Share on Facebook

Main News Page

ਜੇ ਕਾਂਗਰਸ ਨੇ ਸਿੱਖ ਮਸਲਿਆਂ ਦੀ ਵਿਰੋਧਤਾ ਬੰਦ ਨਾ ਕੀਤੀ ਤਾਂ ਉਹ ਅਗਲੇ ਵੀਹ ਸਾਲ ਤਕ ਪੰਜਾਬ ਵਿਚ ਤਾਕਤ ਹਾਸਿਲ ਨਹੀਂ ਕਰ ਸਕੇਗੀ
-
ਡਾ.
ਹਰਜਿੰਦਰ ਸਿੰਘ ਦਿਲਗੀਰ

ਸਾਂਤਾ ਕਲੋਮਾ, ਸਪੇਨ (ਬਲਜਿੰਦਰ ਕੌਰ) - ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 1984 ਦੇ ਸ਼ਹੀਦਾਂ ਦੀ ਯਾਦਗਾਰ ਦੇ ਵਿਰੋਧ ਨੂੰ ਉਸ ਦੀ ਇਤਿਹਾਸਕ ਗ਼ਲਤੀ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਕੈਪਟਨ ਨੇ ਅਜਿਹਾ ਕਰ ਕੇ ਪੰਥ ਵਾਸਤੇ ਦੋ ਵਾਰ ਕੀਤੀ ਆਪਣੀ ਕੁਰਬਾਨੀ ਦੀ ਕੀਮਤ ਘਟਾਈ ਹੀ ਨਹੀਂ ਬਲਕਿ ਰਾਇਗਾਂ ਕੀਤੀ ਹੈ ਤੇ ਉਸ ਨੂੰ ਇਸ ਦਾ ਹੋਰ ਵੀ ਬਹੁਤ ਖ਼ਮਿਆਜ਼ਾ ਭੁਗਤਣਾ ਪਵੇਗਾ।

ਸ਼੍ਰੋਮਣੀ ਸਿੱਖ ਇਤਿਹਾਸਕਾਰ ਨੇ ਕਿਹਾ ਕਿ ਕਾਂਗਰਸ ਅੱਗੇ ਦੋ ਵਾਰ ਹਿੰਦੂ ਪੱਤਾ ਖੇਡਣ ਦੀ ਕੋਸ਼ਿਸ਼ ਕਰ ਚੁਕੀ ਹੈ, ਅਤੇ ਦੋਵੇਂ ਵਾਰ ਇਹ ਉਸ ਨੂੰ ਮਹਿੰਗਾ ਪਿਆ ਹੈ। ਪਹਿਲਾਂ ਅਸੈਂਬਲੀ ਵਿਚ ਕਾਂਗਰਸ ਨੇ ਬਾਦਲ ਵੱਲੋਂ ‘ਪੰਥਕ’ ਮੁਖੌਟਾ ਵਰਤਣ ਦਾ ਵਿਰੋਧ ਹਿੰਦੂ ਵੋਟਾਂ ‘ਤੇ ਨਿਗਾਹ ਰੱਖਣ ਕਰ ਕੇ ਨਹੀਂ ਕੀਤਾ ਸੀ, ਹਾਲਾਂ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪੰਥਕ ਰੋਲ ਦਾ ਪ੍ਰਚਾਰ ਕਰ ਕੇ ਬਾਦਲ ਨੂੰ ਬੇਨਕਾਬ ਕਰ ਸਕਦਾ ਸੀ। ਕੈਪਟਨ ਨੇ ਚਮਕੌਰ ਤੇ ਮੁਕਤਸਰ ਵਿਚ ਧਾਰਮਿਕ ਯਾਦਗਾਰਾਂ ਬਣਾਈਆਂ ਸਨ, ਤਰਨਤਾਰਨ ਨੂੰ ਜ਼ਿਲ੍ਹਾ ਬਣਾਇਆ ਸੀ ਤੇ ਪਾਣੀਆਂ ਦੇ ਸਮਝੌਤੇ ਰੱਦ ਕੀਤੇ ਸਨ, ਪਰ ਇਸ ਸਾਰਾ ਕੁਝ ਨੂੰ ਜਾਣ ਬੁਝ ਕੇ ਨਹੀਂ ਪਰਚਾਰਿਆ ਗਿਆ। ਕਾਂਗਰਸ ਨੇ ਦੂਜੀ ਵਾਰ ਇਹ ਗ਼ਲਤੀ ਕੀਤੀ ਜਦ ਚਾਰ ਕਾਰਪੋਰੇਸ਼ਨਾਂ ਦੀਆਂ ਚੋਣਾਂ ਵੇਲੇ ਸ਼ਹੀਦੀ ਯਾਦਗਾਰ ਦਾ ਵਿਰੋਧ ਹਿੰਦੂ ਵੋਟਾਂ ਲੈਣ ਵਾਸਤੇ ਕੀਤਾ। ਪਰ ਇਹ ਵੀ ਉਲਟਾ ਪਿਆ। ਹੁਣ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਇਸ ਦਾ ਬਹੁਤ ਖ਼ਮਿਆਜ਼ਾ ਭੁਗਤਣਾ ਪਵੇਗਾ ਤੇ ਇਸ ਵਾਰ ਅਸੈਂਬਲੀ ਤੋਂ ਵੀ ਮਾੜਾ ਹਾਲ ਹੋਵੇਗਾ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਖਿਆਲ ਰਖਣਾ ਚਾਹੀਦਾ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਪੰਥਕ ਲੋਕਾਂ ਨੇ ਹੀ ਉਸ ਨੂੰ ਸਿੱਖ ਵੋਟਾਂ ਪੁਆਈਆਂ ਸਨ। ਉਨ੍ਹਾਂ ਇਹ ਵੀ ਸ਼ੱਕ ਜ਼ਾਹਰ ਕੀਤਾ ਹੈ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਦੇ ਅੰਦਰੂਨੀ ਸਰਕਲ ਵਿਚ ਬਾਦਲ ਜਾਂ ਆਰ.ਐਸ. ਐਸ. ਦਾ ਕੋਈ ਏਜੰਟ ਆ ਵੜਿਆ ਹੈ, ਜੋ ਉਸ ਤੋਂ ਗ਼ਲਤ ਫ਼ੈਸਲੇ ਕਰਵਾ ਕੇ ਪੰਜਾਬ ਵਿਚ ਕਾਂਗਰਸ ਦਾ ਬੇੜਾ ਗਰਕ ਕਰਨ ‘ਤੇ ਤੁਲਿਆ ਹੋਇਆ ਹੈ। ਜੇ ਕਾਂਗਰਸ ਜਾਂ ਕੈਪਟਨ ਨੇ ਅਜਿਹੀ ਗ਼ਲਤੀ ਕਰਨੀ ਬੰਦ ਨਾ ਕੀਤੀ ਤਾਂ ਕਾਂਗਰਸ ਅਗਲੇ ਵੀਹ ਸਾਲ ਤਕ ਪੰਜਾਬ ਵਿਚ ਤਾਕਤ ਹਾਸਿਲ ਨਹੀਂ ਕਰ ਸਕੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top