Share on Facebook

Main News Page

ਗਊਆਂ ਦੀ ਯਾਦਗਾਰ ਬਣਾਉਣ ਵਾਲੇ ਦੇ ਰਾਜ ’ਚ ਸ਼ਹੀਦ ਭਾਈ ਜਸਪਾਲ ਸਿੰਘ ਦਾ ਪ੍ਰਵਾਰ ਤਰਸ ਰਿਹਾ ਹੈ ਇਨਸਾਫ ਲਈ

* 20 ਜੂਨ ਨੂੰ ਚੌੜ ਸਿੱਧਵਾਂ ਤੋਂ ਗੁਰਦਾਸਪੁਰ ਤੱਕ ਕੀਤੇ ਜਾ ਰਹੇ ਇਨਸਾਫ ਮਾਰਚ ਵਿੱਚ ਸਮੁੱਚਾ ਪੰਥ ਹੁੰਮ ਹੁੰਮਾ ਕੇ ਸਮੇਂ ਸਿਰ ਸ਼ਮੂਲੀਅਤ ਕਰੇ
* ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਕੀਤੇ ਗਏ ਵਾਅਦੇ ਅਨੁਸਾਰ ਸ਼ਹੀਦ ਭਾਈ ਜਸਪਾਲ ਸਿੰਘ ਦੇ ਪ੍ਰਵਾਰ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣ: ਬਾਬ ਬਲਜੀਤ ਸਿੰਘ ਦਾਦੂਵਾਲਾ
* ਸਖਤ ਕਦਮ ਚੁੱਕਣ ਦਾ ਐਲਾਣ ਕਰਨ ਵਾਲੇ ਜਥੇਦਾਰ ਨੂੰ ਹਾਲੀ ਤੱਕ ਨਹੀਂ ਪਤਾ ਕਿ ਭਾਈ ਜਸਪਾਲ ਸਿੰਘ ਦੇ ਕਾਤਲ ਥਾਣੇਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਜਾਂ ਨਹੀਂ ਅਤੇ ਨਾ ਹੀ ਹਾਲੀ ਤੱਕ ਉਨ੍ਹਾਂ ਇਹ ਫੈਸਲਾ ਕੀਤਾ ਹੈ ਕਿ ਉਹ 20 ਜੂਨ ਦੇ ਇਨਸਾਫ ਮਾਰਚ ਵਿੱਚ ਸ਼ਮੂਲੀਅਤ ਕਰਨਗੇ ਜਾਂ ਨਹੀਂ

ਬਠਿੰਡਾ, 18 ਜੂਨ (ਕਿਰਪਾਲ ਸਿੰਘ): ਜਿਸ ਪ੍ਰਕਾਸ਼ ਸਿੰਘ ਬਾਦਲ ਨੂੰ ਜੋਗਾ ਵਿਖੇ ਪਿਛਲੇ ਦਿਨੀਂ ਕੁਝ ਗਊਆਂ ਦੇ ਹੋਏ ਕਤਲ ਨੇ ਇਤਨਾ ਦੁੱਖ ਪਹੁੰਚਾਇਆ ਕਿ ਉਸ ਨੇ ਜਿਲ੍ਹੇ ਦੇ ਐੱਸਐੱਸਪੀ ਤੇ ਜੋਗਾ ਥਾਣੇ ਦੇ ਮੁਖੀ ਨੂੰ ਡਿਊਟੀ ਵਿੱਚ ਕੁਤਾਹੀ ਦੇ ਦੋਸ਼ ਅਧੀਨ ਤੁਰੰਤ ਬਰਖਾਸਤ ਕਰਕੇ ਡੀਜੀਪੀ ਪੰਜਾਬ ਨੂੰ, ਗਊਆਂ ਮਾਰਨ ਦੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜਾ ਦੇਣ ਦੇ ਹੁਕਮ ਜਾਰੀ ਕਰ ਦਿੱਤੇ। ਇਸ ਤੋਂ ਇਲਾਵਾ ਹਿੰਦੂ ਜਥੇਬੰਦੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਫੈਕਟਰੀ ਦੀ ਜਗ੍ਹਾ ਐਕੁਇਰ ਕਰਕੇ ਗਊਆਂ ਦੀ ਯਾਦਗਾਰ ਬਣਾਉਣ ਦਾ ਐਲਾਣ ਕਰ ਦਿੱਤਾ। ਪਰ ਸਿੱਖਾਂ ਵੱਲ ਮੂੰਹ ਕਰਕੇ ਉਸੇ ਰਹਿਮਦਿਲ ਪ੍ਰਕਾਸ਼ ਸਿੰਘ ਬਾਦਲ ਦਾ ਦਿਲ ਇਤਨਾ ਪੱਥਰ ਦਿੱਲ ਹੋਇਆ ਪਿਆ ਹੈ ਕਿ ਗੁਰਦਾਸਪੁਰ ਵਿਖੇ 29 ਮਾਰਚ ਨੂੰ ਉਸ ਦੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਸਿੱਖ ਨੌਜਵਾਨ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਪ੍ਰਵਾਰ ਅਤੇ ਪੰਥ ਦੀਆਂ ਭਾਵਨਾਵਾਂ ਦੀ ਭੋਰਾ ਭਰ ਵੀ ਕਦਰ ਨਹੀਂ ਹੈ ਤੇ ਅੱਜ ਤੱਕ ਉਸ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਤੱਕ ਨਹੀਂ ਕੀਤਾ।

ਪੰਜਾਬ ਸਰਕਾਰ ਦੇ ਰਵਈਏ ਤੋਂ ਨਿਰਾਸ਼ ਹੋਏ, ਸ਼ਹੀਦ ਭਾਈ ਜਸਪਾਲ ਸਿੰਘ ਦੇ ਪਿਤਾ ਸ: ਗੁਰਚਰਨਜੀਤ ਸਿੰਘ ਨੇ ਇਸ ਪੱਤਰਕਾਰ ਨਾਲ ਭਰੇ ਮਨ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਸ ਦੇ ਪੁੱਤਰ ਨੇ ਸ਼ਹੀਦੀ ਨਿਜੀ ਜਮੀਨ ਜਾਇਦਾਦ ਦੇ ਝਗੜੇ ਕਾਰਣ ਨਹੀਂ ਬਲਕਿ ਪੰਥ ਨੂੰ ਇਨਸਾਫ਼ ਦਿਵਾਉਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਫੁੱਲ ਚੜ੍ਹਾਉਂਦੇ ਹੋਏ ਦਿੱਤੀ ਸੀ ਇਸ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਪੰਥਕ ਸਰਕਾਰ ਦਾ ਫ਼ਰਜ਼ ਬਣਦਾ ਸੀ ਕਿ ਉਹ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਸਜਾ ਦਿਵਾ ਕੇ ਪ੍ਰਵਾਰ ਅਤੇ ਪੰਥ ਨੂੰ ਇਨਸਾਫ਼ ਦਿਵਾਉਂਦੇ ਪਰ ਉਨ੍ਹਾਂ ਵੱਲੋਂ ਵਿਖਾਈ ਗਈ ਬੇਰੁਖੀ ਸਾਨੂੰ ਪੁੱਤਰ ਦੀ ਸ਼ਹੀਦੀ ਨਾਲੋਂ ਵੀ ਵੱਧ ਦੁੱਖ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਸ਼ਹੀਦ ਭਾਈ ਜਸਪਾਲ ਸਿੰਘ ਦੇ ਭੋਗ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਹਿਯੋਗੀ ਬਾਬਾ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ ਨੇ ਸੰਗਤ ਹਾਜਰੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ’ਚ ਇਹ ਐਲਾਨ ਕੀਤਾ ਸੀ ਕਿ ਉਹ ਸ਼ਹੀਦ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਸਜਾ ਦਿਵਾ ਕੇ ਪ੍ਰਵਾਰ ਅਤੇ ਪੰਥ ਨੂੰ ਇਨਸਾਫ਼ ਦਿਵਾਉਣਗੇ।

ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇ ਸਰਕਾਰ ਨੇ ਸਮੇਂ ਸਿਰ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਕੋਈ ਸਖ਼ਤ ਕਦਮ ਉਠਾਉਣ ਤੋਂ ਵੀ ਗੁਰੇਜ ਨਹੀਂ ਕਰਨਗੇ। ਪਰ ਢਾਈ ਮਹੀਨੇ ਦਾ ਸਮਾਂ ਬੀਤ ਜਾਣ ’ਤੇ ਵੀ ਉਨ੍ਹਾਂ ਸਿਵਾਏ ਮਿੱਠੇ ਲਾਰਿਆਂ ਤੋਂ ਸਾਡੇ ਪੱਲੇ ਕੁਝ ਨਹੀਂ ਪਾਇਆ। ਭਾਈ ਗੁਰਚਰਨਜੀਤ ਸਿੰਘ ਨੇ ਕਿਹਾ ਜਿਸ ਦੇਸ਼ ਵਿੱਚ ਗਊਆਂ ਤੇ ਹਿਰਨ ਮਾਰਨ ਵਾਲਿਆਂ ਨੂੰ ਵੀ ਸਜਾਵਾਂ ਦੇਣ ਲਈ ਬੜੀ ਤੇਜੀ ਨਾਲ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਉਸ ਦੇਸ਼ ਵਿੱਚ ਘੱਟ ਗਿਣਤੀਆਂ ਦੇ ਮਨੁੱਖਾਂ ਦੀ ਜਾਨ ਦੀ ਇਨ੍ਹਾਂ ਪਸ਼ੂਆਂ ਜਿੰਨੀ ਵੀ ਕਦਰ ਨਹੀਂ ਪਾਈ ਜਾਂਦੀ। ਕੋਈ ਇਨਸਾਫ਼ ਨਾ ਮਿਲਦਾ ਵੇਖ ਕੇ ਅਖੀਰ ਪ੍ਰਵਾਰ ਵੱਲੋਂ ਹੀ 20 ਜੂਨ ਨੂੰ ਸ਼ਹੀਦ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਅਤੇ ਸ਼ਿਵ ਸੈਨਕਾਂ ਵੱਲੋਂ ਦਸਤਾਰਾਂ ਦੀ ਕੀਤੀ ਬੇਅਦਬੀ ਦਾ ਇਨਸਾਫ਼ ਲੈਣ ਲਈ ਸ਼ਹੀਦ ਦੇ ਜੱਦੀ ਪਿੰਡ ਚੌੜ ਸਿੱਧਵਾਂ ਤੋਂ ਡੀ.ਸੀ. ਦਫ਼ਤਰ ਗੁਰਦਾਸਪੁਰ ਤੱਕ ਇਨਸਾਫ਼ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਇਸ ਇਨਸਾਫ਼ ਮਾਰਚ ਨੂੰ ਸਫਲ ਬਣਾਉਣ ਲਈ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਸਮੂਹ ਪੰਥਕ ਜਥੇਬੰਦੀਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਸਹਿਯੋਗ ਅਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਸਾਰੀਆਂ ਹੀ ਜਥੇਬੰਦੀਆਂ ਨੇ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲਾ ਨੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜਿਹੜਾ ਕੰਮ ਪੰਥ ਨੂੰ ਕਰਨਾ ਚਾਹੀਦਾ ਸੀ, ਉਹ ਪੀੜਤ ਪ੍ਰਵਾਰ ਨੂੰ ਖ਼ੁਦ ਕਰਨਾ ਪੈ ਰਿਹਾ ਹੈ। ਉਨ੍ਹਾਂ ਸਮੁੱਚੇ ਪੰਥਕ ਆਗੂਆਂ, ਸੰਤ ਮਹਾਂਪੁਰਖਾਂ, ਰਾਗੀਆਂ ਢਾਡੀਆਂ, ਕਥਾਵਾਚਕਾਂ ਪ੍ਰਚਾਰਕਾਂ ਸਮੇਤ ਕੌਮ ਦੇ ਜਥੇਦਾਰਾਂ ਨੂੰ ਅਪੀਲ ਕੀਤੀ ਕਿ ਭਾਈ ਜਸਪਾਲ ਸਿੰਘ ਦੇ ਪ੍ਰਵਾਰ ਅਤੇ ਪੰਥ ਨੂੰ ਇਨਸਾਫ ਦਿਵਾਉਣ ਲਈ ਉਹ 20 ਜੂਨ ਦਿਨ ਬੁੱਧਵਾਰ ਨੂੰ ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਵਿਖੇ ਹੁੰਮ ਹੁੰਮਾ ਕੇ ਦੁਪਹਿਰ 12 ਵਜੇ ਪਹੁੰਚ ਕੇ ਇਨਸਾਫ ਮਾਰਚ ਵਿੱਚ ਸਮੇਂ ਸਿਰ ਸ਼ਮੂਲੀਅਤ ਕਰਨ ਤਾਂ ਕਿ ਪ੍ਰਵਾਰ ਨੂੰ ਇਹ ਅਹਿਸਾਸ ਹੋ ਜਾਵੇ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਇਕੱਲੇ ਨਹੀਂ ਤੇ ਸਮੁੱਚਾ ਪੰਥ ਉਨ੍ਹਾਂ ਦੇ ਨਾਲ ਖੜ੍ਹਾ ਹੈ। ਬਾਬਾ ਬਲਜੀਤ ਸਿੰਘ ਦਾਦੂਵਾਲਾ ਨੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਸ਼ਹੀਦ ਭਾਈ ਜਸਪਾਲ ਸਿੰਘ ਦੇ ਪ੍ਰਵਾਰ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣ।

ਸਖਤ ਕਦਮ ਚੁੱਕਣ ਦਾ ਐਲਾਣ ਕਰਨ ਵਾਲੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕਰਨ ’ਤੇ ਬੜੀ ਹੈਰਾਨੀ ਹੋਈ ਜਦੋਂ ਨਾ ਤਾਂ ਉਨ੍ਹਾਂ ਨੂੰ ਹਾਲੀ ਤੱਕ ਇਹ ਪਤਾ ਹੈ ਕਿ ਭਾਈ ਜਸਪਾਲ ਸਿੰਘ ਦੇ ਕਾਤਲ ਥਾਣੇਦਾਰ ਨੂੰ ਹਾਲੀ ਤੱਕ ਗ੍ਰਿਫ਼ਤਾਰ ਕੀਤਾ ਹੈ ਜਾਂ ਨਹੀਂ ਅਤੇ ਨਾ ਹੀ ਹਾਲੀ ਤੱਕ ਉਨ੍ਹਾਂ ਇਹ ਹੀ ਫੈਸਲਾ ਕੀਤਾ ਹੈ ਕਿ ਉਹ 20 ਜੂਨ ਦੇ ਇਨਸਾਫ ਮਾਰਚ ਵਿੱਚ ਸ਼ਮੂਲੀਅਤ ਕਰਨਗੇ ਜਾਂ ਨਹੀਂ। ਜਦੋਂ ਉਨ੍ਹਾਂ ਨੂੰ ਇਹ ਚੇਤਾ ਕਰਵਾਇਆ ਗਿਆ ਕਿ ਭੋਗ ਸਮਾਗਮ ’ਤੇ ਤੁਸੀਂ ਇਹ ਐਲਾਣ ਕੀਤਾ ਸੀ ਕਿ ਜੇ ਸਰਕਾਰ ਵੱਲੋਂ ਪੀੜਤ ਪ੍ਰਵਾਰ ਨੂੰ ਇਨਸਾਫ਼ ਦੇਣ ਵਿੱਚ ਕੋਈ ਢਿੱਲ ਵਰਤੀ ਗਈ ਤਾਂ ਉਹ ਕੋਈ ਸਖ਼ਤ ਫੈਸਲਾ ਲੈਣ ਤੋਂ ਗੁਰੇਜ ਨਹੀਂ ਕਰਨਗੇ, ਇਸ ਲਈ ਹੁਣ ਤੱਕ ਤੁਸੀਂ ਕਿਹੜਾ ਸਖ਼ਤ ਕਦਮ ਚੁੱਕਿਆ ਹੈ ਉਸ ਦੀ ਜਾਣਕਾਰੀ ਦਿੱਤੀ ਜਾਵੇ। ਤਾਂ ਉਨ੍ਹਾਂ ਬੜੇ ਹੀ ਢਿੱਲੇ ਜਿਹੇ ਸ਼ਬਦਾਂ ਵਿੱਚ ਕਿਹਾ ਕਿ ਦੋਸ਼ੀਆਂ ਦੀ ਬਦਲੀ ਕਰ ਦਿੱਤੀ ਹੈ, ਬਾਕੀ ਕਾਰਵਾਈ ਤਾਂ ਕਨੂੰਨ ਅਨੁਸਾਰ ਹੀ ਹੋਵੇਗੀ।

ਪੁੱਛਿਆ ਗਿਆ ਕਿ ਇਕ ਮਨੁੱਖ ਦੇ ਕਤਲ ਵਿੱਚ ਤਾਂ ਤੁਸੀਂ ਬਦਲੀ ਨੂੰ ਹੀ ਕਾਫੀ ਵੱਡੀ ਸਜਾ ਸਮਝ ਰਹੇ ਹੋ ਪਰ ਦੂਸਰੇ ਪਾਸੇ ਗਊਆਂ ਦੇ ਕਤਲ ਕੇਸ ਵਿੱਚ ਐੱਸਐੱਸਪੀ ਤੇ ਥਾਣੇਦਾਰ ਜਿਹੜੇ ਕਿ ਸਿੱਧੇ ਤੌਰ ’ਤੇ ਜੁਰਮ ਵਿੱਚ ਭਾਈਵਾਲ ਵੀ ਨਹੀਂ ਸਨ ਪਰ ਉਨ੍ਹਾਂ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਅਧੀਨ ਹੀ ਤੁਰੰਤ ਬਰਖਾਸਤ ਕਰ ਦਿੱਤਾ ਹੈ, ਸਾਰੇ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਹਨ ਤੇ ਗਊਆਂ ਦੇ ਕਤਲ ਹੋਣ ਵਾਲੀ ਜਗ੍ਹਾ ਉਨ੍ਹਾਂ ਦੀ ਯਾਦਗਾਰ ਬਣਾਉਣ ਦਾ ਐਲਾਣ ਵੀ ਮੁੱਖ ਮੰਤਰੀ ਨੇ ਕਰ ਦਿੱਤਾ ਹੈ। ਕੀ ਇਸ ਸੂਬੇ ਵਿੱਚ ਇੱਕ ਇਨਸਾਨ ਦੀ ਕੀਮਤ ਪਸ਼ੂਆਂ ਜਿੰਨੀ ਵੀ ਨਹੀਂ ਕਿ ਦੋਹਾਂ ਕੇਸਾਂ ਵਿੱਚ ਕਾਨੂੰਨ ਬਹੁਤ ਹੀ ਵੱਖ ਵੱਖ ਤਰੀਕੇ ਨਾਲ ਕੰਮ ਕਰਦਾ ਹੈ। ਇਹ ਸੁਣ ਕੇ ਉਨ੍ਹਾਂ ਕਿਹਾ ਨਹੀਂ ਇਸ ਕੇਸ ਵਿੱਚ ਵੀ ਥਾਣੇਦਾਰ ਨੂੰ ਮੁਅੱਤਲ ਤਾਂ ਕਰ ਹੀ ਦਿੱਤਾ ਹੈ। ਪੁੱਛਿਆ ਗਿਆ ਕਿ ਜੇ ਬਿਨਾਂ ਕਿਸੇ ਭੜਕਾਹਟ ਤੋਂ ਸਿੱਧੀ ਗੋਲੀ ਚਲਾ ਕੇ ਇੱਕ ਸਿੱਖ ਨੂੰ ਸ਼ਹੀਦ ਕਰਨ ਤੇ ਇੱਕ ਨੂੰ ਸਖ਼ਤ ਜਖ਼ਮੀ ਕਰਨ ਦਾ ਦੋਸ਼ੀ ਸਮਝ ਕੇ ਮੁਅੱਤਲ ਕੀਤਾ ਗਿਆ ਹੈ ਤਾਂ ਕਤਲ ਦਾ ਮੁਕੱਦਮਾ ਦਰਜ ਹੋਣ ਦੇ ਬਾਵਯੂਦ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? ਤਾਂ ਉਨ੍ਹਾਂ ਦਾ ਜਵਾਬ ਹੋਰ ਵੀ ਹੈਰਾਨੀ ਜਨਕ ਸੀ ਜਦੋਂ ਉਨ੍ਹਾਂ ਕਿਹਾ ਨਹੀਂ ਗ੍ਰਿਫ਼ਤਾਰ ਤਾਂ ਕਰ ਹੀ ਲਿਆ ਹੋਣਾ ਹੈ ਪਰ ਜੇ ਨਹੀਂ ਕੀਤਾ ਤਾਂ ਉਹ ਇਸ ਸਬੰਧੀ ਪਤਾ ਕਰ ਲੈਂਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top