Share on Facebook

Main News Page

ਬਾਬਾ ਢੱਡਰੀਆਂ ਵਾਲੇ ਨੂੰ ਖੁੱਲਾ ਸੱਦਾ

ਸਤਿਕਾਰਯੋਗ ਖਾਲਸਾ ਸਾਧ ਸੰਗਤ ਜੀਓ !!

ਪੰਜਾਬ ਵਿੱਚ ਉਤਨੇ ਵਿਦਿਆ ਦੇ ਕੇਂਦਰ ਨਹੀਂ ਰਹੇ, ਜਿਤਨੇ ਧਾਰਮਿਕ ਸਥਾਨ ਪੈਦਾ ਹੋ ਚੁਕੇ ਹਨ ਉਹ ਇਹਨਾ ਧਰਮ ਦੇ ਨਾਮ ਤੇ ਬਣੇ ਸਥਾਨ ਵਿਚ ਹੋਣ ਵਾਲੇ ਨਿੱਤ ਨਵੇਂ ਕਾਰਨਾਮਿਆਂ ਤੋਂ ਵੀ ਸੁਚੇਤ ਸੰਗਤ ਭਲੀ ਭਾਂਤ ਜਾਣੂ ਹੈ । ਬੇਸ਼ੱਕ ਬਹੁਤ ਗੁਰੂ ਪਿਆਰ ਵਾਲੇ ਸਿੱਖੀ ਦੀ ਚੜਦੀ ਕਲਾ ਲੋਚਦੇ ਹਨ, ਪਰ ਵਧ ਰਹੇ ਡੇਰਾਵਾਦ ਵਿਚ ਜਿਆਦਾਤਰ ਗਿਣਤੀ ਪੰਥ ਨੂੰ ਭੰਬਲਭੂਸੇ ਵਿੱਚ ਪਾ ਕੇ ਡੇਰਿਆਂ ਦੀ ਚੜਤ ਵਧਾਉਣ, ਮਾਇਆ ਇਕੱਤਰ ਕਰਨ, ਕਰਮਕਾਂਡ ਅੰਧਵਿਸ਼ਵਾਸ਼ ਨੂੰ ਵਧਾਉਣ ਦਾ ਕੰਮ ਹੀ ਕਰ ਰਹੀ ਹੈ, ਪਰ ਜੱਦ ਵੀ ਸਿੱਖੀ ਉਤੇ ਕੋਈ ਸੰਕਟ ਆ ਬਣਦਾ ਹੈ ਤਾਂ ਬਹੁਤ ਬੂਬਨੇ ਸਾਧ ਡੇਰਿਆਂ ਵਿਚ ਹੀ ਵੜੇ ਰਹਿੰਦੇ ਹਨ। ਸਟੇਜ 'ਤੇ ਸਿੱਖੀ ਦੀਆਂ ਗੱਲਾ ਕਰਨ ਵਾਲੇ ਸੂਰਬੀਰਾਂ ਦੀਆਂ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਭਾਵੁਕ ਕਰਨ ਵਾਲੇ, ਆਪ ਡਰਪੋਕ ਕਿਸਮ ਦੇ ਬਣ ਕੇ ਹਰ ਪੰਥਕ ਮਸਲੇ ਤੇ ਚੁੱਪੀ ਹੀ ਵੱਟੀ ਰਖਦੇ ਹਨ।

ਬੀਤੇ ਦਿਨੀ ਸੁਖਵਿੰਦਰ ਸਿੰਘ ਬਲਿਆਲ ਜੋ ਬਾਬਾ ਰਣਜੀਤ ਸਿੰਘ ਢਡਰੀਆਂ ਵਾਲੇ ਨਾਲ ਢੋਲਕੀ ਵਜਾਉਣ ਦੀ ਸੇਵਾ ਪਿਛਲੇ ਕਈ ਸਾਲਾਂ ਤੋਂ ਕਰਦਾ ਆ ਰਿਹਾ ਸੀ, ਉਸ ਵਲੋਂ ਬਾਬਾ ਢਡਰੀਆਂ ਵਾਲੇ ਖਿਲਾਫ਼ ਸੰਗੀਨ ਇਲਜਾਮ ਲਗਾਏ ਗਏ ਸਨ। ਜਿਹਨਾਂ ਨੂੰ ਵਿਦੇਸ਼ਾਂ ਵਿਚ ਰੇਡੀਓ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿਚ ਇੰਟਰਨੇਟ ਦੇ ਮਾਧਿਅਮ ਰਾਹੀਂ ਬਹੁਤ ਲੋਕਾਂ ਨੇ ਸੁਣਿਆ। ਸੁਖਵਿੰਦਰ ਸਿੰਘ ਵਲੋਂ ਲਗਾਏ ਗਏ ਦੋਸ਼ਾਂ ਵਿਚ ਬਾਬਾ ਢਡਰੀਆਂ ਵਾਲੇ ਵਲੋਂ ਉਸਦੇ ਕੇਸ ਕਤਲ ਕਰਵਾਉਣ, ਪੁਲਿਸ ਵਲੋਂ ਅੰਨਾ ਤਸੱਦਦ ਕਰਵਾਉਣ, ਡੇਰੇ ਵਿਚ ਹੁੰਦੀਆਂ ਗੈਰ ਕਾਨੂਨੀ ਵਾਰਦਾਤਾਂ ਬਾਰੇ ਅਤੇ ਹੋਰ ਗੈਰ ਇਖਲਾਕੀ ਕੰਮਾਂ ਦਾ ਵੇਰਵਾ ਸੰਗਤਾਂ ਨਾਲ ਸਾਂਝਾ ਕੀਤਾ ਗਿਆ ਸੀ, ਪਰ ਬਜਾਇ ਇਸਦੇ ਕੇ ਇਸ ਸੰਬਧੀ ਡੁੰਘਾਈ ਨਾਲ ਇਸ ਕੇਸ ਦੀ ਪੈਰਵੀ ਕਰਨ ਅਤੇ ਸਚਾਈ ਸਾਹਮਣੇ ਲਿਆਉਣ ਲਈ ਕਿਸੇ ਵੀ ਜਥੇਬੰਦੀ /ਸੰਸਥਾ/ਡੇਰੇ/ ਟਕਸਾਲ ਵਲੋਂ ਜਾਂ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਕੀਤੀ ਜਾਵੇ, ਉਲਟਾ ਨਿੱਜੀ ਤੋਰ ਤੇ ਉਕਤ ਬਾਬੇ ਵਲੋਂ ਇੰਟਰਨੇਟ ਉੱਤੇ ਆਪਣੇ ਨਿੱਜੀ ਸਮਾਗਮ ਵਿੱਚ ਸਪਸ਼ਟੀਕਰਨ ਦੇ ਕੇ ਪੱਲਾ ਝਾੜ ਲਿਆ ਗਿਆ ਅਤੇ ਸਮੁਚੀ ਕੌਮ / ਪੰਥ ਵਲੋਂ ਵੀ ਉਕਤ ਬਾਬੇ ਦੀਆਂ ਗੱਲਾਂ ਨੂੰ ਸਿਰ ਮਥੇ ਮੰਨ ਲਿਆ ਅਤੇ ਉਸਦਾ ਸਾਥ ਦੇਣ ਵਾਲੇ ਹੋਰ ਅਨੇਕ ਵਿਅਕਤੀਆਂ (ਜਿਹਨਾਂ ਵਿਚ ਕਈ ਆਪ ਸ਼ੱਕੀ ਕਿਰਦਾਰ ਦੇ ਹਨ) ਦੀਆਂ ਗੱਲਾਂ ਨੂੰ ਪ੍ਰਵਾਨ ਕਰ ਲਿਆ ਗਿਆ ਅਤੇ ਬਿਨਾਂ ਸਚ ਝੂਠ ਦਾ ਪਤਾ ਲਗਾਏ, ਸੁਖਵਿੰਦਰ ਸਿੰਘ ਨੂੰ ਦੋਸ਼ੀ ਸਾਬਿਤ ਕਰਕੇ, ਬਾਬਾ ਢੱਡਰੀਆਂ ਵਾਲੇ ਨੂੰ ਕਲੀਨ ਚਿੱਟ ਦੇ ਦਿਤੀ।

ਪਰ ਅਸਲੀ ਮੁੱਦੇ ਵੱਲ ਕਿਸੇ ਨੇ ਵੀ ਧਿਆਨ ਦੇਣਾ ਜਰੂਰੀ ਨਾ ਸਮਝਿਆ ਕਿ ਇਹ ਜੋ ਵੀ ਹੋਇਆ ਇਸਦਾ ਦੋਸ਼ੀ ਹੈ ਕੌਣ?

  1. ਮੰਨ ਲਿਆ ਜਾਵੇ ਕੇ ਉਕਤ ਡੇਰੇਦਾਰ ਬਾਬੇ ਦੀਆਂ ਗੱਲਾ ਵਿਚ ਸਚਾਈ ਹੈ ਅਤੇ ਸੁਖਵਿੰਦਰ ਸਿੰਘ ਦੋਸ਼ ਗਲਤ ਹਨ, ਤਾਂ ਕੀ ਕਿਸੇ ਜਥੇਬੰਦੀ/ਸੰਸਥਾ/ਸੰਪਰਦਾ/ ਜਾਂ ਫਿਰ ਉਕਤ ਡੇਰੇਦਾਰ ਦੇ ਬਣਾਏ ਟਰਸਟ ਉੱਤੇ ਬਾਬਾ ਢੱਡਰੀਆਂ ਵਾਲੇ ਦਾ ਇਹ ਫਰਜ ਨਹੀਂ ਸੀ ਬਣਦਾ ਕਿ ਪੀੜਤ ਸੁਖਵਿੰਦਰ ਸਿੰਘ ਜਿਸਦੇ ਕੇਸਾਂ ਦੀ ਬੇਅਦਬੀ ਹੋਈ ਹੈ, ਉਸਦੇ ਕੇਸ ਵਿਚ ਕੋਈ ਪੈਰਵਾਈ ਕੀਤੀ ਜਾਂਦੀ? ਕੀ ਉਹ ਸਿੱਖ ਨਹੀਂ?

  2. ਕੀ ਇਸ ਗੱਲ ਦਾ ਪਤਾ ਲਗਾਉਣ ਦੀ ਜਰੂਰਤ ਨਹੀਂ ਕਿ ਅਖੀਰ ਸੁਖਵਿੰਦਰ ਸਿੰਘ ਦੇ ਕੇਸ ਕਤਲ ਕਿਸਨੇ ਕੀਤੇ? ਕਿਸ ਬਿਨਾਹ ਤੇ ਉਸ ਉੱਤੇ ਪੁਲਿਸ ਵਲੋਂ ਅੰਨਾ ਤਸੱਦਦ ਕੀਤਾ ਗਿਆ ਕਿ ਉਹ ਹੁਣ ਚੰਗੀ ਤਰਾਂ ਆਪਣੇ ਪੈਰਾਂ ਤੇ ਚਲਣ ਦੇ ਸਮਰਥ ਵੀ ਨਹੀਂ ਰਿਹਾ ....ਉਸਦਾ ਦੋਸ਼ ਹੈ ਕੀ?

  3. ਬਾਬਾ ਢੱਡਰੀਆਂ ਵਾਲੇ ਵਲੋਂ ਇਹ ਕਹਿ ਕੇ ਆਪਣੇ ਆਪ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਵਲੋਂ ਸੁਖਵਿੰਦਰ ਸਿੰਘ ਨੂੰ ਅਵਾਰਾਗਰਦੀ ਦੇ ਕੇਸ 'ਚ ਗਿਰਫਤਾਰ ਕੀਤਾ ਗਿਆ। 2002 ਤੋਂ 2012 ਤੱਕ ਬਾਬਾ ਢਡਰੀਆਂ ਵਾਲੇ ਜੱਥੇ ਨਾਲ ਰਹਿਣ ਵਾਲੇ ਸਿੰਘ ਨੂੰ ਪੁਲਿਸ ਅਵਾਰਾਗਰਦੀ ਦੇ ਕੇਸ 'ਚ ਗਿਰਫਤਾਰ ਕਰਦੀ ਹੈ, ਕਿਨਾਂ ਕੁ ਸਚ ਲਗਦਾ ਹੈ। ਜੇ ਸਚ ਮੰਨ ਵੀ ਲਿਆ ਜਾਵੇ ਤਾਂ ਕੀ ਇਹੀ ਸਿਖਿਆ ਮਿਲੀ 10 ਸਾਲਾਂ ਵਿਚ?

  4. ਕੀ ਸੰਗਤ ਨੂੰ ਇਹ ਜਾਨਣਾ ਨਹੀਂ ਚਾਹੀਦਾ ਕਿ ਕਿਸਦੇ ਕਹਿਣ ਤੇ ਸੁਖਵਿੰਦਰ ਸਿੰਘ ਨੇ ਇਹ ਇਲਜਾਮ ਲਗਾਏ ਹਨ? ਜੋ ਬਾਬਾ ਢਡਰੀਆਂ ਵਾਲੇ ਵਲੋਂ ਕਿਹਾ ਜਾ ਰਿਹਾ ਕਿ ਸੁਖਵਿੰਦਰ ਸਿੰਘ ਕਿਸੇ ਦੀ ਸ਼ੈਅ ਤੇ ਇਹ ਇਲਜਾਮ ਲਗਾ ਰਿਹਾ, ਪਰ ਜੇ ਕੱਲ ਨੂੰ ਇਲਜਾਮ ਸਚ ਹੋ ਗਏ ਤਾਂ ਕਿ ਬਣੇਗਾ?

  5. ਢੱਡਰੀਆਂ ਵਾਲੇ ਵਲੋਂ ਕਿਹਾ ਗਿਆ ਹੈ, ਕਿ ਅੰਮ੍ਰਿਤਧਾਰੀ ਸਿੱਖ ਸ਼ਰੀਰ ਤੋਂ ਕਿਰਪਾਨ ਵੱਖ ਕਰਨ 'ਤੇ ਸਿਖ ਬੇਮੁਖ ਹੋ ਜਾਂਦਾ ਹੈ ....ਤਾਂ ਪ੍ਰਚਾਰਕ, ਰਾਗੀ, ਢਾਡੀ, ਜਥੇਦਾਰ ਸਾਹਿਬਾਨ ਅਨੇਕਾਂ ਵਾਰ ਵਿਦੇਸ਼ ਗਏ ਹਨ, ਉਹ ਕਿੰਨੀ ਵਾਰ ਬੇਮੁਖ ਹੋਏ ਹਨ ਕਿ ਜਵਾਬ ਦੇਣਗੇ?

ਕੀ ਢੱਡਰੀਆਂ ਵਾਲਾ ਵਿਦੇਸ਼ਾਂ ਵਿਚ ਜਾਣ ਸਮੇਂ ਜਹਾਜ ਵਿਚ ਕਿਰਪਾਨ ਪਾ ਕੇ ਸਫਰ ਕਰਦਾ ਹੈ?

ਇਹੋ ਜਿਹੇ ਹੋਰ ਵੀ ਕਈ ਸਵਾਲ ਪੈਦਾ ਹੁੰਦੇ ਹਨ, ਜਿਹਨਾਂ ਦਾ ਜਵਾਬ ਕਿਸੇ ਕੋਲ ਨਹੀਂ ਹੈ ਜੋ ਸਿਧਾ ਸੰਗਤ ਸਾਹਮਣੇ ਪੁਛੇ ਜਾਣਗੇ।

ਇਸ ਲਈ ਅਸੀਂ ਆਪਣੇ ਤੌਰ 'ਤੇ ਬਾਬਾ ਢਡਰੀਆਂ ਵਾਲੇ ਨੂੰ ਲਾਈਵ ਟੀ. ਵੀ ਚੈਨਲ 'ਤੇ ਜਾਂ ਸਰਬਤ ਸੰਗਤ ਸਾਹਮਣੇ ਸਪਸ਼ਟੀਕਰਨ ਦੇਣ ਦਾ ਖੁੱਲਾ ਸੱਦਾ ਦਿੰਦੇ ਹਾਂ, ਤਾਂ ਜੋ ਸੰਗਤਾਂ ਦੇ ਮਨ ਵਿੱਚ ਪੈਦਾ ਹੋਈ ਦੁਬਿਧਾ ਨੂੰ ਦੂਰ ਕੀਤਾ ਜਾਵੇ ਤੇ ਸਚ ਝੂਠ ਦਾ ਨਿਬੇੜਾ ਹੋ ਸਕੇ [ਓੜਕਿ ਸਚਿ ਰਹੀ]

ਇੰਟਰਨੈਸ਼ਨਲ ਸਿੱਖ ਅਵੇਅਰਨੇਸ ਸੁਸਾਇਟੀ, ਫਤਹਿ ਮਲਟੀਮੀਡਿਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top