Share on Facebook

Main News Page

ਅਵਰ ਉਪਦੇਸੈ ਆਪਿ ਨ ਬੂਝੈ ॥ ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥
-
ਇੰਦਰਜੀਤ ਸਿੰਘ, ਕਾਨਪੁਰ

ਅਜ ਰੋਜਾਨਾਂ ਸਪੋਕਸਮੈਨ ਅਖਬਾਰ ਵਿੱਚ ਅਕਾਲ ਤਖਤ ਦੇ "ਹੈਡ ਗ੍ਰੰਥੀ" ਗੁਰਬਚਨ ਸਿੰਘ ਜੀ ਦਾ ਇਹ ਬਿਆਨ ਕਿ "ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੇ ਪਹਿਰਾ ਦੇਣਾਂ ਹਰ ਸਿੱਖ ਦਾ ਪਹਿਲਾ ਫਰਜ ਹੈ " ਪੜ੍ਹ ਕੇ ਬਹੁਤ ਹੈਰਾਨੀ ਹੋਈ ਅਤੇ ਗੁਰਬਾਣੀ ਦਾ ਇਹ ਸ਼ਲੋਕ ਯਾਦ ਆ ਗਇਆ।

ਬਾਹਰਿ ਭੇਖ ਕਰਹਿ ਘਨੇਰੇ ॥ ਅੰਤਰਿ ਬਿਖਿਆ ਉਤਰੀ ਘੇਰੇ ॥
ਅਵਰ ਉਪਦੇਸੈ ਆਪਿ ਨ ਬੂਝੈ ॥ ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥
ਮੂਰਖ ਬਾਮਣ ਪ੍ਰਭੂ ਸਮਾਲਿ ॥ ਦੇਖਤ ਸੁਨਤ ਤੇਰੈ ਹੈ ਨਾਲਿ ॥
ਅੰਕ 372

ਭਾਵ ਅਰਥ : ਬਾਹਰ ਤੇ ਤੂੰ ਬਹੁਤ (ਧਾਰਮਿਕ) ਬਾਨਾਂ ਪਾਇਆ ਹੋਇਆ ਹੈ। ਤੇਰੇ ਅੰਦਰ ਤੇ ਝੂਠ ਭਰਿਆ ਪਇਆ ਹੈ। ਦੂਜਿਆ ਨੂੰ ਤੇ ਤੂੰ ਉਪਦੇਸ਼ ਦੇਂਦਾ ਫਿਰਦਾ ਹੈ, ਤੇ ਆਪ ਉਸ ਤੇ ਅਮਲ ਨਹੀਂ ਕਰਦਾ। ਐਸਾ ਬ੍ਰਾਹਮਣ ਕਿਸੇ ਨੂੰ ਚੰਗਾ ਨਹੀਂ ਲਗਦਾ। ਹੈ ਮੂਰਖ ਬ੍ਰਾਹਮਣਾਂ! ਤੂੰ ਉਸ ਪ੍ਰਭੂ ਨੂੰ ਚੇਤੇ ਕਰ। ਤੂੰ ਜੋ ਕੁਝ ਕਰ ਰਿਹਾ ਹੈ ਉਹ (ਪ੍ਰਭੂ) ਸਭ ਕੁਝ ਦੇਖ ਅਤੇ ਸੁਣ ਰਿਹਾ ਹੈ।

ਗਿਆਨੀ ਗੁਰਬਚਨ ਸਿੰਘ ਜੀ ਤੁਸੀਂ ਦੂਜਿਆ ਨੂੰ "ਅਕਾਲ ਤਖਤ ਦੇ ਫੈਸਲਿਆ ਤੇ ਪਹਿਰਾਂ ਦੇਣ" ਦਾ ਉਪਦੇਸ਼ ਦਿਤਾ ਹੈ। ਉਸ ਭੋਲੀ ਭਾਲੀ ਸੰਗਤ ਨੇ ਵੀ ਤੁਹਾਨੂੰ "ਕੌਮ ਦਾ ਹਾਕਿਮ" ਸਮਝ ਕੇ ਤੁਹਾਡਾ ਇਹ ਉਪਦੇਸ਼ ਸੁਣ ਵੀ ਲਇਆ, ਅਗੋਂ ਕੁਝ ਨਾਂ ਪੁਛਿਆ ? ਲੇਕਿਨ ਜਰਾ ਅਪਣੇ ਅੰਦਰ ਝਾਤ ਮਾਰ ਕੇ ਵੇਖੋ ਕਿ - ਕੀ ਤੁਸੀਂ ਆਪ ਅਕਾਲ ਤਖਤ ਦੇ ਫੈਸਲਿਆ ਤੇ ਪਹਿਰਾ ਦੇੰਦੇ ਹੋ? ਕੀ ਤੁਸੀਂ ਆਪ ਸਿੱਖ ਰਹਿਤ ਮਰਿਯਾਦਾ ਦਾ ਪਾਲਨ ਕਰਦੇ ਹੋ ? ਸਨ 2003 ਨੂੰ ਅਕਾਲ ਤਖਤ ਸਾਹਿਬ ਤੋਂ "ਨਾਨਕ ਸ਼ਾਹੀ ਕੈਲੰਡਰ " ਲਾਗੂ ਹੋਇਆ ਸੀ। ਸਨ 2003 ਦਾ ਹੁਕਮਨਾਮਾਂ ਨਾਲ ਮੌਜੂਦ ਹੈ। ਇਸ ਹੁਕਮ ਨਾਮੇ ਦਾ ਤੁਸੀਂ ਆਪ ਅਪਮਾਨ ਕੀਤਾ ਅਤੇ ਇਸ ਦੇ ਖਿਲਾਫ ਜਾ ਕੇ "ਕੌਮ ਦੀ ਵਖਰੀ ਹੋਂਦ, ਅਡਰੀ ਪਹਿਚਾਨ ਅਤੇ ਸਵੈਮਾਨ ਦੇ ਪ੍ਰਤੀਕ, ਨਾਨਕ ਸ਼ਾਹੀ ਕੈਲੰਡਰ" ਨੂੰ ਰੱਦ ਕਰ ਦਿਤਾ । ਇਹ ਹੀ ਹੈ ਅਕਾਲ ਤਖਤ ਦੇ ਫੈਸਲਿਆ ਤੇ ਪਹਿਰਾ ਦੇਣਾਂ?"।

ਅੱਜ 76 ਸਾਲਾਂ ਵਿੱਚ ਤੁਹਾਡੇ ਕੋਲੋ "ਸਿੱਖ ਰਹਿਤ ਮਰਿਯਾਦਾ" ਵਿਚ ਲੋੜੀੰਦੀਆਂ ਸੋਧਾ ਲਈ ਸਰਬੱਤ ਖਾਲਸਾ ਨਹੀਂ ਬੁਲਾਇਆ ਗਇਆ । ਦੋ ਸਦੀਆਂ ਤੋਂ ਤੁਸੀਂ ਹਜੂਰ ਸਾਹਿਬ ਤਖਤ ਤੇ ਪੰਥ ਪ੍ਰਵਾਣਿਤ ਰਹਿਤ ਮਰਿਯਾਦਾ ਲਾਗੂ ਨਹੀਂ ਕਰਾ ਸਕੇ। ਕੇੜ੍ਹਾ ਪਹਾੜ ਟੁੱਟ ਗਇਆ ਕੇ ਇਕ ਮਹੀਨੇ ਵਿੱਚ ਹੀ ਤੁਸੀਂ "ਮੂਲ ਨਾਨਕ ਸ਼ਾਹੀ ਕੈਲੰਡਰ" ਨੂੰ "ਬ੍ਰਾਹਮਣੀ ਜੰਤਰੀ" ਵਿਚ ਤਬਦੀਲ ਕਰ ਦਿਤਾ ? ਇਸ ਕੈਲੰਡਰ ਨੂੰ ਤਾਂ ਪੂਰੀ ਕੌਮ ਨੇ ਸਵੀਕਾਰ ਕਰ ਲਿਆ ਸੀ, ਅਤੇ ਉਹ 7 ਵਰ੍ਹੇ ਬਿਨਾਂ ਕਿਸੇ ਵਿਵਾਦ ਦੇ ਠੀਕ ਠਾਕ ਚੱਲ ਵੀ ਰਿਹਾ ਸੀ। ਇਕ ਆਰ. ਐਸ. ਐਸ. ਵਾਲਿਆਂ ਨੂੰ ਛੱਡ ਕੇ ਕਿਸੇ ਹੋਰ ਨੂੰ ਇਸ ਤੋਂ ਕੋਈ ਤਕਲੀਫ ਨਹੀਂ ਸੀ। ਐਸੀਆ ਗਲਾਂ ਘਟੋ ਘੱਟ ਤੁਹਾਡੇ ਮੂਹੋ ਤੇ ਚੰਗੀਆ ਨਹੀਂ ਲਗਦੀਆ "ਹੇਡ ਗ੍ਰੰਥੀ" ਸਾਹਿਬ ਜੀ। ਇਹ ਠੀਕ ਹੈ ਕਿ ਅਪਣੇ ਮਾਲਿਕ ਦਾ ਹੁਕਮ ਮਨਣਾਂ ਹਰ ਮੁਲਾਜਿਮ ਦਾ ਫਰਜ ਹੂੰਦਾ ਹੈ, ਲੇਕਿਨ ਜੇ ਉਹ ਹੁਕਮ "ਸੱਚੇ ਮਾਲਿਕ" ਦੇ ਸਿਧਾਂਤਾਂ ਦਾ "ਉਲੰਘੱਨ" ਕਰਦਾ ਹੋਵੇ, ਤੇ ਉਸ ਨੂੰ ਇਕ ਸੱਚਾ ਸਿੱਖ ਸਿਰੇ ਤੋਂ ਨਕਾਰ ਕੇ ਉਸ ਕਰਤਾਰ ਦੇ ਹੁਕਮਾਂ ਤੇ ਪਹਿਰਾ ਦੇਂਦਾ ਹੈ। ਤੁਸੀਂ ਤੇ ਉਸ ਮਾਲਿਕ ਦੇ ਹੁਕਮ ਨੂੰ ਤਰਜੀਹ ਦੇਂਦੇ ਹੋ ਜੋ "ਹੇਡ ਗ੍ਰੰਥੀ" ਹੋਣ ਦੀ ਹਰ ਮਹੀਨੇ ਤਨਖਾਹ ਅਤੇ ਖਰਚਾ ਤੁਹਾਨੂੰ ਦੇ ਰਿਹਾ ਹੈ।

ਤੁਸੀਂ ਇਹ ਵੀ ਕਹਿਆ ਹੈ ਕਿ "ਪੰਥਿਕ ਮਸਲਿਆ ਨੂੰ ਲੈ ਕੇ ਸਮੁਚੀ ਸਿੱਖ ਕੌਮ ਵਿਚ ਆਪਸੀ ਏਕਾ ਹੋਣਾਂ ਅਤਿ ਜਰੂਰੀ ਹੈ"। ਗਿਆਨੀ ਜੀ ਲਗਦਾ ਹੈ , ਸਿਆਸੀ ਲੋਕਾਂ ਦੀ ਸੰਗਤ ਵਿੱਚ ਰਹਿ ਰਹਿ ਕੇ, ਤੁਸੀਂ ਵੀ ਹੁਣ ਸਿਆਸਤ ਦੇ ਦਾਵ ਪੇਂਚ ਸਿਖ ਲਏ ਨੇ। ਜੇ ਤੁਹਾਨੂੰ "ਕੌਮੀ ਏਕਤਾ" ਦੀ ਐਨੀ ਹੀ ਫਿਕਰ ਹੈ ਤੇ "ਨਾਨਕ ਸ਼ਾਹੀ ਕੈਲੰਡਰ" ਨੂੰ "ਬ੍ਰਾਹਮਣੀ ਜੰਤਰੀ" ਵਿਚ ਤਬਦੀਲ ਕਿਉ ਕੀਤਾ ਗਇਆ ? ਹੁਣ ਇਸ ਵਰ੍ਹੇ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਪੁਰਬ ਕਿਵੇਂ ਮਣਾਉਗੇ? ਤੁਹਾਡੇ ਬ੍ਰਾਹਮਣੀ ਕੈਲੰਡਰ ਅਨੁਸਾਰ ਤੇ ਇਸ ਵਰ੍ਹੇ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਆਉਣਾਂ ਹੀ ਨਹੀਂ। ਕੀ ਸਿੱਖੀ ਵਿੱਚ ਹੁਣ ਬ੍ਰਾਹਮਣਾਂ ਵਾਂਗ, "ਗ੍ਰੰਥੀ ਲਾਣਾਂ" ਹੀ ਤੈਅ ਕਰਿਆ ਕਰੇਗਾ ਕਿ ਕੇੜ੍ਹਾ ਦਿਨ ਕਦੋ ਮਨਾਉਣਾਂ ਹੈ। ਕੀ ਇਹ ਹੀ ਹੈ "ਕੌਮੀ ਏਕਾ"?

ਜੇ ਤੁਹਾਨੂੰ "ਕੌਮੀ ਏਕਤਾ" ਦੀ ਇਨੀ ਹੀ ਫਿਕਰ ਸੀ ਤੇ ਇਸ ਕੈਲੰਡਰ ਨੂੰ ਸੋਧਨ ਲਈ ਤੁਸੀਂ "ਸੰਤ ਸਮਾਜ" ਦੇ ਮੁਖੀ ਧੂੰਮੇ ਅਤੇ ਅਪਣੇ "ਪ੍ਰਧਾਨ " ਦੀ ਹੀ ਕਿਉ ਮੰਨੀ ? ਕੀ ਤੁਹਾਡਾ ਪ੍ਰਧਾਨ ਅਤੇ ਧੂੰਮਾ ਕੋਈ "ਕੈਲੰਡਰ ਵਿਗਿਆਨ" ਦੇ ਮਾਹਿਰ ਹਨ ਜਾਂ ਵਿਗਿਆਨਿਕ ਹਨ? ਜੇ ਤੁਹਾਨੂੰ ਕੌਮੀ ਏਕਤਾ ਦੀ ਇਨੀ ਹੀ ਪਰਵਾਹ ਹੈ ਤੇ ਅਪਣੇ "ਸਿਯਾਸੀ ਆਕਾ " ਦੇ ਹੁਕਮ ਨੂੰ ਮਨਣ ਦੀ ਬਜਾਇ ਜਿਸ ਨੇ ਇਹ ਕੈਲੰਡਰ ਬਣਾਇਆ ਸੀ, "ਪਾਲ ਸਿੰਘ ਪੁਰੇਵਾਲ" ਦੀ ਵੀ ਸਲਾਹ ਲੈ ਲੈੰਦੇ? ਤੁਸੀਂ "ਕੋਮੀ ਏਕਤਾ" ਵਲ ਵੱਧ ਰਹੇ ਹੋ, ਕਿ ਕੌਮ ਦੀ ਦੁਗਤਿ ਕਰ ਰਹੇ ਹੋ ? ਪੰਥ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੂੰ ਤੁਸੀਂ ਜਿਸ ਗੈਰ ਸਿਧਾਂਤਕ ਤਰੀਕੇ ਨਾਲ ਕੌਮ ਤੋਂ ਛੇਕਿਆ, ਕੀ ਉਹ "ਕੌਮ ਦੀ ਏਕਤਾ" ਵਾਲਾ ਕੰਮ ਸੀ ? ਕੀ ਇਸ ਗੈਰਸਿਧਾਂਤਕ ਫੈਸਲੇ ਨੇ ਕੌਮ ਵੀਚ ਵਖਰੇਵਾਂ ਪੈਦਾ ਨਹੀਂ ਕੀਤਾ? ਹੇਡ ਗ੍ਰੰਥੀ ਜੀ! ਕੌਮ ਦੀ ਏਕਤਾ ਇਸ ਢੰਗ ਨਾਲ ਨਹੀਂ ਹੋਣੀ ਜਿਸ ਢੰਗ ਨੂੰ ਤੁਸੀਂ ਅਪਣਾਂ ਰਹੇ ਹੋ। ਸਿੱਖ ਰਹਿਤ ਮਰਿਯਾਦਾ ਦੇ "ਕੀਰਤਨ" ਸਿਰਲੇਖ ਦੇ ਉਲਟ ਤੁਸੀਂ "ਅਖੋਤੀ ਦਸਮ ਗ੍ਰੰਥ" ਦੀਆ ਰਚਨਾਵਾਂ ਨੂੰ ਦਰਬਾਰ ਸਾਹਿਬ ਤੋਂ ਪੜ੍ਹਵਾ ਰਹੇ ਹੋ। ਤੁਹਾਨੂੰ ਪਤਾ ਹੈ ਕੇ ਕੌਮ ਇਸ "ਕਿਤਾਬ" ਕਰਕੇ ਦੋ ਧੱੜਿਆ ਵਿੱਚ ਵੰਡੀ ਜਾ ਚੁਕੀ ਹੈ? ਇਕ ਧੜਾ ਕੇਵਲ ਗੁਰੂ ਗ੍ਰੰਥ ਸਾਹਿਬ ਵਿਚ ਦਾਰਜ ਬਾਣੀ ਨੂੰ "ਗੁਰਬਾਣੀ" ਮਨਣਦਾ ਹੈ ਦੂਜਾ ਇਸ ਅਖੋਤੀ ਦਸਮ ਗ੍ਰੰਥ ਵਿੱਚ ਦਰਜ "ਦੇਵੀ ਉਸਤਤ ਅਤੇ ਅਸ਼ਲੀਲ ਸਾਹਿਤ" ਨੂੰ "ਗੁਰੂ ਬਾਣੀ" ਮਨਣਦਾ ਹੈ, ਜਿਨਾਂ ਵਿਚੋ ਇਕ ਤੁਸੀਂ ਆਪ ਵੀ ਹੋ। ਜੇ ਤੁਹਾਨੂੰ "ਕੌਮੀ ਏਕੇ" ਦੀ ਵਾਕਈ ਚਿੰਤਾ ਹੂਦੀ ਤੇ 300 ਸਾਲਾਂ ਦੇ ਲਟਕੇ ਇਸ ਮਸਲੇ ਨੂੰ ਹਲ ਕਰਨ ਲਈ ਕੋਈ ਵਿਦਵਾਨਾਂ ਦਾ ਪੈਨਲ ਬਣਵਾਇਆ ਹੂੰਦਾ ? ਖੇਰ, ਮੈਂ ਵੀ ਕਿਸ ਨੂੰ , ਇਹ ਸਭ ਕਹਿ ਰਿਹਾ ਹਾਂ ?

ਜੇ ਤੁਹਾਨੂੰ ਕੌਮੀ ਏਕਤਾ ਦੀ ਜਾ ਹਰ ਤਬਕੇ ਨੂੰ ਇਕ ਕਰਨ ਦੀ ਚਿੰਤਾ ਹੂੰਦੀ ਤੇ ਤੁਸੀਂ "ਸ਼ਹੀਦ ਸਮਾਰਕ" ਬਨਾਉਣ ਦਾ ਠੇਕਾ ਸੰਤ ਸਮਾਜ ਦੇ ਮੁਖੀ ਧੂੰਮੇ ਨੂੰ ਨਾਂ ਦੇ ਕੇ ਪੂਰੇ ਪੰਥ ਦੇ ਹਰ ਵਰਗ ਦੀ ਰਾਇ ਲੈਂਦੇ। ਸੰਤ ਸਮਾਜ ਦਾ ਕੌਮ ਪ੍ਰਤੀ ਯੋਗਦਾਨ ਕੀ ਹੈ? ਧੁੰਮੇ ਨੇ ਕੌਮ ਲਈ ਕੀ ਬਲਿਦਾਨ, ਪ੍ਰਚਾਰ ਅਤੇ ਕੋਈ ਵੱਡਾ ਕੰਮ ਕੀਤਾ ਹੈ, ਕੀ ਤੁਸੀਂ ਇਹ ਦਸ ਸਕਦੇ ਹੋ? ਇਹ ਇਕ ਸਿਯਾਸੀ ਪਾਰਟੀ ਬਣ ਚੁਕੀ ਹੈ, ਪੰਥਿਕ ਧਿਰ ਨਹੀਂ ਹੈ। ਗੱਲਾਂ ਤੇ ਹੋਰ ਵੀ ਬਹੁਤ ਨੇ, ਤੁਹਾਡੇ ਕੋਲੋਂ ਪੁਛਣ ਵਾਲੀਆਂ ਅਤੇ ਕਰਨ ਵਾਲੀਆਂ, ਚਲੋ ਉਹ ਇਕ ਦਿਨ ਬਹਿ ਕੇ ਕਰਾਂਗੇ, ਲੇਕਿਨ "ਸਕੱਤਰੇਤ" ਵਿਚ ਨਹੀਂ। ਸਾਡੇ ਲਈ ਤਾਂ ਪੰਥ ਦੀ ਕਚਹਿਰੀ ਹੀ ਸਭ ਤੋਂ ਵੱਡੀ ਅਦਾਲਤ ਹੈ। ਜੋ ਫੇਸਲਾ ਇਹ ਅਦਾਲਤ ਕਰੇਗੀ ਉਹ ਹੀ ਸਾਡੇ ਤੇ ਲਾਗੂ ਹੋਵੇਗਾ। ਅਕਾਲ ਤਖਥ ਦੇ ਹੁਕਮਨਾਮਿਆਂ ਨੂੰ ਉਲਟਣ ਵਾਲੇ ਅਤੇ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾਂ ਕਰਨ ਵਾਲੇ ਕਿਸੇ ਗੰਥੀ ਜਾਂ ਗ੍ਰੰਥੀਆਂ ਦਾ ਹੁਕਮ ਇਕ ਸੱਚੇ ਗੁਰੂ ਦੇ ਸਿੱਖ ਤੇ ਲਾਗੂ ਨਹੀਂ ਹੂੰਦਾ। ਸ਼ਬਦ ਗੁਰੂ ਦਾ ਸਿੱਖ ਤੇ, ਉਸ ਕਰਤਾਰ ਦੇ "ਹਲੇਮੀ ਰਾਜ" ਦਾ ਬਾਸ਼ਿੰਦਾ ਹੈ ਅਤੇ ਉਸੇ ਦੇ ਹੁਕਮ ਨੂੰ ਹੀ ਉਹ ਸਿਰ ਮੱਥੇ ਤੇ ਸਵੀਕਾਰ ਕਰਦਾ ਹੈ।

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩ ॥
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥  ਬੋਲਾਇਆ ਬੋਲੀ ਖਸਮ ਦਾ ॥
ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥
ਅੰਕ 74

ਗੁਰੂ ਦੇ ਸਿਰਜੇ ਅਕਾਲ ਤਖਤ ਦੇ ਇਸ ਅਦਾਰੇ ਤੇ ਮੇਰਾ ਹੀ ਨਹੀਂ, ਹਰ ਸਿੱਖ ਦਾ ਸਿਰ ਸਤਕਾਰ ਨਾਲ ਝੁਕਦਾ ਹੈ। ਅਕਾਲ ਤਖਤ ਹੀ ਉਹ ਅਦਾਰਾ ਹੈ ਜਿਸ ਤੋਂ ਸਿਖਾਂ ਨੂੰ ਸੇਧ ਅਤੇ ਦਿਸ਼ਾ ਮਿਲਦੀ ਹੈ, ਇਸੇ ਲਈ ਅਸੀ ਰੋਜ ਇਹ ਅਰਦਾਸ ਵੀ ਕਰਦੇ ਹਾਂ "ਝੰਡੇ ਬੂੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ"। ਲੇਕਿਨ ਜਦੋ ਇਨ੍ਹਾਂ ਅਦਾਰਿਆ ਤੇ ਸਿਆਸਤ ਦਾ ਕਬਜਾ ਹੋਇਆ ਹੋਵੇ। ਉਨ੍ਹਾਂ ਬੂੰਗਿਆ ਨੂੰ ਸੰਤ ਸਮਾਜ ਵਰਗੀਆਂ ਸਿਆਸਤੀ ਧਿਰਾਂ ਉਸਾਰ ਰਹੀਆਂ ਹੋਣ। "ਧਰਮ ਦੇ ਜੈਕਾਰ" ਦੀ ਥਾਂਵੇਂ "ਸਿਆਸਤ ਦੀ ਜੈਕਾਰ" ਹੋ ਰਹੀ ਹੋਵੇ। ਉਸ ਵੇਲੇ ਸੱਚੇ ਸਿੱਖ ਦਾ ਪਹਿਲਾ ਫਰਜ ਬਣਦਾ ਹੈ ਕਿ ਇਸ "ਵਿਵਸਥਾ" ਦੇ ਖਿਲਾਫ ਖੜੇ ਹੋ ਕੇ ਐਸੇ ਲੋਕਾਂ ਨੂੰ ਇਨ੍ਹਾਂ ਅਦਾਰਿਆ ਦੀ ਸੇਵਾ ਤੇ ਲਾਂਭੇ ਕਰੇ। ਇਨ੍ਹਾਂ ਤਖਤਾਂ ਤੇ ਉਹ ਹੀ ਸੇਵਾ ਕਰਨ ਵਾਲੇ ਹੋਣ ਜੋ "ਸ਼ਬਦ ਗੁਰੂ ਦੇ ਸੇਵਕ ਹੋਨ" ਨਾਂ ਕਿ ਕਿਸੇ ਸਿਆਸਤ ਦਾਨ ਦੇ। ਗਿਆਨੀ ਜੀ ਇਹ ਕੋਰੀ ਕਲਪਨਾਂ ਜਾਂ ਵਲੇਵਾਂ ਨਹੀਂ। ਸਿਧਾਂਤ ਤੇ ਪਹਿਰਾ ਦੇਣ ਵਾਲੇ ਗੁਰੂ ਦੇ ਪਿਆਰੇ ਸਿੱਖ ਹਲੀ ਸਿੱਖੀ ਵਿਚੋਂ ਮੁਕੇ ਨਹੀਂ ਹਨ। ਇਹੋ ਜਹੇ ਬਿਆਨ ਆਪ ਜੀ ਨੂੰ ਸੋਚ ਸਮਝ ਕੇ ਦੇਨੇ ਚਾਹੀਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top