ਅਨੰਦਪੁਰ
ਸਾਹਿਬ,24 ਜੂਨ
(ਸੁਰਿੰਦਰ ਸਿੰਘ ਸੋਨੀ):
ਭਾਂਵੇ ਹਰ ਪੰਜਾਬੀ ਗਾਇਕ ਆਪਣੇ ਮੁੰਹੋ ਪੰਜਾਬੀ
ਸਭਿਆਚਾਰ ਦੀ ਸੇਵਾ ਦੀ ਗੱਲ ਕਰਦਾ ਹੈ ਪਰ ਇਹ ਸੱਚ ਹੈ ਕਿ ਕੁੱਝ ਉਂਗਲਾਂ ਤੇ ਗਿਣੇ ਜਾ
ਸਕਣ ਵਾਲੇ ਪੰਜਾਬੀ ਗਾਇਕਾਂ ਨੂੰ ਛੱਡ ਕੇ ਬਹੁਤੇ ਗਾਇਕ ਸਭਿਆਚਾਰ ਦੇ ਨਾਮ ਹੇਠ ਅਸ਼ੀਸ਼ਲਤਾ
ਪਰੋਸ ਕੇ ਨੱਚਣ ਦੀ ਥਾਂ ਟਪੂਸੀਆਂ ਮਾਰ ਕੇ ਹੀ ਆਪਣੇ ਸਭਿਆਚਾਰ ਦੀ ‘ਮਹਾਨ ਸੇਵਾ’ ਕਰ ਰਹੇ
ਹਨ ਜੋ ਗਹਿਰੀ ਚਿੰਤਾ ਦਾ ਵਿਸ਼ਾ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਅਨੰਦਪੁਰ ਸਾਹਿਬ ਤੋ
ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ: ਸੁਰਿੰਦਰ ਸਿੰਘ ਨੇ ਕੀਤਾ।
ਉਨਾਂ ਕਿਹਾ ਕਿ ਗੀਤ ਜੋ ਸੁਨਣ ਵਾਲੀ ਚੀਜ ਸੀ,ਨੂੰ ਦੇਖਣ ਵਾਲੀ ਚੀਜ
ਬਣਾ ਕੇ ਰੱਖ ਦਿਤਾ ਗਿਆ। ਉਨਾਂ ਕਿਹਾ ਕਿ ਬਹੁਤੇ ਪੰਜਾਬੀ ਗਾਇਕ ਜਿਨਾਂ ਨੂੰ ਸਫਲਤਾ ਨਹੀ
ਮਿਲਦੀ ਉਹ ਧਾਰਮਿਕ ਗੀਤ ਗਾ ਕੇ ਸਫਲਤਾ ਦੀਆਂ ਪਉੜੀਆਂ ਚੜਨਾ ਸ਼ੁਰੂ ਕਰ ਦਿੰਦੇ ਹਨ। ਪਰ ਇਨਾਂ
ਧਾਰਮਿਕ ਗੀਤਾਂ ਵਿਚ ਪਤਿਤ ਹੋ ਚੁੱਕੇ ਗਾਇਕ ਲੋਕਾਂ ਨੂੰ ਧਰਮ ਵਿਚ ਪੱਕੇ ਰਹਿਣ ਦਾ ਉਪਦੇਸ਼
ਦਿੰਦੇ ਹਨ ਜੋ ਬਹੁਤ ਹਾਸੋਹੀਣੀ ਗੱਲ ਬਣ ਜਾਂਦੀ ਹੈ।
ਉਨਾਂ ਕਿਹਾ ਸਿਰ ਮੂੰਹ ਮੁਨਾ ਕੇ ਲੋਕਾਂ ਨੂੰ ਅੰਮਿੰਤ ਛਕਣ ਦੀ ਗੱਲ
ਕਰਦੇ ਹਨ, ਆਪ ਰੱਜ ਕੇ ਨਸ਼ੇ ਕਰਨ ਵਾਲੇ ਲੋਕਾਂ ਨੂੰ ਨਾਮ
ਜਪਣ ਦਾ ਉਪਦੇਸ਼ ਦਿੰਦੇ ਉਨਾਂ ਕਿਹਾ ਕੋਈ ਗਾਇਕ ਮਨੀਕਰਣ ਦੀ ਉਸਤੱਤ ਕਰ ਰਿਹਾ ਹੈ ਤੇ ਕੋਈ
ਹੇਮਕੁੰਟ ਦੇ ਗੀਤ ਗਾ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ,
ਤੇ ਕੋਈ ਗੁਰੂ ਸਾਹਿਬਾਨ ਦੀ ਤੁਲਨਾ ਅਖੋਤੀ ਸਾਧਾਂ ਨਾਲ ਕਰਕੇ ਸਿੱਖੀ ਵਿਚ ਰੋਲ ਘਚੋਲਾ
ਪਾਉਣ ਦਾ ਘਟੀਆ ਰੋਲ ਅਦਾ ਕਰ ਰਿਹਾ ਹੈ। ਇਸ ਤਰਾਂ ਪੰਜਾਬੀ ਗਾਇਕਾਂ ਵਲੋ ਇਹ ਪ੍ਰਭਾਵ ਦਿਤਾ
ਜਾ ਰਿਹਾ ਹੈ ਕਿ ਪੰਜਾਬੀ ਸਭਿਆਚਾਰ ਸ਼ਹੀਦਾਂ ਤੇ ਸੂਰਬੀਰਾਂ ਦਾ ਨਾ ਹੋ ਕੇ ਮੁਸ਼ਟੰਡਿਆਂ ਦਾ
ਹੋ ਕੇ ਰਹਿ ਗਿਆ ਹੈ। ਉਨਾਂ ਕਿਹਾ ਇਸ ਤਰਾਂ ਜਾਣੇ ਅਨਜਾਣੇ ਵਿਚ ਇਹ ਲੋਕ ਸਿੱਖ ਧਰਮ ਦਾ
ਬਹੁਤ ਵੱਡਾ ਨੁਕਸਾਨ ਕਰ ਰਹੇ ਹਨ ਜਿਸ ਬਾਰੇ ਤਖਤ ਸਾਹਿਬਾਨ ਦੇ ਜਥੇਦਾਰਾਂ ਤੇ ਸ਼੍ਰੋਮਣੀ
ਕਮੇਟੀ ਨੂੰ ਕੋਈ ਨਿੱਗਰ ਫੈਸਲਾ ਲੈਣਾ ਚਾਹੀਦਾ ਹੈ।