Share on Facebook

Main News Page

ਆਓ ਦੇਖੀਏ! ਅਸੀਂ ਕਿੰਨੇ ਕੁ ਪੰਜਾਬੀ ਹਾਂ

ਇਸ ਵਿਚ ਕੋਈ ਸ਼ੱਕ ਨਹੀਂ ਕਿ ਜਲੰਧਰ ਦੂਰਦਰਸ਼ਨ ਨੇ ਪੰਜਾਬੀਅਤ ਤੇ ਆਪਣੀ ਮਾਂ-ਬੋਲੀ ਨੂੰ ਮੁੜ ਲਿਆਉਣ ਲਈ ਕਾਫੀ ਮਦਦ ਕੀਤੀ ਹੈ ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਮੁਕੰਮਲ ਪੰਜਾਬੀਅਤ ਤੇ ਪੰਜਾਬੀ ਵਿਰਸੇ ਨੂੰ ਮੁੜ ਜ਼ਿੰਦਾ ਕਰਨ ਲਈ ਸਾਨੂੰ ਕੁਝ ਪਹਿਲੂਆਂ 'ਤੇ ਹੋਰ ਗੌਰ ਕਰਨੀ ਪਵੇਗੀ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅਸੀਂ ਆਪਣੀ 'ਮਾਂ-ਬੋਲੀ' ਨੂੰ ਕਿੰਨਾ ਠੀਕ ਤੇ ਖਾਲਸ ਬੋਲਦੇ ਹਾਂ? ਇਹ ਸਿਰਫ ਨਾਂਅ ਦੀ ਹੀ ਪੰਜਾਬੀ ਰਹਿ ਗਈ ਹੈ, ਮਿਸਾਲ ਵਜੋਂ ਬਹੁਤੇ ਪੰਜਾਬੀ ਟੀ. ਵੀ. ਚੈਨਲਾਂ ਜਾਂ ਅਖ਼ਬਾਰਾਂ ਵਿਚ ਵਰਤੀ ਜਾਂਦੀ ਜ਼ਬਾਨ ਵਿਚ ਬਹੁਤ ਸਾਰੇ ਸ਼ਬਦ ਗ਼ੈਰ-ਪੰਜਾਬੀ ਹੁੰਦੇ ਹਨ। ਖ਼ਾਸ ਕਰਕੇ ਹਿੰਦੀ ਦੇ ਬਹੁਤ ਸਾਰੇ ਲਫ਼ਜ਼ਾਂ ਨੂੰ ਜ਼ਬਰਦਸਤੀ ਪੰਜਾਬੀ ਵਿਚ ਲਿਆਂਦਾ ਜਾ ਰਿਹਾ ਹੈ। ਹਿੰਦੀ ਸਾਡੀ ਕੌਮੀ ਜ਼ਬਾਨ ਹੈ ਤੇ ਮੈਂ ਇਸ ਦੀ ਦਿਲੋਂ ਕਦਰ ਕਰਦਾ ਹਾਂ। ਪਰ ਕੌਮੀ ਜ਼ਬਾਨ ਦੇ ਨਾਲ-ਨਾਲ ਇਲਾਕਾਈ ਜ਼ਬਾਨਾਂ ਨੂੰ ਵੀ ਵਧਣ-ਫੁੱਲਣ ਦਾ ਮੌਕਾ ਮਿਲਣਾ ਚਾਹੀਦਾ ਹੈ। ਮਿਸਾਲ ਵਜੋਂ ਇਹ ਲਫ਼ਜ਼ 'ਪ੍ਰਤੀਕਰਮ, ਪ੍ਰਤੀਕਿਰਿਆ, ਪ੍ਰਤੀਅਰਪਨ, ਵਿਵਸਥਾ, ਵਿਅਕਤੀ, ਪ੍ਰਸ਼ਾਸਨ, ਪ੍ਰਤੀ, ਵਾਹਨ ਤੇ ਹੋਰ ਐਸੇ ਆਮ ਵਰਤੋਂ ਵਿਚ ਲਿਆਏ ਜਾਂਦੇ ਲਫ਼ਜ਼ ਕਿਸੇ ਪੱਖੋਂ ਵੀ ਪੰਜਾਬੀ ਦੇ ਨਹੀਂ ਹਨ। ਸਾਡੀ ਜ਼ਬਾਨ ਦਾ ਵਿਰਸਾ ਤੇ ਅਦਬੀ ਖਜ਼ਾਨਾ ਏਨਾ ਹੈ ਕਿ ਸਾਨੂੰ ਕਿਸੇ ਹੋਰ ਜ਼ਬਾਨ ਤੋਂ ਉਧਾਰ ਲੈਣ ਦੀ ਜ਼ਰੂਰਤ ਨਹੀਂ। ਦੂਰ ਕੀ ਜਾਣਾ, ਪਿਛਲੇ ਮਹੀਨੇ ਸੂਬੇ ਦੀ ਨਵੀਂ ਵਜ਼ਾਰਤ ਨੇ ਜੋ ਆਪਣੇ ਅਹੁਦੇ ਦੀ ਕਸਮ ਚੁੱਕੀ, ਉਸ ਵਿਚ ਸਿਵਾਏ 'ਕਰਾਂਗਾ, ਰਹਾਂਗਾ' ਤੋਂ ਇਲਾਵਾ ਸਭ ਕੁਝ ਗ਼ੈਰ-ਪੰਜਾਬੀ ਸੀ।

ਕਿਸੇ ਵੀ ਜ਼ਬਾਨ ਨੂੰ ਜ਼ਿੰਦਾ ਰੱਖਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਸ ਦੀ ਲਿਪੀ ਨੂੰ ਵੀ ਜਾਣੀਏ। ਆਪਣੇ ਦਿਲ 'ਤੇ ਹੱਥ ਰੱਖ ਕੇ ਵੇਖੀਏ ਕਿ ਕੀ ਅਸੀਂ ਆਪਣੇ ਬੱਚਿਆਂ ਨੂੰ 'ਗੁਰਮੁਖੀ' ਦੀ ਤਾਲੀਮ ਦਿੱਤੀ ਹੈ-ਜਵਾਬ ਨਮੋਸ਼ੀ ਤੇ ਹੈਰਾਨ ਕਰਨ ਵਾਲਾ ਹੋਵੇਗਾ। ਸਾਡੀ ਨਵੀਂ ਪੀੜ੍ਹੀ ਇਸ ਤੋਂ ਵਾਂਝੀ ਹੈ। ਗੁਰਮੁਖੀ ਤੋਂ ਬਗੈਰ ਅੱਜ ਦੀ ਪੀੜ੍ਹੀ ਕਿਵੇਂ ਗੁਰਬਾਣੀ ਤੇ ਪੰਜਾਬੀ ਪੀਰਾਂ, ਫ਼ਕੀਰਾਂ ਦੀਆਂ ਲਿਖਤਾਂ ਤੋਂ ਤਾਲੀਮ ਲੈ ਸਕੇਗੀ? ਇਹ ਲਾਜ਼ਮੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਜ਼ਬਾਨ ਤੇ ਉਸ ਦੀ ਲਿਪੀ ਨੂੰ ਸਿਖਾਉਣ ਲਈ ਪੁਖਤਾ ਕਦਮ ਉਠਾਈਏ। ਇਸ ਦੇ ਨਾਲ ਹੀ ਇਕ ਹੋਰ ਦੁੱਖ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੀ ਮਾਂ-ਬੋਲੀ ਬੋਲ ਕੇ ਰਾਜ਼ੀ ਨਹੀਂ ਹਾਂ। ਫ਼ੌਜ ਦੀ ਬਦੌਲਤ ਮੈਨੂੰ ਆਪਣੇ ਮੁਲਕ ਦੇ ਬਾਕੀ ਹਿੱਸਿਆਂ ਵਿਚ ਰਹਿਣ ਦਾ ਮੌਕਾ ਮਿਲਿਆ। ਮੈਂ ਵੇਖਿਆ ਕਿ ਅਸੀਂ 'ਵਿਖਾਵੇਪਨ' ਦਾ ਸ਼ਿਕਾਰ ਹਾਂ। ਜਿਥੇ ਅਸੀਂ ਆਪਣੇ ਬੱਚਿਆਂ ਨੂੰ ਦੂਜੀਆਂ ਜ਼ਬਾਨਾਂ ਸਿਖਾਉਣ ਨੂੰ ਤਰਜੀਹ ਦਿੰਦੇ ਹਾਂ, ਉਥੇ ਤਕਰੀਬਨ ਪੂਰੇ ਹਿੰਦੁਸਤਾਨ ਵਿਚ ਬੱਚੇ ਨੂੰ ਸਭ ਤੋਂ ਪਹਿਲਾਂ ਉਸ ਦੀ ਮਾਂ-ਬੋਲੀ ਸਿਖਾਈ ਜਾਂਦੀ ਹੈ। ਸਾਨੂੰ ਪੰਜਾਬੀ ਸਿਖਾਉਣ ਤੇ ਬੋਲਣ ਵਿਚ ਸ਼ਰਮ ਆਉਂਦੀ ਹੈ, ਉਥੇ ਉਹ ਆਪਣੀ ਮਾਂ-ਬੋਲੀ ਨੂੰ ਬੋਲਣ ਵਿਚ ਫ਼ਖ਼ਰ ਮਹਿਸੂਸ ਕਰਦੇ ਹਨ।

ਅਸੀਂ ਚੜ੍ਹਦੇ ਪੰਜਾਬ ਦੇ ਪੰਜਾਬੀ ਬੜੇ ਖੁਸ਼ਕਿਸਮਤ ਹਾਂ ਕਿ ਸਾਡੀ ਮਾਂ-ਬੋਲੀ ਨੂੰ ਹਿੰਦੁਸਤਾਨੀ ਆਈਨ ਦੇ ਮੁਤਾਬਿਕ ਕੌਮੀ ਜ਼ਬਾਨ ਦਾ ਦਰਜਾ ਹਾਸਲ ਹੈ, ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਸੂਬਾ ਸਰਕਾਰ ਤੇ ਕਈ ਜ਼ਾਤੀ ਤਨਜ਼ੀਮਾਂ ਵੀ ਇਸ ਦੇ ਵਧਣ-ਫੁੱਲਣ ਵਿਚ ਭਰਪੂਰ ਮਦਦ ਕਰ ਰਹੀਆਂ ਹਨ, ਬਾਵਜੂਦ ਇਸ ਦੇ ਅਸੀਂ ਬਾਕੀ ਸੂਬਿਆਂ ਤੋਂ ਬਹੁਤ ਪਛੜ ਗਏ ਹਾਂ। ਚਲੋ ਲਹਿੰਦੇ ਪੰਜਾਬ ਵਿਚ ਝਾਤੀ ਮਾਰੀਏ, ਪਾਕਿਸਤਾਨ ਵਿਚ ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਨੂੰ ਸਰਕਾਰੀ ਜ਼ਬਾਨ ਦਾ ਦਰਜਾ ਹਾਸਲ ਨਹੀਂ ਹੈ। ਉਥੇ ਪੰਜਾਬੀ ਵਸੋਂ ਕੁੱਲ ਅਬਾਦੀ ਦਾ 44 ਫ਼ੀਸਦੀ ਹੈ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਪਾਕਿਸਤਾਨ ਵਿਚ 72 ਫ਼ੀਸਦੀ ਲੋਕ ਪੰਜਾਬੀ ਬੋਲਦੇ ਨੇ ਮਤਲਬ ਇਹ ਕਿ ਉਥੇ ਗ਼ੈਰ-ਪੰਜਾਬੀ ਵੀ ਪੰਜਾਬੀ ਬੋਲਣ ਨੂੰ ਤਰਜੀਹ ਦਿੰਦੇ ਹਨ। ਸਾਡੇ ਪਾਸੇ ਹਾਲਾਤ ਉਲਟ ਨੇ, ਅਸੀਂ 70 ਫ਼ੀਸਦੀ ਪੰਜਾਬੀ ਆਪਣੀ ਮਾਂ-ਬੋਲੀ ਬੋਲ ਕੇ ਰਾਜ਼ੀ ਨਹੀਂ ਹਾਂ। ਜਦੋਂ ਤੱਕ ਅਸੀਂ ਆਪਣੇ-ਆਪ ਵਿਚ ਬਦਲਾਓ ਨਹੀਂ ਲਿਆਵਾਂਗੇ ਅਤੇ ਮਾਂ-ਬੋਲੀ ਦੇ ਵਿਕਾਸ ਲਈ ਹਰ ਪੰਜਾਬੀ ਕੋਸ਼ਿਸ਼ ਨਹੀਂ ਕਰੇਗਾ, ਤਦ ਤੱਕ ਅਸੀਂ ਆਪਣੀ ਜ਼ਬਾਨ ਨੂੰ ਉਸ ਦੇ ਹੱਕ ਵਾਲਾ ਰੁਤਬਾ ਨਹੀਂ ਦੇ ਸਕਾਂਗੇ। ਮੈਂ ਆਪਣੀ ਵਡਿਆਈ ਨਹੀਂ ਕਰ ਰਿਹਾ ਪਰ ਇਕ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਫ਼ੌਜ ਵਿਚ ਹੋਣ ਕਰਕੇ ਮੇਰੇ ਬੱਚਿਆਂ ਦੀ ਪਰਵਰਿਸ਼, ਤਾਲੀਮ ਅਤੇ ਕੰਮ ਵੀ ਪੰਜਾਬ ਤੋਂ ਬਾਹਰ ਰਿਹਾ, ਮਗਰ ਮੇਰੇ ਮਾਂ-ਬਾਪ ਨੇ ਉਨ੍ਹਾਂ ਨੂੰ ਪੰਜਾਬੀ ਬੋਲਣ ਦੀ ਜੋ ਨਸੀਹਤ ਦਿੱਤੀ, ਉਸ ਦੇ ਸਦਕੇ ਉਹ ਗੁਰਮੁਖੀ ਲਿਖਣ ਦੇ ਨਾਲ-ਨਾਲ ਪੰਜਾਬੀ ਵੀ ਠੇਠ ਮਾਝੇ ਦੇ ਲਹਿਜੇ ਵਾਲੀ ਬੋਲਦੇ ਹਨ। ਹੋਰ ਤਾਂ ਹੋਰ ਸਾਡੇ ਯੂ. ਪੀ. ਤੇ ਬਿਹਾਰ ਦੇ ਹਮ-ਵਤਨ ਜੋ ਪੰਜਾਬ ਵਿਚ ਆ ਕੇ ਵੱਸੇ ਨੇ, ਬਹੁਤਿਆਂ ਨਾਲੋਂ ਚੰਗੀ ਪੰਜਾਬੀ ਬੋਲਦੇ ਹਨ।

ਪੰਜਾਬੀ ਟੀ. ਵੀ. ਚੈਨਲਾਂ 'ਤੇ ਝਾਤੀ ਮਾਰੀਏ ਤਾਂ ਜ਼ਿਆਦਾਤਰ 24 ਘੰਟੇ ਨਾਚ-ਗਾਣੇ ਦੀਆਂ ਐਲਬਮਾਂ ਵਿਖਾਉਂਦੇ ਰਹਿੰਦੇ ਨੇ, ਇਹ ਸਰਾਸਰ ਵਕਤ ਦੀ ਬਰਬਾਦੀ ਹੈ। ਉਹ ਵੱਖਰੀ ਗੱਲ ਹੈ ਕਿ ਚੈਨਲ ਨੂੰ ਇਨ੍ਹਾਂ ਤੋਂ ਜ਼ਿਆਦਾ ਕਮਾਈ ਹੁੰਦੀ ਹੈ ਪਰ ਉਹ ਗਾਣੇ 'ਤੇ ਨੱਚਣ ਦਾ ਮਿਆਰ ਵੀ ਬਹੁਤ ਸ਼ਰਮਨਾਕ ਹੈ। ਚੂੰਕਿ ਮੈਂ ਪੰਜਾਬ ਤੋਂ ਬਾਹਰ ਹਾਂ, ਇਥੇ ਦੇ ਮਕਾਮੀ ਲੋਕ ਕਈ ਵਾਰ ਮਜ਼ਾਕ ਕਰਦੇ ਨੇ ਤੇ ਕਹਿੰਦੇ ਨੇ ਕਿ ਪੰਜਾਬੀ ਚੈਨਲ ਕੋਲ ਇਨ੍ਹਾਂ ਤੋਂ ਇਲਾਵਾ ਕੁਝ ਹੋਰ ਵਿਖਾਉਣ ਨੂੰ ਨਹੀਂ ਹੈ। ਜਿਥੇ ਕਿ ਬਾਕੀ ਇਲਾਕਾਈ ਚੈਨਲ ਆਪਣੇ ਇਤਿਹਾਸ ਅਤੇ ਤਹਿਜ਼ੀਬ ਨੂੰ ਵਧਾਉਣ ਵਾਲੇ ਪ੍ਰੋਗਰਾਮ, ਸੀਰੀਅਲ ਤੇ ਡਰਾਮੇ ਵਿਖਾਉਂਦੇ ਨੇ। ਸਾਡਾ ਪੰਜਾਬੀ ਅਦਬ ਸਾਹਿਤ ਦਾ ਬੇਸ਼ੁਮਾਰ ਖਜ਼ਾਨਾ ਹੈ। ਬਾਬਾ ਫ਼ਰੀਦ, ਬਾਬਾ ਬੁੱਲ੍ਹੇਸ਼ਾਹ, ਸ਼ਾਹ ਮੁਹੰਮਦ, ਸ਼ਾਹ ਹੁਸੈਨ, ਦਮੋਦਰ ਨੇ ਆਪਣੀਆਂ ਸੂਫ਼ੀ ਤੇ ਪੰਜਾਬੀਅਤ ਨਾਲ ਜੁੜੀਆਂ ਲਿਖਤਾਂ ਕਰਕੇ ਇਕ ਅਮਿੱਟ ਜਗ੍ਹਾ ਬਣਾ ਲਈ ਹੈ। ਇਨ੍ਹਾਂ ਦੇ ਨਾਲ ਹੀ ਗੁਰਬਖਸ਼ ਸਿੰਘ ਪ੍ਰੀਤਲੜੀ, ਸੁਜਾਨ ਸਿੰਘ, ਕੁਲਵੰਤ ਸਿੰਘ ਵਿਰਕ, ਨਾਨਕ ਸਿੰਘ, ਰਜਿੰਦਰ ਸਿੰਘ, ਆਈ. ਸੀ. ਨੰਦਾ, ਧਨੀ ਰਾਮ ਚਾਤ੍ਰਿਕ, ਸ਼ਿਵ ਕੁਮਾਰ ਬਟਾਲਵੀ ਤੇ ਹੋਰ ਕਈ ਉੱਘੀਆਂ ਹਸਤੀਆਂ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ। ਕਿਉਂ ਨਹੀਂ ਸਾਡੇ ਟੀ. ਵੀ. ਚੈਨਲ ਇਨ੍ਹਾਂ ਹਸਤੀਆਂ ਦੀਆਂ ਲਿਖਤਾਂ 'ਤੇ ਸੀਰੀਅਲ ਅਤੇ ਹੋਰ ਪ੍ਰੋਗਰਾਮ ਬਣਾਉਂਦੇ ਤਾਂ ਕਿ ਮੌਜੂਦਾ ਪੀੜ੍ਹੀ ਤੇ ਆਉਣ ਵਾਲੀਆਂ ਪੁਸ਼ਤਾਂ ਨੂੰ ਆਪਣੇ ਵਿਰਸੇ ਬਾਰੇ ਜਾਣਕਾਰੀ ਮਿਲੇ।

ਪੰਜਾਬੀਅਤ ਤੇ ਸਾਡਾ ਵਿਰਸਾ ਸਭ ਦਾ ਸਾਂਝਾ ਹੈ। ਇਸ ਨੂੰ ਕਿਸੇ ਮਜ਼ਹਬ ਜਾਂ ਕਿਸੇ ਕੌਮ ਨਾਲ ਜੋੜਨਾ ਬਿਲਕੁਲ ਨਜਾਇਜ਼ ਤੇ ਬੇਹੂਦਾ ਕੋਸ਼ਿਸ਼ ਹੈ। ਅਗਰ ਇਹ ਗੱਲ ਹੈ ਤਾਂ ਇਸ ਦਾ ਹੱਕ ਮੁਸਲਮਾਨ ਭਰਾਵਾਂ ਨੂੰ ਜਾਂਦਾ ਹੈ ਕਿਉਂਕਿ ਮੁਲਕ ਦੀ ਤਕਸੀਮ ਤੋਂ ਪਹਿਲਾਂ ਸਾਂਝੇ ਪੰਜਾਬ ਦੀ 60 ਫ਼ੀਸਦੀ ਅਬਾਦੀ ਮੁਸਲਮਾਨ ਸੀ। ਪੰਜਾਬੀਅਤ ਸਭ ਦੀ ਸਾਂਝੀ ਮਲਕੀਅਤ ਹੈ। ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ 'ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ'। ਟ੍ਰਿਬਿਊਨ ਦੇ ਮੋਢੀ ਸ: ਦਿਆਲ ਸਿੰਘ ਮਜੀਠਿਆ ਬ੍ਰਹਮੋ ਸਮਾਜ ਨਾਲ ਜੁੜੇ ਹੋਏ ਸਨ, ਵੀ ਆਜ਼ਾਦੀ ਦੀ ਜੰਗ ਵਿਚ ਆਰੀਆ ਸਮਾਜ ਜਿਸ ਨਾਲ ਸਭ ਧਰਮਾਂ ਦੇ ਲੋਕ ਜੁੜੇ ਹੋਏ ਸਨ, ਨੇ ਵਧ-ਚੜ੍ਹ ਕੇ ਹਿੱਸਾ ਲਿਆ। ਪੰਜਾਬੀਅਤ ਦੇ ਸਾਂਝੇ ਵਿਰਸੇ ਦੀ ਮਿਸਾਲ ਬਾਬਾ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿਚ ਮਿਲਦੀ ਹੈ-ਉਹ ਫ਼ਰਮਾਉਂਦੇ ਨੇ :

1. ਉਮਰ ਗਵਾਈ ਵਿਚ ਮਸੀਤੀ, ਅੰਦਰ ਭਰਿਆ ਨਾਲ ਪਲੀਤੀ, ਕਦੇ ਨਮਾਜ਼ ਵਹਾਦਤ ਨਾ ਕੀਤੀ, ਹੁਣ ਕਿਉਂ ਕਰਨਾ ਹੈ ਧਾੜੋ ਧਾੜ।
2. ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ, ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿਚ ਨਦੌਣ, ਬੁੱਲ੍ਹਾ ਕੀ ਜਾਣਾ ਮੈਂ ਕੌਣ।

ਵਕਤ ਆ ਗਿਆ ਹੈ ਕਿ ਅਸੀਂ ਆਪਣੀ ਜ਼ਮੀਰ ਨੂੰ ਝੰਜੋੜੀਏ, ਕਿਸੇ ਨੂੰ ਆਖਣ ਤੋਂ ਪਹਿਲਾਂ ਇਹ ਸੋਚੀਏ ਕਿ ਮੈਂ ਪੰਜਾਬੀ ਤੇ ਪੰਜਾਬੀਅਤ ਲਈ ਕੀ ਕਰ ਰਿਹਾ ਹਾਂ। ਵਿਰਸੇ ਦੀ ਸੰਭਾਲ ਅਸੀਂ ਸਰਕਾਰ ਜਾਂ ਸਮਾਜੀ ਤਨਜ਼ੀਮਾਂ 'ਤੇ ਨਹੀਂ ਛੱਡ ਸਕਦੇ, ਬਲਕਿ ਜ਼ਾਤੀ ਕੋਸ਼ਿਸ਼ ਤੋਂ ਬਗੈਰ ਇਹ ਮੁਹਿੰਮ ਜਿੱਤੀ ਨਹੀਂ ਜਾ ਸਕਦੀ। ਆਪਣੀਆਂ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਨੂੰ ਅਸਾਂ ਨੇ ਸਾਂਭ ਕੇ ਰੱਖਣਾ ਹੈ ਅਤੇ ਆਪਣੀ ਤਰਜ਼ੇ ਜ਼ਿੰਦਗੀ ਨੂੰ ਇਸ ਤਰ੍ਹਾਂ ਬਣਾਈਏ ਕਿ ਆਉਣ ਵਾਲੀਆਂ ਪੁਸ਼ਤਾਂ ਵੀ ਆਪਣੇ ਵਿਰਸੇ ਤੇ ਪੰਜਾਬੀਅਤ 'ਤੇ ਫ਼ਖ਼ਰ ਮਹਿਸੂਸ ਕਰਨ।

-16, ਐਲ 1, ਪਾਮ ਗਰੋਵਜ਼, ਬੀ ਟੀ ਕਾਵਡੇ ਰੋਡ (ਪੁਣੇ) 411036
ਮੋ: 9923483103


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top