Share on Facebook

Main News Page

‘ਕਾਸ਼! ਐਨੇ ਲੋਕ ਅਖੌਤੀ ਸੰਤ ਬਾਬਿਆਂ ਦੇ ਵਿਰੁਧ ਹੁੰਦੇ’

 

ਚੰਡੀਗੜ੍ਹ - (ਅਬਰਾਵਾਂ): ਇਥੋਂ ਦੇ ਟੈਗੋਰ ਥੀਏਟਰ ਵਿਖੇ ਪ੍ਰਸਿੱਧ ਅਦਾਕਾਰ ਤੇ ਫ਼ਿਲਮੀ ਹੀਰੋ ਗੁਰਚੇਤ ਚਿੱਤਰਕਾਰ ਦਾ ਲਿਖਿਆ ਨਾਟਕ ‘ਬੇਬੇ ਜੀ ਮੈਂ ਸੰਤ ਬਣ ਗਿਆ’ ਸੰਗੀਤਾ ਗੁਪਤਾ ਦੀ ਨਿਰਦੇਸ਼ਨਾ ਹੇਠ ਨੱਕੋ ਨੱਕ ਦਰਸ਼ਕਾਂ ਨਾਲ ਭਰੇ ਹਾਲ ਵਿਚ ਖੇਡਿਆ ਗਿਆ, ਜਿਸ ਨੂੰ ਵੇਖ ਕੇ ਇਉਂ ਲੱਗਿਆ, ਕਾਸ਼ ਐਨੇ ਲੋਕ ਅਖੌਤੀ ਸੰਤ ਬਾਬਿਆਂ ਦੇ ਖਿਲਾਫ਼ ਹੋਣਗੇ ਤਾਂ ਸੁਧਾਰ ਖ਼ੁਦ-ਬ-ਖੁ²ਦ ਹੋ ਸਕਦਾ ਹੈ। ਇਸ ਨਾਟਕ ਨੂੰ ਸਿੱਖਾਂ ਦੀ ਸਿਰਮੋਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਚੰਗੀ ਤਰ੍ਹਾਂ ਵੇਖ ਲੈਣਾ ਚਾਹੀਦਾ ਹੈ ਤਾਂ ਜੋ ਉਹ ਤਾਂ ਧਰਮ ਪ੍ਰਚਾਰ ਵਿਚ ਕਿਸੇ ਨਾ ਕਿਸੇ ਕਾਰਨ ਪਿਛੇ ਰਹਿ ਗਈ ਹੈ ਜੇਕਰ ਇਸ ਨਾਟਕ ਨੂੰ ਵੀ ਵੱਧ ਤੋਂ ਵੱਧ ਪ੍ਰਚਾਰਿਆ ਜਾਏ ਤਾਂ ਘੱਟੋ ਘੱਟੋ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਵਧਾਏ ਜਾ ਸਕਦੇ ਹਨ ਅਤੇ ਅਖੌਤੀ ਬਾਬਿਆਂ ਦੇ ਡੇਰਿਆਂ ਵਿਚ ਜਾ ਕੇ ਖੱਜਲ-ਖ਼ੁਆਰ ਹੋ ਰਹੀ ਭੋਲੀ ਭਾਲੀ ਜਨਤਾ ਨੂੰ ਬਚਾ ਕੇ ਅਸਲੀਅਤ ਦਾ ਰਾਹ ਦਰਸਾ ਕੇ ਸਿੱਖੀ ਦੀ ਝੋਲੀ ਮੁੜ ਪਾਇਆ ਜਾ ਸਕਦਾ ਹੈ।

ਇਕ ਗੰਭੀਰ ਕਿਸਮ ਦੇ ਦਰਸ਼ਕ ਨੇ ਕਿਹਾ ਕਿ ਸਾਡੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਪਾਰਟੀਆਂ ਦੀ ਇਕ ਨਾ ਸੁਣ ਕੇ ਅਜਿਹੇ ਡੇਰਿਆਂ ਵਿਰੁਧ ਪ੍ਰਚਾਰ ਕਰਨ ਵਿਚ ਕੁਤਾਹੀ ਨਹੀਂ ਕਰਨੀ ਚਾਹੀਦੀ। ਰੂਪਕ ਕਲਾ ਤੇ ਵੈਲੈਫ਼ੇਅਰ ਸੁਸਾਇਟੀ ਵਲੋਂ ਬੱਬੀ ਬਾਦਲ ਫ਼ਾਊਡੇਸ਼ਨ ਅਤੇ ਮਾਰਕਫ਼ੈ¤ਡ ਪੰਜਾਬ ਦੇ ਸਹਿਯੋਗ ਨਾਲ ਇਸ ਨਾਟਕ ਨੂੰ ਖੇਡਿਆ ਗਿਆ ਜਿਸ ਵਿਚ ਮਾਰਕਫ਼ੈ¤ਡ ਦੇ ਚੇਅਰਮੈਨ ਜਰਨੈਲ ਸਿੰਘ ਵਾਹਦ ਬਤੌਰ ਮੁੱਖ ਮਹਿਮਾਨ ਅਤੇ ਹਰਸੁੱਖਇੰਦਰ ਸਿੰਘ ਬਾਦਲ ਤੇ ਹੋਰ ਪੁੱਜੇ। ਨਾਟਕ ਵਿਚ ਭਾਵੇਂ ਹਾਸਾ ਭਰਿਆ ਹੋਇਆ ਸੀ ਪਰ ਹਾਸੇ ਵਿਚ ਹੀ ਅਖੌਤੀ ਬਾਬਿਆਂ ਦੇ ਕਾਲੇ ਕਾਰਨਾਮੇ ਜਿਸ ਵਿਚ ਉਹ ਭੋਲੇ ਭਾਲੇ ਲੋਕਾਂ ਨੂੰ ਉਨ੍ਹਾਂ ਦੀਆਂ ਬੀਮਾਰੀਆਂ, ਤੰਗੀਆਂ ਦਾ ਲਾਭ ਉਠਾ ਕੇ ਜਿਥੇ ਆਰਥਕ ਤੌਰ ’ਤੇ ਖੋਖਲੇ ਕਰਦੇ ਹਨ ਅਤੇ ਕਿਵੇਂ ਉਹ ਬੰਦਿਆਂ ਨੂੰ ਭੁੱਕੀ, ਅਫ਼ੀਮ ਆਦਿ ਦੇ ਨਸ਼ੇ ਉਤੇ ਲਾ ਕੇ ਉਨ੍ਹਾਂ ਦੀਆਂ ਪਰਵਾਰਕ ਧੀਆਂ, ਨੂੰਹਾਂ ਨੂੰ ਸਰੀਰਕ ਸ਼ੋਸਣ ਦਾ ਸ਼ਿਕਾਰ ਬਣਾਉਂਦੇ ਹਨ ਅਤੇ ਕੁੱਖਾਂ ਵਿਚ ਹੀ ਭਰੂਣਾਂ ਨੂੰ ਮਾਰ ਮਕਾਉਂਦੇ ਹਨ ਅਤੇ ਲੋੜ ਪੈਣ ’ਤੇ ਕੁੜੀ ਦੇ ਕਤਲ ਨੂੰ ਸੜਕ ਦੁਰਘਟਨਾ ਦਾ ਰੂਪ ਦੇ ਦੇਂਦੇ ਹਨ। ਨਾਟਕ ਵਿਚ ਸੰਤ ਬਾਬਿਆਂ ਦੇ ਮਖੌਟਾ ਪਾਈ ਫ਼ਿਰਦੇ ਲੋਕਾਂ ਦੇ ਨਾਂ ਬਦਲ ਕੇ ਓਹੀ ਪਛਾਣ ਦੇ ਵਾਰੋ ਵਾਰੀ ਪੇਸ਼ ਕੀਤਾ ਜਾਂਦਾ ਹੈ ਅਤੇ ਡੇਰਿਆਂ ਨੇ ਕਿਵੇਂ ਅਪਣੀ ਸ਼ੋਭਾ ਵਧਾਉਣ ਲਈ ਮੋਮੋਠੱਗਣੀਆਂ ਗੱਲਾਂ ਮਾਰਨ ਵਾਲੇ ਬੰਦੇ ਛੱਡੇ ਹੋਏ ਹੁੰਦੇ ਹਨ ਅਤੇ ਇਹ ਡੇਰੇਦਾਰ ਬੇਔਲਾਦ ਬਿਰਧਾਂ ਨੂੰ ਜ਼ਮੀਨ ਜਾਇਦਾਦ ਡੇਰਿਆਂ ਦੇ ਨਾਂ ਲਗਵਾਉਣ ਲਈ ਵੀ ਉਕਸਾਉਂਦੇ ਹਨ।

ਨਾਟਕ ਵਿਚ ਗੁਰਚੇਤ ਚਿੱਤਰਕਾਰ, ਰੁਪਿੰਦਰ ਰੂਪੀ, ਸਤਿੰਦਰ ਕੌਰ, ਨਰਿੰਦਰਪਾਲ ਸਿੰਘ ਨੀਨਾ, ਪ੍ਰਕਾਸ਼ ਗਾਧੂ, ਦੇਵਿੰਦਰ ਉਰਫ਼ ਜੀਤ ਪੈਚਰਾਂ ਵਾਲਾ, ਗੁਰਪ੍ਰੀਤ ਕਕਰਾਲਾ, ਗੁਰਦੇਵ ਸਿੰਘ, ਰੋਡੂ ਅਤੇ ਹੋਰਾਂ ਨੇ ਅਜਿਹੇ ਰੰਗ ਭਰੇ ਹਨ ਕਿ ਸਭ ਸਾਹ ਰੋਕ ਕੇ ਸੰਵਾਦਾਂ ਨੂੰ ਸੁਣਦੇ ਰਹੇ। ਆਖ਼ਰ ਵਿਚ ਅਖੌਤੀ ਬਾਬਿਆਂ ਦਾ ਇਕ ਦੂਜੇ ਨੂੰ ਨੀਵਾਂ ਵਿਖਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ ਜੋ ਇਕ ਦੂਜੇ ਦੀਆਂ ਕਰਤੂਤਾਂ ਨੂੰ ਉਜਾਗਰ ਕਰਦਿਆਂ ਦਰਸਾਇਆ ਗਿਆ ਹੈ। ਕੁੱਝ ਵੀ ਹੋਏ ਗੁਰਚੇਤ ਚਿੱਤਰਕਾਰ ਦੀ ਠੇਠ ਪੰਜਾਬੀ ਨੇ ਸਭ ਨੂੰ ਕਾਇਲ ਕਰ ਸੁੱਟਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top