋਂ ਚੁਕਿਆ ਇਹ ਕਦਮ ਫਿਰ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਏਗਾ ਅਤੇ ਡਰ ਹੈ ਕਿ ਸੂਬੇ ਵਿਚ ਕਾਲੇ ਦਿਨ ਪਰਤਣਗੇ ਜਿਸ ਨਾਲ ਪੰਜਾਬ ਦੀ ਹਰ ਪਾਸਿਉਂ ਮਿੱਟੀ ਪਲੀਤ ਹੋਵੇਗੀ। ਇਸ ਮੁੱਦੇ ’ਤੇ ਪੰਜਾਬ ਮੰਚ ਵਲੋਂ ਕਰਵਾਏ ਇਕ ਦਿਨਾ ਸੈਮੀਨਾਰ ਵਿਚ ਅੱਜ ਇਥੇ ਕਿਸਾਨ ਭਵਨ ’ਚ ਬਹੁਤੇ ਬੁਲਾਰਿਆਂ ਵਿਸ਼ੇਸ਼ ਕਰ ਕੇ ਸਿੱਖੀ ਸਿਦਕ ਦੇ ਚਿੰਤਕਾਂ ਦਾ ਕਹਿਣਾ ਸੀ ਕਿ ਇਹ ਇਕ ਅੰਦਰੂਨੀ ਧਾਰਮਕ ਮਾਮਲਾ ਹੈ, ਜਿਸ ਬਾਰੇ ਬੇਲੋੜਾ ਵਿਵਾਦ ਛੇੜਨ ਦੀ ਲੋੜ ਨਹੀਂ ਹੈ। ਪੱਤਰਕਾਰਾਂ, ਯੂਨੀਵਰਸਿਟੀ ਪ੍ਰੋਫ਼ੈਸਰਾਂ, ਕਾਨੂੰਨਦਾਨਾਂ, ਅਧਿਆਪਕ ਜਥੇਬੰਦੀ ਦੇ ਨੁਮਾਇੰਦਿਆਂ, ਖ਼ੁਦ ’84 ਦੇ ਸਿੱਖ ਵਿਰੋਧੀ ਕਤਲੇਆਮ ਦੇ ਸ਼ਿਕਾਰ ਵਿਅਕਤੀਆਂ, ਸਿੱਖ ਫ਼ੈਡਰੇਸ਼ਨ ਆਗੂਆਂ ਅਤੇ ਸਮਾਜ ਸੁਧਾਰਵਾਦੀਆਂ ਸਮੇਤ ਦੋ ਦਰਜਨ ਤੋਂ ਵੱਧ ਬੁਲਾਰਿਆਂ ਨੇ ਅਪਣੇ ਵਿਚਾਰ ਦਿੰਦਿਆਂ ਕਿਹਾ ਕਿ ਸਾਵਧਾਨੀ ਵਰਤਣ ਅਤੇ ਨਾਲ ਦੀ ਨਾਲ ਪਿਛੋਕੜ ’ਤੇ ਪੜਚੋਲ ਕਰਨ ਦੀ ਸਖ਼ਤ ਜ਼ਰੂਰਤ ਹੈ।

ਬਹੁਤਿਆਂ ਦਾ ਕਹਿਣਾ ਸੀ ਕਿ ਬੀਤੀ ਘਟਨਾ ’ਤੇ ਮਿੱਟੀ ਪਾਉਣ ਨਾਲ ਜਾਂ ਇਤਿਹਾਸ ਨੂੰ ਜੇ ਯਾਦ ਨਾ ਕੀਤਾ ਗਿਆ ਤਾਂ ਸਿੱਖ ਧਰਮ ਅਤੇ ਸਿੱਖ ਕੌਮ ਨਾਲ ਹੋਰ ਵੀ ਜ਼ਿਆਦਤੀ ਅਤੇ ਬੇਇਨਸਾਫ਼ੀ ਹੋਵੇਗੀ ਜਦਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਕੁੱਝ ਸ਼ਿਕਾਰ ਹੋਏ ਵਿਅਕਤੀਆਂ ਨੇ ਦੁੱਖ ਭਰੀ ਆਵਾਜ਼ ਵਿਚ ਕਿਹਾ ਕਿ ਸਾਨੂੰ ਮੁਆਵਜ਼ਾ ਤਾਂ ਕੀ ਮਿਲਣਾ ਸੀ, ਹੁਣ 28 ਸਾਲਾਂ ਬਾਅਦ ਯਾਦਗਾਰ ਬਣਾਉਣ ’ਤੇ ਵੀ ਕਿੰਤੂ ਕੀਤਾ ਜਾ ਰਿਹਾ ਹੈ।

ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸ਼ਤਰ ਦੇ ਪ੍ਰੋ. ਮਨਜੀਤ ਸਿੰਘ ਦਾ ਕਹਿਣਾ ਸੀ ਕਿ ਆਜ਼ਾਦੀ ਤੋਂ ਬਾਅਦ ਪੰਜਾਬੀਆਂ ਵਿਸ਼ੇਸ਼ ਕਰ ਸਿੱਖਾਂ ਨੇ ਅਜੇ ਅਪਣੇ-ਆਪ ਨੂੰ ਸੰਭਾਲਿਆ ਨਹੀਂ ਸੀ ਕਿ ਪੰਜਾਬੀ ਸੂਬੇ ਦੀ ਲਹਿਰ ਚਲ ਪਈ। ਉਪਰੰਤ ਐਮਰਜੈਂਸੀ ਲੱਗੀ, ਫਿਰ ਧਰਮ ਯੁਧ ਮੋਰਚਾ, ਬਲੂ ਸਟਾਰ ਅਪਰੇਸ਼ਨ, ਮਗਰੋਂ ਇੰਦਰਾ ਗਾਂਧੀ ਦਾ ਕਤਲ, ਇਸ ਉਪਰੰਤ ਨਵੰਬਰ ’84 ਦਾ ਕਤਲੇਆਮ ਅਤੇ 1995 ਵਿਚ ਬੇਅੰਤ ਸਿੰਘ ਕਤਲ ਸਮੇਤ ਕਈ ਘਟਨਾਵਾਂ ਵਾਪਰੀਆਂ ਜਿਸ ਨਾਲ ਪੰਜਾਬ ਤਬਾਹੀ ਦੇ ਕੰਢੇ ਪਹੁੰਚ ਗਿਆ, ਅਰਬਾਂ ਦੇ ਕਰਜ਼ੇ ਥੱਲੇ ਦਬ ਗਿਆ। ਸਿੱਖ ਨੌਜਵਾਨੀ ਖ਼ਤਮ ਹੋ ਗਈ ਅਤੇ ਹੁਣ ਯਾਦਗਾਰਾਂ ਬਣਾਉਣ ਦੀ ਗੱਲ ਸੁਣ ਕੇ ਕੰਬਣੀ ਛਿੜਦੀ ਹੈ।

ਇਸੇ ਕੜੀ ’ਚ ਪੂਟਾ ਦੇ ਪ੍ਰਧਾਨ ਅਕਸ਼ੈ ਕੁਮਾਰ ਅਤੇ ਮੈਡਮ ਇੰਦੂ ਨੇ ਸੂਝ-ਬੂਝ ਤੋਂ ਕੰਮ ਲੈਣ ਦੀ ਸਲਾਹ ਦਿੰਦਿਆਂ ਦੁਖ ਜ਼ਾਹਰ ਕੀਤਾ ਕਿ ਬਲੂ ਸਟਾਰ ਅਪਰੇਸ਼ਨ ਦੀ ਯਾਦਗਾਰ ਇਨਸਾਨੀਅਤ ਦੀਆਂ ਕਦਰਾਂ- ਕੀਮਤਾਂ ਅਨੁਸਾਰ ਹੋਵੇ ਨਾਕਿ ਜ਼ਖ਼ਮਾਂ ਨੂੰ ਹੋਰ ਤਾਜ਼ਾ ਕਰਨ ਜਾਂ ਪੰਜਾਬੀਅਤ ਦਾ ਨੁਕਸਾਨ ਕਰਨ ਵਾਲਾ ਕਦਮ ਸਾਬਤ ਹੋਵੇ। ਸਿੱਖ ਚਿੰਤਕ ਅਤੇ 30 ਸਾਲ ਤੋਂ ਵੱਧ ਮੀਡੀਆ ਨਾਲ ਜੁੜੇ ਸ. ਜਸਪਾਲ ਸਿੰਘ ਨੇ ਕਿਹਾ ਕਿ ਯਾਦਗਾਰਾਂ ਅਤੇ ਸਨਮਾਨਤ ਸਿੱਖ ਸ਼ਹੀਦਾਂ ਦੇ ਨੁਕਤੇ ’ਤੇ ਕੇਂਦਰ ਸਰਕਾਰ ਖਾਹ-ਮਖਾਹ ਸ਼ੋਰ ਮਚਾ ਦਿੰਦੀ ਹੈ ਪਰ ਅਸਲ ਮਰਜ਼ ਦੂਰ ਨਹੀਂ ਕਰਦੀ। ਉਨ੍ਹਾਂ ਵਿਚਾਰ ਦਿਤਾ ਕਿ ਜਦੋਂ ਤਕ ਸੰਘੀ ਢਾਂਚਾ ਖ਼ਤਮ ਕਰ ਕੇ ਸਰਕਾਰ ਫ਼ੈਡਰਲ ਸਿਸਟਮ ਭਾਵ ਰਾਜਾਂ ਨੂੰ ਵਧੇਰੇ ਅਧਿਕਾਰ ਨਹੀਂ ਦਿੰਦੀ, ਉਦੋਂ ਤਕ ਪੰਜਾਬ, ਜੰਮੂ-ਕਸ਼ਮੀਰ, ਅਸਾਮ ਅਤੇ ਹੋਰ ਪਾਸਿਉਂ ਵੱਧ ਅਧਿਕਾਰਾਂ ਵਾਸਤੇ ਮੰਗ ਉਠਣੀ ਕੁਦਰਤੀ ਗੱਲ ਹੈ। ਚਾਹੇ ਕੇਂਦਰ ਇਸ ਨੂੰ ਬਗ਼ਾਵਤ ਕਹਿ ਲਵੇ, ਵੱਖਵਾਦੀ ਸੁਰ ਕਹਿ ਲਵੇ ਜਾਂ ਫਿਰ ਖ਼ਾਲਿਸਤਾਨ ਦਾ ਨਾਮ ਦੇ ਦੇਵੇ। ਸ. ਜਸਪਾਲ ਸਿੰਘ ਨੇ ਕਿਹਾ ਕਿ 1984 ਦੇ ਬਲੂ ਸਟਾਰ ਅਪਰੇਸ਼ਨ ਮੌਕੇ ਢਹਿ-ਢੇਰੀ ਹੋਏ ਅਕਾਲ ਤਖ਼ਤ ਨੂੰ ਕੇਂਦਰ ਸਰਕਾਰ ਨੇ ਨਵਾਂ ਉਸਾਰ ਕੇ ਦਿਤਾ ਪਰ ਸਿੱਖਾਂ ਨੇ ਉਸ ਨੂੰ ਵੀ ਢਾਹ ਕੇ ਹੋਰ ਨਵਾਂ ਬਣਾਇਆ। ਉਨ੍ਹਾਂ ਕਿਹਾ ਕਿ ਹੁਣ 28 ਸਾਲ ਬਾਅਦ ਜੇ ਸ਼ਹੀਦ ਸਿੰਘਾਂ ਦੀ ਯਾਦਗਾਰ ਇਕ ਧਾਰਮਕ ਸਥਾਨ ’ਤੇ ਬਣਾਈ ਜਾਣੀ ਹੈ ਤਾਂ ਇਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੀ ਜ਼ਰੂਰਤ ਹੈ। ਸ. ਜਸਪਾਲ ਸਿੰਘ ਦਾ ਵਿਚਾਰ ਸੀ ਕਿ ਸਰਕਾਰ ਖ਼ੁਦ ਇਸ ਨੂੰ ਬੇਲੋੜਾ ਤੂਲ ਦੇ ਰਹੀ ਹੈ।

ਸੀਨੀਅਰ ਪੱਤਰਕਾਰ ਸ. ਹਮੀਰ ਸਿੰਘ ਨੇ ਜ਼ੋਰਦਾਰ ਸ਼ਬਦਾਂ ਵਿਚ ਕਿਹਾ ਕਿ ਇਤਿਹਾਸ ਉਤੇ ਕਦੇ ਵੀ ਮਿੱਟੀ ਨਹੀਂ ਪਾਈ ਜਾਂਦੀ ਸਗੋਂ ਇਸ ਤੋਂ ਸੇਧ ਲੈ ਕੇ ਗ਼ਲਤੀਆਂ ਦਾ ਅਹਿਸਾ ਕਰਨਾ ਜ਼ਰੂਰੀ ਹੈ। ਪੰਜਾਬ ਮੰਚ ਵਲੋਂ ਕਰਵਾਏ ਇਸ ਮਹੱਤਵਪੂਰਨ ਮੁੱਦੇ ’ਤੇ ਬੋਲਦਿਆਂ ਸ. ਹਮੀਰ ਸਿੰਘ ਨੇ ਦਸਿਆ ਕਿ ਦੇਸ਼ ਵਿਚ ਸਿੱਖਾਂ ਸਮੇਤ ਬਾਕੀ ਘੱਟ ਗਿਣਤੀ ਕੌਮਾਂ ’ਚ, ਦੇਸ਼ ਦੇ ਸੰਵਿਧਾਨ ਪ੍ਰਤੀ ਪੂਰਾ ਭਰੋਸਾ ਇਸ ਕਰ ਕੇ ਨਹੀਂ ਬਣ ਸਕਿਆ ਸੀ ਕਿ ਇਨ੍ਹਾਂ ਕੌਮਾਂ ਨਾਲ ਬੇਇਨਸਾਫ਼ੀ ਹੁੰਦੀ ਆਈ ਹੈ ਅਤੇ ਸਰਕਾਰਾਂ ਵਲੋਂ ਲਗਾਤਾਰ ਦਿਖਾਈ ਜਾ ਰਹੀ ਬੇਵਿਸ਼ਵਾਸੀ ਖ਼ਤਰੇ ਦੀ ਨਿਸ਼ਾਨੀ ਹੈ ਜਿਸ ਨਾਲ ਦੇਸ਼ ਦੇ ਮੂਲ ਢਾਂਚੇ ਦੀਆਂ ਜੜਾਂ ਹਿੱਲ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਵਿਸ਼ੇਸ਼ ਕਰ ਕੇ ਸਿੱਖ ਕੌਮ ਦੇ ਜਜ਼ਬਾਤ ਨਾਲ ਜੁੜੀ ਇਸ ਯਾਦਗਾਰ ਨੂੰ ਉਸਾਰਨ ਨਾਲ ਸੰਤੋਖ ਤੇ ਸਬਰ ਮਿਲੇਗਾ। ਉਨ੍ਹਾਂ ਤਾੜਨਾ ਕੀਤੀ ਕਿ ਪੰਜਾਬ ਵਿਚ ਸਿੱਖ ਮਾਨਸਿਕਤਾ ਨੂੰ ਜੇ ਨਾ ਸਮਝਿਆ ਗਿਆ ਜਾਂ ਵਿਸਫੋਟਕ ਸਥਿਤੀ ਨੂੰ ਹੋਰ ਦਬਾਇਆ ਗਿਆ ਤਾਂ ਲੋਕਤੰਤਰੀ ਢਾਂਚੇ ਨੂੰ ਮਜ਼ਬੂਤੀ ਨਹੀਂ ਮਿਲ ਸਕਦੀ ਸਗੋਂ ਮੁਲਕ ਖੇਰੂੰ-ਖੇਰੂੰ ਹੋ ਜਾਵੇਗਾ। ਸੰਘੀ ਢਾਂਚੇ ਜਾਂ ਕੇਂਦਰ ਦੇ ਹੱਥ ਵਿਚ ਵੱਧ ਅਧਿਕਾਰਾਂ ਦੀ ਮੁਖ਼ਾਲਫ਼ਤ ਕਰਦਿਆਂ ਸ. ਹਮੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਫ਼ੈਡਰਲ ਸਿਸਟਮ ਜਾਂ ਰਾਜਾਂ ਨੂੰ ਵੱਧ ਹਿੱਸੇਦਾਰੀ ਦੇਣਾ ਹੀ ਸਹੀ ਗੱਲ ਹੈ। ਉਨ੍ਹਾਂ ਕਿਹਾ ਕਿ ਯਾਦਗਾਰ ਜਾਂ ਭਾਈ ਰਾਜੋਆਣਾ ਨੂੰ ਸਨਮਾਨਤ ਕਰਨਾ ਭਾਵੇਂ ਧਾਰਮਕ ਮਸਲਾ ਹੈ ਪਰ ਇਸ ਨੂੰ ਸਿਆਸਤ ਤੋਂ ਦੂਰ ਕਰ ਕੇ ਨਹੀਂ ਵੇਖਿਆ ਜਾ ਸਕਦਾ ਅਤੇ ਜੇ ਪੰਜਾਬੀਆਂ ਵਿਚ ਕੇਂਦਰ ਪ੍ਰਤੀ ਹੋਰ ਗੁੱਸਾ ਵਧਦਾ ਗਿਆ ਤਾਂ ਬਲੂ ਸਟਾਰ ਅਪਰੇਸ਼ਨ ਵਰਗੀਆਂ ਘਟਨਾਵਾਂ ਦਾ ਕੋਈ ਅਸਰ ਭਵਿੱਖ ਵਿਚ ਨਹੀਂ ਹੋਇਆ ਕਰੇਗਾ।

ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਆਗੂ ਰਹੇ ਅਤੇ ਅੱਜ ਕਲ ਪੰਚ ਪ੍ਰਧਾਨੀ ਅਕਾਲੀ ਦਲ ਨਾਲ ਜੁੜੇ ਸ. ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ 28 ਮਾਰਚ ਵਾਲੇ ਦਿਨ ਬਲਵੰਤ ਸਿੰਘ ਰਾਜੋਆਣਾ ਨਾਲ ਹਮਦਰਦੀ ਪ੍ਰਗਟ ਕਰਨ ਲਈ ਪੂਰੇ ਪੰਜਾਬ ਦਾ ਕੇਸਰੀ ਰੰਗ ਵਿਚ ਰੰਗੇ ਜਾਣਾ ਇਸ ਗੱਲ ਦੀ ਗਵਾਹੀ ਹੈ ਕਿ ਸਿੱਖਾਂ ਦੇ ਮਨ ਵਿਚ ਅਜੇ ਵੀ ਸਰਕਾਰ ਪ੍ਰਤੀ ਰੋਸ ਹੈ। ਸ. ਕਿਸ਼ਨਪੁਰਾ ਦਾ ਵਿਚਾਰ ਸੀ ਕਿ ਪੰਜਾਬ ਦੀਆਂ ਮੰਗਾਂ ਅਜੇ ਵੀ ਉਸੇ ਤਰ੍ਹਾਂ ਖੜੀਆਂ ਹਨ ਜਿਨ੍ਹਾਂ ਬਾਰੇ ਕੇਂਦਰ ਕੁੱਝ ਨਹੀਂ ਸੋਚ ਰਿਹਾ ਅਤੇ ਜਿੰਨੀ ਵੀ ਦੇਰ ਕੀਤੀ ਜਾ ਰਹੀ ਹੈ, ਭਵਿੱਖ ਵਿਚ ਹੋਰ ਖ਼ਤਰਨਾਕ ਮੋੜ ਲੈ ਜਾਵੇਗੀ।

ਹਰਿਆਣਾ ਤੋਂ ਆਈ ਇਕ ਬੀਬੀ ਰਾਜਵੰਤੀ ਮਾਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੌਕੇ ਦੀ ਕੇਂਦਰੀ ਸਰਕਾਰ ਨੇ ਇੰਨੀ ਮਾਰ ਮਾਰੀ ਕਿ ਸਿੱਖ ਪਰਵਾਰਾਂ ਨੂੰ ਰੋਣ ਵੀ ਨਹੀਂ ਦਿਤਾ, ਪਰ ਤਸੀਹੇ ਘੱਟ ਨਹੀਂ ਕੀਤੇ। ਬੀਬੀ ਮਾਨ ਦਾ ਕਹਿਣਾ ਸੀ ਕਿ ਸਰਕਾਰਾਂ ਇਨਸਾਨੀਅਨ ਦੀਆਂ ਕਦਰਾਂ ਕੀਮਤਾਂ ਵੀ ਭੁੱਲ ਗਈਆਂ ਅਤੇ ਜੇ ਯਾਦਗਾਰ ਬਣ ਵੀ ਜਾਂਦੀ ਹੈ ਤਾਂ ਕਿਹੜੀ ਆਖ਼ਾਰ ਆ ਜਾਊ। ਪੰਜਾਬ ਯੂਨੀਵਰਸਿਟੀ ਟੀਚਰ ਜਥੇਬੰਦੀ ਦੇ ਜਨਰਲ ਸਕੱਤਰ ਮੁਹੰਮਦ ਖਾਲਿਦ ਨੇ ਬੜੀ ਹੀਮਲੀ ਨਾਲ ਅਪਣਾ ਨੁਕਤਾ ਰਖਦੇ ਹੋਏ ਕਿਹਾ ਕਿ ਦਰਬਾਰ ਸਾਹਿਬ ’ਚ ਜੇ ਇਸ ਤਰ੍ਹਾਂ ਦਾ ਮੈਮੋਰੀਅਲ ਉਸਾਰਨਾ ਹੈ ਤਾਂ ਪਹਿਲਾਂ ਮੁਸਲਮਾਨਾਂ ਦੇ ਕਤਲਾਂ ਦੀ ਯਾਦਗਾਰ, ਹਿੰਦੂ ਭਰਾਵਾਂ ਨੂੰ ਬੱਸਾਂ ’ਚੋਂ ਕੱਢ ਕੱਢ ਕੇ ਮਾਰਨ ਦੀਆਂ ਯਾਦਗਾਰਾਂ ਅਤੇ ਹੋਰ ਇਸ ਤਰ੍ਹਾਂ ਦੇ ਕਈ ਮੀਨਾਰ, ਸਤੰਭ ਹਰ ਸ਼ਹਿਰ, ਕਸਬੇ, ਪਿੰਡ ’ਚ ਪਹਿਲਾਂ ਉਸਾਰੋ ਅਤੇ ਫਿਰ ਦੇਖੋ ਸ਼ਾਂਤੀ-ਅਮਨ, ਭਾਈਚਾਰਾ ਕਾਇਮ ਰਹੇਗਾ ਜਾਂ ਹੋਰ ਖ਼ਤਮ ਹੋਵੇਗਾ।

ਮੁਹੰਮਦ ਖਾਲਿਦ ਨੇ ਸੁਝਾਅ ਦਿਤਾ ਕਿ ਪੰਜਾਬ ’ਚ ਇਨ੍ਹਾਂ ਕਾਲੇ ਦਿਨਾਂ ’ਚ ਹੋਈ ਬਰਬਾਦੀ ਦੀ ਸਾਂਝੀ ਯਾਦਗਾਰ ਇਕ ਥਾਂ ’ਤੇ ਬਣਾ ਦਿਉ। ਦਿੱਲੀ-ਸ੍ਰੀਨਗਰ ਹਵਾਈ ਜਹਾਜ਼ ਨੂੰ ਅਗੱਸਤ 1984 ’ਚ ਅਗਵਾ ਕਰ ਕੇ ਪਾਕਿਸਤਾਨ ਲੈ ਜਾਣ ਵਾਲਿਆਂ ’ਚ ਸ਼ਾਮਲ ਅਮਰਿੰਦਰ ਸਿੰਘ ਨੇ ਅੱਜ ਇਸ ਸੈਮੀਨਾਰ ’ਚ ਅਪਣੀ ਅਤੇ ਸਿੱਖਾਂ ਦੀ ਪੱਤ ਰੋਲਣ ਦੀ ਕਹਾਣੀ ਸੁਣਾਦਿਆਂ ਕਿਹਾ ਕਿ ਹਰ ਸਾਲ ਦਰਬਾਰ ਸਾਹਿਬ ’ਚ 6 ਜੂਨ ਨੂੰ ਮੇਲਾ ਲਗਦਾ ਹੈ, ਭਾਸ਼ਣ ਹੁੰਦੇ ਹਨ, ਯਾਦਾਂ ਤਾਜ਼ਾ ਕੀਤੀਆਂ ਜਾਂਦੀਆਂ ਹਨ ਅਤੇ ਹੁਣ ਜੇ ਉਸਾਰੀ ਜਾਣ ਵਾਲੀ ਵੱਡੀ ਇਮਾਰਤ, ਭਵਨ ਜਾਂ ਗੁਰਦਵਾਰੇ ਦੀ ਗੱਲ ਚਲਣ ’ਤੇ ਸਰਕਾਰਾਂ ਕਿਉਂ ਤੜਫਦੀਆਂ ਹਨ, ਏਜੰਸੀਆਂ ਕਿਉਂ ਵਧਾ ਚੜ੍ਹਾ ਕੇ ਤਸਵੀਰ ਪੇਸ਼ ਕਰਦੀਆਂ ਹਨ। ਹਾਈਜੈਕਰ ਅਮਰਿੰਦਰ ਸਿੰਘ ਨੇ ਯਾਦਗਾਰ ਉਸਾਰੀ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ ਕਿ ਸਿੱਖ ਕੌਮ, ਸਿੱਖ ਧਰਮ ਅਤੇ ਸਰਕਾਰਾਂ ਨੂੰ ਭਵਿੱਖ ਵਲ ਦੇਖਣਾ ਚਾਹੀਦਾ ਹੈ ਅਤੇ ਕੌਮ ਵਾਸਤੇ ਇਨਸਾਫ਼ ਪ੍ਰਤੀ ਸੰਘਰਸ਼ ਜਾਰੀ ਰਖਣ ’ਚ ਹੀ ਮਾਣ ਅਤੇ ਇੱਜ਼ਤ ਹੈ। ਬੁੱਧੀਜੀਵੀ ਅਤੇ ਪ੍ਰੋਫ਼ੈਸਰ, ਡਾ. ਰਾਵਿੰਦਰ ਨਾਥ ਸ਼ਰਮਾ ਨੇ ਤਾੜਨਾ ਕੀਤੀ ਕਿ ਸਿੱਖਾਂ ਨਾਲ ਇਸ ਮੁਲਕ ’ਚ ਕੋਈ ਬੇਇਨਸਾਫ਼ੀ ਨਹੀਂ ਹੋ ਰਹੀ ਅਤੇ ਮੈਮੋਰੀਅਲ ਉਸਾਰ ਕੇ ਭਾਵਨਾਵਾਂ ਨੂੰ ਭੜਕਾਣਾ ਕੋਈ ਸਮਝਦਾਰੀ ਨਹੀਂ। ਬੇਦੋਸ਼ੇ ਹਿੰਦੂ-ਸਿੱਖਾਂ ਦੇ ਮਾਰੇ ਜਾਣ ’ਤੇ ਦੁੱਖ ਪ੍ਰਗਟ ਕਰਦਿਆਂ ਡਾ. ਰਵਿੰਦਰ ਨਾਥ ਨੇ ਕਿਹਾ ਕਿ ਸਿੱਖ ਕੌਮ ਦੇ ਮੁਹਰੀ, ਸਿਆਸਤ, ਬਿਜਨੈ¤ਸ, ਡਿਫੈਂਸ ਸਰਵਿਸ, ਉਦਯੋਗ ਅਤੇ ਹੋਰ ਅਦਾਰਿਆਂ ’ਚ ਬਹੁਤ ਅੱਗੇ ਹਨ ਅਤੇ ਸਿੱਖਾਂ ਨਾਲ ਹੋ ਰਹੇ ਕਿਸੇ ਧੱਕੇ ਦੀ ਗੱਲ, ਬਿਨਾਂ ਕਿਸੇ ਆਧਾਰ ਦੇ ਹੈ।

ਪੰਜਾਬੀ ਪੱਤਰਕਾਰੀ ’ਚ ਇਕ ਉ¤ਚਾ ਸਥਾਨ ਰਖਵਾਉਣ ਵਾਲੇ ਸ਼ਖ਼ਸ ਬਲਜੀਤ ਬੱਲੀ ਦਾ ਕਹਿਣਾ ਹੈ ਸੀ ਕਿ ਪੰਜਾਬ ਅੰਦਰ ਮੌਜੂਦਾ ਕਾਂਗਰਸੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦਾ ਮੁਕਾਬਲਾ ਨਹੀਂ ਕਰ ਸਕਦੀ ਜਿਸ ਕਰ ਕੇ ਇਹ ਸਾਰਾ ਰੌਲਾ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਬਲਜੀਤ ਬੱਲੀ ਦਾ ਵਿਚਾਰ ਸੀ ਕਿ ਯਾਦਗਾਰ ਬਣਨ ਨਾਲ ਕੋਈ ਵੱਡਾ ਤੂਫ਼ਾਨ ਨਹੀਂ ਆਏਗਾ ਕਿਉਂਕਿ ਵੱਡੇ ਮੁਲਕ ’ਚ ਵੱਖ-ਵੱਖ ਕੌਮਾਂ, ਨਸਲਾਂ, ਜਾਤਾਂ, ਧਰਮਾਂ ਅਤੇ ਸਭਿਆਚਾਰ ਦੇ ਚਲਦਿਆਂ ਕੇਂਦਰ ਸਰਕਾਰ, ਸੂਬਾ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਫ਼ਿਰਾਖ਼-ਦਿਲੀ ਦਿਖਾ ਕੇ ਦੂਜੇ ਦੇ ਦੁਖ ਦਰਦਾਂ ਨੂੰ ਸਮਝਣਾ ਪੈਣਾ ਹੈ ਅਤੇ ਬਰਦਾਸ਼ਤ ਕਰਨ ਦਾ ਮਾਦਾ ਵੀ ਰਖਣਾ ਪੈਣਾ ਹੈ।

ਇਨ੍ਹਾਂ ਤੋਂ ਇਲਾਵਾ ਹੋਰ ਪਤਵੰਤੇ ਸਿੱਖ ਬੁੱਧੀਜੀਵੀਆਂ ਸ. ਕੇ. ਐਸ. ਗੋਰਾਇਆ, ਮਲਵਿੰਦਰ ਸਿੰਘ ਮਾਲੀ, ਤੇਜਾ ਸਿੰਘ ਨਾਗਰਾ, ਐਡਵੋਕੇਟ ਆਰ.ਐਸ. ਸਾਥੀ, ਪੱਤਰਕਾਰ ਇੰਦਰਪ੍ਰੀਤ ਸਿੰਘ, ਗਗਨਜੀਤ ਸਿੰਘ ਅਤੇ ਕਈ ਹੋਰਨਾਂ ਨੇ ਕਿਹਾ ਕਿ ਸਿਰਫ਼ ਕੌੜੀਆਂ ਯਾਦਾਂ ਨੂੰ ਭੁਲਾਣਾ ਹੀ ਕਾਫੀ ਨਹੀਂ, ਬਲਕਿ ਆਤਮ-ਮੰਥਨ ਕਰ ਕੇ ਭਵਿੱਖ ਦੀ ਸੋਚ ਹਾਂ-ਪੱਖੀ ਅਪਨਾਉਣ ’ਚ ਹੀ ਭਲਾਈ ਹੈ। ਇਨ੍ਹਾਂ ਕਿਹਾ ਕਿ ਮਾਮਲੇ ਨੂੰ ਜ਼ਿਆਦਾ ਤੂਲ ਨਹੀਂ ਦੇਣੀ ਚਾਹੀਦੀ ਕਿਉਂਕਿ ਗ਼ਲਤੀ ਦੋਨੋਂ ਪਾਸਿਉਂ ਤੋਂ ਹੋਈ ਸੀ ਪਰ ਹੁਣ ਨਿਰਪੱਖ ਨਜ਼ਰਾਂ ਨਾਲ ਇਨਸਾਫ਼ ਵੱਲ ਤੱਕਣ ’ਚ ਹੀ ਭਲਾਈ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top