Share on Facebook

Main News Page

ਵਿਸ਼ੇਸ਼ ਗੱਲਬਾਤ: (1) ਸਾਕਾ ਦਰਬਾਰ ਸਾਹਿਬ (ਜੂਨ 1984) ਦੀ ਯਾਦਗਾਰ ਕਿਉਂ? ਅਤੇ (2) ਯਾਦਗਾਰ ਦੇ ਵਿਰੋਧ ਦੀ ਰਾਜਨੀਤੀ

ਲੁਧਿਆਣਾ/ਪਟਿਆਲਾ (17 ਜੂਨ, 2012): ਬੀਤੀ 20 ਮਈ ਨੂੰ ਸ਼੍ਰੀ ਦਰਬਾਰ ਸਾਹਿਬ ਭਵਨ-ਸਮੂਹ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਨਜ਼ਦੀਕ ਜੂਨ 1984 ਵਿਚ ਵਾਪਰੇ ਸਾਕਾ ਦਰਬਾਰ ਸਾਹਿਬ, ਜਿਸ ਦੌਰਾਨ ਭਾਰਤੀ ਫੌਜਾਂ ਵੱਲੋਂ ਸਰਕਾਰੀ ਹੁਕਮ ਨਾਲ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਕਹਿਰੀ ਫੌਜੀ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਤਬਾਹ ਕੀਤੀ ਗਈ ਅਤੇ ਅਨੇਕਾਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਦੀ ਯਾਦਗਾਰ ਉਸਾਰਨ ਦੀ ਰਸਮੀ ਸ਼ੁਰੂਆਤ ਕੀਤੀ ਗਈ। ਬੀਤੀ 6 ਜੂਨ ਨੂੰ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

 

 

ਇਨ੍ਹਾਂ ਘਟਨਾਵਾਂ ਨੇ ਸਿੱਖ ਪੰਥ ਦੇ ਅੰਦਰ ਅਤੇ ਬਾਹਰ ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਬਾਰੇ ਅਤੇ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਬਾਰੇ ਕਾਫੀ ਚਰਚਾ ਛੇੜ ਦਿੱਤੀ ਹੈ। ਭਾਰਤੀ ਮੀਡੀਆ ਨੇ ਇਸ ਯਾਦਗਾਰ ਨੂੰ ਆਪਣੇ ਜਾਣੇ-ਪਛਾਣ ਇਕਪਾਸੜ ਤੇ ਦਲੀਲ ਰਹਿਤ ਅੰਦਾਜ਼ ਵਿਚ ਭਾਰਤ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਲਈ ਖਤਰਾ ਦੱਸਦਿਆ ਸਾਰੇ ਹੀ ਮਸਲੇ ਨੂੰ ਸਿਰੇ ਦੇ ਨਾਕਾਰਾਤਮਕ ਨਜ਼ਰੀਏ ਤੋਂ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਗਲਿਆਰਿਆ, ਸਾਬਕਾ ਫੌਜੀ ਹਲਕਿਆ, ਕਾਂਗਰਸ ਅਤੇ ਭਾਜਪਾ ਆਦਿ ਸਿਆਸੀ ਪਾਰਟੀਆਂ ਤੇ ਪੰਜਾਬ ਦੇ ਖੱਬੇ-ਪੱਖੀਆਂ ਨੇ ਵੀ ਵਧ-ਚੜ੍ਹ ਕੇ ਯਾਦਗਾਰ ਦਾ ਵਿਰੋਧ ਕੀਤਾ ਹੈ।

ਸਿਰਫ ਇੰਨਾ ਹੀ ਨਹੀਂ ਸਿੱਖ ਪੰਥ ਅੰਦਰਲੇ ਕਈ ਵਰਗਾਂ, ਜਿਨ੍ਹਾਂ ਵਿਚੋਂ ਕਈਆਂ ਦਾ ਸੰਬੰਧ ਸਿੱਖ ਸੰਘਰਸ਼ ਤੇ ਸਿਆਸਤ ਨਾਲ ਰਿਹਾ ਹੈ ਜਾਂ ਅੱਜ ਵੀ ਹੈ, ਵੱਲੋਂ ਵੀ ਆਪਣੇ-ਆਪਣੇ ਨਜ਼ਰੀਏ ਤੋਂ ਇਸ ਯਾਦਗਾਰ ਜਾਂ ਯਾਦਗਾਰ ਦੀ ਰੂਪ-ਰੇਖਾ, ਉਸਾਰੀ ਕਰਨ ਵਾਲੀ ਧਿਰ ਜਾਂ ਹੋਰ ਜੁੜਵੇਂ ਮਾਮਲਿਆਂ ਬਾਰੇ ਇਤਰਾਜ਼ ਜਾਂ ਵਿਰੋਧ ਦਰਜ਼ ਕਰਵਾਏ ਗਏ ਹਨ।

ਇਨ੍ਹਾਂ ਹਾਲਾਤਾਂ ਵਿਚ ਸਾਕਾ ਦਰਬਾਰ ਸਾਹਿਬ ਬਾਰੇ ਸਿੱਖ ਨੁਕਤਾ-ਨਜ਼ਰ ਲੱਭਣ ਦੇ ਯਤਨਾਂ ਤਹਿਤ "ਸਿੱਖ ਸਿਆਸਤ ਮਲਟੀਮੀਡੀਆ" ਵੱਲੋਂ ਸਿੱਖ ਚਿੰਤਕਾਂ ਨਾਲ ਵਿਸ਼ੇਸ਼ ਗੱਲ-ਬਾਤ ਕੀਤੀ ਗਈ ਹੈ। ਇਸ ਵਿਚਾਰ-ਚਰਚਾ ਦਾ ਸੰਚਾਲਨ ਸ੍ਰ. ਬਲਜੀਤ ਸਿੰਘ ਵੱਲੋਂ ਕੀਤਾ ਗਿਆ ਅਤੇ ਇਸ ਵਿਚ ਉੱਘੇ ਸਿੱਖ ਚਿੰਤਕ ਤੇ ਲੇਖਕ ਸ੍ਰ: ਅਜਮੇਰ ਸਿੰਘ, ਸਮਾਜਕ ਤੇ ਮਨੁੱਖੀ ਹੱਕਾਂ ਦੇ ਕਾਰਕੁੰਨ ਪ੍ਰੋ: ਜਗਮੋਹਨ ਸਿੰਘ ਅਤੇ ਸੀਨੀਅਰ ਪੱਤਰਕਾਰ ਸ੍ਰ: ਜਸਪਾਲ ਸਿੰਘ ਸਿੱਧੂ ਨੇ ਹਿੱਸਾ ਲਿਆ।

ਇਸ ਵਿਚਾਰ-ਚਰਚਾ ਲਈ ਗੱਲਬਾਤ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ। ਗੱਲਬਾਤ ਦੇ ਪਹਿਲੇ ਦੌਰ ਵਿਚ ਯਾਦਗਾਰ ਨਾਲ ਸੰਬੰਧਤ ਅੰਦਰੂਨੀ ਮਸਲਿਆਂ ਬਾਰੇ ਵਿਚਾਰ ਕੀਤੀ ਗਈ ਹੈ ਤੇ ਦੂਜੇ ਦੌਰ ਦੌਰਾਨ ਯਾਦਗਾਰ ਦੀ ਵਿਰੋਧਤਾ ਦੀ ਰਾਜਨੀਤੀ ਅਤੇ ਮੀਡੀਆ ਦੇ ਰੋਲ ਬਾਰੇ ਵਿਚਾਰ ਕੀਤੀ ਗਈ ਹੈ।

ਯਾਦਗਾਰ ਲਈ ਯਤਨ ਹਮਲੇ ਤੋਂ ਬਾਅਦ ਹੀ ਸ਼ੁਰੂ ਹੋ ਗਏ ਸਨ: ਸ੍ਰ: ਅਜਮੇਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਸੰਭਾਲਣ/ਉਸਾਰਣ ਲਈ ਯਤਨ ਹਮਲੇ ਤੋਂ ਬਾਅਦ ਹੀ ਸ਼ੁਰੂ ਹੋ ਗਏ ਸਨ। ਸ਼ੁਰੂ ਵਿਚ ਸਿੱਖਾਂ ਦੇ ਕਈ ਹਲਕਿਆਂ ਵੱਲੋਂ ਇਹ ਵਿਚਾਰ ਵੀ ਆਏ ਸਨ ਕਿ ਹਮਲੇ ਵਿਚ ਨੁਕਸਾਨੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਤੇ ਹੋਰਨਾਂ ਨਿਸ਼ਾਨੀਆਂ ਨੂੰ ਇੰਨ-ਬਿੰਨ ਸਾਂਭਿਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਰਕਾਰੀ ਜਬਰ ਬਾਰੇ ਜਾਣ ਸਕਣ। ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਕੁਝ ਸਮੇਂ ਬਾਅਦ ਹੀ ਬੀ. ਬੀ. ਸੀ. ਨਾਲ ਆਪਣੀ ਇਕ ਮੁਲਾਕਾਤ ਵਿਚ ਇੰਦਰਾ ਗਾਂਧੀ ਨੇ ਇਸ ਗੱਲ ਬਾਰੇ ਭਾਰੀ ਚਿੰਤਾ ਜਾਹਰ ਕੀਤੀ ਸੀ ਕਿ ਸਰਕਾਰ ਨੂੰ ਮਿਲੀਆਂ ਰਿਪੋਰਟਾਂ ਅਨੁਸਾਰ ਸਿੱਖ ਦਰਬਾਰ ਸਾਹਿਬ ਦੇ ਹਮਲੇ ਦੀਆਂ ਨਿਸ਼ਾਨੀਆਂ ਨੂੰ ਸਾਂਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਨਿਸ਼ਾਨੀਆਂ ਮਿਟਾਈਆਂ: ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਕਾਰ ਵੱਲੋਂ ਕਰਵਾਈ ਗਈ ਮੁਰੰਮਤ ਨੇ ਹਮਲੇ ਦੀ ਭੀਸ਼ਣਤਾ ਨੂੰ ਦਰਸਾਉਂਦੀ ਮੁੱਖ ਨਿਸ਼ਾਨੀ ਮਿਟਾ ਦਿੱਤਾ। ਸ੍ਰ: ਅਜਮੇਰ ਸਿੰਘ ਨੇ ਦੱਸਿਆ ਕਿ ਸਿਧਾਰਥ ਸ਼ੰਕਰ ਰੇਅ ਦੇ ਨਜ਼ਦੀਕੀ ਮੰਨੇ ਜਾਂਦੇ ਮਨਜੀਤ ਸਿੰਘ ਕਲਕੱਤਾ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਰਕਾਰੀ ਨੁਮਾਇੰਦਿਆਂ ਨਾਲ ਮੁਲਾਕਾਤ ਕਰਵਾਈ ਜਿਸ ਵਿਚ ਹਮਲੇ ਦੀਆਂ ਨਿਸ਼ਾਨੀਆਂ ਮੇਟ ਦੇਣਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪ੍ਰਵਾਣ ਕਰ ਲਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾ ਇਹ ਮਤਾ ਪਾਸ ਕੀਤਾ ਸੀ ਕਿ ਹਮਲੇ ਦੀਆਂ ਨਿਸ਼ਾਨੀਆਂ ਨੂੰ ਯਾਦਗਾਰ ਵੱਜੋਂ ਸਾਂਭਿਆ ਜਾਵੇਗਾ ਪਰ ਬਾਅਦ ਵਿਚ ਕਮੇਟੀ ਵੱਲੋਂ ਹੀ ਇਹ ਨਿਸ਼ਾਨੀਆਂ ਮਿਟਾਈਆਂ ਗਈਆਂ।

ਉਨ੍ਹਾਂ ਕਿਹਾ ਕਿ ਯਾਦਗਾਰ ਦਾ ਮਸਲਾ ਕੋਈ ਹੁਣ ਅਚਾਨਕ ਉੱਠਿਆ ਮਸਲਾ ਨਹੀਂ ਹੈ ਬਲਕਿ ਇਹ ਮਸਲਾ ਹਮਲੇ ਦੇ ਸਮੇਂ ਤੋਂ ਹੀ ਲਗਾਤਾਰ ਚੱਲਦਾ ਰਿਹਾ ਹੈ ਤੇ ਯਾਦਗਾਰ ਰੋਕਣ ਲਈ ਭਾਰੀ ਦਬਾਅ ਕੰਮ ਕਰਦਾ ਰਿਹਾ ਹੈ ਤੇ ਇਹ ਦਬਾਅ ਸਿਰਫ ਬਾਹਰੀ ਹੀ ਨਹੀਂ ਸੀ ਬਲਕਿ ਅੰਦਰੂਨੀ ਤੌਰ ਤੇ ਵੀ ਯਾਦਗਾਰ ਦੀ ਉਸਾਰੀ ਰੋਕਣ ਦੇ ਯਤਨ ਹੁੰਦੇ ਰਹੇ ਹਨ।

ਇਸ ਮੌਕੇ ਇਸ ਗੱਲ ਦਾ ਵੀ ਵਿਸ਼ੇਸ਼ ਜ਼ਿਕਰ ਹੋਇਆ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਇਤਿਹਾਸ ਵਿਚ ਵਾਪਰੇ ਕਈ ਸਾਕਿਆਂ ਦੀਆਂ ਯਾਦਗਾਰਾਂ ਸ਼੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਹੀ ਸਥਾਪਤ ਕੀਤੀਆਂ ਗਈਆਂ ਹਨ ਤੇ ਸ੍ਰ: ਅਜਮੇਰ ਸਿੰਘ ਨੇ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਸਾਕਾ ਦਰਬਾਰ ਸਾਹਿਬ (ਜੂਨ 1984) ਦੀ ਯਾਦਗਾਰ ਵੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਬਣ ਰਹੀ ਹੈ।

ਸ਼ਹੀਦ ਗੈਲਰੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਯਾਦਗਾਰ ਉਸਾਰਨ ਦਾ ਹੀ ਯਤਨ ਸੀ: ਸੀਨੀਅਰ ਪੱਤਰਕਾਰ ਸ੍ਰ: ਜਸਪਾਲ ਸਿੰਘ ਸਿੱਧੂ, ਜੋ 1982 ਤੋਂ 1987 ਤੱਕ ਸ਼੍ਰੀ ਅੰਮ੍ਰਿਤਸਰ ਤੋਂ ਇਕ ਪ੍ਰਮੁੱਖ ਖਬਰ ਏਜੰਸੀ ਲਈ ਕੰਮ ਕਰਦੇ ਰਹੇ ਅਤੇ ਜਿਨ੍ਹਾਂ ਨੇ ਧਰਮ ਯੁਧ ਮੋਰਚਾ, ਦਰਬਾਰ ਸਾਹਿਬ ਦਾ ਹਮਲਾ ਤੇ ਇਸ ਤੋਂ ਬਾਅਦ ਦੇ ਹਾਲਾਤ ਨੇੜਿਓ ਦੇਖੇ ਹਨ, ਨੇ ਸਿੱਖ ਸਿਆਸਤ ਦੇ ਮੰਚ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਕਾਰੀ ਮੁਰੰਮਤਸ਼ੁਦਾ ਇਮਾਰਤ ਦੀ ਮੁੜ ਕਾਰਸੇਵਾ ਕਰਨ ਦਾ ਫੈਸਲਾ ਲਿਆ ਗਿਆ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਕਾ ਦਰਬਾਰ ਸਾਹਿਬ ਦੀ ਸ਼ਹੀਦੀ ਯਾਦਗਾਰ ਵੱਜੋਂ “ਸ਼ਹੀਦ ਗੈਲਰੀ” ਸਥਾਪਤ ਕੀਤੀ ਗਈ ਸੀ ਪਰ ਇਹ ਯਾਦਗਾਰ ਅੱਜ ਤੱਕ ਵੀ ਕੌਮ ਨੂੰ ਸਮਰਪਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਦਮਦਮੀ ਟਕਸਾਲ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਨਾ ਮੰਨਣ ਕਾਰਨ ਸ਼ਹੀਦ ਗੈਲਰੀ ਨੂੰ ਖੋਲ੍ਹਣ ਦਾ ਮਸਲਾ ਅਣਗੌਲਾ ਹੀ ਰਹਿ ਗਿਆ ਤੇ ਬਾਅਦ ਵਿਚ ਵੀ ਇਸ ਬਾਰੇ ਅੰਦਰੂਨੀ ਤੇ ਬਾਹਰੀ ਦਬਾਅ ਕੰਮ ਕਰਦੇ ਰਹੇ ਹਨ ਜਿਸ ਕਰਕੇ ਸ਼ਹੀਦ ਗੈਲਰੀ ਅਜੇ ਤੱਕ ਬੰਦ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਯਾਦਗਾਰ ਸੰਬੰਧੀ ਗੱਲਬਾਤ ਬੀਤੇ ਸਮੇਂ ਦੌਰਾਨ ਬਹੁਤੀ ਬਾਹਰ ਨਹੀਂ ਸੀ ਆ ਸਕੀ ਪਰ ਇਸ ਬਾਰੇ ਯਤਨ ਲਗਾਤਾਰ ਹੁੰਦੇ ਰਹੇ ਹਨ।

ਸਾਕਾ ਦਰਬਾਰ ਸਾਹਿਬ ਯਾਦਗਾਰ ਕਮੇਟੀ ਦੀ ਰਿਪੋਰਟ: ਪ੍ਰੋ: ਜਗਮੋਹਣ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਯਾਦਗਾਰ ਕਮੇਟੀ ਇਸ ਮਸਲੇ ਬਾਰੇ ਸੰਜ਼ੀਦਗੀ ਨਾਲ ਕੰਮ ਨਹੀਂ ਸੀ ਕਰ ਰਹੀ ਜਿਸ ਕਾਰਨ ਚਾਰ ਪੰਥਕ ਜਥੇਬੰਦੀਆਂ – ਦਲ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ, ਪੰਥਕ ਸੇਵਾ ਲਹਿਰ ਅਤੇ ਖਾਲਸਾ ਐਕਸ਼ਨ ਕਮੇਟੀ, ਵੱਲੋਂ ਸਾਕਾ ਦਰਬਾਰ ਸਾਹਿਬ ਯਾਦਗਾਰ ਕਮੇਟੀ ਬਣਾਈ ਗਈ ਜਿਸ ਦੇ ਕੋਆਰਡੀਨੇਟਰ ਦੀ ਜ਼ਿੰਮੇਵਾਰ ਉਨ੍ਹਾਂ ਕੋਲ ਸੀ। ਇਸ ਕਮੇਟੀ ਵਿਚ ਉਨ੍ਹਾਂ ਤੋਂ ਇਲਾਵਾ ਸ਼੍ਰ: ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ), ਸ੍ਰ: ਅਜਮੇਰ ਸਿੰਘ ਅਤੇ ਸ੍ਰੀ ਏ. ਆਰ. ਦਰਸ਼ੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਕਮੇਟੀ ਨੇ ਦਰਬਾਰ ਸਾਹਿਬ ਭਵਨ ਸਮੂਹ ਦਾ ਦੌਰਾ ਕਰਕੇ ਹਮਲੇ ਦੀਆਂ ਬਚੀਆਂ ਨਿਸ਼ਾਨੀਆਂ ਦੇਖੀਆਂ ਤੇ ਯਾਦਗਾਰ ਲਈ ਢੁਕਵੀਂ ਜਗ੍ਹਾ ਦੀ ਸ਼ਨਾਖਤ ਕੀਤੀ। ਕਮੇਟੀ ਨੇ ਦਸੰਬਰ 2011 ਵਿਚ ਚਾਲੀ ਸਫਿਆਂ ਦੀ ਇਕ ਰਿਪੋਰਟ ਤਿਆਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸੌਂਪੀ ਜਿਸ ਵਿਚ ਇਤਿਹਾਸਕ ਪਿਛੋਕੜ, ਯਾਦਗਾਰਾਂ ਦੀ ਮਹੱਤਤਾ, ਸਾਕਾ ਦਰਬਾਰ ਸਾਹਿਬ ਦੀ ਦੀ ਯਾਦਗਾਰ ਰੂਪਰੇਖਾ ਤੇ ਜਗ੍ਹਾ ਬਾਰੇ ਵਿਸਤਾਰ ਵਿਚ ਚਰਚਾ ਕੀਤੀ ਗਈ ਹੈ। (ਇਹ ਰਿਪੋਰਟ ਸਿੱਖ ਸਿਆਸਤ ਉੱਤੇ ਪੜ੍ਹੀ ਜਾ ਸਕਦੀ ਹੈ)।

ਯਾਦਗਾਰ ਕਿਸ ਦੀ ਯਾਦ ਵਿਚ ਹੈ?:

ਪ੍ਰੋ: ਜਗਮੋਹਨ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਧਾਰਮਕ-ਰਾਜਸੀ ਮਹੱਤਵ ਨੂੰ ਸਮਝਣ ਵਿਚ ਦੁਨੀਆ ਹੋਰ ਲੋਕ, ਤੇ ਸਿੱਖ ਵੀ, ਉੱਕ ਜਾਂਦੇ ਰਹੇ ਹਨ ਜਿਸ ਕਰਕੇ ਕਈ ਤਰ੍ਹਾਂ ਦੇ ਫਿਜੂਲ ਸਵਾਲ ਸਾਕਾ ਦਰਬਾਰ ਸਾਹਿਬ ਤੇ ਇਸ ਦੀ ਯਾਦਗਾਰ ਬਾਰੇ ਉਠ ਰਹੇ ਹਨ।

ਉਨ੍ਹਾਂ ਕਿਹਾ ਕਿ ਯਾਦਗਾਰ ਉਸਾਰਨ ਦਾ ਮਸਲਾ ਸਿੱਖਾਂ ਦਾ ਅੰਦਰੂਨੀ ਮਸਲਾ ਹੈ ਤੇ ਇਹ ਯਾਦਗਾਰ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਮੌਕੇ ਫੌਜ ਦਾ ਟਾਕਰਾ ਕਰਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ, ਅਤੇ ਫੌਜ ਵੱਲੋਂ ਸ਼ਹੀਦ ਕੀਤੇ ਗਏ ਨਿਦੋਸ਼ ਸ਼ਰਧਾਲੂਆਂ, ਦੀ ਯਾਦ ਨੂੰ ਰੂਪਮਾਨ ਕਰੇਗੀ।

ਯਾਦਗਾਰ ਦੀ ਵਿਰੋਧ ਦੀ ਰਾਜਨੀਤੀ - ਭਾਰਤੀ ਰਾਸ਼ਟਰ ਉਸਾਰੀ ਦੇ ਪ੍ਰੋਜੈਕਟ ਨੂੰ ਚੁਣੌਤੀ ਦਾ ਮਸਲਾ:

ਗੱਲਬਾਤ ਦੇ ਦੂਜੇ ਦੌਰ ਵਿਚ ਇਹ ਗੱਲ ਮੁੱਖ ਰੂਪ ਵਿਚ ਉੱਭਰ ਕੇ ਸਾਹਮਣੇ ਆਈ ਕਿ ਕਾਂਗਰਸ, ਬੀ. ਜੇ. ਪੀ ਜਾਂ ਕੁਝ ਹੋਰ ਸਿਆਸੀ ਧਿਰਾਂ ਵੱਲੋਂ ਸਾਕਾ ਦਰਬਾਰ ਸਾਹਿਬ ਦੀ ਜੋ ਵਿਰੋਧਤਾ ਕੀਤੀ ਜਾ ਰਹੀ ਹੈ ਉਹ ਅਸਲ ਵਿਚ ਭਾਰਤੀ ਸਟੇਟ ਦਾ ਨਜ਼ਰੀਆ ਹੈ ਤੇ ਪੰਜਾਬ ਦੇ ਖੱਬੇ-ਪੱਖੀਆਂ ਸਮੇਤ ਇਹ ਸਾਰੀਆਂ ਧਿਰਾਂ ਭਾਰਤੀ ਸਟੇਟ ਦੇ ਇਸ ਨਜ਼ਰੀਆਂ ਨੂੰ ਅੱਖਾਂ ਬੰਦ ਕਰਕੇ ਪ੍ਰਵਾਣ ਕਰ ਰਹੇ ਹਨ।

ਸ੍ਰ: ਜਸਪਾਲ ਸਿੰਘ ਸਿੱਧੂ ਨੇ ਇਸ ਮਸਲੇ ਦੇ ਪਿਛੋਕੜ ਨੂੰ ਫੋਲਦਿਆਂ ਕਿਹਾ ਕਿ ਭਾਰਤ ਨੂੰ ਇਕ ਇਕਹਿਰੀ ਪਛਾਣ ਦੇਣ ਤੇ ਭਾਰਤੀ ਕੌਮ ਉਸਾਰੀ ਦਾ ਜੋ ਅਮਲ ਨਹਿਰੂ ਗਾਂਧੀ ਨੇ ਰਾਜਸੀ ਤੌਰ ਤੇ ਚਿਤਵਿਆ ਸੀ ਉਸ ਅਮਲ ਵਿਚੋਂ ਹੀ ਯਾਦਗਾਰ ਦਾ ਵਿਰੋਧ ਉਪਜ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵੀ ਸਟੇਟ ਦੀ ਨਜ਼ਰੀਏ ਨੂੰ ਮੁੱਖ ਰੱਖਦਿਆਂ ਮਸਲਿਆਂ ਬਾਰੇ ਸਰਕਾਰੀ ਪਹੁੰਚ ਨੂੰ ਹੀ ਅਪਣਾਅ ਰਿਹਾ ਹੈ।

ਸ੍ਰ: ਅਜਮੇਰ ਸਿੰਘ ਨੇ ਕਿਹਾ ਕਿ ਮੀਡੀਆ ਵੱਲੋਂ ਮਨਘੜੰਤ ਤੱਥ ਘੜਨਾ ਤੌਖਲਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਵਰਤਾਰਾ ਕੋਈ ਖਲਾਅ ਵਿਚੋਂ ਪੈਦਾ ਹੋਈ ਸ਼ੈਅ ਨਹੀਂ ਹੈ ਬਲਕਿ ਇਸ ਪਿੱਛੇ ਭਾਰਤੀ ਸਟੇਟ ਦੀ ਬਕਾਇਦਾ ਨੀਤੀ ਕੰਮ ਕਰਦੀ ਹੈ।

ਗੱਲਬਾਤ ਦੇ ਇਸ ਹਿਸੇ ਵੀ “ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਦੇ ਵਿਰੋਧ ਦੀ ਰਾਜਨੀਤੀ” ਨਾਲ ਜੁੜ ਹੋਰਨਾਂ ਪਹਿਲੂਆਂ ਬਾਰੇ ਵੀ ਵਿਸਤਾਰ ਵਿਚ ਚਰਚਾ ਹੋਈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top