Share on Facebook

Main News Page

ਅਖੰਡ ਪਾਠ ਕਰਾਉਣ ਲਈ 2020 ਤਕ ਕਰਨੀ ਪਵੇਗੀ ਉਡੀਕ
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਦੁੱਖ ਭੰਜਨੀ ਬੇਰੀ ਜਿਥੇ ਅਖੰਡ ਪਾਠ ਲਈ ਵਾਰੀ 2020 ਬਾਅਦ ਆਉਣੀ ਹੈ

ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਜੂਨ: ਜੇਕਰ ਕੋਈ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਸਮੂਹ ’ਚ ਗੁਰਦੁਆਰਾ ਦੁੱਖ ਭੰਜਨੀ ਬੇਰ ਵਿਖੇ ਅਖੰਡ ਪਾਠ ਸਾਹਿਬ ਕਰਾਉਣਾ ਚਾਹੁੰਦਾ ਹੈ ਤਾਂ ਉਸ ਨੂੰ 2020 ਤਕ ਉਡੀਕ ਕਰਨੀ ਪਵੇਗੀ। ਇਸੇ ਤਰ੍ਹਾਂ ਹਰਿ ਕੀ ਪਉੜੀ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਥਾਵਾਂ ’ਤੇ 2017-18 ਤਕ ਅਖੰਡ ਪਾਠ ਕਰਾਉਣ ਦਾ ਸਮਾਂ ਨਹੀਂ ਮਿਲ ਸਕੇਗਾ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਦੂਰ-ਦੁਰਾਡੇ ਤੋਂ ਸ਼ਰਧਾਲੂਆਂ ਵੱਲੋਂ ਅਖੰਡ ਪਾਠ ਕਰਵਾਏ ਜਾਂਦੇ ਹਨ ਪਰ ਹੁਣ ਇੱਥੇ ਬੁਕਿੰਗ ਦੀ ਕਤਾਰ ਇੰਨੀ ਲੰਮੀ ਹੋ ਚੁੱਕੀ ਹੈ ਕਿ ਕਈ ਥਾਵਾਂ ’ਤੇ ਅਖੰਡ ਪਾਠ ਲਈ ਸਮਾਂ ਦੇਣਾ ਬੰਦ ਕਰ ਦਿੱਤਾ ਗਿਆ ਹੈ। ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਦੁੱਖ ਭੰਜਨੀ ਬੇਰ ਵਿਖੇ ਸਭ ਤੋਂ ਜ਼ਿਆਦਾ ਅਖੰਡ ਪਾਠ ਕਰਵਾਏ ਜਾਂਦੇ ਹਨ। ਇਸ ਵੇਲੇ 2020 ਤਕ ਅਖੰਡ ਪਾਠਾਂ ਦੀ ਬੁਕਿੰਗ ਹੋ ਚੁੱਕੀ ਹੈ ਤੇ ਅੱਗੇ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰਿ ਕੀ ਪਉੜੀ ਵਿਖੇ ਅਖੰਡ ਪਾਠ ਸਾਹਿਬ ਕਰਾਉਣ ਦੀ ਵਧੇਰੇ ਮੰਗ ਹੈ। ਇੱਥੇ 2017-18 ਤਕ ਦੀ ਬੁਕਿੰਗ ਹੋਣ ਤੋਂ ਬਾਅਦ ਬੰਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 2016 ਤੇ ਸ੍ਰੀ ਹਰਿਮੰਦਰ ਸਾਹਿਬ ਦੀ ਸਭ ਤੋਂ ਉਪਰਲੀ ਸਥਿਤ ਗੁੰਬਦ ਵਿਖੇ 2015 ਤਕ ਬੁਕਿੰਗ ਹੋ ਚੁੱਕੀ ਹੈ। ਇਸੇ ਕਾਰਨ ਇਨ੍ਹਾਂ ਥਾਵਾਂ ’ਤੇ ਹੋਰ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਲਾਚੀ ਬੇਰ ਵਿਖੇ 2017-18, ਗੁਰਦੁਆਰਾ ਥੜ੍ਹਾ ਸਾਹਿਬ ਵਿਖੇ 2017-18, ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ (ਨੇੜੇ ਅਕਾਲ ਤਖ਼ਤ ਸਾਹਿਬ) ਵਿਖੇ 2017, ਲਾਚੀ ਬੇਰ (2) ਵਿਖੇ 2016 ਤੇ ਸ਼ਹੀਦ ਬੁੰਗਾ ਵਿਖੇ 2014-15 ਤਕ ਅਖੰਡ ਪਾਠ ਕਰਾਉਣ ਦੀ ਬੁਕਿੰਗ ਹੋ ਚੁੱਕੀ ਹੈ।

ਜੇਕਰ ਇਨ੍ਹਾਂ ਥਾਵਾਂ ’ਤੇ ਕੋਈ ਸ਼ਰਧਾਲੂ ਅਖੰਡ ਪਾਠ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਘੱਟੋ-ਘੱਟ 4-5 ਸਾਲ ਦੀ ਉਡੀਕ ਕਰਨੀ ਪਵੇਗੀ। ਇਸ ਵੇਲੇ ਅਖੰਡ ਪਾਠ ਦੀ ਮੌਜੂਦਾ ਬੁਕਿੰਗ ਕਰਵਾਉਣ ਵਾਲਿਆਂ ਵਿੱਚ ਕਈ ਅਹਿਮ ਸ਼ਖ਼ਸੀਅਤਾਂ ਸ਼ਾਮਲ ਹਨ ਜਿਨ੍ਹਾਂ ਵਿੱਚ ਕਈ ਮੁੱਖ ਮੰਤਰੀ, ਫਿਲਮ ਕਲਾਕਾਰ, ਉੱਘੇ ਖਿਡਾਰੀ, ਉੱਘੇ ਕਾਰੋਬਾਰੀ ਤੇ ਫੌਜੀ ਅਧਿਕਾਰੀ ਵੀ ਸ਼ਾਮਲ ਹਨ ਜਦੋਂਕਿ ਅਖੰਡ ਪਾਠ ਕਰਵਾ ਚੁੱਕੀਆਂ ਸ਼ਖਸੀਅਤਾਂ ਵਿੱਚ ਉੱਘੇ ਫਿਲਮ ਕਲਾਕਾਰ ਅਮਿਤਾਬ ਬੱਚਨ, ਅਕਸ਼ੈ ਕੁਮਾਰ, ਰਿਸ਼ੀ ਕਪੂਰ, ਉੱਘੇ ਕਾਰੋਬਾਰੀ ਸੰਤ ਸਿੰਘ ਛਤਵਾਲ, ਰਿਲਾਇੰਸ ਗਰੁੱਪ ਦਾ ਅੰਬਾਨੀ ਪਰਿਵਾਰ, ਏਅਰਟੈਲ ਕੰਪਨੀ ਦਾ ਮੁਖੀ ਭਾਰਤੀ ਮਿੱਤਲ ਸ਼ਾਮਲ ਹਨ। ਇਸ ਬਾਰੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਹਰਬੰਸ ਸਿੰਘ ਮੱਲ੍ਹੀ ਤੇ ਅਖੰਡ ਪਾਠਾਂ ਦੇ ਇੰਚਾਰਜ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਸਮੂਹ ਵਿੱਚ ਖਾਸ ਕਰਕੇ ਦੁੱਖ ਭੰਜਨੀ ਬੇਰ, ਹਰਿ ਕੀ ਪਉੜੀ, ਅਕਾਲ ਤਖ਼ਤ ਸਾਹਿਬ ਤੇ ਗੁੰਬਦ ਵਿਖੇ ਅਖੰਡ ਪਾਠ ਕਰਵਾਉਣ ਦੀ ਵਧਦੀ ਮੰਗ ਤੇ ਲੰਮੀ ਕਤਾਰ ਨੂੰ ਦੇਖਦਿਆਂ ਫਿਲਹਾਲ ਇੱਥੇ ਅਖੰਡ ਪਾਠ ਦੀ ਬੁਕਿੰਗ ਬੰਦ ਕਰ ਦਿੱਤੀ ਗਈ ਹੈ ਤੇ ਬਾਕੀ ਥਾਵਾਂ ’ਤੇ ਅਖੰਡ ਪਾਠ ਕਰਾਉਣ ਲਈ ਬੁਕਿੰਗ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਬਣੇ 47 ਕਮਰਿਆਂ ਸਮੇਤ ਪਰਕਰਮਾ ਤੇ ਹੋਰ ਥਾਵਾਂ ’ਤੇ ਕਮਰਿਆਂ ਵਿੱਚ ਨਿਰੰਤਰ ਸ੍ਰੀ ਅਖੰਡ ਪਾਠ ਚਲਦੇ ਹਨ ਤੇ ਰੋਜ਼ਾਨਾ 35 ਤੋਂ 40 ਨਵੇਂ ਅਖੰਡ ਪਾਠ ਅਰੰਭ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਤੋਂ ਇਲਾਵਾ ਗੁਰਦੁਆਰਾ ਮਾਤਾ ਕੌਲਾਂ, ਗੁਰਦੁਆਰਾ ਸੰਤੋਖਸਰ, ਗੁਰਦਆਰਾ ਲੋਹਗੜ੍ਹ, ਗੁਰਦੁਆਰਾ ਭਾਈ ਸਾਲੋ ਦਾ ਟੋਬਾ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੇ ਹੋਰ ਥਾਵਾਂ ’ਤੇ ਵੀ ਰੋਜ਼ਾਨਾ ਸ਼ਰਧਾਲੂਆਂ ਦੇ ਅਖੰਡ ਪਾਠ ਕੀਤੇ ਜਾਂਦੇ ਹਨ। ਅਖੰਡ ਪਾਠ ਕਰਨ ਵਾਸਤੇ ਇੱਥੇ ਇਸ ਵੇਲੇ 650 ਪਾਠੀ ਹਨ। ਹਰੇਕ ਅਖੰਡ ਪਾਠ ਦੀ ਭੇਟਾ 4100 ਰੁਪਏ ਹੈ। ਇੱਕ ਅਖੰਡ ਪਾਠ 48 ਘੰਟੇ ਨਿਰੰਤਰ ਚਲਦਾ ਹੈ ਤੇ ਭੋਗ ਤੋਂ ਬਾਅਦ ਸਮਾਪਤ ਹੁੰਦਾ ਹੈ।

ਸ੍ਰੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ਼ਰਧਾਲੂਆਂ ਵੱਲੋਂ ਅਖੰਡ ਪਾਠ ਕਰਵਾਉਣ ਦੀ ਬੁਕਿੰਗ ਲਗਾਤਾਰ ਵਧ ਰਹੀ ਹੈ। ਉਹ ਖੁਦ ਜਦੋਂ ਅਖੰਡ ਪਾਠੀ ਸਿੰਘ ਸਨ ਤਾਂ ਰੋਜ਼ਾਨਾ 20 ਤੋਂ 25 ਨਵੇਂ ਅਖੰਡ ਪਾਠ ਅਰੰਭ ਹੁੰਦੇ ਸਨ, ਜਿਨ੍ਹਾਂ ਦੀ ਗਿਣਤੀ ਹੁਣ ਵਧ ਕੇ ਰੋਜ਼ਾਨਾ 35 ਤੋਂ 40 ਹੋ ਚੁੱਕੀ ਹੈ। ਇਸ ਦੌਰਾਨ ਕੁਝ ਸ਼ਰਧਾਲੂਆਂ ਨੇ ਸੁਝਾਅ ਦਿੱਤਾ ਹੈ ਕਿ ਪ੍ਰਬੰਧਕਾਂ ਵੱਲੋਂ ਬੁੱਕ ਕੀਤੇ ਅਖੰਡ ਪਾਠ ਦਾ ਸਮਾਂ ਨੇੜੇ ਆਉਣ ’ਤੇ ਸ਼ਰਧਾਲੂਆਂ ਨੂੰ ਇਸ ਬਾਰੇ ਸੂਚਿਤ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਤਾਂ ਜੋ ਚਾਹਵਾਨ ਲੋਕ ਸਮੇਂ ਸਿਰ ਪੁੱਜ ਸਕਣ। ਕਈ ਵਾਰ ਸਮਾਂ ਵਧੇਰੇ ਹੋ ਜਾਣ ਕਾਰਨ ਲੋਕ ਭੁੱਲ ਜਾਂਦੇ ਹਨ। ਇਸ ਬਾਰੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭੇਟਾ ਦੀ ਰਸੀਦ ਕੱਟਣ ਸਮੇਂ ਹਰੇਕ ਸ਼ਰਧਾਲੂ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਤਾਰੀਖ਼ ਤੇ ਦਿਨ ਬਾਰੇ ਲਿਖ ਕੇ ਦਿੱਤਾ ਜਾਂਦਾ ਹੈ ਤੇ ਰਸੀਦ ਨੂੰ ਸੰਭਾਲ ਕੇ ਰੱਖਣ ਦੀ ਹਦਾਇਤ ਕੀਤੀ ਜਾਂਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top