Share on Facebook

Main News Page

"ਸਕਤੱਰੇਤ" ਨੂੰ ਢਾਅ ਕੇ, ਉਸ ਥਾਂ ਤੇ "ਸ਼ਹੀਦਾਂ ਦੀ ਯਾਦਗਾਰ" ਬਣਾਈ ਜਾਣੀ ਚਾਹੀਦੀ ਸੀ
-
ਇੰਦਰਜੀਤ ਸਿੰਘ, ਕਾਨਪੁਰ

(ਸ਼੍ਰੋਮਣੀ ਕਮੇਟੀ ਨੇ ਕੀਤੀ ਗਲਤ ਥਾਂ ਅਤੇ ਗਲਤ ਬੰਦੇ ਦੀ ਆਪ ਹੁਦਰੀ ਚੋਂਣ। ਹੁਣ ਇਸ ਬਾਰੇ ਅਪਣੀ ਰਾਏ ਦੇਣ ਵਾਲੇ ਪੰਥ ਦਰਦੀਆਂ ਨੂੰ, ਦੇ ਰਹੇ ਨੇ ਧਮਕੀਆਂ।)

28 ਵਰ੍ਹੇ ਤਕ ਸੁਤੀ ਪਈ ਸ਼੍ਰੋਮਣੀ ਕਮੇਟੀ ਨੇ, 1984 ਦੇ ਸ਼ਹੀਦਾਂ ਦੀ ਸਮਾਰਕ ਬਨਾਉਣ ਲਈ ਜੋ ਖਾਨਾਪੂਰੀ ਕੀਤੀ ਹੈ, ਉਸ ਦੇ ਪਿਛੇ ਕਈ ਕਾਰਣ ਨੇ। ਇਹ ਸ਼ਹੀਦੀ ਸਮਾਰਕ ਕਦੀ ਵੀ ਨਹੀਂ ਸੀ ਬੰਨਣੀ, ਜੇ ਕੌਮ ਦਾ ਲਗਾਤਾਰ ਦਬਾਅ ਇਨਾਂ ਤੇ ਨਾ ਪੈ ਰਿਹਾ ਹੁੰਦਾ । ਦੂਜਾ ਇਸ ਸਮਾਰਕ ਨੂੰ ਬਨਾਉਣ ਦੇ ਪਿਛੇ ਸ਼੍ਰੋਮਣੀ ਕਮੇਟੀ, ਅਕਾਲ ਤਖਤ ਦੇ "ਹੈਡ ਗ੍ਰੰਥੀ" ਅਤੇ ਟਕਸਾਲੀਆਂ ਦਾ ਕੋਈ "ਪੰਥ ਦਰਦ" ਕਮ ਨਹੀਂ ਕਰ ਰਿਹਾ, ਬਲਕਿ ਇਨਾਂ ਦੇ "ਸਿਯਾਸੀ ਆਕਾ" ਦੇ ਹੁਕਮ ਨਾਲ ਹੀ ਸਭ ਕੁੱਝ ਤੈ ਕੀਤਾ ਗਇਆ ਲਗਦਾ ਹੈ। 28 ਵਰ੍ਹੇ ਪਹਿਲਾਂ ਲਗੀ ਸੱਟ ਦਾ ਦਰਦ ਹੁਣ ਮਹਿਸੂਸ ਕੀਤਾ ਜਾ ਰਿਹਾ ਹੈ? ਇਹ ਤੇ ਬਹੁਤ ਹੀ ਹੈਰਾਨਗੀ ਵਾਲੀ ਅਤੇ ਹਾਸੋਹੀਣੀ ਗਲ ਹੀ ਲਗਦੀ ਹੈ।

ਇਸ ਸਮਾਰਕ ਦੇ ਪਿਛੇ ਵੀ ਸਿਯਾਸਤ ਹੀ ਕੰਮ ਕਰ ਰਹੀ ਹੈ, ਕੋਈ "ਪੰਥ ਦਰਦ" ਜਾਂ ਉਨਾਂ ਸ਼ਹੀਦਾਂ ਦੇ ਪ੍ਰਤੀ ਕੋਈ ਸਤਕਾਰ ਕੰਮ ਨਹੀਂ ਕਰ ਰਿਹਾ। ਆਪਰੇਸ਼ਨ ਬਲੂ ਸਟਾਰ, ਜੋ ਅਕਾਲੀਆਂ ਦੀ ਵਿਰੋਧੀ ਸਿਆਸੀ ਪਾਰਟੀ ਦੇ ਪ੍ਰਧਾਨ ਮੰਤਰੀ ਨੇ ਕੀਤਾ ਸੀ, ਇਸ ਲਈ ਇਹ ਅਕਾਲੀ ਇਸ ਸਮਾਰਕ ਨੂੰ 28 ਵਰ੍ਹੇ ਬਾਅਦ ਬਨਾਉਣ ਲਈ ਤਿਆਰ ਹੋ ਗਏ ਨੇ। ਲਗਦਾ ਹੈ ਕਿ ਇਨਾਂ ਅਕਾਲੀਆਂ ਦਾ ਮੰਨਤੱਵ ਵੀ ਇਹ ਹੀ ਹੈ ਕਿ ਜਦੋਂ ਵੀ ਕੋਈ ਸਿੱਖ ਇਹ ਸਮਾਰਕ ਵੇਖਣ ਆਵੇ, ਉਸ ਦੇ ਮਨ ਵਿਚ ਸ਼ਹੀਦਾਂ ਪ੍ਰਤੀ ਸਤਿਕਾਰ ਪੈਦਾ ਹੋਵੇ ਜਾਂ ਨਾਂ ਹੋਵੇ, ਉਸ ਦੇ ਮੰਨ ਵਿੱਚ ਕਾਂਗ੍ਰੇਸ ਲਈ ਨਫਰਤ ਜਰੂਰ ਭਰ ਜਾਵੇ। ਜਿਸ ਦਾ ਸਿਧਾ "ਸਿਯਾਸੀ ਫਾਇਦਾ" ਇਨਾਂ ਅਕਾਲੀਆਂ ਨੂੰ ਹੀ ਮਿਲੇ। ਦੂਜੇ ਸ਼ਬਦਾਂ ਵਿੱਚ ਤੁਸੀਂ ਕਹਿ ਸਕਦੇ ਹੋ ਕੇ ਇਹ "ਸ਼ਹੀਦੀ ਸਮਾਰਕ" ਨਹੀਂ ਇਕ "ਸਿਆਸੀ ਸਮਾਰਕ" ਹੀ ਬਣਾਇਆ ਜਾ ਰਿਹਾ ਹੈ। ਇਸੇ ਲਈ ਕਿਸੇ ਪੰਥਿਕ ਧਿਰ ਜਾਂ ਜੱਥੇਬੰਦੀ ਦੀ ਰਾਏ ਲਏ ਬਿਨਾਂ ਹੀ, ਇਸ ਦੀ ਉਸਾਰੀ ਦਾ ਕੰਮ "ਹਮੇਸ਼ਾਂ ਵਿਵਾਦਾਂ ਦੇ ਘੇਰੇ ਵਿਚ ਰਹੇ, ਸ਼ਕੀ ਕਿਰਦਾਰ ਵਾਲੇ" ਧੁੰਮੇ ਨੂੰ ਆਪ ਹੁਦਰੇ ਤੌਰ 'ਤੇ ਦੇ ਦਿਤਾ ਗਇਆ। ਇਸ ਦੇ ਖਿਲਾਫ ਅਵਾਜ ਚੁਕਣ ਵਾਲੇ ਹਰ ਪੰਥ ਦਰਦੀ ਨੂੰ ਹੁਣ ਅਕਾਲ ਤਖਤ ਦਾ ਹੈਡ ਗ੍ਰੰਥੀ ਧਮਕੀਆਂ ਦੇ ਕੇ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ (ਪੇਪਰ ਕਟਿੰਗ ਵੇਖੋ)

ਵੈਸੇ ਵੀ ਕਲ "ਸੰਤ ਸਮਾਜ" ਦੇ ਮੁੱਖੀ ਧੁੰਮੇ ਦਾ ਇਕ ਬਿਆਨ ਵੀ ਅਖਬਾਰਾਂ ਵਿਚ ਛਪਿਆਂ ਹੈ , ਕਿ "ਡਰੋ ਨਾਂ! ਸਾਕਾ ਨੀਲਾ ਤਾਰਾ ਦੀ ਯਾਦ ਵਿੱਚ ਯਾਦਗਾਰ ਵਜੋਂ "ਸਿਰਫ ਇਕ ਗੁਰਦੁਆਰਾ ਹੀ ਉਸਾਰਿਆ ਜਾ ਰਿਹਾ ਹੈ" (ਪੇਪਰ ਕਟਿੰਗ ਵੇਖੋ)। ਕਹਿੰਦੇ ਨੇ ਕਿ ਕਿਸੇ ਚੋਰ ਨੂੰ ਬਹੁਤਾ ਉਕਸਾ ਦਿਉ, ਤੇ ਉਸ ਦੇ ਮੰਨ ਦੀ ਗਲ ਉਸ ਦੇ ਮੂਹੋ ਨਿਕਲ ਹੀ ਆਉਦੀ ਹੈ। ਜੇ ਇਥੇ ਇਕ ਗੁਰਦੁਆਰਾ ਹੀ ਬਣਾਇਆ ਜਾਣਾਂ ਸੀ ਤੇ ਇਨਾਂ ਵਡਾ ਪਾਖੰਡ ਕਰਨ ਦੀ ਲੋੜ ਹੀ ਕੀ ਸੀ । ਧੁੰਮੇ ਦੇ ਮੂੰਹੋ ਜਾਨੇ ਅੰਨਜਾਣੇ ਸੱਚੀ ਗਲ ਨਿਕਲ ਹੀ ਗਈ ਹੈ। "ਸਿੱਖ ਸਪੋਕਸਮੈਨ" ਵਿੱਚ ਛਪੀ ਇਸ ਖਬਰ ਦੀ ਪੇਪਰ ਕਟਿੰਗ ਇਸ ਲੇਖ ਨਾਲ ਮੌਜੂਦ ਹੈ। ਇਹ "ਸਹੀਦਾਂ ਦੀ ਯਾਦਗਾਰ" ਦੀ ਸਮਾਰਕ ਨਹੀਂ, ਸਗੋਂ ਇਕ ਗੁਰਦੁਆਰਾ ਬਣਾਂ ਕੇ "ਸ਼ਹੀਦੀ ਸਮਾਰਕ" ਦੇ ਨਾਮ ਤੇ ਲੀਪਾ ਪੋਤੀ ਹੀ ਕੀਤੀ ਜਾ ਰਹੀ ਹੈ। ਸ਼ਹੀਦੀ ਸਮਾਰਕ ਨਾਂ ਹੋ ਕੇ ਇਹ "ਨੀਲਾ ਤਾਰਾ ਦੀ ਯਾਦਗਾਰ" ਬਣ ਰਹੀ ਹੈ, ਜੋ ਸਿੱਖਾਂ ਦੇ ਮੰਨ ਵਿੱਚ ਉਸ ਸਿਆਸੀ ਪਾਰਟੀ ਦੇ ਪ੍ਰਤੀ ਹਮੇਸ਼ਾ ਨਫਰਤ ਪੈਦਾ ਕਰਦੀ ਰਹੇ ਅਤੇ ਇਸ ਦਾ "ਸਿਅਸੀ ਲਾਭ" ਇਨਾਂ ਅਕਾਲੀਆਂ ਨੂੰ ਮਿਲਦਾ ਰਹੇ। ਇਸ ਸਮਾਰਕ ਵਾਲੀ ਥਾਂ ਦੇ ਨਾਲ ਹੀ ਪੁਰਾਤਨ ਇਤਿਹਾਸਕ ਗੁਰਦੁਆਰਾ "ਥੜਾ ਸਾਹਿਬ" ਤੇ ਹੋਰ ਕਈ ਗੁਰਦੁਆਰੇ ਮੌਜੂਦ ਹਨ। ਅਕਾਲ ਤਖਤ ਸਾਹਿਬ ਦੀ ਮੁਕੱਦਸ ਈਮਾਰਤ ਵੀ ਮੌਜੂਦ ਹੈ। ਇਕ ਹੋਰ ਗੁਰਦੁਆਰੇ ਦੀ ਜਰੂਰਤ ਹੀ ਕੀ ਸੀ? ਦੂਜਾ ਜਿਸ ਥਾਂ ਤੇ ਇਹ ਸਮਾਰਕ ਉਸਾਰੀ ਜਾ ਰਹੀ ਹੈ, ਉਹ ਥਾਂ ਹੀ ਗਲਤ ਚੁਣੀ ਗਈ ਹੈ। ਇਸ ਥਾਂ ਤੇ ਇਸ ਸ਼ਹੀਦੀ ਸਮਾਰਕ ਦੀ ਉਸਾਰੀ ਫੌਰਨ ਹੀ ਰੋਕ ਦਿਤੀ ਜਾਂਣੀ ਚਾਹੀਦੀ ਹੈ। ਜੇ ਇਸ ਥਾਂ ਤੇ ਸ਼ਹੀਦੀ ਸਮਾਰਕ ਬਣਦਾ ਹੈ ਤੇ ਅਕਾਲ ਤਖਤ ਦੀ ਇਮਾਰਤ ਦੀ ਸ਼ਾਨ, ਉਸ ਦਾ ਵਖਰਾ ਦਰਸਾਰਾ ਅਤੇ ਉਸ ਦਾ ਇਤਿਹਾਸਿਕ ਰੁਤਬਾ ਇਸ ਸਮਾਰਕ ਦੀ ਈਮਾਰਤ ਨਾਲ ਦਬ ਜਾਵੇਗਾ।

ਮੇਰੇ ਇਹ ਵਿਚਾਰ ਪੜ੍ਹ ਕੇ ਪਾਠਕ ਕਿਧਰੇ ਇਹ ਨਾਂ ਸਮਝ ਲੈਣ ਕਿ ਦਾਸ 1984 ਦੇ ਸ਼ਹੀਦਾਂ ਦੀ ਸਮਾਰਕ ਬਨਾਉਣ ਦੇ ਖਿਲਾਫ ਹੈ, ਜਾਂ ਕਾਂਗ੍ਰੇਸ ਦਾ ਕੋਈ ਹਿਮਾਇਤੀ ਹੈ। ਦਾਸ ਤੇ ਆਪ ਇਸ "ਸਮਾਰਕ ਦੀ ਉਸਾਰੀ" ਬਾਰੇ ਕਈ ਵਾਰ ਲਿਖਦਾ ਆਇਆ ਹੈ, ਫੇਰ ਇਸ ਸਮਾਰਕ ਦਾ ਵਿਰੋਧ ਤੇ ਕੋਈ "ਪੰਥ ਦੋਖੀ" ਹੀ ਕਰ ਸਕਦਾ ਹੈ। ਸ਼ਹੀਦਾਂ ਦੀ ਇਸ ਯਾਦਗਾਰ ਦੇ ਪਿਛੇ ਜੋ ਸਿਆਸਤ ਕਮ ਕਰ ਰਹੀ ਹੈ, ਉਸ ਨਾਲ ਪੰਥ ਨੂੰ ਕੁਝ ਮਿਲਨ ਦੀ ਬਜਾਇਏ ਬਹੁਤ ਕੁਝ ਗਵਾਣਾਂ ਵੀ ਪੈ ਸਕਦਾ ਹੈ। ਦਾਸ ਨੇ ਅੱਜ ਤੋਂ ਇਕ ਦੋ ਵਰ੍ਹੇ ਪਹਿਲਾਂ ਵੀ ਸ਼ਹੀਦੀ ਸਮਾਰਕ ਦੀ ਉਸਾਰੀ ਦੀ ਥਾਂ ਬਾਰੇ ਸੁਝਾਅ ਵੀ ਦਿਤਾ ਸੀ। ਅਜ ਫੇਰ ਉਹ ਹੀ ਸੁਝਾਅ ਦੇ ਰਿਹਾ ਹਾਂ। ਪੰਥ ਦਰਦੀਆ ਦੀ ਤਾਕਤ ਸ਼ਾਇਦ ਇਨਾਂ "ਧਰਮ ਮਾਫੀਆਂ" ਦੀ ਤਾਕਤ ਸਾਮ੍ਹਣੇ ਦਬ ਕੇ ਰਹਿ ਗਈ ਹੈ। ਇਸ ਲਈ ਇਸ ਸੁਝਾਅ 'ਤੇ ਅਮਲ ਹੋਣਾਂ ਤੇ ਸ਼ਾਇਦ ਹੀ ਮੁਕਮਿਨ ਹੋ ਸਕੇ, ਪਰ ਵਕਤ ਰਹਿੰਦਿਆਂ ਅਪਣਾਂ ਵਿਰੋਧ ਦਰਜ ਕਰ ਦੇਣਾਂ ਹੀ ਸਮੈਂ ਦੀ ਮੰਗ ਹੁੰਦੀ ਹੈ।

ਇਸ ਸ਼ਹੀਦੀ ਸਮਾਰਕ ਦੀ ਉਸਾਰੀ ਲਈ ਇਕ ਸਟੀਕ ਥਾਂ ਉਥੇ ਨੇੜੇ ਤੇੜੇ ਹੀ ਮੌਜੂਦ ਹੈ। ਉਸ ਦਾ ਨਾਮ ਹੈ "ਸਕੱਤਰੇਤ"। ਲਗ ਭਗ 15 ਵਰ੍ਹੇ ਪਹਿਲਾਂ "ਦੋ ਚੀਜਾਂ " ਚੁਪ ਚਪੀਤੇ, ਕੌਮ ਦੇ ਮੱਥੇ ਤੇ ਲੰਮਿਆ ਕਿੱਲਾਂ ਨਾਲ ਮੜ੍ਹ ਦਿਤੀਆਂ ਗਈਆਂ, ਜਿਸ ਦਾ ਵਿਰੋਧ ਕਿਸੇ ਵੀ ਵਿਦਵਾਨ, ਪੰਥ ਦਰਦੀ ਅਤੇ ਜਾਗਰੂਕ ਧਿਰ ਨੇ ਮੁਕੰਮਲ ਤਰੀਕੇ ਨਾਲ ਨਹੀਂ ਕੀਤਾ, ਜਿਸ ਕਰਕੇ ਇਹ ਦੋਵੇਂ ਗੈਰ ਸਿਧਾਂਤਕ ਚੀਜਾਂ ਸਾਡੇ ਨਾਲ ਸਦੀਵੀ ਜੁੜ ਚੁਕੀਆ ਹਨ। ਇਸ ਵਿਚ ਪਹਲੀ ਹੈ "ਸਕਤੱਰੇਤ" ਨਾਮ ਦੀ ਉਹ "ਕਾਲ ਕੋਠਰੀ" (ਅਕਾਲ ਤਖਤ ਦਾ ਸ਼ਰੀਕ) । ਦੂਜਾ ਹੈ "ਸੰਤ ਸਮਾਜ" ਜਿਸ ਦਾ ਨਾਮ ਹੀ ਸਿੱਖ ਸਿਧਾਂਤਾਂ ਦਾ ਘਾਣ ਕਰਦਾ ਹੈ । ਇਸ ਦੇ ਨਾਲ ਹੀ ਨਾਲ "ਦਮਦਮੀ ਟਕਸਾਲ" ਦੇ "ਗੌਰਵਮਈ ਇਤਿਹਾਸ" ਅਤੇ ਉਸ ਦੇ "ਸਤਿਕਾਰਤ ਮੁੱਖੀਆਂ" ਨੂੰ ਕਲੰਕਿਤ ਕਰਨ ਵਾਲੇ ਕੁਝ ਲੋਕ ਉਸ ਤੇ ਕਾਬਿਜ ਹੋ ਗਏ। ਇਹ ਦੋਵੇਂ ਕਮ ਆਰ. ਐਸ. ਐਸ. ਦੇ ਹਥਠੋਕੇ ਅਕਾਲ ਤਖਤ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਪੂਰਨ ਸਿੰਘ ਦੇ ਕਾਰਜ ਕਾਲ ਵੇਲੇ ਹੋਰ ਵੀ ਤੇਜੀ ਨਾਲ ਪਰਵਾਨ ਚੜ੍ਹੇ। (ਪੂਰਨ ਸਿੰਘ ਦਾ ਨਾਮ ਆਰ .ਐਸ.ਐਸ. ਦੀ ਵੇਬਸਾਈਟ "ਸਿੱਖ ਸਗਤ" ਵਿੱਚ ਦਿਤੇ ਗਏ ਮੇਂਬਰਾਂ ਦੀ ਲਿਸਟ ਵਿੱਚ ਮੌਜੂਦ ਹੈ, ਇਸ ਲਿਸਟ ਨੂੰ ਹੁਣ ਉਥੋ ਡੀਲੀਟ ਕਰ ਦਿਤਾ ਗਇਆ ਹੈ, ਲੇਕਿਨ ਸਾਡੇ ਕੋਲ ਉਸ ਦੀ ਪ੍ਰਿੰਟ ਕਾਪੀ ਮੌਜੂਦ ਹੈ"। ਦੂਜਾ ਸਬੂਤ ਬੀਬੀ ਜਾਗੀਰ ਕੌਰ ਨੂੰ "ਨਾਨਕ ਸਾਹੀ ਕੈਲੰਡਰ" ਨੂੰ ਜਾਰੀ ਕਰਨ ਤੋਂ ਰੋਕਣ ਲਈ "ਗੁਨਾਂ" ਸਹਿਰ ਤੋਂ ਫੈਕਸ ਭੇਜ ਕੇ ਛੇਕ ਦੇਣਾਂ, ਜੋ ਆਰ. ਐਸ. ਐਸ ਦਾ ਹੈਡ ਕੁਆਟਰ ਹੈ । ਇਸ ਗ੍ਰੰਥੀ ਦੇ ਕੀਤੇ 22 ਕੂੜਨਾਮੇ ਰੱਦ ਕੀਤੇ ਜਾਣਾ। ਹੋਰ ਵੀ ਬਹੁਤ ਸਾਰੇ ਸਬੂਤ ਮੌਜੂਦ ਹਨ, ਜਿਨਾਂ ਨੂੰ ਜਾਗਰੂਕ ਧਿਰਾਂ ਅਤੇ ਸੁਚੇਤ ਸਿੱਖ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ)।

ਵੈਸੇ ਇਹ ਧੁੰਮਾਂ ਹੈ ਹੀ ਕੌਣ?

ਇਸ ਦਾ ਕੌਮ ਪ੍ਰਤੀ ਯੋਗਦਾਨ ਕੀ ਹੈ? ਕੌਮ ਪ੍ਰਤੀ ਇਸ ਦਾ ਬਲਿਦਾਨ ਕੀ ਹੈ? ਇਹ ਕਿਥੋ ਆਇਆ? ਅਤੇ ਕਿਵੇਂ ਟਕਸਾਲ ਦਾ ਮੁਖੀ ਬਣ ਗਇਆ? ਇਸ ਦਾ ਕੀ ਗੌਰਵ ਮਈ ਇਤਿਹਾਸ ਹੈ? ਇਸ ਨੂੰ ਸ਼੍ਰੋਮਣੀ ਕਮੇਟੀ ਵਿੱਚ 30 ਸੀਟਾਂ ਕਿਵੇ ਅਤੇ ਕਿਉ ਦਿਤੀਆਂ ਗਇਆਂ? ਪੰਥ ਇਸ ਨੂੰ ਜਾਣਦਾ ਵੀ ਨਹੀਂ ਤੇ ਇਹ ਅਕਾਲੀ ਸਿਯਾਸਤ ਦਾਨਾਂ ਦਾ ਚਹੇਤਾ ਕਿਵੇਂ ਬਣ ਗਇਆ? ਅਕਾਲ ਤਖਤ ਦਾ ਹੈਡ ਗ੍ਰੰਥੀ ਇਸ ਨੂੰ ਸਿਰੋਪੇ ਦੇ ਕੇ, ਇਨਾਂ ਸਤਿਕਾਰ ਅਤੇ ਮਹੱਤਵ ਕਿਸ ਲਈ ਅਤੇ ਕਿਸ ਦੇ ਹੁਕਮ ਨਾਲ ਕਰ ਰਿਹਾ ਹੈ? 15 ਸਾਲ ਪਹਿਲਾਂ ਤੇ ਇਸ ਦਾ ਨਾਮੋ ਨਿਸ਼ਾਨ ਨਹੀਂ ਸੀ। ਇਸ ਬੰਦੇ ਨੂੰ ਆਪ ਹੁਦਰੇ ਤੌਰ ਤੇ "ਸ਼ਹੀਦਾਂ ਦੀ ਸਮਾਰਕ" ਉਸਾਰਨ ਦੀ ਅਹਿਮ ਸੇਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਸ ਦੇ ਇਸ਼ਾਰੇ ਤੇ ਇਸਨੂੰ ਦੇ ਦਿਤੀ? ਪੂਰੀ ਕੌਮ ਵਿਚ, ਇਸ ਧੁੰਮੇ ਨੂੰ ਕਿੱਨੇ ਸਿੱਖ ਸਤਕਾਰ ਦੀ ਨਜਰ ਨਾਲ ਵੇਖਦੇ ਹਨ? ਬਲਕਿ ਇਹ ਧੁੰਮਾ ਹਮੇਸ਼ਾ ਵਿਵਾਦਾਂ ਵਿਚ ਹੀ ਘਿਰਿਆ ਰਿਹਾ ਹੈ। ਇਹ ਸਿੱਖ ਰਹਿਤ ਮਰਿਯਾਦਾ ਤੋਂ ਬਾਗੀ ਹੈ। "ਚਰਿਤ੍ਰੋ ਪਾਖਿਯਾਨ" ਨਾਮ ਦੀ ਅਸ਼ਲੀਲ ਕਹਾਣੀਆਂ ਨੂੰ ਗੁਰੂ ਕ੍ਰਿਤ ਕਹਿ ਕੇ ਗੁਰੂ ਦਾ ਅਪਮਾਨ ਕਰਦਾ ਹੈ, ਅਤੇ ਸਾਰਾ ਪੰਥ ਜਾਣਦਾ ਹੈ ਕੇ "ਨਾਨਕਸ਼ਾਹੀ ਕੈਲੰਡਰ " ਦਾ ਮੁਖ ਕਾਤਿਲ ਵੀ ਧੁੰਮਾ ਹੀ ਹੈ। ਪੰਥ ਦੀਆਂ ਜਾਗਰੂਕ ਧਿਰਾਂ ਅਤੇ ਪੰਥਿਕ ਅਖਬਾਰਾਂ ਵਿੱਚ ਇਸ ਦੀ ਤੁਲਨਾਂ ਤੇਜਾ ਸਿੰਘ ਨਾਲ ਕੀਤੀ ਗਈ ਹੈ (ਅਖਬਾਰ ਦੀ ਪੇਪਰ ਕਟਿੰਗ ਇਸ ਲੇਖ ਨਾਲ ਮੌਜੂਦ ਹਨ, ਜੋ ਇਸ ਦੇ ਸ਼ਕੀ ਕਿਰਦਾਰ ਨੂੰ ਉਜਾਗਰ ਕਰਦੀਆਂ ਨੇ )। ਪੰਥ ਵਿਚ ਜਿਸ ਬੰਦੇ ਦੀ ਕੋਈ ਕਦਰ ਨਹੀਂ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅੱਖ ਦਾ ਤਾਰਾ ਕਿਵੇਂ ਬਣ ਗਇਆ ਹੈ? ਇਹ ਹਜਾਰਾਂ ਸਵਾਲ ਹਨ, ਜੋ ਪੰਥ ਦਰਦੀਆਂ ਦੇ ਮਨ ਵਿਚ ਉਠ ਰਹੇ ਨੇ। ਐਸੇ ਬੰਦੇ ਨੂੰ "ਸਹੀਦਾਂ ਦੀ ਸਮਾਰਕ" ਬਣਾਉਣ ਦਾ ਹਕ ਦੇ ਦੇਣਾ ਕੇਵਲ ਸਿਆਸਤ ਦਾ ਹੀ ਕੋਈ ਹਿੱਸਾ ਹੋ ਸਕਦਾ ਹੈ।

ਕੌਮ ਜੇ ਵਾਕਈ ਇਕ ਸੱਚੀ "ਸ਼ਹੀਦੀ ਸਮਾਰਕ" ਬਨਾਉਣੀ ਚਾਂਉਦੀ ਸੀ ਤੇ ਇਸ ਲਈ "ਸਕਤੱਰੇਤ" ਨਾਮ ਦੀ "ਕਾਲ ਕੋਠਰੀ" ਹੀ ਸਟੀਕ ਸਥਾਨ ਸੀ। ਇਸ "ਕਾਲ ਕੋਠਰੀ" ਨੂੰ ਢਾਅ ਕੇ, ਉਥੇ ਇਕ "ਮਿਉਜੀਅਮ" ਦੇ ਰੂਪ ਵਿੱਚ ਇਹ ਯਾਦਗਾਰ ਬਣਾਈ ਜਾ ਸਕਦੀ ਸੀ। ਵੈਸੇ ਵੀ ਸਾਡੇ ਹੈਡ ਗ੍ਰੰਥੀ ਇਸ "ਏਅਰ ਕੰਡੀਸ਼ਨ ਕਮਰੇ" ਵਿੱਚ ਅਰਾਮ ਕਰ ਕਰ ਕੇ ਇਨੇ ਸੁਖਿਆਰੇ ਅਤੇ ਨਿਕੰਮੇ ਹੋ ਚੁਕੇ ਹਨ, ਕਿ ਉਹ ਅਪਣੀ ਡਿਉਟੀ ਹੀ ਭੁਲ ਗਏ ਨੇ। ਅਕਾਲ ਤਖਤ ਦੇ ਹੈਡ ਗ੍ਰੰਥੀ ਨੂੰ ਪੰਥ ਇਸ ਲਈ ਤਨਖਾਹ ਦੇਂਦਾ ਹੈ, ਕਿ ਉਹ ਅਕਾਲ ਤਖਤ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਅਤੇ ਉਥੇ ਦਾ ਪ੍ਰਬੰਧ ਆਦਿਕ ਵੇਖਣ। ਲੇਕਿਨ ਇਸ ਕਮਰੇ ਵਿੱਚ ਬਹਿਣ ਕਰਕੇ ਹੀ ਉਹ ਅਪਣੇ ਆਪ ਨੂੰ "ਕੌਮ ਦਾ ਹਾਕਿਮ" ਸਮਝਣ ਲਗ ਪਏ ਹਨ। ਚਲੋ ਹੁਣ ਤੁਸੀਂ ਕਹੋਗੇ ਕਿ ਹੈਡ ਗ੍ਰੰਥੀ ਨੂੰ ਆਰਾਮ ਕਰਨ ਲਈ ਵੀ ਤੇ ਕੋਈ ਥਾਂ ਚਾਹੀਦੀ ਹੈ। ਬੇਸ਼ਕ ਅਰਾਮ ਕਰਨ, ਲੇਕਿਨ ਇਸ ਕਮਰੇ ਨੂੰ ਤਾਂ ਇਨਾਂ ਨੇ ਅਪਣੀ ਅਰਾਮਗਾਹ ਤੋਂ ਅਲਾਵਾ ਪੰਥ ਦਰਦੀਆਂ ਨੂੰ "ਛੇਕਣ ਦਾ ਕਾਰਖਾਨਾ" ਹੀ ਬਣਾਂ ਕੇ ਰਖ ਦਿਤਾ ਹੈ। ਇਸ ਕਾਲ ਕੋਠਰੀ ਵਿਚ ਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਤੋਂ ਬਿਨਾਂ ਹੀ ਫੈਸਲੇ ਕੀਤੇ ਜਾਂਦੇ ਨੇ ਅਤੇ ਪੰਥ ਦਰਦੀਆਂ ਅਤੇ ਪੰਥ ਦੋਖੀਆਂ ਨਾਲ ਬਹੁਤ ਵੱਡਾ ਵਿਤਕਰਾ ਕਰਦਿਆਂ ਅਪਣੇ "ਸਿਆਸੀ ਆਕਾ" ਦੀ ਮਨ ਮਰਜੀ ਮੁਤਾਬਿਕ ਫੈਸਲੇ ਕੀਤੇ ਜਾਂਦੇ ਨੇ। ਜੇ ਕੋਈ ਪੰਥ ਦਰਦੀ ਜੇ ਕੌਮ ਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਨੂੰ ਮੰਨਣ ਦੀ ਗਲ ਕਹੇ ਤੇ ਉਸ ਨੂੰ ਪੰਥ ਤੋਂ ਛੇਕ ਦਿਤਾ ਜਾਂਦਾ ਹੈ।

ਦੂਜੇ ਪਾਸੇ ਸ਼ਿਵ ਲਿੰਗ ਦੀ ਪੂਜਾ ਕਰਨ ਵਾਲੇ, ਹਵਨ ਕਰਨ ਵਾਲੇ ਅਤੇ ਦੇਵੀ ਦੀ ਆਰਤੀ ਕਰਨ ਵਾਲੇ ਸਿੱਖ ਸਿਆਸਤ ਦਾਨਾਂ ਨੂੰ ਕੋਈ ਨੋਟਿਸ ਤਕ ਨਹੀਂ ਭੇਜਿਆ ਜਾਂਦਾ? ਇਹ ਗ੍ਰੰਥੀ, ਪਹਿਲਾਂ ਸਾਰੇ ਫੈਸਲੇ ਇਸ "ਕਾਲ ਕੋਠਰੀ" ਵਿਚ ਕਰਦੇ ਸਨ ਅਤੇ ਉਹ ਫੈਸਲਾ ਅਕਾਲ ਤਖਤ ਤੇ ਆ ਕੇ ਪੜ੍ਹ ਕੇ ਸੁਨਾਂਉਦੇ ਸਨ, ਲੇਕਿਨ ਪਿਛਲੇ ਹਫਤੇ ਤੋਂ ਇਹ ਕਮ ਵੀ ਸਕਤਰੇਤ ਵਿੱਚ ਹੀ ਕੀਤਾ ਜਾਣ ਲਗਾ ਹੈ। ਧਰਮ ਸਿੰਘ ਨਿਹੰਗ ਨੂੰ ਛੇਕਣ ਦਾ ਫੈਸਲਾ, ਅਕਾਲ ਤਖਤ ਤੇ ਪੜ੍ਹ ਕੇ ਨਹੀਂ ਸੁਣਾਇਆ ਗਇਆ ਬਲਕਿ ਸਕਤਰੇਤ ਵਿੱਚ ਹੀ ਸੁਣਾਇਆ ਗਇਆ। ਬਹੁਤ ਸਾਰੇ ਵੀਰ ਇਹ ਕਹਿੰਦੇ ਨੇ ਕਿ ਇਹ ਤਾ ਏਅਰ ਕੰਡੀਸ਼ਨਡ ਅਤੇ ਰੌਸ਼ਨੀ ਨਾਲ ਭਰਪੂਰ ਕਮਰਾ ਹੈ, ਫਿਰ ਤੁਸੀਂ ਇਸ ਨੂੰ "ਕਾਲ ਕਠਰੀ" ਕਿਉਂ ਕਹਿੰਦੇ ਹੋ? ਵੀਰੋ ! ਜਿਸ ਥਾਂ ਤੇ ਸ਼ਬਦ ਗੁਰੂ ਦਾ ਪ੍ਰਕਾਸ਼ ਨਾ ਹੋਵੇ, ਜਿਥੇ ਸ਼ਬਦ ਗੁਰੁ ਦਾ "ਸੰਦੇਸ਼ ਅਤੇ ਦਿਸ਼ਾ" ਨਾਂ ਹੋਵੇ, ਜਿਸ ਥਾਂ ਤੇ "ਸ਼ਬਦ ਗੁਰੂ ਦੀ ਸਰਪਰਸਤੀ" ਨਾ ਹੋਵੇ, ਉਹ ਥਾਂ ਤੇ ਘੋਰ ਅੰਧਕਾਰ ਵਾਲੀ ਹੀ ਕਹੀ ਜਾਵੇਗੀ। ਇਸ ਸਕਤੱਰੇਤ ਵਾਲੇ ਕਮਰੇ ਵਿਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਤੋਂ ਬਗੈਰ ਹੀ ਇਹ ਗ੍ਰੰਥੀ ਕੌਮ ਦੇ ਅਹਿਮ ਫੈਸਲੇ ਕਰਦੇ ਨੇ। ਗੁਰੂ ਦੀ ਹਜ਼ੂਰੀ ਤੋ ਬਿਨਾਂ ਉਸ ਕਮਰੇ ਨੂੰ "ਕਾਲ ਕੋਠਰੀ" ਨਹੀਂ ਤੇ ਹੋਰ ਕੀ ਕਹੋਗੇ?। ਗੁਰੂ ਦਾ ਹੁਕਮ ਵੀ ਤਾਂ ਇਹ ਹੀ ਹੈ ਕਿ

ਸਚਾ ਸਾਹੁ ਵਰਤਦਾ ਕੋਇ ਨ ਮੇਟਣਹਾਰੁ ॥ ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ॥
ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ ॥ ਮਾਇਆ ਮੋਹਿ ਵਿਸਾਰਿਆ ਮੁਖਦਾਤਾ ਦਾਤਾਰ ॥
ਅੰਕ 34

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥2॥ ਅੰਕ 463

ਪੰਥ ਦਰਦੀਉ ਅਤੇ ਜਾਗਰੂਕ ਸਿੱਖੋ ! "ਸ਼ਹੀਦ ਸਮਾਰਕ" ਦੇ ਨਾਮ ਤੇ ਸਿਆਸਤ ਦਾ ਖੇਡ ਹੋ ਰਿਹਾ ਹੈ। ਇਸ ਨੂੰ ਸਮਝੋ ਤੇ ਇਸ ਨੂੰ ਅਪਣੇ ਹਥ ਵਿਚ ਲਵੋ। ਕੌਮ ਦੀ ਵਖਰੀ ਹੋਂਦ ਅਤੇ ਸਵੈਮਾਨ ਦੇ ਪ੍ਰਤੀਕ "ਨਾਨਕ ਸ਼ਾਹੀ ਕੈਲੰਡਰ" ਦੇ ਕਾਤਿਲਾਂ ਨੂੰ "ਸਹੀਦੀ ਸਮਾਰਕ" ਬਨਾਉਣ ਦਾ ਕੋਈ ਹਕ ਨਹੀਂ ਹੈ। ਅਕਾਲ ਤਖਤ ਦੇ ਹੈਡ ਗ੍ਰੰਥੀ ਨੂੰ ਵੀ ਇਕ ਸਲਾਹ ਹੈ, ਕਿ ਹਰ ਪੰਥ ਦਰਦੀ ਅਤੇ ਸਿੱਖ ਨੂੰ ਅਪਣੇ ਸੁਝਾਅ ਅਤੇ ਪੰਥਿਕ ਮਸਲਿਆਂ ਤੇ ਗਲ ਕਰਨ ਦਾ ਪੂਰਾ ਅਧਿਕਾਰ ਹੈ। ਹੈਡ ਗ੍ਰੰਥੀ ਸਾਹਿਬ ਨੂੰ ਚਾਹੀਦਾ ਹੈ ਕਿ ਅਪਣੇ ਅਧਿਕਾਰਾਂ ਅਤੇ ਆਪਣੀਆਂ ਹਦਾਂ ਨੂੰ ਹਮੇਸ਼ਾ ਚੇਤੇ ਰੱਖਣ ਅਤੇ ਪੰਥ ਦਰਦੀਆਂ ਅਤੇ ਜਾਗਰੂਕ ਧਿਰਾਂ ਨੂੰ ਧਮਕੀਆਂ ਦੇ ਕੇ ਉਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਕੇ ਉਨਾਂ ਕੋਲੋਂ ਅਪਣੀ ਗਲ ਕਹਿਨ ਅਤੇ ਬੋਲਣ ਦੀ ਅਾਜ਼ਾਦੀ ਨੂੰ ਖੋ੍ਹਣ ਦੀ ਕੋਸ਼ਿਸ਼ ਨਾ ਕਰਨ । ! ਇਸ ਲੇਖ ਦੇ ਨਾਲ ਲਗੀ ਅਖਬਾਰ ਕਟਿੰਗ ਅਨੁਸਾਰ ਤੁਸੀਂ ਕਹਿਆ ਹੈ ਕਿ "ਯਾਦਗਾਰ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਅਪਣੀਆ ਕੋਝੀਆਂ ਹਰਕਤਾਂ ਤੋਂ ਬਾਜ ਆਉਣ"। ਜੋ ਤੁਸੀਂ ਫੈਸਲਾ ਕਰੋ ਉਹ ਹੀ ਅੰਤਿਮ ਅਤੇ ਸਹੀ ਫੈਸਲਾ ਹੋਵੇਗਾ, ਉਸ ਨੂੰ ਮਨਣ ਲਈ ਹਰ ਸਿੱਖ ਪਾਬੰਦ ਹੋਵੇਗਾ? ਇਹ ਵਹਿਮ ਅਪਣੇ ਮੰਨ ਵਿਚੋ ਕਡ੍ਹ ਦਿਉ ਤੇ ਚੰਗਾ ਹੈ। ਗੁਰੂ ਦੇ ਸਿਰਜੇ ਅਕਾਲ ਤਖਤ ਤੇ ਹਰ ਸਿੱਖ ਦਾ ਸਿਰ ਉਸ ਦੇ ਸਤਿਕਾਰ ਵਜੋਂ ਹਮੇਸ਼ਾਂ ਝੁਕਦਾ ਹੈ, ਅਤੇ ਝੁਕਦਾ ਰਹੇਗਾ, ਲੇਕਿਨ ਜਦੋਂ ਉਸ ਤੇ ਬੈਠਾ ਕੋਈ ਗ੍ਰੰਥੀ, ਅਪਣੇ ਆਪ ਨੂੰ ਹੀ ਅਕਾਲ ਤਖਤ ਜਾਂ ਗੁਰੂ ਸਮਝਣ ਲਗ ਪਵੇ ਤੇ ਹਰ ਸਿੱਖ ਨੂੰ ਇਹ ਹੱਕ ਬਣਦਾ ਹੈ, ਕਿ ਉਸ ਦੀ ਗਲ ਨੂੰ ਸੋਚ ਸਮਝ ਅਤੇ ਪਰਖ ਕੇ ਹੀ ਉਸ ਤੇ ਅਮਲ ਕਰੇ। ਇਕ ਸ਼ਬਦ ਗੁਰੂ ਦੇ ਸਿੱਖ ਲਈ, ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਤੋਂ ਅਗੇ ਕੋਈ ਵਿਅਕਤੀ, ਆਗੂ ਅਤੇ ਜੱਥੇਦਾਰ ਨਹੀਂ ਹੋ ਸਕਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top