Share on Facebook

Main News Page

ਸ਼ਹੀਦ ਜਨਰਲ ਸੁਬੇਗ ਸਿੰਘ
- ਜੀ.ਐਸ. ਗਰੇਵਾਲ

ਸਿੱਖ ਕੌਮ ਨੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਕੌਮੀ ਕਾਰਜਾਂ ਪ੍ਰਤੀ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ ਹੈ ਅਤੇ ਹਰੇਕ ਹਮਲਾਵਰ ਦਾ ਆਪਣੀਆਂ ਜਾਨਾਂ ਵਾਰ ਕੇ ਮੁਕਾਬਲਾ ਕੀਤਾ ਹੈ।

ਗੁਰੂ ਅਰਜਨ ਦੇਵ ਜੀ ਨੇ ਸਿੱਖ ਸਿਧਾਂਤਾਂ ਲਈ ਚੰਦੂ ਸ਼ਾਹ ਵਲੋਂ ਪੰਜੀ ਲੱਖ ਰੁਪਏ ਦੇ ਜੁਰਮਾਨੇ ਦੀ ਮੰਗ ਨੂੰ ਠੁਕਰਾ ਕੇ ਸ਼ਹੀਦੀ ਦੇਣ ਦੀ ਚੋਣ ਕੀਤੀ ਸੀ। ਗੁਰੂ ਤੇਗ ਬਹਾਦਰ ਜੀ ਨੇ ਬ੍ਰਾਹਮਣਾਂ ਦੇ ਆਪਣੇ ਧਰਮ ਨੂੰ ਮੰਨਣ ਦੀ ਅਜਾਦੀ ਅਤੇ ਜਬਰੀ ਧਰਮ ਬਦਲਣ ਦੇ ਮੁਗਲ ਬਾਦਸ਼ਾਹ ਔਰੰਗਜੇਬ ਦੀ ਨੀਤੀ ਵਿਰੁੱਧ ਆਪਣੀ ਕੁਰਬਾਨੀ ਦਿੱਤੀ। ਗੁਰੂ ਗੋਬਿੰਦ ਸਿੰਘ ਨੇ ਸਿੱਖ ਸਿਧਾਂਤਾਂ ਲਈ ਆਪਣੇ ਸਾਰੇ ਪਰਿਵਾਰ ਨੂੰ ਕੁਰਬਾਨ ਕਰ ਦਿੱਤਾ। ਸ਼ਹੀਦਾਂ ਦੀ ਇਸ ਲੰਬੀ ਕਤਾਰ ਵਿੱਚ ਇੱਕ ਸਿੱਧਾ-ਸਾਦਾ ਪਰ ਬਹਾਦਰ ਸਿੱਖ ਵੀ ਆਉਂਦਾ ਹੈ ਜੋ ਇਕ ਆਮ ਪੇਂਡੂ ਦੇ ਪੱਧਰ ਤੋਂ ਉਠ ਕੇ ਭਾਰਤੀ ਫੌਜ ਵਿੱਚ ਜਰਨੈਲ ਦੇ ਅਹੁਦੇ ਉਤੇ ਪਹੁੰਚਿਆ, ਉਸ ਦਾ ਨਾਂ ਸੁਬੇਗ ਸਿੰਘ ਸੀ। ਇਹ ਉਸ ਇਨਸਾਨ ਦੀ ਕਹਾਣੀ ਹੈ ਜਿਸ ਨੇ ਕੌਮੀ ਕਾਰਜ ਨਿਭਾਉਣ ਦਾ ਸੱਦਾ ਆਉਣ ਉੱਤੇ ਰਿਟਾਇਰਡ ਜਿੰਦਗੀ ਗੁਜਾਰਨ ਦੀਆਂ ਆਪਣੀਆਂ ਸਾਰੀਆਂ ਸੋਚਾਂ ਨੂੰ ਤਿਆਗਦਿਆਂ ਹੋਇਆਂ ਆਪਣੀ ਕੌਮੀ ਲਈ ਜਾਨ ਕੁਰਬਾਨ ਕਰ ਦਿੱਤੀ।

ਜਨਰਲ ਸੁਬੇਗ ਸਿੰਘ ਖਿਆਲਾ ਪਿੰਡ ਦੇ ਰਹਿਣ ਵਾਲੇ ਸਨ ਜੋ ਕਿ ਚੁਗਾਵਾਂ ਰੋਡ ਤੋਂ ਨੋਂ ਮੀਲ ਦੀ ਦੂਰੀ ਉਤੇ ਹੈ। ਜਨਰਲ ਸੁਬੇਗ ਸਿੰਘ ਪਿਤਾ ਭਗਵਾਨ ਸਿੰਘ ਅਤੇ ਮਾਤਾ ਪ੍ਰੀਤਮ ਕੌਰ ਦੇ ਸਭ ਤੋਂ ਵੱਡੇ ਪੁੱਤਰ ਸਨ। ਉਨਾਂ ਦੇ ਤਿੰਨ ਭਰਾ ਅਤੇ ਦੋ ਭੈਣਾਂ ਸਨ। ਪਰਿਵਾਰ ਦਾ ਸਬੰਧ ਭਾਈ ਮਹਿਤਾਬ ਸਿੰਘ ਜੋ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਸਨ ਅਤੇ ਜਿਨਾਂ ਨੇ 1740 ਵਿੱਚ ਭਾਈ ਸੁੱਖਾ ਸਿੰਘ ਸਮੇਤ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਨਾਲ ਜੁੜਦਾ ਸੀ। ਜਨਰਲ ਸੁਬੇਗ ਸਿੰਘ ਜੀ ਦਾ ਪਰਿਵਾਰ ਪਿੰਡ ਵਿੱਚ ਖਾਂਦਾ-ਪੀਂਦਾ ਧਨੀ ਪਰਿਵਾਰ ਸੀ ਜੋ ਸੌ ਕਿਲੇ ਜ਼ਮੀਨ ਦਾ ਮਾਲਕ ਸੀ। ਪਿੰਡ ਖਿਆਲਾ ਦਾ ਪਹਿਲਾਂ ਨਾ ਖਿਆਲਾ ਨੰਦ ਸਿੰਘ ਵੱਜਦਾ ਸੀ ਅਤੇ ਸ੍ਰ. ਨੰਦ ਸਿੰਘ, ਸ੍ਰ. ਸੁਬੇਗ ਸਿੰਘ ਜੀ ਦੇ ਪੜਦਾਦਾ ਸਨ।

ਸ੍ਰ. ਸੁਬੇਗ ਸਿੰਘ ਜੀ ਦੇ ਮਾਤਾ ਜੀ ਸਿੱਖ ਧਰਮ ਨੂੰ ਪੂਰੀ ਤਰਾਂ ਸਮਰਪਿਤ ਸਨ ਅਤੇ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਹਮੇਸ਼ਾਂ ਭਾਈ ਸਾਹਿਬ ਸਿੰਘ ਜੀ ਦੇ ਵਾਰਸ ਹੋਣ ਬਾਰੇ ਯਾਦ ਕਰਵਾਦਿਆਂ ਉਨਾਂ ਨੂੰ ਪਰਿਵਾਰ ਦੇ ਨਾਂ ਨੂੰ ਹਮੇਸ਼ਾਂ ਰੌਸ਼ਨ ਕਰਨ ਦੀ ਪ੍ਰੇਰਨਾ ਦਿੰਦੀ ਰਹਿੰਦੀ ਸੀ। ਉਨਾਂ ਦੇ ਪਿਤਾ ਸ੍ਰ. ਭਗਵਾਨ ਸਿੰਘ ਪਿੰਡ ਦੇ ਨੰਬਰਦਾਰ ਸਨ ਅਤੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਿੱਚ ਇਹ ਹਮੇਸ਼ਾਂ ਮਸ਼ਰੂਫ ਰਹਿੰਦੇ ਸਨ। ਇਸੇ ਕਰਕੇ ਪਿੰਡ ਦੇ ਲੋਕ ਅਗਵਾਈ ਅਤੇ ਸਲਾਹ ਲਈ ਹਮੇਸ਼ਾ ਉਨਾਂ ਵੱਲ ਵੇਖਦੇ ਸਨ। ਸ੍ਰ. ਸੁਬੇਗ ਸਿੰਘ ਬਚਪਨ ਤੋਂ ਹੀ ਇਕ ਸਧਾਰਨ ਬੱਚੇ ਨਾਲੋਂ ਜਿਆਦਾ ਬੁੱਧੀਮਾਨ ਅਤੇ ਚੁਸਤ ਸਨ। ਉਹ ਬਚਪਨ ਵਿੱਚ ਹੀ ਬੌਧਿਕ ਤੌਰ ਉਤੇ ਇੰਨੇ ਚੇਤੰਨ ਸਨ ਕਿ ਪਿੰਡ ਦੇ ਕਈ ਖਾਸ ਸੁਭਾਅ ਵਾਲੇ ਬੰਦਿਆਂ ਬਾਰੇ ਕਵਿਤਾਵਾਂ ਜੋੜ ਲੈਂਦੇ ਸਨ। ਉਨਾਂ ਦਾ ਇਤਿਹਾਸ ਅਤੇ ਸਾਹਿਤ ਵਲ ਖਾਸ ਝੁਕਾਅ ਸੀ ਅਤੇ ਉਨਾਂ ਦੇ ਅਧਿਆਪਕ ਉਨਾਂ ਦੀ ਇਸ ਬੌਧਿਕ ਯੋਗਤਾ ਦੇ ਖਾਸ ਤੌਰ ਉੱਤੇ ਕਾਇਲ ਸਨ। ਉਨਾਂ ਦੇ ਅਧਿਆਪਕਾਂ ਨੇ ਸ੍ਰ. ਸੁਬੇਗ ਸਿੰਘ ਜੀ ਦੇ ਮਾਤਾ ਪਿਤਾ ਨੂੰ ਉਨਾਂ ਨੂੰ ਕਿਸੇ ਵੱਡੇ ਸਕੂਲ ਜਾਂ ਵਿਦਿਅਕ ਸੰਸਥਾ ਵਿੱਚ ਭੇਜਣ ਦੀ ਸਲਾਹ ਦਿੱਤੀ। ਸ੍ਰ. ਸੁਬੇਗ ਸਿੰਘ ਨੂੰ ਸਕੈਡੰਰੀ ਸਿਖਿਆ ਲਈ ਲਾਇਲਪੁਰ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਉਚ ਵਿਦਿਆ ਲਈ ਸਰਕਾਰੀ ਕਾਲਜ ਲਾਹੌਰ ਭੇਜਿਆ ਗਿਆ। ਉਹ ਫੁਟਬਾਲ, ਹਾਕੀ ਅਤੇ ਐਥਲੇਟਿਕਸ ਦੇ ਬੇਹਤਰੀਨ ਖਿਡਾਰੀ ਸਨ। ਅਠਾਰਾਂ ਸਾਲਾਂ ਦੀ ਉਮਰ ਵਿੱਚ ਉਨਾਂ ਸੌ ਮੀਟਰ ਦੌੜ ਦੇ ਭਾਰਤੀ ਰਿਕਾਰਡ ਨੂੰ ਤੋੜਿਆ ਸੀ ਅਤੇ ਨਾਲ ਹੀ ਜਿਲਾ ਬੋਰਡ ਛਾਲ ਮਾਰਨ ਦੇ ਰਿਕਾਰਡ ਨੂੰ ਵੀ ਤੋੜਿਆ ਸੀ। ਉਹ ਬੇਹਤਰੀਨ ਖਿਡਾਰੀ ਸਨ ਪਰ ਉਨਾਂ ਨੇ ਖੇਡਾਂ ਨੂੰ ਆਪਣਾ ਕਿੱਤਾ ਨਾ ਬਣਾ ਕੇ ਫੌਜ ਨੂੰ ਚੁਣਿਆ। ਉਹ ਪੜਾਈ ਵਿੱਚ ਵੀ ਹੁਸ਼ਿਆਰ ਸਨ ਅਤੇ 1940 ਵਿੱਚ ਲਾਹੌਰ ਕਾਲਜ ਵਿਚ ਭਾਰਤੀ ਫੌਜ ਵਿੱਚ ਭਰਤੀ ਕਰਨ ਆਈ ਟੀਮ ਵਲੋਂ ਚੁਣੇ ਗਏ ਇਕੋ-ਇਕ ਵਿਦਿਆਰਥੀ ਸਨ। ਉਨਾਂ ਨੂੰ ਦੂਜੀ ਪੰਜਾਬ ਰਜਮੈਂਟ ਵਿੱਚ ਸੈਕੰਡ ਲੈਫਟੀਨੈਂਟ ਵਜੋਂ ਲਿਆ ਗਿਆ। ਕੁਝ ਦਿਨਾਂ ਵਿੱਚ ਹੀ ਰਜਮੈਂਟ ਜਪਾਨ ਦੇ ਖਿਲਾਫ ਲੜਨ ਲਈ ਬਰਮਾ ਰਵਾਨਾ ਹੋ ਗਈ।

ਭਾਰਤੀ ਵੰਡ ਤੋਂ ਬਾਅਦ ਜਦੋਂ ਰਜਮੈਂਟ ਦਾ ਮੁੜ ਸੰਗਠਨ ਕੀਤਾ ਗਿਆ ਤਾਂ ਉਹ ਪੈਰਾਸੂਟ ਬਰਗੇਡ ਵਿੱਚ ਪੈਰਾ ਟਰੂਪਰ ਵਜੋਂ ਸ਼ਾਮਲ ਹੋਏ। 1959 ਤਕ ਉਹ ਇਸ ਬਟਾਲੀਅਨ ਵਿਚ ਰਹੇ। ਜਨਰਲ ਸੁਬੇਗ ਸਿੰਘ ਸੁਭਾਅ ਵਜੋਂ ਪੜਾਕੂ ਇਨਸਾਨ ਸਨ ਅਤੇ ਉਨਾਂ ਨੇ ਹਰੇਕ ਫੌਜੀ ਕਾਰਵਾਈ ਬਾਰੇ ਡੂੰਘੀ ਖੋਜ-ਬੀਨ ਕੀਤੀ ਸੀ ਅਤੇ ਹਰੇਕ ਫੌਜੀ ਜਨਰਲ ਦੀ ਜੀਵਨੀ ਪੜੀ ਸੀ। ਇਤਿਹਾਸ ਵਿੱਚ ਉਨਾਂ ਦੀ ਖਾਸ ਦਿਲਚਸਪੀ ਸੀ। ਉਹ ਪੰਜਾਬੀ, ਫਾਰਸੀ, ਉਰਦੂ, ਗੋਰਖੀ, ਅੰਗਰੇਜੀ ਅਤੇ ਹਿੰਦੀ ਭਾਸ਼ਾਵਾਂ ਚੰਗੀ ਤਰਾਂ ਬੋਲ ਲੈਂਦੇ ਸਨ। ਦੇਹਰਾਦੂਨ ਵਿਖੇ ਫੌਜੀ ਅਕੈਡਮੀ ਵਿੱਚ ਅਧਿਆਪਕ ਵੀ ਰਹੇ ਅਤੇ ਹੋਰ ਕਈ ਅਹੁਦਿਆਂ ਉੱਪਰ ਵੀ ਸੇਵਾ ਨਿਭਾਈ। ਫੌਜ ਵਿੱਚ ਉਹ ਇੱਕ ਨਿਡਰ ਅਫਸਰ ਵਜੋਂ ਮਸ਼ਹੂਰ ਹੋ ਗਏ ਜੋ ਕਿ ਕਿਸੇ ਵੀ ਤਰਾਂ ਦੀ ਮਾੜੀ ਹਰਕਤ ਨੂੰ ਬਰਦਾਸ਼ਤ ਨਹੀਂ ਕਰਦੇ ਸਨ। ਉਨਾਂ ਦੇ ਇਸ ਸਿੱਧੇ ਸੁਭਾਅ ਕਾਰਨ ਜਾਂ ਤਾਂ ਲੋਕ ਉਨਾਂ ਨੂੰ ਪਸੰਦ ਕਰਦੇ ਸਨ ਅਤੇ ਜਾਂ ਉਨਾਂ ਤੋਂ ਡਰਦੇ ਸਨ। ਭਾਰਤ ਵਲੋਂ ਲੜੀ ਗਈ ਹਰੇਕ ਜੰਗ ਵਿੱਚ ਉਨਾਂ ਹਿੱਸਾ ਲਿਆ। ਫੌਜੀ ਕਾਰਵਾਈਆਂ ਅਤੇ ਫੌਜੀ ਵਿਗਿਆਨ ਦੀ ਉਨਾਂ ਦੀ ਜਬਰਦਸਤ ਜਾਣਕਾਰੀ ਕਾਰਨ ਉਨਾਂ ਨੂੰ ਬਰਗੇਡ ਮੇਜ਼ਰ ਬਣਾਇਆ ਗਿਆ। 1965 ਦੀ ਭਾਰਤ-ਪਾਕਿ ਜੰਗ ਦੌਰਾਨ ਉਹ ਜੰਮੂ-ਕਸ਼ਮੀਰ ਵਿੱਚ ਤੈਨਾਤ ਸਨ ਅਤੇ ਗੋਰਖਾ ਰਾਇਫਲ ਦੇ ਕਮਾਂਡਰ ਸਨ ਤਾਂ ਉਨਾਂ ਦੀ ਮਾਤਾ ਵਲੋਂ ਭੇਜੀ ਟੈਲੀਗਰਾਮ ਜੋ ਕਿ ਉਨਾਂ ਦੇ ਪਿਤਾ ਜੀ ਦੇ ਅਕਾਲ ਚਲਾਣੇ ਸਬੰਧੀ ਸੀ, ਬਾਰੇ ਆਪਣੇ ਕਿਸੇ ਵੀ ਸਹਿਯੋਗੀ ਨੂੰ ਨਾ ਦੱਸਿਆ। ਜਦੋਂ ਫੌਜੀ ਕਾਰਵਾਈਆਂ ਖਤਮ ਹੋਈਆਂ ਤਾਂ ਹੀ ਉਨਾਂ ਛੁੱਟੀ ਲਈ ਅਰਜੀ ਦਿੱਤੀ। ਉਨਾਂ ਦੀ ਮਾਤਾ ਨੇ ਉਨਾਂ ਨੂੰ ਪਿਤਾ ਜੀ ਦੀਆਂ ਆਖਰੀ ਰਸਮਾਂ ਵਿੱਚ ਸ਼ਾਮਲ ਨਾ ਹੋਣ ਬਾਰੇ ਕਦੇ ਵੀ ਨਾ ਪੁਛਿਆ । ਹਰ ਕੋਈ ਜਾਣਦਾ ਸੀ ਕਿ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨਾਂ ਉਨਾਂ ਲਈ ਮੁੱਖ ਕਰਤੱਵ ਸੀ। 1965 ਤੋਂ ਬਾਅਦ ਸ੍ਰ. ਸੁਬੇਗ ਸਿੰਘ ਨੂੰ ਕਰਨਲ ਬਣਾ ਦਿੱਤਾ ਗਿਆ ਉਨਾਂ ਨੂੰ ਨਾਗਾਲੈਂਡ ਵਿੱਚ ਨਾਗਾ ਖਾੜਕੂਆਂ ਦੀਆਂ ਕਾਰਵਾਈਆਂ ਦਬਾਉਣ ਦੀ ਜਿੰਮੇਵਾਰੀ ਦਿੱਤੀ ਗਈ। ਉਨਾਂ ਦੀ ਕਮਾਂਡ ਹੇਠ ਅੱਠਵੀਂ ਪਹਾੜੀ ਡਿਵੀਜਨ ਦੇ ਪੰਜਾਹ ਜਵਾਨ ਸਨ। ਉਥੇ ਉਨਾਂ ਅਗਵਾਈ ਅਤੇ ਨਿਡਰ ਪੈਂਤੜੇਬਾਜੀ ਦੀ ਆਪਣੀ ਕਲਾ ਦੀ ਵਰਤੋਂ ਕਰਕੇ ਸਫਲਤਾ ਨਾਲ ਹਾਲਾਤ ਨੂੰ ਕਾਬੂ ਕੀਤਾ।

ਮੁਕਤੀ ਵਾਹਿਨੀ

1971 ਵਿੱਚ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿਚ ਰਾਜਨੀਤਕ ਗੜਬੜ ਸ਼ੁਰੂ ਹੋ ਗਈ ਅਤੇ ਬੰਗਾਲੀ ਲੋਕਾਂ ਨੇ ਪਾਕਿਸਤਾਨ ਤੋਂ ਅੱਡ ਹੋਣ ਦੀਆਂ ਇੱਛਾਵਾਂ ਜਾਹਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਯਹੀਆ ਖਾਨ ਸਰਕਾਰ ਨੇ ਬੰਗਾਲੀਆਂ ਉੱਤੇ ਜੁਲਮ ਕਰਨੇ ਸ਼ੁਰੂ ਕੀਤੇ ਤਾਂ ਬੰਗਾਲੀ ਭਾਰਤ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ। 1971 ਵਿੱਚ ਹੀ ਭਾਰਤ ਸਰਕਾਰ ਨੇ ਪੂਰਬੀ ਪਾਕਿਸਤਾਨ ਵਿੱਚ ਚਲ ਰਹੇ ਅਜਾਦੀ ਸੰਘਰਸ਼ ਵਿੱਚ ਲੁਕਵੇਂ ਤੌਰ ਉੱਤੇ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਭਾਰਤੀ ਫੌਜ ਦੇ ਮੁਖੀ ਮਾਨਕ ਸ਼ਾਹ ਨੇ ਖਾਸ ਤੌਰ ਉੱਤੇ ਇਸ ਕੰਮ ਲਈ ਸ੍ਰ. ਸੁਬੇਗ ਸਿੰਘ ਨੂੰ ਚੁਣਿਆ। ਉਨਾਂ ਦੀ ਕਮਾਂਡ ਹੇਠ ਪਾਕਿਸਤਾਨ ਫੌਜ ਵਿਚੋਂ ਭੱਜੇ ਬੰਗਾਲੀ ਅਫਸਰਾਂ ਨੂੰ ਲਗਾਇਆ ਗਿਆ। ਜਨਵਰੀ 1971 ਤੋਂ ਅਕਤੂਬਰ 1971 ਤੱਕ ਅਜਾਦੀ ਕਾਰਵਾਈਆਂ ਐਨਾ ਜੋਰ ਫੜ ਗਈਆਂ ਕਿ ਪੂਰਬੀ ਬੰਗਾਲ ਵਿੱਚ ਪਾਕਿਸਤਾਨੀ ਫੌਜਾਂ ਦੀ ਟਾਕਰਾ ਕਰਨ ਦੀ ਇਛਾ ਲਗਭਗ ਖਤਮ ਹੋ ਗਈ। ਭਾਰਤ ਸਰਕਾਰ ਦੁਨੀਆਂ ਵਿੱਚ ਜਾਹਰ ਨਹੀਂ ਹੋਣ ਦੇਣਾ ਚਾਹੁੰਦੀ ਸੀ ਕਿ ਭਾਰਤ ਬੰਗਾਲੀ ਅਜਾਦੀ ਪਸੰਦਾਂ ਦੀ ਅਗਵਾਈ ਅਤੇ ਟਰੇਨਿੰਗ ਦਾ ਪ੍ਰਬੰਧ ਕਰ ਰਹੀ ਹੈ। ਸ੍ਰ. ਸੁਬੇਗ ਸਿੰਘ ਇਨਾਂ ਲੁਕਵੀਆਂ ਕਾਰਵਾਈਆਂ ਵਿਚ ਇਨਾਂ ਜਿਆਦਾ ਲੁਪਤ ਸਨ ਕਿ ਪੰਜ ਮਹੀਨੇ ਤਕ ਉਨਾਂ ਦੇ ਪਰਿਵਾਰ ਨੂੰ ਉਨਾਂ ਦੀ ਕੋਈ ਉਘ-ਸੁਘ ਨਹੀਂ ਸੀ ਮਿਲੀ।

ਅਪ੍ਰੈਲ 1970 ਵਿੱਚ ਉਨਾਂ ਦੀ ਧਰਮ ਪਤਨੀ ਨੂੰ ਉਨਾਂ ਦਾ ਇਕ ਖਤ ਮਿਲਿਆ ਜੋ ਕਿ ਸ. ਬੇਗ ਦੇ ਨਾਂ ਹੇਠ ਸੀ ਅਤੇ ਜੋ ਭਾਰਤੀ ਸਰਕਾਰ ਵਲੋਂ ਲੁਕਵੀਂ ਜੰਗ ਵਿੱਚ ਸ਼ਾਮਲ ਹੋਣ ਨੂੰ ਲੁਕਾਉਣ ਦੇ ਪੈਂਤੜੇ ਦੀ ਮਹੱਤਤਾ ਨੂੰ ਸਪਸ਼ਟ ਕਰਦਾ ਸੀ। ਉਨਾਂ ਦੀ ਪਤਨੀ ਅਤੇ ਪਰਿਵਾਰ ਹੈਰਾਨ ਸਨ ਕਿ ਕੀ ਹੋ ਰਿਹਾ ਹੈ ਕਿਉਂਕਿ ਖਤ ਵਿੱਚ ਸਿਰਫ ਇਨਾਂ ਹੀ ਲਿਖਿਆ ਸੀ ਕਿ ’’ਫਿਕਰ ਨਹੀਂ ਕਰਨਾ, ਉਹ ਠੀਕ ਹਨ’’। ਨਵੰਬਰ 1971 ਵਿੱਚ ਮੁਕਤੀ ਬਹਿਨੀ ਨੇ ਜਦੋਂ ਢਾਕੇ ਵਲ ਮਾਰਚ ਕੀਤਾ ਤਾਂ ਇਹ ਬਿਨਾਂ ਕਿਸੇ ਵਿਰੋਧ ਤੋਂ ਰਾਜਧਾਨੀ ਉੱਤੇ ਕਾਬਜ ਹੋ ਗਈ। ਲਗਭਗ ਇਕ ਲੱਖ ਪਾਕਿਸਤਾਨੀ ਫੌਜਾਂ ਨੇ ਸਮੇਤ ਜਨਰਲ ਸਟਾਫ ਦੇ ਆਤਮ ਸਮਰਪਨ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਬੰਗਲਾ ਦੇਸ਼ ਹੋਂਦ ਵਿੱਚ ਆਇਆ। ਇਸ ਸਫਲਤਾ ਦਾ ਸਿਹਰਾ ਸ੍ਰ. ਸੁਬੇਗ ਸਿੰਘ ਜੀ ਦੇ ਸਿਰ ਸੀ ਕਿਉਂਕਿ ਉਨਾਂ ਬੰਗਾਲੀ ਨੋਜਵਾਨਾਂ ਨੂੰ ਮਾਤ’ਭੂਮੀ ਲਈ ਲੜਨ ਲਈ ਸਿਖਿਅਤ ਕਰਨ ਵਿੱਚ ਦਿਨ-ਰਾਤ ਇੱਕ ਕੀਤਾ ਸੀ। ਮੁਕਤੀ-ਵਾਹਿਨੀ ਦੀ ਤਾਕਤ ਨੂੰ ਦਰਸਾਉਣ ਲਈ ਪੰਜ ਤਾਰਾ ਹੋਟਲਾਂ ਅਤੇ ਚਿੱਟਾਗਾਂਗ ਬੰਦਰਗਾਹ ਉਤੇ ਖੜੇ ਜਹਾਜਾਂ ਨੂੰ ਨਿਸ਼ਾਨਾ ਬਣਾਇਆ ਗਿਆ। ਯੁਧਨੀਤਕ ਪੱਧਰ ਉਤੇ ਮਹੱਤਵਪੂਰਨ ਪੁਲ ਉਡਾ ਦਿੱਤੇ ਗਏ, ਫੈਕਟਰੀਆਂ ਬੰਦ ਕਰਵਾ ਦਿੱਤੀਆਂ ਗਈਆਂ ਅਤੇ ਆਰਥਿਕਤਾ ਦਾ ਲੱਕ ਤੋੜ ਦਿੱਤਾ ਗਿਆ। ਜਦੋਂ ਅਸਲ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਭਾਰਤੀ ਫੌਜ ਲਈ ਇਹ ਸੌਖੀ ਜਿਹੀ ਕਾਰਵਾਈ ਹੀ ਸੀ। ਭਾਰਤ ਸਰਕਾਰ ਨੇ ਸ੍ਰ. ਸੁਬੇਗ ਸਿੰਘ ਨੂੰ ਮੇਜਰ ਜਨਰਲ ਦਾ ਅਹੁਦਾ ਦੇ ਕੇ ਉਨਾਂ ਅਤੇ ਉਨਾਂ ਨੂੰ ਪਰਮ ਵਸ਼ਿਸ਼ਟ ਸੇਵਾ ਮੈਡਲ ਦੇ ਕੇ ਉਨਾਂ ਵਲੋਂ ਨਿਭਾਈਆਂ ਸੇਵਾਵਾਂ ਨੂੰ ਮਾਨਤਾ ਪ੍ਰਦਾਨ ਕੀਤੀ।

1973 ਵਿੱਚ ਜਦੋਂ ਉਹ ਮੱਧ ਪ੍ਰਦੇਸ਼, ਬਿਹਾਰ, ਉੜੀਸਾ ਦੇ ਜਨਰਲ ਕਮਾਂਡ ਅਫਸਰ ਦੇ ਅਹੁਦੇ ਉਪਰ ਤੈਨਾਤ ਸਨ ਤਾਂ ਸਰਕਾਰ ਵਲੋਂ ਉਨਾਂ ਨੂੰ ਜੈ ਪ੍ਰਕਾਸ਼ ਨਰਾਇਣ ਨੂੰ ਗਰਿਫਤਾਰ ਕਰਨ ਲਈ ਕਿਹਾ ਗਿਆ ਤਾਂ ਉਨਾਂ ਇਨਕਾਰ ਕਰ ਦਿੱਤਾ। ਕਾਂਗਰਸ ਸਰਕਾਰ ਵਲੋਂ ਇਸ ਕਾਰਨ ਉਨਾਂ ਖਿਲਾਫ ਸੀ.ਬੀ.ਆਈ. ਪੁਛ-ਪੜਤਾਲ ਸ਼ੁਰੂ ਕੀਤੀ ਗਈ। ਕੁਝ ਸੀਨੀਅਰ ਫੌਜੀ ਅਫਸਰਾਂ ਵਲੋਂ ਉਨਾਂ ਖਿਲਾਫ ਸਾੜੇ ਦੀ ਭਾਵਨਾ ਅਤੇ ਭਾਰਤੀ ਸਰਕਾਰ ਦੀ ਕਿਸੇ ਵੀ ਸਿੱਖ ਫੌਜੀ ਅਫਸਰ ਨੂੰ ਜਨਰਲ ਦੇ ਅਹੁਦੇ ਤਕ ਨਾ ਪਹੁੰਚਣ ਦੇਣ ਦੀ ਨੀਤੀ ਕਾਰਨ ਉਨਾਂ ਨੂੰ ਤਰੱਕੀ ਨਾ ਦਿੱਤੀ ਗਈ। ਜਦੋਂ ਉਨਾਂ ਨੂੰ ਕਮਾਉਂ ਰਜਮੈਂਟ ਵਿਚ ਭੇਜਿਆ ਗਿਆ ਤਾਂ ਉਨਾਂ ਦੀ ਨਜ਼ਰ ਵਿੱਚ ਆਇਆ ਕਿ ਕਮਾਉਂ ਮਿਲਟਰੀ ਫਾਰਮ ਦੇ ਕਮਾਂਡਰ ਵਲੋਂ ਫੌਜ ਮੁਖੀ ਜਨਰਲ ਰੈਨਾਂ ਦੀ ਬੇਟੀ ਦੇ ਵਿਆਹ ਦੌਰਾਨ ਇੱਕ ਵੱਡੀ ਰਾਸ਼ੀ ਦਿੱਤੀ ਗਈ ਸੀ। ਇਸ ਕਾਰਵਾਈ ਦੇ ਕਾਰਨ ਉਨਾਂ ਦੀ ਬਦਲੀ ਕਰ ਦਿੱਤੀ ਗਈ ਅਤੇ ਉਨਾਂ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ। ਉਨਾਂ ਦੀ ਬਦਲੀ ਤੋਂ ਬਾਅਦ ਉਨਾਂ ਖਿਲਾਫ ਇਕ ਸਾਲ ਤਕ ਖੋਜ ਪੜਤਾਲ ਚਲਦੀ ਰਹੀ ਅਤੇ ਉਨਾਂ ਉਤੇ ਜਬਲਪੁਰ ਵਿੱਚ ਸੇਵਾ ਦੌਰਾਨ 2500 ਰੁਪਏ ਦੇ ਮੁੱਲ ਦੀ ਸ਼ੀਲਡ ਤੋਹਫੇ ਵਜੋਂ ਲੈਣ ਦਾ ਦੋਸ਼ ਲਗਾਇਆ ਗਿਆ ਜਦਕਿ ਫੌਜ ਵਿੱਚ ਅਜਿਹੇ ਤੌਹਫੇ ਦੇਣ ਦੀ ਪਰੰਪਰਾ ਮੌਜੂਦ ਸੀ।

ਸ੍ਰ. ਸੁਬੇਗ ਸਿੰਘ ਦੇ ਕੇਸ ਵਿੱਚ ਇਹ ਪਰੰਪਰਾ ਜੁਰਮ ਬਣ ਗਈ। ਕੁੱਝ ਹੋਰ ਨਿਗੁਣੇ ਜਿਹੇ ਦੋਸ਼ ਜਿਵੇਂ ਸਰਕਾਰੀ ਘਰੇਲੂ ਜਮੀਨ ਨੂੰ ਪੈਦਾਵਾਰੀ ਫਾਇਦੇ ਲਈ ਵਰਤਣ ਅਤੇ ਫੌਜੀ ਹੈਡ ਕੁਆਟਰ ਕੰਟੀਨ ਵਿੱਚੋਂ ਖਰੀਦੀਆਂ ਵਸਤਾਂ ਨੂੰ ਵੇਚਣ ਦੀ ਆਗਿਆ ਦੇਣ ਆਦਿ ਲਗਾਏ ਗਏ ਭਾਵੇਂ ਕਿ ਅਜਿਹੇ ਕੰਮ 1972 ਵਿਚ ਉਨਾਂ ਵਲੋਂ ਕਮਾਂਡ ਸਾਂਭਣ ਤੋਂ ਪਹਿਲਾਂ ਦੇ ਚਲ ਰਹੇ ਸਨ। ਭਾਰਤੀ ਸਰਕਾਰ ਅਤੇ ਫੌਜ ਮੁੱਖੀ ਦਾ ਖੋਰੀ ਪੁਣਾ ਉਦੋਂ ਹੋਰ ਸਪੱਸ਼ਟ ਤੌਰ ’ਤੇ ਸਾਹਮਣੇ ਆਇਆ ਜਦੋਂ ਮੁਕਤੀ ਵਾਹਿਨੀ ਦੇ ਹੀਰੋ, ਪਰਮ ਵਸ਼ਿਸ਼ਟ ਅਤੇ ਅਤੀ ਵਸ਼ਿਸ਼ਟ ਸੇਵਾ ਮੈਡਲਾਂ ਨਾਲ ਨਿਵਾਜੇ ਗਏ, ਭਾਰਤੀ ਫੌਜ ਵਲੋਂ ਹਰੇਕ ਫੌਜੀ ਕਾਰਵਾਈ ਵਿੱਚ ਮਹੱਤਵਪੂਰਨ ਰੋਲ ਨਿਭਾਉਣ ਵਾਲੇ ਅਫਸਰ ਜਿਸ ਨੇ ਕਦੇ ਵੀ ਸੇਵਾ ਤੋਂ ਵਧ ਕੇ ਪਤਨੀ ਅਤੇ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਨੂੰ ਅਪ੍ਰੈਲ 30, 1976 (ਸੇਵਾ ਮੁਕਤੀ ਤੋਂ ਇਕ ਦਿਨ ਪਹਿਲਾਂ) ਫੌਜ ਵਿਚੋਂ ਬਰਖਾਸਤ ਕਰ ਦਿੱਤਾ ਗਿਆ। ਇਸ ਤਰਾਂ ਦਾ ਘਟੀਆ ਵਿਹਾਰ ਉਸ ਬਹਾਦਰ ਸਿਪਾਹੀ, ਸਿਰਮੌਰ ਜਰਨੈਲ, ਆਗੂ ਨਾਲ ਕੀਤਾ ਗਿਆ ਅਤੇ 1984 ਅਤੇ ਸਾਕਾ ਨੀਲਾ ਤਾਰਾ ਤੋਂ ਬਾਅਦ ਭਾਰਤੀ ਫੌਜ ਵਲੋਂ ਉਸ ਨੂੰ ਇਸ ਕਰਕੇ ‘ਅਸੰਤੁਸ਼ਟ’ ਅਤੇ ‘ਰੁਸਿਆ ਹੋਇਆ’ ਆਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹ ਆਪਣੀ ਕੌਮ ਦਾ ਵਫਾਦਾਰ ਸੀ ਅਤੇ ਆਪਣੇ ਅਤੇ ਹਰਿਮੰਦਰ ਸਾਹਿਬ ਦੀ ਸ਼ਾਨ ਅਤੇ ਮਾਣ ਲਈ ਲੜਿਆ ਸੀ।

ਪੰਥ ਦਾ ਸਿਪਾਹੀ

ਜਨਰਲ ਸੁਬੇਗ ਸਿੰਘ ਨੂੰ ਫੌਜ ਵਿੱਚ ਹੁੰਦਿਆਂ ਹੀ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਸੀ ਕਿ ਭਾਰਤ ਦੀ ਹਿੰਦੂ ਸਰਕਾਰ ਪੰਜਾਬ ਵਿੱਚ ਸਿੱਖ ਅਜਾਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਹ ਇਸ ਗਲੋਂ ਵੀ ਚੇਤੰਨ ਸਨ ਕਿ ਭਾਰਤੀ ਹਿੰਦੂ ਸਰਕਾਰ ਵਲੋਂ ਸਿੱਖਾਂ ਦੀਆਂ ਤਰੱਕੀਆਂ ਰੋਕਣ ਅਤੇ ਭੇਦਭਾਵ ਸਿੱਖਾਂ ਨੂੰ ਫੌਜ ਵਿਚੋਂ ਬਾਹਰ ਕੱਢਣ ਦੀ ਨੀਤੀ ਦਾ ਸਿੱਟਾ ਹੈ। ਫੌਜ ਵਿਚੋਂ ਸਿੱਖਾਂ ਦੀ ਗਿਣਤੀ ਘੱਟ ਕਰਨ, ਵੱਡੇ ਉਦਯੋਗਾਂ ਨੂੰ ਪੰਜਾਬ ਵਿੱਚ ਨਾ ਲਗਾਉਣ, ਸਿੱਖ ਕਿਸਾਨੀ ਵਲੋਂ ਕਣਕ ਅਤੇ ਦੂਜੀਆਂ ਫਸਲਾਂ ਦੇ ਮੁਲ ਨਿਰਧਾਰਤ ਕਰਨ ਉਤੇ ਕੰਟਰੋਲ ਦੀ ਨੀਤੀ ਉਨਾਂ ਵਲੋਂ ਕੀਤੀ ਜਾਂਦੀ ਮਿਹਨਤ ਦਾ ਪੂਰਾ ਫਾਇਦਾ ਨਾ ਲੈਣ ਦੇਣ ਦੀ ਨੀਤੀ ਸੀ। ਪੰਜਾਬ ਦੀਆਂ ਨਦੀਆਂ ਦੇ ਪਾਣੀ ਦੀ ਵੰਡ ਵਿੱਚ ਪੰਜਾਬ ਦੇ ਬਣਦੇ ਹਿੱਸੇ ਅਤੇ ਅਧਿਕਾਰ ਨੂੰ ਰੱਦ ਕਰਨਾ ਸਿੱਖ ਦੇ ਉਚਿਤ ਅਧਿਕਾਰਾਂ ਨੂੰ ਖਤਮ ਕਰਨ ਦੀ ਸਾਜਿਸ਼ ਦਾ ਹਿੱਸਾ ਸੀ। ਉਸ ਸਮੇਂ ਭਾਰਤ ਸਰਕਾਰ ਦਾ ਇਹ ਪ੍ਰਚਾਰ ਕਿ ਸਿੱਖ ਸੰਪਰਦਾਇਕ ਹਨ ਅਤੇ ਉਨਾਂ ਦੀਆਂ ਮੰਗਾਂ ਪੰਜਾਬ ਨੂੰ ਗਰੀਬ ਬਣਾ ਦੇਣਗੀਆਂ ਆਦਿ ਸਿੱਖਾਂ ਨੂੰ ਬਦਨਾਮ ਕਰਨ ਦੀ ਚਾਲ ਸੀ। ਉਨਾਂ ਵਲੋਂ ਸਵੈ-ਸ਼ਾਸ਼ਨ ਦੀ ਮੰਗ ਨੂੰ ਗਦਾਰੀ ਕਿਹਾ ਗਿਆ ਅਤੇ ਹਿੰਦੂ ਪ੍ਰੈਸ ਨੇ ਸਿੱਖ ਮੰਗ ਨੂੰ ਭਾਰਤੀ ਰਾਜ ਤੋਂ ਵੱਖ ਹੋਣ ਦੀਆਂ ਸਿੱਖ ਇਛਾਵਾਂ ਵਜੋਂ ਪ੍ਰਚਾਰਿਆ ਗਿਆ ਚਾਰੇ ਪਾਸੇ ਤੋਂ ਘਿਰੇ ਹੋਏ ਸਿੱਖਾਂ ਕੋਲ ਆਪਣੇ ਦੁਖਾਂ ਨੂੰ ਆਵਾਜ਼ ਦੇਣ ਤੋਂ ਸਿਵਾ ਕੋਈ ਰਸਤਾ ਨਹੀਂ ਸੀ, ਉਹ ਪੂਰੀ ਤਰਾਂ ਸੰਗਠਿਤ ਨਹੀਂ ਸਨ ਅਤੇ ਨਾ ਹੀ ਉਨਾਂ ਕੋਲ ਕੋਈ ਆਪਣੀ ਅਖਬਾਰਾਂ ਜਾਂ ਹੋਰ ਸੰਚਾਰ ਸਾਧਨ ਸਨ ਜਿਨਾਂ ਰਾਹੀਂ ਉਹ ਕੌਮਾਂਤਰੀ ਪੱਧਰ ਉੱਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਦੇ। ਭਾਰਤ ਸਰਕਾਰ ਨੂੰ ਇਨਾਂ ਕਮਜੋਰੀਆਂ ਦਾ ਪੂਰੀ ਤਰਾਂ ਪਤਾ ਸੀ ਅਤੇ ਉਸ ਨੇ ਇਨਾਂ ਹਾਲਤਾਂ ਦਾ ਸਿੱਖਾਂ ਨੂੰ ਹੋਰ ਕਮਜੋਰ ਅਤੇ ਅਧੀਨ ਕਰਨ ਲਈ ਕੀਤਾ। ਅਕਾਲੀ ਪਾਰਟੀ ਨੂੰ ਅਨਪੜਾਂ, ਤਾਕਤਹੀਣਾਂ ਅਤੇ ਤੇਜਹੀਣਾਂ ਦੀ ਪਾਰਟੀ ਵਜੋਂ ਪ੍ਰਚਾਰਿਆ ਗਿਆ ਸੀ। ਦੂਜੇ ਪਾਸੇ ਅਕਾਲੀ ਵੀ ਸਾਬਕਾ ਸਰਕਾਰੀ ਅਧਿਕਾਰੀਆਂ ਦੀ ਵਫਾਦਾਰੀ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਸਨ। ਹਿੰਦੂ ਸਰਕਾਰ ਇਸ ਤਰਾਂ ਦੀਆਂ ਹਾਲਾਤਾਂ ਤੋਂ ਬੇਹੱਦ ਖੁਸ਼ ਸੀ ਅਤੇ ਇਨਾਂ ਕਮਜੋਰੀਆਂ ਦਾ ਸ਼ੋਸ਼ਣ ਕਰ ਰਹੀ ਸੀ। ਫੌਜ ਅਤੇ ਸਿਵਲ ਪ੍ਰਸ਼ਾਸ਼ਨ ਤੋਂ ਸੇਵਾ ਮੁਕਤ ਹੋਏ ਸਿੱਖ, ਸਿੱਖ ਰਾਜਨੀਤਕ ਪਾਰਟੀ ਨਾਲੋਂ ਕਾਂਗਰਸ ਵਿੱਚ ਜਾਣਾ ਵਧ ਪਸੰਦ ਕਰਦੇ ਸਨ।

1977 ਵਿੱਚ ਜਨਰਲ ਸੁਬੇਗ ਸਿੰਘ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਕਿਉਂਕਿ ਉਨਾਂ ਅਨੁਸਾਰ ਇਹੀ ਪਾਰਟੀ ਸਿੱਖਾਂ ਦੇ ਹੱਲਾਂ ਲਈ ਲੜਦੀ ਰਹੀ ਸੀ। ਉਹ ਸਰਦਾਰ ਗੁਰਚਰਨ ਸਿੰਘ ਟੌਹੜਾ ਨੂੰ ਮਿਲੇ ਅਤੇ ਪੰਥ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਸ਼ੁਰੂ ਵਿੱਚ ਜਥੇਦਾਰ ਟੌਹੜਾ ਨੇ ਉਨਾਂ ਪ੍ਰਤੀ ਹਿਚਕਿਚਾਹਟ ਵਿਖਾਈ ਪਰ ਬਾਅਦ ਵਿੱਚ ਉਨਾਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਾਬਕਾ ਫੌਜੀਆਂ ਅਤੇ ਬੁੱਧੀਜੀਵੀਆਂ ਦੀਆਂ ਸੇਵਾਵਾਂ ਲੈਣ ਲਈ ਉਨਾਂ ਤੋਂ ਸਲਾਹ ਲੈਣੀ ਸ਼ੁਰੂ ਕਰ ਦਿੱਤੀ। ਭਾਰਤ ਸਰਕਾਰ ਨੇ ਜਨਰਲ ਸੁਬੇਗ ਸਿੰਘ ਵਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਫੈਸਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਉਨਾਂ ਨੂੰ ਅਕਾਲੀ ਦਲ ਤੋਂ ਵੱਖ ਹੋਣ ਅਤੇ ਇਸ ਤਰਾਂ ਨਾ ਕਰਨ ਉਤੇ ਖਤਰਨਾਕ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੇ ਸੁਨੇਹੇ ਦਿੱਤੇ ਗਏ। ਪਰ ਜਨਰਲ ਸੁਬੇਗ ਸਿੰਘ ਵਲੋਂ ਕੀਤਾ ਫੈਸਲੇ ਅਟੱਲ ਸਨ ਅਤੇ ਉਹ ਆਪਣੇ ਫੈਸਲੇ ਉਤੇ ਕਾਇਮ ਰਹੇ। ਉਨਾਂ ਦੇ ਭਰਾ ਜੋ ਕਿ ਬਾਜਪੁਰ (ਉਤਰ ਪ੍ਰਦੇਸ਼) ਵਿੱਚ ਇਕ ਉਘੇ ਕਿਸਾਨ ਅਤੇ ਰਾਜਨੀਤੀਵਾਨ ਸਨ ਸਰਕਾਰ ਵਲੋਂ ਜਨਰਲ ਸੁਬੇਗ ਸਿੰਘ ਦੇ ਪਰਿਵਾਰ ਉੱਤੇ ਸ਼ੁਰੂ ਕੀਤੇ ਗਏ ਜੁਲਮ ਦੇ ਪਹਿਲੇ ਸ਼ਿਕਾਰ ਬਣੇ। ਪੁਲਸ ਅਤੇ ਇਕ ਸਥਾਨਕ ਕਾਂਗਰਸੀ ਆਗੂ ਵਲੋਂ ਤਿਆਰ ਕੀਤੀ ਸ਼ਾਜਸ਼ ਦੇ ਸਿੱਟੇ ਵਜੋਂ ਇਕ ਬ੍ਰਾਹਮਣ ਆਗੂ ਵਲੋਂ ਜਨਰਲ ਸੁਬੇਗ ਸਿੰਘ ਦੇ ਭਰਾ ਦਾ ਕਤਲ ਕਰ ਦਿੱਤਾ। ਇਸੇ ਆਗੂ ਵਲੋਂ ਤਰਾਈ ਖੇਤਰ ਵਿਚ ਰਹਿਣ ਵਾਲੇ ਸਿੱਖਾਂ ਨੂੰ ਧਮਕਾਇਆ ਜਾਂਦਾ ਰਿਹਾ। ਛੋਟੇ ਭਰਾ ਦਾ ਕਤਲ ਜਨਰਲ ਸੁਬੇਗ ਸਿੰਘ ਲਈ ਡੂੰਘਾ ਸਦਮਾ ਸੀ ਪਰ ਇਹ ਵੀ ਉਨਾਂ ਦੇ ਫੈਸਲੇ ਨੂੰ ਕਮਜੋਰ ਨਾ ਕਰ ਸਕਿਆ। ਜਨਰਲ ਅਤੇ ਉਨਾਂ ਦੇ ਪਰਿਵਾਰ ਨੂੰ ਸੀ.ਬੀ.ਆਈ. ਖੋਜ-ਪੜਤਾਲ ਵਿੱਚ ਫਸਾ ਕੇ 1983 ਤਕ ਲਗਾਤਾਰ ਖੱਜਲ’ਖੁਆਰ ਕੀਤਾ ਜਾਂਦਾ ਰਿਹਾ। ਅੰਤ ਵਿੱਚ ਇਹ ਕੇਸ ਜਨਰਲ ਦੇ ਹੱਕ ਵਿਚ ਗਿਆ ਅਤੇ ਉਹ ਬਾਇੱਜਤ ਬਰੀ ਹੋਏ। ਇਸ ਸਬੰਧੀ ਉਨਾਂ ਆਪਣੇ ਪੁੱਤਰ ਨੂੰ ਕਿਹਾ “ਸੀ.ਬੀ.ਆਈ. ਦੇ ਅਧਿਕਾਰੀ ਆਪਣੀ ਕਮਜੋਰੀ ਬਾਰੇ ਪੂਰੀ ਤਰਾਂ ਜਾਣੂ ਸਨ ਅਤੇ ਮੇਰੀ ਦਿੱਖ ਖਰਾਬ ਕਰਨ ਦੀਆਂ ਅਸਫਲ ਕਾਰਵਾਈਆਂ ਕਾਰਨ ਉਹ ਸ਼ਰਮਸਾਰ ਹਨ।” ਪੰਜ ਸਾਲ ਤਕ ਉਨਾਂ ਸਰਕਾਰ ਵਲੋਂ ਉਨਾਂ ਨੂੰ ਖੱਜਲ ਕਰਨ ਦੀਆਂ ਕਾਰਵਾਈਆਂ ਨੂੰ ਇਸ ਕਰ ਕੇ ਸਹਿਣਾ ਪਿਆ ਕਿਉਂਕਿ ਉਨਾਂ ਰਾਜਨੀਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ ਅਤੇ ਜੈ ਪ੍ਰਕਾਸ਼ ਨਰਾਇਣ ਦੀ ਲਹਿਰ ਨੂੰ ਕੁੱਝ ਸਾਲ ਪਹਿਲਾਂ ਜਾਲਮ ਤਰੀਕੇ ਨਾਲ ਦਬਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਅਕਾਲੀ ਮੋਰਚਾ

ਜਨਰਲ ਸੁਬੇਗ ਸਿੰਘ 1980 ਤੋਂ 1984 ਤੱਕ ਅਕਾਲੀ ਰਾਜਨੀਤੀ ਵਿੱਚ ਪੂਰੀ ਤਰਾਂ ਸਰਗਰਮ ਰਹੇ। ਉਨਾਂ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਉਨਾਂ ਜੇਲ ਵਿੱਚ ਕਿਸੇ ਵੀ ਤਰਾਂ ਦੀ ਖਾਸ ਸਹੂਲਤ ਲੈਣ ਤੋਂ ਇਨਕਾਰ ਕਰਕੇ ਲਹਿਰ ਵਿਚਲੇ ਦੂਜੇ ਸਿੱਖਾਂ ਦਾ ਆਗੂ ਵਜੋਂ ਮਨ ਜਿੱਤਿਆ। ਉਹ ਜਮੀਨ ਉਤੇ ਸੌਂਦੇ ਅਤੇ ਆਪਣਾ ਕੋਟ ਬਜੁਰਗ ਅਤੇ ਬਿਮਾਰ ਸਿੱਖਾਂ ਨੂੰ ਦੇ ਦਿੰਦੇ। ਉਨਾਂ ਦੀਆਂ ਜਰੂਰਤਾ ਦਾ ਧਿਆਨ ਰੱਖਦੇ ਅਤੇ ਜੇਲ ਅਧਿਕਾਰੀਆਂ ਕੋਲ ਇਨਾਂ ਬਜੁਰਗ ਅਤੇ ਕਮਜੋਰ ਸਿੱਖਾਂ ਦਾ ਧਿਆਨ ਨਾ ਰੱਖਣ ਕਰਕੇ ਅਕਸਰ ਰੋਸ ਜਾਹਰ ਕਰਦੇ। ਉਨਾਂ ਆਪਣੇ ਸਾਥੀਆਂ ਅਤੇ ਦੂਜੇ ਆਗੂਆਂ ਜਿਵੇਂ ਪ੍ਰਕਾਸ਼ ਸਿੰਘ ਬਾਦਲ, ਬਲਵੰਤ ਸਿੰਘ, ਐਸ.ਐਸ. ਢੀਂਡਸਾ, ਵਾਈਸ ਚਾਂਸਲਰ ਬ.ਸ. ਸਮੁੰਦਰੀ ਆਦਿ ਦਾ ਮਨ ਜਿੱਤ ਲਿਆ। ਸਾਰੇ ਅਕਾਲੀ ਆਗੂ ਉਨਾਂ ਦੇ ਕੰਮ ਅਤੇ ਸਮਰਪਣ’ਭਾਵਨਾ ਦੇ ਕਾਇਲ ਸਨ।। ਉਹ ਪੰਜਾਬ ਦੇ ਲੋਕਾਂ ਵਿਚ ਜਲਦੀ ਹੀ ਹਰਮਨ ਪਿਆਰੇ ਹੋ ਗਏ ਅਤੇ ਪੰਥ ਦੀ ਸੇਵਾ ਵਿੱਚ ਪੂਰੀ ਤਰਾਂ ਸਮਰਪਿਤ ਹੋ ਗਏ। ਜੇਲ ਤੋਂ ਬਾਹਰ ਉਨਾਂ ਜਿਆਦਾਤਰ ਸਮਾਂ ਆਪਣੇ ਪਿੰਡ ਖਿਆਲਾ ਵਿੱਚ ਆਪਣੀ ਮਾਤਾ ਨਾਲ ਬਿਤਾਇਆ। ਉਨਾਂ ਆਪਣੇ ਬੁਢਾਪੇ ਦੌਰਾਨ ਦੇਹਰਾ ਦੂਨ ਵਿਖੇ ਘਰ ਬਣਾ ਕੇ ਸੁਖੀ ਜੀਵਨ ਜੀਉਣ ਦੀ ਯੋਜਨਾ ਦਾ ਤਿਆਗ ਕਰ ਦਿੱਤਾ। ਉਨਾਂ ਦੀ ਪਤਨੀ ਵੀ ਪਿੰਡ ਆ ਗਈ ਜਿਥੇ ਉਨਾਂ ਆਪਣਾ ਜ਼ਿਆਦਾਤਰ ਸਮਾਂ ਬਿਤਾਇਆ। ਉਨਾਂ ਦੀ ਪਤਨੀ ਨੇ ਵੀ ਆਪਣੇ ਗੁਰਦੇ ਦੀ ਬਿਮਾਰੀ ਅਤੇ ਦੇਹਰਾ ਦੂਨ ਵਿਚਲੇ ਘਰ ਵਲ ਬੇਧਿਆਨੀ ਅਤੇ ਦਿਲ ਦੀ ਬਿਮਾਰੀ ਦੇ ਬਾਵਜੂਦ ਪਿੰਡ ਰਹਿਣ ਨੂੰ ਤਰਜੀਹ ਦਿੱਤੀ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਾਥੀ ਬਣਨਾ

ਕਈ ਆਗੂਆਂ ਦੀ ਮੌਜੂਦਗੀ ਦੇ ਬਾਵਜੂਦ 1982 ਵਿਚ ਪੰਜਾਬ ਆਗੂ ਰਹਿਤ ਹੋ ਚੁਕਾ ਸੀ। ਪੰਜਾਬ ਦੇ ਲੋਕ ਉਲਝੇ ਹੋਏ ਸਨ। ਇਸ ਤਰਾਂ ਦੇ ਹਾਲਾਤ ਵਿੱਚ ਇਕ ਹੋਰ ਕ੍ਰਿਸ਼ਮਈ ਆਗੂ ਉਭਰਿਆ। ਇਹ ਦਮਦਮੀ ਟਕਸਾਲ ਦੇ ਸੰਤ ਅਤੇ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਨ। ਉਹ ਨਿਰਛੱਲ, ਸਮਰਪਤ, ਬੇਗਰਜ, ਸੁਆਰਥਹੀਣ, ਅਡੋਲ, ਅਟਲ, ਖਰਾ, ਬੇਬਾਕ ਅਤੇ ਬੇਝਿਜਕ ਆਗੂ ਸੀ। ਉਸਦਾ ਇਕੋ ਹੀ ਹਿੱਤ ਸੀ, ਸਿੱਖ ਕੌਮ (ਖਾਲਸੇ) ਦਾ ਹਿਤ। ਜਦੋਂ ਉਹ ਧੋਖਾਦੇਹੀ ਵਾਲੀ ਕਾਂਗਰਸੀ ਰਾਜਨੀਤੀ ਉਤੇ ਹਮਲਾ ਕਰਦੇ ਤਾਂ ਅਕਸਰ ਸ਼ਬਦਾਂ ਦੀ ਚੋਣ ਵਿੱਚ ਬੇਤਰਸ ਹੋ ਜਾਂਦੇ। ਉਹ ਬੇਬਾਕੀ ਨਾਲ ਦੱਸਦੇ ਕਿ ਕਿਵੇਂ ਸਿੱਖਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਕਿਵੇਂ ਅਕਾਲੀ ਆਪਣੇ ਦਾਅਵਿਆਂ ਦੇ ਬਾਵਜੂਦ ਧੋਖੇ ਅਤੇ ਤੋੜ-ਭੰਨ ਦੀ ਰਾਜਨੀਤੀ ਦੇ ਸ਼ਿਕਾਰ ਬਣ ਜਾਂਦੇ ਰਹੇ ਹਨ। ਜਦੋਂ ਉਹ ਤਾਕਤ ਵਿੱਚ ਆਉਂਦੇ ਸਨ ਤਾਂ ਕੇਂਦਰੀ ਸਰਕਾਰ ਨੂੰ ਖੁਸ਼ ਕਰਨ ਲਈ ਸਿੱਖ ਹਿੱਤਾਂ ਨੂੰ ਵਿਸਾਰ ਦਿੰਦੇ ਸਨ। ਲੋਕ ਉਨਾਂ ਦੇ ਵੱਡੀ ਪੱਧਰ ਉਤੇ ਪਿੱਛੇ ਲਗ ਤੁਰੇ। ਜਲਦੀ ਹੀ ਉਹ ਸਿੱਖਾਂ ਦੇ ਸਿਰਮੌਰ ਆਗੂ ਵਜੋਂ ਉਭਰ ਗਏ। ਉਨਾਂ ਦੀ ਵਧਦੀ ਹਰਮਨ-ਪਿਆਰਤਾ ਇੰਦਰਾ ਸਰਕਾਰ ਲਈ ਖਤਰੇ ਦੀ ਘੰਟੀ ਸੀ। ਜਦੋਂ ਜਨਰਲ ਸੁਬੇਗ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਿਲੇ ਤਾਂ ਕੁਦਰਤੀ ਉਹ ਇਸ ਬੇਬਾਕ, ਸਾਫ ਅਤੇ ਬਹਾਦਰ ਇਨਸਾਨ ਜੋ ਕਿ ਕਥਨੀ_ਕਰਨੀ ਦਾ ਸੂਰਾ ਅਤੇ ਕੁਦਰਤੀ ਆਗੂ ਸੀ ਵਲ ਖਿੱਚੇ ਗਏ। ਜਿਉਂ_ਜਿਉਂ ਸਮਾਂ ਬੀਤਿਆ ਦੋਵੇਂ ਹੋਰ ਨੇੜੇ ਹੁੰਦੇ ਗਏ।

ਸਿੱਖ ਬੁੱਧਜੀਵੀਆਂ ਦੀ ਕਾਨਫਰੰਸ

1983 ਵਿੱਚ ਜਨਰਲ ਸੁਬੇਗ ਸਿੰਘ ਅਤੇ ਹੋਰਾਂ ਨੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸਰਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਲਾਹ ਦਿੱਤੀ ਕਿ ਸਿੱਖ ਬੁੱਧੀਜੀਵੀਆਂ ਦੀ ਸਭਾ ਬੁਲਾਈ ਜਾਵੇ ਅਤੇ ਸਰਕਾਰ ਵਲੋਂ ਹਿੰਦੂ ਮਨ ਜਿੱਤਣ ਲਈ ਸਿੱਖਾਂ ਨੂੰ ਬਲੀ ਦੇ ਬਕਰੇ ਬਣਾਏ ਜਾਣ ਲਈ ਖਤਰਨਾਕ ਹਾਲਤ ਪੈਦਾ ਕਰਨ ਦੀ ਸਰਕਾਰੀ ਕੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇ ਤਾਂ ਕਿ ਇਸ ਹਾਲਤ ਦਾ ਮੁਕਾਬਲਾ ਕੀਤਾ ਜਾ ਸਕੇ। ਜਨਰਲ ਸੁਬੇਗ ਸਿੰਘ ਨੇ ਪ੍ਰਸਿੱਧ ਸਿੱਖਾਂ ਅਤੇ ਸੇਵਾ-ਮੁਕਤ ਫੌਜੀ ਸਿੱਖ ਅਫਸਰਾਂ ਨੂੰ ਸੱਦਾ ਪੱਤਰ ਤਿਆਰ ਕਰਕੇ ਭੇਜਣ ਲਈ ਦਿਨ ਰਾਤ ਇਕ ਕਰ ਦਿੱਤਾ ਅਤੇ ਅੰਤ ਉਤੇ ਇਹ ਮੀਟਿੰਗ ਨੇਪੜੇ ਚੜੀ ਅਤੇ ਸਾਰਿਆਂ ਨੇ ਇਸ ਮੌਕੇ ਉਤੇ ਪੰਥਕ ਏਕਤਾ ਬਣਾਈ ਰੱਖਣ ਦੀ ਲੋੜ ਉਤੇ ਜੋਰ ਦਿੱਤਾ। ਵੱਡੀ ਪੱਧਰ ਉੱਤੇ ਸੇਵਾ-ਮੁਕਤ ਸਿੱਖਾਂ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ ਜਿਸ ਨੇ ਸਰਕਾਰ ਨੂੰ ਹਿਲਾ ਦਿੱਤਾ। ਇਹ ਅਹਿਦ ਵੀ ਲਿਆ ਗਿਆ ਕਿ ਲੋੜ ਪੈਣ ਉਤੇ ਸਿੱਖ ਕਾਜ ਲਈ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ ਜਾਣਗੀਆਂ। ਇਕ ਲੀਕ ਵਾਹ ਦਿੱਤੀ ਗਈ ਅਤੇ ਜੋ ਇਸ ਨਾਲ ਸਹਿਮਤ ਸਨ ਉਨਾਂ ਨੂੰ ਇਸ ਲੀਕ ਨੂੰ ਟੱਪਣ ਲਈ ਕਿਹਾ ਗਿਆ। ਜਨਰਲ ਸੁਬੇਗ ਸਿੰਘ ਨੇ ਰਸਤਾ ਵਿਖਾਉਣ ਵਿੱਚ ਅਗਵਾਈ ਦਿੱਤੀ। ਸਮਾਂ ਬੀਤਣ ਉਤੇ ਅਤੇ ਸਿੱਖਾਂ ਲਈ ਇਸ ਤਰਾਂ ਦੇ ਸੜਦੇ ਹਾਲਤਾਂ ਤੋਂ ਬਚਣ ਲਈ ਇਕੋ ਰਾਹ ‘ਏਕਤਾ’ ਦਾ ਬਚਿਆ ਸੀ ਪ੍ਰੰਤੂ ਸਰਕਾਰ ਇਸ ਤਰਾਂ ਦੀਆਂ ਕਾਰਵਾਈਆਂ ਨੂੰ ਖਤਮ ਕਰਨ ਦੀ ਨੀਤੀ ਉਤੇ ਚਲ ਰਹੀ ਸੀ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਸਿੱਖਾਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੋਇਆ ਸੀ।

ਇੰਦਰਾਂ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਉਭਾਰ ਨਾਲ ਨਜਿੱਠਣ ਲਈ ਨਵੀਂ ਪੈਂਤੜੇਬਾਜੀ ਘੜ ਲਈ ਸੀ। ਉਸਨੇ ਸੰਤ ਜਰਨੈਲ ਸਿੰਘ ਨੂੰ ਖਤਮ ਕਰਨ ਦੀ ਚਲਾਕ ਯੋਜਨਾ ਦੇ ਵਰਤਾਰੇ ਨਾਲ ਹਿੰਦੂ ਬਹੁਗਿਣਤੀ ਦਾ ਮਨ ਸਿੱਖਾਂ ਦੀ ਬਲੀ ਦੇ ਕੇ ਜਿੱਤਣ ਦਾ ਮਨ ਬਣਾ ਲਿਆ ਸੀ। ਉਸਨੇ ਨਵੇਂ ਉਭਰੇ ਆਗੂ ਨੂੰ ਬਦਨਾਮ ਕਰਨ ਲਈ ਅਸ਼ਲੀਲ ਪ੍ਰਚਾਰ ਦੀ ਇਕ ਲਹਿਰ ਚਲਾਈ ਗਈ ਜਿਸ ਬਾਰੇ ਉਸ ਨੂੰ ਵਿਸ਼ਵਾਸ਼ ਸੀ ਕਿ ਉਹ ਕਦੇ ਵੀ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰੇਗਾ। ਅਗਲੀ ਕਹਾਣੀ ਬਾਰੇ ਹਰ ਕੋਈ ਜਾਣਦਾ ਹੈ। ਸਿੱਖਾਂ ਅੱਗੇ ਇਸ ਦਾ ਜਵਾਬ ਦੇਣ ਦਾ ਇੱਕੋ ਇਕ ਰਸਤਾ ਮੁਕਾਬਲਾ ਕਰਨ ਦਾ ਹੀ ਬਚਿਆ ਸੀ। ਅੰਤ ਉਤੇ ਸੰਤ ਭਿੰਡਰਾਂਵਾਲਿਆਂ ਅਤੇ ਉਨਾਂ ਦੇ ਸਾਥੀਆਂ ਨੂੰ ਅਕਾਲ ਤਖਤ ਉਤੇ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ। ਸਿੱਖਾਂ ਦੀ ਇਕੋ ਆਸ ਆਗੂਆਂ ਦੀ ਏਕਤਾ ਸੀ ਜੋ ਕਦੇ ਵੀ ਨਾ ਹੋ ਸਕੀ ਸੀ। ਉਹ ਸਰਕਾਰ ਦੇ ਹਰੇਕ ਹਮਲੇ ਦਾ ਜਵਾਬ ਦੇਣ ਦੀ ਹਾਲਤ ਵਿਚ ਨਹੀਂ ਸਨ ਭਾਵੇਂ ਕਿ ਉਹ ਭਾਰਤੀ ਫੌਜਾਂ ਅਤੇ ਪੁਲਸ ਨੂੰ ਕਈ ਮਹੀਨਿਆਂ ਤਕ ਮੁਕਾਬਲਾ ਦੇਣ ਦੇ ਯੋਗ ਸਨ।

ਹੁਣ ਸੰਤ ਜਰਨੈਲ ਸਿੰਘ ਨੂੰ ਜਨਰਲ ਸੁਬੇਗ ਦੀ ਲੋੜ ਸੀ। ਜਨਰਲ ਸਾਹਿਬ ਕੁਝ ਮਹੀਨੇ ਪਹਿਲਾਂ ਦਿਲ ਦੇ ਦੌਰੇ ਕਾਰਨ ਖਰਾਬ ਹੋਈ ਸਿਹਤ ਸੁਧਾਰਨ ਲਈ ਦੇਹਰਾ ਦੂਨ ਵਾਲੇ ਆਪਣੇ ਘਰ ਵਿੱਚ ਰਹਿ ਰਹੇ ਸਨ ਪਰ ਸਿੱਖ ਪ੍ਰਚਾਰ ਲਈ ਉਥੇ ਵੀ ਲਗਾਤਾਰ ਮੀਟਿੰਗਾਂ ਕਰਦੇ ਰਹਿੰਦੇ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋ ਭੇਜਿਆ ਗਿਆ ਇਕ ਖਾਸ ਹਰਕਾਰਾ ਮਾਰਚ 1984 ਦੇ ਅੱਧ ਵਿੱਚ ਉਨਾਂ’ਕੋਲ ਦੇਹਰਾਦੂਨ ਪਹੁੰਚਿਆਂ ਅਤੇ ਸੰਤਾਂ ਵਲੋਂ ਜਨਰਲ ਸਾਹਿਬ ਨੂੰ ਅੰਮ੍ਰਿਤਸਰ ਵਿਖੇ ਉਨਾਂ ਦੀ ਲੋੜ ਪੈਣ ਦਾ ਸੁਨੇਹਾ ਦਿੱਤਾ। ਦੇਹਰਾਦੂਨ ਵਿੱਚ ਸਿਹਤਯਾਬੀ ਤੋਂ ਬਾਅਦ ਜਨਰਲ ਸਾਹਿਬ ਅਤੇ ਉਨਾਂ ਦੀ ਪਤਨੀ ਵਲੋਂ ਹਜੂਰ ਸਾਹਿਬ ਜਾਣ ਦੀ ਯੋਜਨਾ ਬਣਾਈ ਸੀ ਕਿਉਂਕਿ ਸੀ.ਬੀ.ਆਈ. ਦੇ ਕੇਸ ਵਿੱਚੋਂ ਬਰੀ ਹੋਣ ਲਈ ਉਨਾਂ ਦੀ ਪਤਨੀ ਨੇ ਹਜ਼ੂਰ ਸਾਹਿਬ ਵਿਖੇ ਅਰਦਾਸ ਕਰਵਾਉਣ ਦੀ ਸੁੱਖ ਸੁੱਖੀ ਸੀ। ਪਰ ਜਨਰਲ ਸਾਹਿਬ ਨੇ ਇਸ ਪ੍ਰੋਗਰਾਮ ਨੂੰ ਇਕਦਮ ਮਨਸੂਖ ਕਰ ਦਿੱਤਾ। ਉਨਾਂ ਬਿਨਾਂ ਕਿਸੇ ਦੂਜੀ ਸੋਚ ਦੇ (ਅਤੇ ਭਾਵੇਂ ਉਹ ਪੂਰੀ ਤਰਾਂ ਸਿਹਤਯਾਬ ਨਹੀਂ ਹੋਏ ਸਨ) ਅੰਮ੍ਰਿਤਸਰ ਜਾਣ ਦਾ ਫੈਸਲਾ ਕਰ ਲਿਆ। ਇਹ ਉਨਾਂ ਵਲੋਂ ਦੇਹਰਾ ਦੂਨ ਵਿੱਚ ਬਣਾਏ ਉਸ ਘਰ ਵਿਚ ਬਿਤਾਏ ਆਖਰੀ ਦਿਨ ਜੋ ਉਨਾਂ ਸੇਵਾ-ਮੁਕਤੀ ਪਿਛੋਂ ਪੂਜਾ-ਪਾਠ ਕਰਦਿਆਂ ਹੋਇਆ ਸ਼ਾਂਤ ਜਿੰਦਗੀ ਬਿਤਾਉਣ ਦੀ ਇੱਛਾ ਨਾਲ ਬਣਵਾਇਆ ਸੀ।

ਅੰਮ੍ਰਿਤਸਰ ਵਿਖੇ ਪਹੁੰਚ ਕੇ ਉਹ ਸਰਕਾਰ ਵਲੋਂ ਦਰਬਾਰ ਸਾਹਿਬ ਉੱਤੇ ਹਮਲੇ ਦੇ ਵਿਰੁੱਧ ਰਾਖੀ ਲਈ ਪੈਂਤੜੇ ਬਣਾਉਣ ਵਿੱਚ ਰੁੱਝ ਗਏ। ਉਨਾਂ ਨੇ ਰਾਖੀ ਦੀਆਂ ਪੈਂਤੜੇਬਾਜੀਆਂ ਦੀ ਸਿਰਜਣਾ ਇਸ ਤਰਾਂ ਕੀਤੀ ਕਿ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਤੋਂ ਲੁਕੀਆਂ ਰਹਿਣ ਅਤੇ ਨਾਲ ਹੀ ਇਹ ਰਾਖੀ ਦੀ ਯੋਜਨਾਬੰਦੀ ਪ੍ਰਭਾਵਸ਼ਾਲੀ ਵੀ ਹੋਵੇ। ਇਸ ਸਮੇਂ ਉਹ ਆਪਣੇ ਪੂਰੇ ਰੰਗ ਵਿੱਚ ਸਨ।। ਉਨਾਂ ਅੰਦਰ ਹਮੇਸ਼ਾਂ ਜੰਗ ਨੂੰ ਪਿਆਰ ਕਰਨ ਦਾ ਇਰਾਦਾ ਸੀ ਅਤੇ ਜੰਗ ਦੇ ਮੈਦਾਨ ਵਿਚ ਜਾਨ ਦੇਣ ਦੀ ਉਨਾਂ ਅੰਤਰੀਵ ਇੱਛਾ ਸੀ। ਗੁਰੂਆਂ ਦੀ ਪਵਿੱਤਰ ਹਾਜਰੀ ਵਿੱਚ ਜਾਨ ਵਾਰਨ ਦੀ ਉਨਾਂ ਦੀ ਦਿੱਲੀ ਤਮੰਨਾ ਸੀ। ਕੌਮ ਦੀ ਸੇਵਾ ਕਰਦਿਆਂ ਜਾਨ ਵਾਰਨ ਦੀ ਡੁੰਘੀ ਇੱਛਾ ਦੀ ਪੂਰਤੀ ਲਈ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੋਂ ਵੱਧ ਕੇ ਹੋਰ ਕਿਹੜੀ ਥਾਂ ਹੋ ਸਕਦੀ ਹੈ। ਉਹ ਆਪਣੇ ਹੋਠਾਂ ਉੱਤੇ ਗੁਰੂ ਗੋਬਿੰਦ ਸਿੰਘ ਅੱਗੇ ‘ਦੇਹ ਸਿਵਾ ਵਰ ਮੋਹਿ’ ਦੀ ਅਰਦਾਸ ਕਰਦਿਆਂ ਸਮੇਂ ਦੇ ਵਿਰੁੱਧ ਬਿਨਾਂ ਥੱਕਿਆਂ ਆਪਣੇ ਕਾਰਜ ਵਿੱਚ ਲੀਨ ਰਹੇ।

ਪਹਿਲਾਂ ਵੀ, ਹਰੇਕ ਜੰਗ ਲੜਨ ਸਮੇਂ ਉਨਾਂ ਹਮੇਸ਼ਾ ਇਹ ਅਰਦਾਸ ਕੀਤੀ ਸੀ। ਫੌਜ ਵਿੱਚ ਜਰਨੈਲ ਹੁੰਦਿਆ ਉਹ ਆਪਣੇ ਵਿਰੋਧ ਬਾਰੇ ਹਮੇਸ਼ਾਂ ਚੇਤੰਨ ਰਹੇ ਸਨ। ਹੁਣ ਉਨਾਂ ਦੀ ਮਦਦ ਵਾਸਤੇ 200 ਤੋਂ ਵੀ ਘੱਟ ਖਾਲਸੇ ਸਨ ਪਰ ਇਹ ਆਮ ਨੌਜਵਾਨ ਨਹੀਂ ਸਨ। ਇਹ ਆਪਣੇ ਕਾਜ ਨੂੰ ਪੂਰੀ ਤਰਾਂ ਪ੍ਰਣਾਏ ਹੋਏ ਸਨ ਅਤੇ ਸਮਾਂ ਆਉਣ ਆਪਣੇ ਆਖਰੀ ਸਾਹ ਤਕ ਲੜਨ ਦਾ ਮਾਦਾ ਰੱਖਦੇ ਸਨ ਪਰ ਜਨਰਲ ਸਾਹਿਬ ਜਾਣਦੇ ਸਨ ਕਿ ਇੰਨੇ ਛੋਟੇ ਗਰੁੱਪ ਨਾਲ ਅਤੇ ਬਹੁਤ ਥੋੜੀ ਮਾਤਰਾ ਵਿੱਚ ਸਾਧਨਾਂ ਨਾਲ ਉਹ ਅਤਿ ਤਾਕਤਵਰ ਭਾਰਤੀ ਫੌਜ ਉੱਪਰ ਭਾਰੀ ਨਹੀਂ ਸਨ ਪੈ ਸਕਦੇ।। ਪਰ ਦਮਦਮੀ ਟਕਸਾਲ ਦੇ ਮੁੱਖੀ ਇਸ ਤਰਾਂ ਦੀ ਸਲਾਹ ਨੂੰ ਕਿਵੇਂ ਮੰਨ ਸਕਦੇ ਸਨ ਜਦ ਕਿ ਇਹ ਸਲਾਹ ਆਪਣੇ ਆਪ ਵਿੱਚ ਵਿਹਾਰਕ ਸੀ। ਇੰਦਰਾ ਇਸ ਬਾਰੇ ਜਾਣੂ ਸੀ ਅਤੇ ਉਸ ਨੇ ਆਪਣਾ ਹਿਸਾਬ ਕਿਤਾਬ ਲਗਾ ਲਿਆ ਹੋਇਆ ਸੀ। ਸਮਾਂ ਆਉਣ ਉਤੇ ਸੰਤ (ਜਰਨੈਲ ਸਿੰਘ ਜੀ) ਬਾਬਾ ਦੀਪ ਸਿੰਘ ਜੀ ਦੇ ਪਦ-ਚਿੰਨਾਂ ਉਤੇ ਚਲਦਿਆਂ ਹੋਇਆ ਸ਼ਹੀਦੀ ਦੇਣ ਦੀ ਚੋਣ ਕਰ ਚੁੱਕੇ ਸਨ। ਇਥੇ ਦੋ ਪਰੰਪਰਾਵਾਂ ਦਾ ਸੁਮੇਲ ਹੋਣਾ ਸੀ। ਇਕ ਪਾਸੇ ਮਹਾਨ ਦਮਦਮੀ ਟਕਸਾਲ ਦੇ ਮੁੱਖੀ ਸਨ ਅਤੇ ਦੂਜੇ ਪਾਸੇ 250 ਸਾਲ ਪਹਿਲਾਂ ਮੱਸੇ ਰੰਘੜ ਦਾ ਸਿਰ ਵੱਢ ਕੇ ਆਪਣੇ ਨੇਜੇ ਉਤੇ ਟੰਗ ਕੇ ਲੈ ਜਾਣ ਵਾਲੇ ਭਾਈ ਮਹਿਤਾਬ ਸਿੰਘ ਦਾ ਵਾਰਸ ਸੀ।

ਇਸ ਸਮੇਂ ਦੌਰਾਨ ਇੰਦਰਾ ਗਾਂਧੀ ਆਪਣੀ ਖੇਡ ਉਸ ਵਲੋਂ ਬਣਾਏ ਨਿਯਮਾਂ ਅਨੁਸਾਰ ਖੇਡ ਰਹੀ ਸੀ। ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸਿੱਖਾਂ ਅਤੇ ਖਾਸ ਕਰਕੇ ਹਰਿਮੰਦਰ ਸਾਹਿਬ ਉਤੇ ਹਮਲੇ ਦੀ ਸੂਰਤ ਵਿਚ ਭੜਕਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਸੀ। ਚਕਰਾਤਾ ਵਿਖੇ ਕਮਾਂਡੋ ਹਮਲੇ ਦੀ ਰਿਹਰਸਲ ਕਰ ਰਹੇ ਸਨ। ਸਿੱਖ ਮਾਣ ਉਤੇ ਕਰੜੀ ਸੱਟ ਮਾਰਨ ਲਈ ਜੂਨ 1984 ਵਿੱਚ ਫੌਜ ਬੁਲਾ ਲਈ ਗਈ ਸੀ। ਫੌਜ ਦੇ ਆਗੂਆਂ ਨੂੰ ਧਿਆਨ ਨਾਲ ਚੁਣਿਆ ਗਿਆ। ਜਨਰਲ ਸੁੰਦਰਜੀ ਭਾਵੇਂ ਫੌਜ ਦੇ ਮੁਖੀ ਸਨ ਪਰ ਲੈਫਟੀਨੈਂਟ ਜਨਰਲ ਰ.ਸ. ਦਿਆਲ ਨੂੰ ਕਾਰਵਾਈ ਦੇ ਕਮਾਂਡਰ ਵਜੋਂ ਭਾਰਤ ਸਰਕਾਰ ਨੇ ਵੱਡੇ ਪੱਧਰ ਉਤੇ ਮਸ਼ਹੂਰੀ ਦਿੱਤੀ। ਭਾਰਤੀ ਮੀਡੀਏ ਨੇ ਵੱਡੀ ਪੱਧਰ ਉਤੇ ਪ੍ਰਚਾਰ ਕੀਤਾ ਕਿ ਫੌਜੀ ਸਿੱਖ ਅਫਸਰਾਂ ਵਲੋਂ ਦਰਬਾਰ ਸਾਹਿਬ ਉਤੇ ਕਾਰਵਾਈ ਦੀ ਹਿਮਾਇਤ ਕੀਤੀ ਹੈ। ਮੇਜਰ ਕੁਲਦੀਪ ਸਿੰਘ ਬਰਾੜ ਜੋ ਕਿ ਸਿਰਫ ਨਾਂ ਦਾ ਸਿੱਖ ਸੀ, ਸ਼ਰਾਬ ਅਤੇ ਸਿਗਰਟਨੋਸ਼ੀ ਦਾ ਸ਼ੁਕੀਨ ਸੀ, ਗੈਰ-ਸਿੱਖ ਔਰਤ ਨਾਲ ਵਿਆਹਿਆ ਹੋਇਆ ਸੀ, ਨੂੰ ਦਿਆਲ ਸਮੇਤ ਹਮਲੇ ਦੀ ਕਾਰਵਾਈ ਦੇ ਕਮਾਂਡਰਾਂ ਵਜੋਂ ਨਿਵਾਜਿਆ ਗਿਆ। ਗਿਆਨੀ ਜ਼ੈਲ ਸਿੰਘ ਜਿਸਨੇ ਫੌਜੀ ਕਾਰਵਾਈ ਸਬੰਧੀ ਕਾਗਜੀ ਕਾਰਵਾਈ ਉਤੇ ਦਸਤਖਤ ਕੀਤਾ ਭਾਰਤ ਦਾ ਰਾਸ਼ਟਰਪਤੀ ਸੀ।

ਪੰਡਤਾਣੀ ਕਿੰਨੀ ਚਲਾਕ ਸੀ। ਉਸ ਨੇ ਹਰੇਕ ਚੀਜ਼ ਨੂੰ ਪਹਿਲਾਂ ਹੀ ਨੀਯਤ ਕੀਤਾ ਹੋਇਆ ਸੀ। ਇਕ ਅਤੇ ਦੋ ਜੂਨ ਨੂੰ ਬਰਾੜ ਨੇ ਖੁਦ ਸ਼ਰਧਾਲੂ ਦੇ ਰੂਪ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਸਿੱਖਾਂ ਵਲੋਂ ਕੀਤੇ ਗਏ ਰਾਖੀ-ਪ੍ਰਬੰਧ ਦਾ ਜਾਇਜਾ ਲਿਆ ਅਤੇ ਆਪਣੇ ਉਚ ਅਫਸਰਾਂ ਨੂੰ ਦੱਸਿਆ ਕਿ ਕਾਰਵਾਈ ਪੂਰੀ ਕਰਨ ਲਈ ਸਿਰਫ ਛੇ ਕੁ ਘੰਟਿਆਂ ਦਾ ਸਮਾਂ ਲੱਗੇਗਾ। ਤਿੰਨ ਜੂਨ ਨੂੰ ਸਾਢੇ ਨੌਂ ਵਜੇ ਅੰਮ੍ਰਿਤਸਰ ਅਤੇ ਸਾਰੇ ਪੰਜਾਬ ਨੂੰ ਸੀਲ ਕਰ ਦਿੱਤਾ ਗਿਆ ਅਤੇ ਹਰਿਮੰਦਰ ਸਾਹਿਬ ਦੇ ਅੰਦਰ ਆਉਣ ਅਤੇ ਬਾਹਰ ਜਾਣ ਉਤੇ ਪਾਬੰਦੀ ਲਗਾ ਦਿੱਤੀ ਗਈ। ਸਾਢੇ ਅੱਠ ਵਜੇ ਜਨਰਲ ਸੁਬੇਗ ਸਿੰਘ ਨੇ ਆਪਣੇ ਰਿਸ਼ਤੇਦਾਰਾਂ, ਨੂੰ ਆਪਣੀ ਮਾਤਾ ਜੀ, ਪਤਨੀ ਅਤੇ ਦੂਜੇ ਸਾਕ-ਸਬੰਧੀਆਂ ਨੂੰ ਹਰਿਮੰਦਰ ਸਾਹਿਬ ਤੋਂ ਬਾਹਰ ਜਾਣ ਅਤੇ ਪਿੰਡ ਵਾਪਸ ਜਾਣ ਲਈ ਜੋਰ ਪਾਇਆ। ਸਾਰੇ ਸਾਕ-ਸਬੰਧੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਅਰਦਾਸ ਕਰਨ ਲਈ ਆਏ ਸਨ ਜੋ ਕਿ ਚਾਰ ਜੂਨ ਨੂੰ ਸੀ। ਇਨਾਂ ਵਲੋਂ ਹਰਿਮੰਦਰ ਸਾਹਿਬ ਤੋਂ ਗੁਰੂਸਰ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਥਾਨ ਤਕ ਜਾਣ ਵਾਲੀ ਸਲਾਨਾ ਚੌਂਕੀ ਸਬੰਧੀ ਪ੍ਰਬੰਧ ਕਰਨੇ ਸਨ। ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸਮੇਤ ਚੌਂਕੀ ਖਿਆਲਾ ਪਿੰਡ ਵਿਖੇ ਰੁਕਦੀ ਸੀ ਜਿੱਥੇ ਜਨਰਲ ਸਾਹਿਬ ਦੀ ਮਾਤਾ ਜੀ ਵਲੋਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਾਹ-ਪਾਣੀ ਦੀ ਸੇਵਾ ਦਾ ਪ੍ਰਬੰਧ ਕਰਨਾ ਸੀ। ਮਾਤਾ ਜੀ ਨੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਵੀ ਪੂਰੇ ਪ੍ਰਬੰਧ ਕੀਤੇ ਸਨ ਪਰ ਹਜਾਰਾਂ ਸੰਗਤਾਂ ਜੋ ਇਸ ਸਲਾਨਾ ਦਿਹਾੜੇ ਨੂੰ ਮਨਾਉਣ ਲਈ ਦਰਬਾਰ ਸਾਹਿਬ ਪਹੁੰਚੀਆਂ ਸਾਢੇ ਨੌਂ ਵਜੇ ਤੋਂ ਪਹਿਲਾਂ ਬਾਹਰ ਨਾ ਨਿਕਲ ਸਕੀਆਂ ਅਤੇ ਦਰਬਾਰ ਸਾਹਿਬ ਦੇ ਅੰਦਰ ਹੀ ਫਸ ਗਈਆਂ। ਹਜਾਰਾਂ ਸੰਗਤਾਂ ਤਾਕਤ ਦੀ ਭੁੱਖੀ ਇੰਦਰਾਂ ਅਤੇ ਉਸ ਦੇ ਚਮਚਿਆਂ ਵਲੋਂ ਕੀਤੇ ਗਏ ਕਤਲੇਆਮ ਵਿਚ ਸ਼ਹੀਦ ਹੋ ਗਈਆਂ। ਸਿੱਖਾਂ ਨੇ ਕੌਮੀ ਸ਼ਹੀਦਾਂ ਦੀ ਪਰੰਪਰਾਂ ਨੂੰ ਸ਼ਹੀਦਾਂ ਦਾ ਇਕ ਹੋਰ ਜਥਾ ਭੇਂਟ ਕੀਤਾ।

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਅਤੇ ਹੋਰ ਬਹਾਦਰ ਯੋਧਿਆਂ ਜੋ ਹਰਿਮੰਦਰ ਸਾਹਿਬ ਅਤੇ ਸਿੱਖਾਂ ਦੇ ਮਾਣ ਦੀ ਰਾਖੀ ਲਈ ਲੜੇ ਸਨ ਆਦਿ ਵਲੋਂ ਆਪਣੀ ਜਿੰਦਗੀ ਦਾ ਆਖਰੀ ਕਾਂਡ ਖਤਮ ਹੋਣ ਦੇ ਨੇੜੇ ਸੀ। ਹਜਾਰਾਂ ਸ਼ਰਧਾਲੂ ਫੌਜੀ ਕਾਰਵਾਈ ਵਿੱਚ ਜਾਨਾਂ ਗਵਾ ਚੁਕੇ ਸਨ ਅਤੇ ਜੋ ਬਚੇ ਸਨ ਭਾਰਤੀ ਸਰਕਾਰ ਦੀਆਂ ਜੇਲਾਂ ਵਿੱਚ ਸੜ ਰਹੇ ਸਨ। ਪਰ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਕਾਂਡ ਹਾਲੇ ਹੋਰ ਸ਼ੁਰੂ ਹੋਣ ਜਾ ਰਿਹਾ ਸੀ। ਨੀਲਾ ਤਾਰਾ ਸਾਕੇ ਤੋਂ ਬਾਅਦ ਹਜਾਰਾਂ ਸਿੱਖ ਨੌਜਵਾਨਾਂ ਨੇ ਖਾਲਿਸਤਾਨ ਇਕ ਧਰਤੀ ਜਿਸ ਨੂੰ ਸਿੱਖ ਆਪਣਾ ਮੰਨਦੇ ਸਨ, ਲਈ ਸੰਘਰਸ਼ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਕ ਅਜਿਹਾ ਥਾਂ ਜਿਥੇ ਉਹ ਆਪਣੀ ਕਿਸਮਤ ਦੇ ਮਾਲਕ ਬਨਣਾ ਲੋਚਦੇ ਸਨ ਅਤੇ ਜਿਸ ਨੂੰ ਉਹ ਇੰਦਰਾ ਅਤੇ ਰਾਜੀਵ ਗਾਂਧੀ ਵਰਗੇ ਅਸੂਲਾਂ ਦੇ ਕੱਚੇ ਅਤੇ ਤਾਕਤ ਦੇ ਭੁੱਖੇ ਹਿੰਦੂ ਰਾਜਨੀਤਕਾਂ ਦੇ ਸ਼ੋਸ਼ਣ ਤੋਂ ਬਚਾਉਣਾ ਚਾਹੁੰਦੇ ਸਨ।

ਸਿੱਖ ਉਦੋਂ ਤੱਕ ਅਰਾਮ ਨਾਲ ਨਹੀਂ ਬੈਠਣਗੇ ਜਦੋਂ ਤਕ ਉਹ ਆਪਣਾ ਘਰ ਪ੍ਰਾਪਤ ਨਹੀਂ ਕਰ ਲੈਂਦੇ ਜਿਥੇ ਉਨਾਂ ਦੀਆਂ ਆਉਣ ਵਾਲੀਆਂ ਨਸਲਾਂ ਅਜਾਦੀ ਨੂੰ ਮਾਣ ਸਕਣ ਅਤੇ ਲੋਕਤੰਤਰੀ ਸਮਾਜ ਦੀ ਖੁਸ਼ੀ ਪ੍ਰਾਪਤ ਕਰ ਸਕਣ। ਲੱਖਾਂ ਸਿੱਖਾਂ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਵਾਹਿਗੁਰੂ ਦੀ ਮਿਹਰ ਸਦਕੇ ਸਿੱਖ ਕੁਕਨੂਸ ਆਪਣੀ ਰਾਖ ਵਿਚੋਂ ਮੁੜ ਉਭਰ ਕੇ ਉੱਚੀ ਉਡਾਰੀ ਲਾਵੇਗਾ। ਉਹ ਦਿਨ ਦੂਰ ਨਹੀਂ ਹੈ ਜਦੋਂ ਸਾਡੇ ਸ਼ਹੀਦਾਂ ਦਾ ਖੂਨ ਰੰਗ ਲਿਆਵੇਗਾ। 1944 ਵਿੱਚ ਜਦੋਂ ਜੰਗ ਖਤਮ ਹੋਈ ਉਹ ਮਲਾਇਆ ਵਿੱਚ ਸਨ ਉਨਾਂ ਜਨਰਲ ਰੈਨਾਂ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਵਾਪਸ ਮੋੜਨ ਲਈ ਕਿਹਾ ਗਿਆ ਕਿਉਂਕਿ ਕਮਾਉਂ ਰਜਮੈਂਟ ਦਾ ਮਿਲਟਰੀ ਫਾਰਮ ਪਹਿਲਾਂ ਹੀ ਘਾਟੇ ਵਿੱਚ ਚਲ ਰਿਹਾ ਸੀ ਇਹੀ ਕਾਰਨ ਸੀ ਕਿ ਬੌਧਿਕ ਤੱਤ ਅਕਾਲੀ ਦਲ ਤੋਂ ਦੂਰ ਰਹਿੰਦੇ ਸਨ ਉਨਾਂ ਦੇ ਸਾਥੀ ਹਮੇਸ਼ਾ ਉਨਾਂ ਵਲੋਂ ਵਿਖਾਏ ਜੋਸ਼ ਕਾਰਨ ਚੜਦੀ ਕਲਾ ਵਿੱਚ ਰਹਿੰਦੇ ਸਨ ਗੁਰਚਰਨ ਸਿੰਘ ਟੌਹੜਾ, ਸੰਤ ਲੌਗੋਂਵਾਲ, ਜਗਦੇਵ ਸਿੰਘ ਤਲਵੰਡੀ ਅਤੇ ਹੋਰ ਕਈ ਛੋਟੇ-ਵੱਡੇ ਆਗੂ ਵਿਚਰ ਰਹੇ ਸਨ ਪਰ ਲੋਕਾਂ ਦੀਆਂ ਨਜਰਾਂ ਵਿੱਚ ਸਰਕਾਰੀ ਪ੍ਰਚਾਰ ਕਾਰਨ ਅਤੇ ਇੰਦਰਾ ਗਾਂਧੀ ਅਤੇ ਕਾਂਗਰਸ ਦੀਆਂ ਚਾਲਾਂ ਕਾਰਨ ਸ਼ੱਕੀ ਸਨ ਹਰੇਕ ਬੀਤਦੇ ਦਿਨ ਸਰਕਾਰ ਦੀ ਸਿੱਖਾਂ ਨੂੰ ਬਦਨਾਮ ਕਰਨ ਦੀ ਬੇਸ਼ਰਮੀ ਭਰੀ ਨੀਤੀ ਤੇਜ ਹੁੰਦੀ ਗਈ ਆਪਣੀ ਕੌਮ ਦੇ ਸੇਵਾ ਵਿੱਚ ੳਹ ਆਪਣੀ ਜਾਨ ਦੀ ਬਾਜੀ ਲਾਉਣ ਜਾ ਰਹੇ ਸਨ ਇਸ ਕਰਕੇ ਉਨਾਂ ਸਿੱਖ ਪੰਥ ਦੇ ਕਾਜ ਅਤੇ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਣ ਲਈ ਸੰਤ ਜਰਨੈਲ ਸਿੰਘ ਜੀ ਨੂੰ ਅਕਾਲ ਤਖਤ ਛੱਡ ਕੇ ਕਿਸੇ ਦੂਜੇ ਮੁਲਕ ਵਿੱਚ ਪਨਾਹ ਲੈਣ ਦੀ ਸਲਾਹ ਦਿੱਤੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top