ਅੰਮ੍ਰਿਤਸਰ:
13 ਜੂਨ (ਗੁਰਿੰਦਰ ਸਿੰਘ ਬਾਠ) 1984 ਵਿਚ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫੋਜੀ ਹਮਲੇ
ਦੌਰਾਨ ਮਾਰੇ ਗਏ ਲੋਕਾਂ ਦੀ ਯਾਦਗਾਰ ਸ਼ੁਰੂਆਤੀ ਦੌਰ ਵਿਚ ਹੈ। ਇਸ ਯਾਦਗਾਰ ਵਿਚ ਕੀ ਰੱਖਿਆ
ਜਾਣਾ ਹੈ ਕਿਸ ਤਰ੍ਹਾ ਦੀ ਹੋਵੇਗੀ, ਇਸਦਾ ਕੋਈ ਮੁਕੰਮਲ ਨਕਸ਼ਾ ਵੇਖਣ ਨੂੰ ਕਿਧਰੇ ਵੀ ਨਹੀ
ਹੈ। ਦੇਸ਼ ਦੀ ਇਕ ਪ੍ਰਮੁਖ ਪਾਰਟੀ ਕਾਂਗਰਸ ਨੇ ਖੁਲ ਕੇ ਤੇ ਦੂਸਰੀ ਪ੍ਰਮੁਖ ਪਾਰਟੀ ਭਾਜਪਾ ਨੇ
ਦੱਬੀ ਜੁਬਾਨ ਨਾਲ ਯਾਦਗਾਰ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਹੈ। ਖੁਦ ਸ਼੍ਰੋਮਣੀ ਕਮੇਟੀ
ਪ੍ਰਧਾਨ ਤੇ ਕੁਝ ਗਿਣੇ ਜਾਣ ਵਾਲੇ ਮੈਂਬਰ ਹੀ ਯਾਦਗਾਰ ਦੇ ਹੱਕ ਵਿਚ ਬੋਲ ਰਹੇ ਹਨ। ਅਕਾਲੀ
ਦਲ ਬਾਦਲ ਨੇ ਇਸ ਪ੍ਰਤੀ ਚੁਪ ਵੱਟ ਲਈ ਹੈ। ਅਜੇਹੇ ਵਿਚ ਵੱਖ ਵੱਖ ਧਿਰਾਂ ਦਰਮਿਆਨ ਸ਼ੁਰੂ ਹੋਈ
ਸ਼ਬਦੀ ਜੰਗ, ਯਾਦਗਾਰ ਨੂੰ ਕਿਧਰ ਲੈ ਜਾਵੇਗੀ, ਇਸ ਬਾਰੇ ਰਾਜਸੀ ਹਲਕਿਆਂ ਵਿਚ ਚਰਚਾ ਛਿੜ ਚੁਕੀ
ਹੈ।
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਬਣ ਰਹੀ ਇਸ ਯਾਦਗਾਰ ਦਾ ਪਹਿਲਾ
ਟੱਕ 20 ਮਈ ਨੂੰ ਲਗਾਇਆ ਗਿਆ ਸੀ ਜਦਕਿ ਦੂਸਰੀ ਵਾਰ ਨੀਂਹ ਪੱਥਰ 6 ਜੂਨ ਨੂੰ ਰੱਖਿਆ ਗਿਆ।
ਸ਼੍ਰੋਮਣੀ ਕਮੇਟੀ ਤੇ ਦਮਦਮੀ ਟਕਸਾਲ ਦੇ ਇਕ ਧੜੇ ਵਲੋਂ ਇਸ ਯਾਦਗਾਰ ਬਾਰੇ ਖੂਬ ਪ੍ਰਚਾਰ ਕੀਤਾ
ਗਿਆ, ਜਦਕਿ ਟਕਸਾਲ ਦਾ ਸੰਗਰਾਵਾਂ ਧੜਾ ਤੇ ਅਜਨਾਲਾ ਧੜਾ ਇਸਤੋਂ ਦੂਰ ਰਹੇ। ਅਖੰਡ ਕੀਰਤਨੀ
ਜਥਾ ਅੰਤਰ ਰਾਸ਼ਟਰੀ ਇਸ ਕਰਕੇ ਦੁਰ ਰਿਹਾ ਕਿਉਂਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਕਿਸੇ ਪੱਧਰ
ਤੇ ਸ਼ਾਮਿਲ ਹੀ ਨਹੀਂ ਕੀਤਾ ਗਿਆ। ਅਕਾਲੀ ਦਲ ਮਾਨ ਇਸਤੋਂ ਪਹਿਲਾ ਹੀ ਇਹ ਕਹਿ ਕੇ ਕਿਨਾਰਾ ਕਰ
ਗਿਆ ਕਿ ਜਿਸ ਟਕਸਾਲ ਨੇ ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਤਿਆਗ ਕੇ ਆਰ.ਐਸ.ਐਸ. ਦੀ
ਚਾਪਲੂਸੀ ਕਰਨੀ ਸ਼ੁਰੂ ਕਰ ਦਿੱਤੀ ਹੋਵੇ, ਉਸਨੂੰ ਸ਼ਹੀਦਾਂ ਦੀ ਯਾਦਗਾਰ ਬਨਾਉਣ ਦਾ ਕੀ ਅਧਿਕਾਰ
ਹੈ। ਕਾਂਗਰਸ ਦੇ ਸੂਬਾਈ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ, ਕਿ ਯਾਦਗਾਰ ਉਸਾਰੇ
ਜਾਣ ਨਾਲ ਅਤਵਾਦ ਨੂੰ ਬੜਾਵਾ ਮਿਲੇਗਾ। ਸੂਬੇ ਵਿਚ ਬਾਦਲ ਦਲ ਦੀ ਭਾਈਵਾਲ ਦੇ ਕੁਝ ਆਗੂ ਦਬੀ
ਜੁਬਾਨ ਨਾਲ ਯਾਦਗਾਰ ਦਾ ਵਿਰੋਧ ਕਰ ਰਹੇ ਹਨ ਤੇ ਕੁਝ ਫੌਜੀ ਹਮਲੇ ਦੌਰਾਨ ਮਾਰੇ ਗਏ ਫੌਜੀਆਂ
ਤੇ ਪੰਜਾਬ ਦੇ ਸੰਤਾਪ ਭਰੇ ਸਮੇਂ ਵਿਚ ਮਾਰੇ ਲੋਕਾਂ ਦੀ ਯਾਦਗਾਰ ਉਸਾਰੇ ਜਾਣ ਦੀ ਮੰਗ ਕਰ ਰਹੇ
ਹਨ। ਅਕਾਲੀ ਦਲ ਪੰਚ ਪ੍ਰਧਾਨੀ ਦੇ ਕੁਝ ਆਗੂ ਤਾਂ ਦੱਬੀ ਜੁਬਾਨ ਨਾਲ ਕਹਿ ਰਹੇ ਹਨ ਕਿ ਆਖਿਰ
ਬਾਦਲ ਦਲ ਨੇ ਯਾਦਗਾਰ ਬਨਾਉਣ ਦਾ ਅੱਕ ਤਾਂ ਚੱਬਿਆ ਹੈ ਭਾਵੇਂ ਮੋਹਰਾ ਕੋਈ ਵੀ ਬਣੇ।
ਟਕਸਾਲ ਦਾ ਇਕ ਧੜਾ ਤਾਂ ਇਹ ਵੀ ਮੰਨਣ ਨੂੰ ਤਿਆਰ ਨਹੀਂ ਕਿ ਸੰਤ
ਜਰਨੈਲ ਸਿੰਘ ਸ਼ਹੀਦ ਹੋ ਚੁਕੇ ਹਨ, ਅਜੇਹੇ ਵਿਚ ਯਾਦਗਾਰ ਬਨਾਉਣ ਵਾਲਿਆਂ ਨਾਲ ਖੜਨ ਵਾਲਿਆਂ
ਦੀ ਗਿਣਤੀ ਘੱਟ ਜਾਂਦੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਯਾਦਗਾਰ ਉਸਾਰਨ ਦੀ ਜਿੰਮੇਵਾਰੀ
ਸੰਭਾਲਣ ਦਾ ਦਾਅਵਾ ਕਰਨ ਵਾਲੇ ਭਾਈ ਹਰਨਾਮ ਸਿੰਘ ਧੁੰਮਾ ਆਪ ਹੀ ਕਹੀਆਂ ਤੇ ਗੈਂਤੀਆਂ ਨਾਲ
ਤਸਵੀਰਾਂ ਖਿਚਵਾ ਕੇ ਪ੍ਰਚਾਰ ਕਰ ਰਹੇ ਹਨ, ਲੇਕਿਨ ਬਾਕੀ ਧਿਰਾਂ ਤੇ ਆਮ ਸੰਗਤਾਂ ਯਾਦਗਾਰ
ਤੋਂ ਦੂਰ ਹੀ ਹਨ। ਜੇ ਸਾਰਾ ਕੁੱਝ ਉਸਾਰੀ ਜਾ ਰਹੀ ਯਾਦਗਾਰ ਵਾਲੀ ਥਾਂ ਤੇ ਜਾ ਕੇ ਵੇਖਿਆ
ਜਾਵੇ, ਤਾਂ ਉੱਥੇ ਚੱਲ ਰਹੀ ਯਾਦਗਾਰ ਦੀ ਸੇਵਾ ਵਿੱਚ ਸੰਗਤ ਦੀ ਕੋਈ ਸ਼ਮੂਲੀਅਤ ਨਜ਼ਰ ਨਹੀਂ
ਆਉਂਦੀ ਅਤੇ ਟਕਸਾਲ ਨਾਲ ਜੁੜੇ ਸੇਵਾਦਾਰ ਹੀ ਸੇਵਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਾਰਸੇਵਾ
ਦੀ ਪ੍ਰੰਪਰਾ ਰਹੀ ਹੈ ਕਿ ਸੰਗਤ ਆਪਣੇ ਸਾਧਨਾਂ ਨਾਲ ਵੱਡੀ ਗਿਣਤੀ ਵਿਚ ਪੁਜਦੀਆਂ ਹਨ, ਉਨ੍ਹਾਂ
ਨੂੰ ਪ੍ਰਚਾਰ ਰਾਹੀਂ ਬੁਲਾਉਣ ਦੀ ਲੋੜ ਨਹੀ ਹੁੰਦੀ। ਟਕਸਾਲ ਦੇ ਆਪਣੇ ਵਿਦਿਆਰਥੀ ਹੀ ਕਹਿੰਦੇ
ਹਨ ਟਕਸਾਲ ਦਾ ਕੰਮ ਸੰਥਯਾ ਦੇਣਾ ਹੈ, ਇੱਟਾਂ ਲਾਉਣਾ ਜਾਂ ਕਹੀਆਂ ਚਲਾਉਣਾ ਨਹੀਂ।