Share on Facebook

Main News Page

ਬੇਅੰਤ ਸਿੰਘ ਤੇ ਰਾਜੀਵ ਗਾਂਧੀ ਵੀ ਸਿੱਖ ਕੌਮ ਲਈ ਖ਼ਤਰਨਾਕ ਅੱਤਵਾਦੀ, ਕਾਂਗਰਸੀਆਂ ਨੇ ਉਹਨਾਂ ਦੀਆਂ ਯਾਦਗਾਰਾਂ ਕਿਉਂ ਬਣਾਈਆਂ?
-
ਗਿਆਨੀ ਬਲਵੰਤ ਸਿੰਘ ਨੰਦਗੜ

ਬਰਨਾਲਾ, 22 ਜੂਨ, (ਜਗਸੀਰ ਸਿੰਘ ਸੰਧੂ): ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਕਿਹਾ ਹੈ ਕਿ ‘ਸਾਕਾ ਦਰਬਾਰ ਸਾਹਿਬ’ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੇ ਵਿਰੋਧ ਵਿਚ ਪੰਜਾਬ ਵਿਧਾਨ ਸਭਾ ’ਚੋਂ ਵਾਕ ਆਊਟ ਕਰਨ ਵਾਲੇ ਕਾਂਗਰਸੀ ਇਹ ਸਪੱਸ਼ਟ ਕਰਨ ਕਿ ਉਹਨਾਂ ਕਾਂਗਰਸੀਆਂ ਨੇ ਆਪ ਦਹਿਸ਼ਤਗਰਦ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦਗਾਰ ਕਿਉਂ ਬਣਾਈ ਹੈ, ਜਦੋਂ ਕਿ ਬੇਅੰਤ ਸਿੰਘ ਸਿੱਖ ਕੌਮ ਲਈ ਇਕ ਅਜਿਹਾ ਖਤਰਨਾਕ ਅੱਤਵਾਦੀ ਸੀ, ਜਿਸ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਅਣਪਛਾਤੀ ਲਾਸ਼ਾਂ ਵਿਚ ਬਦਲ ਦਿੱਤਾ ਸੀ। ਬੇਅੰਤ ਸਿੰਘ ਨੇ ਆਪਣੇ ਮੁੱਖ ਕਾਰਜਕਾਲ ਸਮੇਂ ਪੰਜਾਬ ਦੀ ਹਰੇਕ ਨਹਿਰ, ਸੂਏ ਅਤੇ ਡਰੇਨ ਦੇ ਪੁਲ ’ਤੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਸੀ। ਜਥੇਦਾਰ ਨੰਣਗੜ੍ਹ ਨੇ ਪਹਿਰੇਦਾਰ ਨਾਲ ਇੱਕ ਵਿਸ਼ੇਸ ਗੱਲਬਾਤ ਦੌਰਾਨ ਕਿਹਾ ਕਿ ਹਜਾਰਾਂ ਬੇਗੁਨਾਹ ਸਿੱਖਾਂ ਦੇ ਕਾਤਲ ਬੇਅੰਤ ਸਿੰਘ ਦੀ ਯਾਦਗਾਰ ਬਣਾਉਣ ਵਾਲੇ ਕਾਂਗਰਸੀ ਹੁਣ ਪੰਜਾਬ ਵਿਧਾਨ ਸਭਾ ’ਚੋਂ ਇਸ ਲਈ ਵਾਕ ਆਊਟ ਕਰ ਰਹੇ ਹਨ ਕਿ ਇਹ ‘ਸਾਕਾ ਦਰਬਾਰ ਸਾਹਿਬ’ ਦੀ ਯਾਦਗਾਰ ਬਣਨ ਨਾਲ ਕਾਂਗਰਸ ਦਾ ਸਿੱਖ ਕੌਮ ਵਿਰੋਧੀ ਚਿਹਰਾ ਰਹਿੰਦੀ ਦੁਨੀਆਂ ਤੱਕ ਨੰਗਾ ਹੋ ਜਾਵੇਗਾ।

ਗਿਆਨੀ ਨੰਦਗੜ੍ਹ ਨੇ ਕਿਹਾ ਕਾਂਗਰਸ ਦੇ ਰਾਜ ਦੌਰਾਨ ਨਵੰਬਰ 1984 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸਹਿਰਾਂ ਵਿੱਚ ਬੇਗੁਨਾਹ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਜਾਂਦਾ ਕਿਹਾ, ਸਿੱਖਾਂ ਦੀਆਂ ਬਹੂ ਬੇਟੀਆਂ ਦੀ ਬੇਪਤੀ ਹੁੰਦੀ ਰਹੀ ਅਤੇ ਸਿੱਖਾਂ ਦੀਆਂ ਇੱਜਤਾਂ ਅਤੇ ਜਾਇਦਾਦਾਂ ਸਰੇਆਮ ਲੁਟੀਆਂ ਜਾਂਦੀਆਂ ਰਹੀਆਂ, ਪਰ ਏਸੇ ਕਾਂਗਰਸ ਦੇ ਨਵੇਂ ਬਣੇ ਅੱਤਵਾਦੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੇ ਬੇਗੁਨਾਹ ਸਿੱਖਾਂ ਦੇ ਕਤਲਾਂ ਨੂੰ ਭੂਚਾਲ ਆਉਣ ਵੇਲੇ ਧਰਤੀ ਹਿੱਲਦੀ ਹੈ ਕਹਿ ਕੇ ਕਾਂਗਰਸ ਦੇ ਅੱਤਵਾਦੀ ਕਾਰਨਾਮੇ ਨੂੰ ਜਾਇਜ਼ ਦੱਸਿਆ ਸੀ।

ਗਿਆਨੀ ਨੰਦਗੜ੍ਹ ਨੇ ਸਵਾਲ ਕੀਤਾ ਹੈ ਕਿ ਫੇਰ ਕਾਂਗਰਸੀਆਂ ਨੇ ਉਸ ਅੱਤਵਾਦੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੀ ਯਾਦਗਾਰ ਕਿਉਂ ਬਣਾਈ ਹੈ? ਉਹਨਾਂ ਕਿਹਾ ਕਿ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਜਿੰਮੇਵਾਰ ਸਾਰੇ ਕਾਂਗਰਸੀ ਲੀਡਰ ਸਿੱਖ ਕੌਮ ਲਈ ਅੱਤਵਾਦੀ ਹੀ ਹਨ। ਜਥੇਦਾਰ ਨੰਦਗੜ੍ਹ ਨੇ ਕਿਹਾ ਹੈ ਕਿ ਜੂਨ1984 ਵਿਚ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਦਰਬਾਰ ਸਾਹਿਬ ਵਿਖੇ ਇਕੱਤਰ ਹੋਈ ਸਿੱਖ ਕੌਮ ’ਤੇ ਫੌਜੀ ਹਮਲਾ ਕਰਕੇ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਕਤਲ ਕਰਨ ਵਾਲੀ ਅੱਤਵਾਦੀ ਕਾਂਗਰਸ ਦਾ ਚਿਹਰਾ ਢੱਕਣ ਲਈ ਹੀ ਹੁਣ ਕਾਂਗਰਸੀ ਵਿਧਾਨ ਸਭਾ ਚੋਂ ਵਾਕ ਆਊਟ ਕਰਨ ਦੇ ਡਰਾਮੇ ਕਰ ਰਹੇ ਹਨ, ਪਰ ਹੁਣ ਸ਼ਹੀਦਾਂ ਦੀ ਯਾਦਗਾਰ ਵੀ ਜਰੂਰ ਬਣੇਗੀ ਅਤੇ ਕਾਂਗਰਸ ਦਾ ਅਸਲੀ ਰੂਪ ਵੀ ਦੁਨੀਆਂ ਸਾਹਮਣੇ ਆ ਕੇ ਰਹੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top