Share on Facebook

Main News Page

ਸੁਲਤਾਨਪੁਰ ਦੀ ਬੇਈਂ ਦੀ ਪਵਿੱਤਰਤਾ ਦਾ ਮਸਲਾ
-
ਡਾ. ਹਰਜਿੰਦਰ ਸਿੰਘ ਦਿਲਗੀਰ

ਗੁਰੂ ਨਾਨਕ ਸਾਹਿਬ 35 ਸਾਲ ਦੀ ਉਮਰ ਵਿਚ, ਅਕਤੂਬਰ 1504 ਦੇ ਅਖ਼ੀਰ ਵਿਚ, ਸੁਲਤਾਨਪੁਰ ਗਏ ਤੇ ਮੋਦੀਖਾਨੇ ਦਾ ਚਾਰਜ ਸੰਭਾਲ ਲਿਆ। ਮੋਦੀ ਹੋਣ ਕਰ ਕੇ ਆਪ ਕੋਲ ਸੁਲਤਾਨਪੁਰ ਰਿਆਸਤ ਦੇ ਸੈਂਕੜੇ ਪਿੰਡਾਂ ਦੇ ਚੌਧਰੀ, ਨੰਬਰਦਾਰ ਤੇ ਜਗੀਰਦਾਰ ਵੀ ਮਾਲੀਆ ਜਮ੍ਹਾ ਕਰਵਾਉਣ ਆਉਂਦੇ ਹੁੰਦੇ ਸਨ। ਇਨ੍ਹਾਂ ਨਾਲ ਵੀ ਗੁਰੂ ਸਾਹਿਬ ਧਰਮ, ਰੂਹਾਨੀਅਤ ਤੇ ਇਨਸਾਨੀਅਤ ਬਾਰੇ ਗੱਲਾਂ ਕਰਦੇ ਰਹਿੰਦੇ ਸਨ। ਇਹ ਸਾਰੇ ਗੁਰੂ ਨਾਨਕ ਸਾਹਿਬ ਦੇ ਮੁਰੀਦ ਬਣ ਚੁਕੇ ਸਨ। ਇਹ ਚੌਧਰੀ ਸਰਕਾਰੀ ਕੰਮ ਤੋਂ ਬਿਨਾ ਵੀ ਸੁਲਤਾਨਪੁਰ ਆ ਕੇ ਕਈ-ਕਈ ਦਿਨ ਗੁਰੂ ਸਾਹਿਬ ਕੋਲ ਰਿਹਾ ਕਰਦੇ ਸਨ।

ਹਰ ਰੋਜ਼ ਬੇਈਂ ਨਦੀ ਦੇ ਕੰਢੇ (ਜਿੱਥੇ ਅਜ ਕਲ੍ਹ ਗੁਰਦੁਆਰਾ ਬੇਰ ਸਾਹਿਬ ਹੈ) ਆਪ ਦੀਵਾਨ ਸਜਾਇਆ ਕਰਦੇ ਸਨ। ਗੁਰੂ ਨਾਨਕ ਸਾਹਿਬ ਦਾ ਗਲਾ ਬੜਾ ਸੁਰੀਲਾ ਸੀ। ਆਪ ਕੀਰਤਨ ਬਹੁਤ ਵਧੀਆ ਕਰਦੇ ਸਨ। ਹੌਲੀ-ਹੌਲੀ ਸੁਲਤਾਨਪੁਰ ਵਿਚ ਬਹੁਤ ਸਾਰੇ ਸਰਕਾਰੀ ਅਹਿਲਕਾਰ, ਚੌਧਰੀ, ਆਲਮ-ਫ਼ਾਜ਼ਲ, ਫ਼ਕੀਰ, ਕਿਸਾਨ ਅਤੇ ਦੂਜੇ ਲੋਕ ਆਪ ਦੇ ਮੁਰੀਦ ਬਣ ਗਏ। ਇਸ ਤੋਂ ਇਲਾਵਾ ਆਲੇ ਦੁਆਲੇ ’ਚੋਂ ਵੀ ਬਹੁਤ ਸਾਰੇ ਲੋਕ ਆਪ ਜੀ ਦੇ ਸਿੱਖ ਬਣ ਗਏ। ਇਨ੍ਹਾਂ ਵਿਚ ਪਿੰਡ ਮਲਸੀਆਂ (ਜਲੰਧਰ) ਦਾ ਚੌਧਰੀ ਭਾਈ ਭਗੀਰਥ ਤੇ ਕਈ ਹੋਰ ਚੌਧਰੀ ਵੀ ਸਨ, ਜੋ ਸਰਕਾਰੀ ਕੰਮਾਂ ਵਾਸਤੇ ਸੁਲਤਾਨਪੁਰ ਆਉਂਦੇ ਹੁੰਦੇ ਸਨ।

ਕਿਸੇ ਜਗਹ ਜਾਂ ਨਹਿਰ ਜਾਂ ਦਰਿਆ ਦੀ ਅਖੌਤੀ ਪਵਿਤਰਤਾ

ਸਿੱਖ ਫ਼ਲਸਫ਼ੇ ਵਿਚ ਕਿਸੇ ਜਗਹ ਜਾਂ ਨਹਿਰ ਜਾਂ ਦਰਿਆ ਦੀ ਅਖੌਤੀ ਪਵਿਤਰਤਾ ਨਹੀਂ ਹੁੰਦੀ। ਕਿਉਂਕਿ ਗੁਰੂ ਨਾਨਕ ਸਾਹਿਬ ਬੇਈਂ ਵਿਚ ਨਹਾਉਂਦੇ ਰਹੇ ਸਨ, ਸਿਰਫ਼ ਇਸ ਕਰ ਕੇ ਉਹ ਬੇਈਂ ਹੀ ਪਵਿੱਤਰ ਨਹੀਂ ਹੋ ਜਾਂਦੀ। ਇੰਞ ਤਾਂ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਦੌਰਾਨ ਕਈ ਦਰਿਆ ਪਾਰ ਕੀਤੇ ਸਨ ਤੇ ਉਥੇ ਨਹਾਇਆ ਵੀ ਹੋਵੇਗਾ, ਤਾਂ ਫਿਰ ਉਹ ਵੀ ਪਵਿੱਤਰ ਹੋ ਗਏ। ਗੁਰੂ ਅਮਰ ਦਾਸ ਸਾਹਿਬ ਗੋਇੰਦਵਾਲ ਰਹੇ ਸਨ, ਸੋ ਬਿਆਸ ਵੀ ਪਵਿੱਤਰ ਹੋ ਗਿਆ। ਛੇਵੇਂ ਤੋਂ ਦਸਵੇਂ ਗੁਰੂ ਤਕ ਕੀਰਤਪੁਰ ਤੇ ਅਨੰਦਪੁਰ ਰਹੇ ਸਨ; ਇਸ ਕਰ ਕੇ ਸਤਲੁਜ ਤੇ ਚਰਨ ਗੰਗਾ ਚੋਅ ਵੀ ਪਵਿੱਤਰ ਹੋ ਗਏ। ਉਹ ਦਿੱਲੀ ਵਿਚ ਮਜਨੂੰ ਟਿੱਲੇ 'ਤੇ ਜਮਨਾ ਦਾ ਪਾਣੀ ਪਿਆਉਂਦੇ ਰਹੇ ਸਨ ਤੇ ਕਾਸ਼ੀ ਤੇ ਪਟਨਾ ਵਿਚ ਗੰਗਾ 'ਤੇ ਨਹਾਉਂਦੇ ਰਹੇ ਸਨ, ਸੋ ਉਹ ਵੀ ਪਵਿੱਤਰ ਹੋ ਗਏ। ਇਹ ਬ੍ਰਾਹਮਣੀ ਕਿਸਮ ਦੇ ਲੋਕਾਂ ਵੱਲੋਂ ਪਵਿੱਤਰਤਾ ਦੇ ਨਾਂ 'ਤੇ ਲੋਕਾਂ ਨੂੰ ਮੂਰਖ ਬਣਾ ਕੇ ਠੱਗਣ ਦੇ ਤਰੀਕੇ ਹਨ (ਇਹੀ ਤਰੀਕਾ ਨਿਰਮਲੇ ਸਾਧ ਬਲਬੀਰ ਸਿੰਗ ਸੀਚੇਵਾਲ ਨੇ ਬੇਈਂ ਦੀ ਸਫ਼ਾਈ ਦੇ ਨਾਂ 'ਤੇ ਕਮਾਈ ਕਰਨ, ਆਪਣੇ ਚੇਲੇ ਵਧਾਉਣ ਅਤੇ ਮਸ਼ਹੂਰੀ ਖੱਟਣ ਵਾਸਤੇ ਕੀਤਾ ਗਿਆ ਹੈ।

ਗੁਰੂ ਜੀ ਸੁਲਤਾਨਪੁਰ ਕਿੰਨਾ ਸਮਾਂ ਰਹੇ ਸਨ?

ਸੁਲਤਾਨਪੁਰ ਵਿਚ ਇਕ ਹੋਰ ਗੱਪ ਦਾ ਪ੍ਰਚਾਰ ਕੀਤਾ ਹੋਇਆ ਹੈ ਕਿ ਗੁਰੂ ਜੀ ਉਥੇ 14 ਸਾਲ 9 ਮਹੀਨੇ 13 ਦਿਨ ਰਹੇ ਸਨ; ਜਦ ਕਿ ਹਕੀਕਤ ਇਹ ਹੈ, ਕਿ ਗੁਰੂ ਜੀ ਉਥੇ ਸਿਰਫ਼ ਤਕਰੀਬਨ ਤਿੰਨ ਸਾਲ ਰਹੇ ਸਨ: ਸਤੰਬਰ 1504 ਤੋਂ 20 ਅਗਸਤ 1507 ਤਕ।

ਕੀ ਗੁਰੂ ਕੀ ਬੇਈਂ ਵਿਚ ਤਿੰਨ ਦਿਨ ਰਹੇ ਸਨ?

ਇਕ ਦਿਨ ਗੁਰੂ ਸਾਹਿਬ ਵੇਈਂ ਨਦੀ ’ਚ ਨਹਾਉਣ ਗਏ। ਨਹਾਉਣ ਮਗਰੋਂ ਉਹ ਵੇਈਂ ਦੇ ਦੂਜੇ ਕੰਢੇ ਦੂਰ ਸੰਘਣੇ ਦਰਖਤਾਂ ਦੇ ਝੁੰਡ ਹੇਠ ਜਾ ਬੈਠੇ ਤੇ ਰੂਹਾਨੀ ਸੋਚਾਂ ਵਿਚ ਮਗਨ ਹੋ ਗਏ। ਆਪ ਦੇ ਮਨ ਵਿਚ ਖ਼ਿਆਲ ਆਇਆ ਕਿ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਸੱਚੇ ਧਰਮ ਦਾ ਪਰਚਾਰ ਕਰਨ ਦਾ ਸਮਾਂ ਆ ਗਿਆ ਹੈ। ਆਪ ਨੇ ਇਸ ਸਬੰਧ ਵਿਚ ਪਲਾਨ ਬਣਾਉਣੀ ਸ਼ੁਰੂ ਕਰ ਦਿਤੀ। ਆਪ ਦੀ ਐਸੀ ਲਿਵ ਲਗੀ ਕਿ ਆਪ ਕਈ ਘੜੀਆਂ ਉੱਥੇ ਹੀ ਬੈਠੇ ਰਹੇ। ਇਕ ਲੇਖਕ ਇਸ ਨੂੰ 3 ਦਿਨ ਅਤੇ ਇਕ ਨੇ ਤਾਂ 8 ਦਿਨ ਨਦੀ ਵਿਚ ਵੜੇ ਰਹਿਣਾ ਲਿਖਦੇ ਹਨ, ਜੋ ਗੱਪ ਹੈ। ਗੁਰੂ ਨਾਨਕ ਸਾਹਿਬ ਵੱਲੋਂ ‘ਉਦਾਸੀਆਂ’ ਸ਼ੁਰੂ ਕਰਨ ਤੋਂ ਪਹਿਲਾਂ, ਉਨ੍ਹਾਂ ਦੇ ‘ਵਾਹਿਗੁਰੂ’ ਦੇ ਦਰਬਾਰ ਵਿਚ ਜਾ ਕੇ ਵੇਈਂ ਨਦੀ ਵਿਚ ਤਿੰਨ ਦਿਨ ਰਹਿਣ ਦੀ ਕਹਾਣੀ ਕਿਸੇ ਪੱਖ ਤੋਂ ਵੀ ਸਹੀ ਨਹੀਂ ਜਾਪਦੀ। ਇਕ ਪਾਸੇ ਤਾਂ ਇਹ ਲੇਖਕ ਗੁਰੂ ਨਾਨਕ ਸਾਹਿਬ ਨੂੰ ‘ਨਾਰਾਇਣ’ ਅਤੇ’ ਰੱਬ ਦਾ ਅਵਤਾਰ’ (ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਯੋ) ਲਿਖਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਨੂੰ ‘ਰੱਬ’ ਦੇ ਦਰਬਾਰ ਵਿਚ ਹਾਜ਼ਰ ਵੀ ਕਰ ਦੇਂਦੇ ਹਨ। ਇਸ ਦਾ ਮਤਲਬ ਇਹ ਬਣਦਾ ਹੈ ਕਿ ਰੱਬ ‘ਦੋ’ ਸਨ ਤੇ ਇਕ ‘ਰੱਬ’ (ਗੁਰੂ ਨਾਨਕ ਸਾਹਿਬ) ਦੂਜੇ ‘ਰੱਬ’ (ਅਕਾਲ ਪੁਰਖ) ਦੇ ਦਰਬਾਰ ਵਿਚ ਹਾਜ਼ਰ ਹੋਇਆ ਸੀ (ਤੇ ਰੱਬ ਦਾ ਇਹ ਦਰਬਾਰ ਸ਼ਾਇਦ ‘ਬੇਈਂ’ ਨਦੀ ਦੇ ਹੇਠਾਂ ਕਿਤੇ ਸੀ)। ਸੋ ਇਹ ਕਹਾਣੀ ਵੀ ਮਗਰੋਂ ਘੜੀ ਗਈ ਸੀ ਤੇ ਇੰਞ ਹੀ ਸੁਲਤਾਨਪੁਰ ਵਿਚ ‘ਗੁਰਦੁਆਰਾ ਸੰਤ ਘਾਟ’ ਵੀ ਮਗਰੋਂ ਬਣਾਇਆ ਗਿਆ ਸੀ। (ਅਜਿਹੇ ਦਰਜਨਾਂ ਨਕਲੀ ਗੁਰਦੁਆਰੇ ਹੋਰ ਜਗਹ ਵੀ ਬਣਾਏ ਗਏ ਸਨ, ਜੋ ਅੱਜ ਵੀ ਕਾਇਮ ਹਨ)।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top