ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਭਾਰਤ ਦੀ ਬਹੁ-ਗਿਣਤੀ, ਸਿੱਖਾਂ
ਦਾ ਮਜ਼ਾਕ ਬਨਾਉਣ ਵਿਚ, ਸਿੱਖਾਂ ਦੇ ਚੁਟਕਲੇ ਬਨਾਉਣ ਵਿਚ, ਸਿੱਖਾਂ ਨੂੰ ਘੱਟ ਅਕਲ ਸਾਬਤ ਕਰਨ
ਵਿਚ, ਹਰ ਵੇਲੇ ਲੱਗੀ ਰਹਿੰਦੀ ਹੈ। ਛੋਟੀਆਂ-ਛੋਟੀਆਂ ਗੱਲਾਂ ਤੋਂ, ਵਧਦੇ-ਵਧਦੇ ਹੁਣ "Son
of Sardar" ਫਿਲਮ ਵਿਚ, ਬਹੁਤ ਕੁਝ ਅਜਿਹਾ ਭਰਿਆ ਗਿਆ ਹੈ, ਜਿਸ ਨਾਲ ਸਿੱਖਾਂ
ਦਾ ਅਕਸ ਤਾਂ ਵਿਗੜੇਗਾ ਹੀ, ਨਾਲ ਦੀ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਲੱਗੇਗੀ।
ਇਸ ਲਈ ਸਭ ਸੂਝਵਾਨ ਵੀਰਾਂ-ਭੈਣਾਂ ਨੂੰ ਬੇਨਤੀ ਹੈ ਕਿ, ਇਸ ਫਿਲਮ 'ਤੇ ਹੁਣੇ ਹੀ ਰੋਕ ਲਗਾਉਣ
ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਦੋਂ ਤਕ ਅਸੀਂ ਆਪਣੇ ਬੱਚਿਆਂ ਨੂੰ, ਇਨ੍ਹਾਂ ਲੋਕਾਂ ਦੇ ਮਜ਼ਾਕ
ਦਾ ਪਾਤਰ ਬਣਨ ਲਈ ਮਜਬੂਰ ਕਰਦੇ ਰਹਾਂਗੇ? ਕਦੋਂ ਉਨ੍ਹਾਂ ਨੂੰ ਅਹਿਸਾਸ ਕਰਾਵਾਂਗੇ ਕਿ “ਅਜੇ ਅਸੀਂ
ਜਿਊਂਦੇ ਹਾਂ”? ਇਸ ਫਿਲਮ ਬਾਰੇ ਨੌਜਵਾਨ ਤਬਕੇ ਵਿਚ ਬਹੁਤ ਰੋਸ ਹੈ, ਜੇ ਉਨ੍ਹਾਂ ਦਾ ਮਾਰਗ
ਦਰਸ਼ਨ ਕਰਦੇ, ਇਸ ਫਿਲਮ ਬਾਰੇ ਯੋਗ ਕਦਮ ਨਾ ਚੁੱਕੇ ਗਏ ਤਾਂ, 1984 ਦਾ ਇੰਸਾਫ ਅੱਜ-ਤਕ ਨਾ
ਮਿਲਣ ਕਾਰਨ, ਰੋਸ ਵਿਚ ਭਰੇ ਨੌਜਵਾਨ, ਜੇ ਕੁਝ ਕਰ ਬੈਠੇ ਤਾਂ, ਤੁਸੀਂ ਜਾਣਦੇ ਹੀ ਹੋ ਕਿ,
ਸਿੱਖ ਨੌਜਵਾਨਾਂ ਨੂੰ ਕੁਟਣ-ਮਾਰਨ ਦਾ ਇਕ ਹੋਰ ਬਹਾਨਾ, ਭਾਰਤ ਸਰਕਾਰ ਨੂੰ ਮਿਲ ਜਾਵੇਗਾ।
ਇਸ ਨਾਲ ਹੋਣ ਵਾਲੇ ਨੁਕਸਾਨ ਦੀ ਜ਼ਿਮੇਵਾਰੀ, ਤੁਹਾਡੀ ਅਣਗਹਿਲੀ ਦੇ ਸਿਰ ਆਵੇਗੀ। ਇਸ ਲਈ ਵੇਲਾ
ਰਹਿੰਦੇ ਹੀ ਇਸ ਫਿਲਮ ਬਾਰੇ, ਕੋਈ ਸਾਰਥਿਕ ਕਦਮ ਚੁਕਣੇ ਜ਼ਰੂਰੀ ਹਨ। ਇਸ ਦੇ ਨਾਲ ਹੀ ਇਹ ਦੱਸਣਾ
ਵੀ ਜ਼ਰੂਰੀ ਹੈ ਕਿ ਇਸ ਵਾਰ, ਫਿਲਮ ਬਨਾਉਣ ਵਾਲੇ ਨੂੰ ਮੁਆਫੀ ਦੇਣ ਦੀ, ਜੋ ਵੀ ਗੱਲ ਕਰੇਗਾ, ਉਹ
ਵੀ ਇਨ੍ਹਾਂ ਨੌਜਵਾਨਾਂ ਦੇ ਰੋਸ ਦਾ ਸ਼ਿਕਾਰ ਹੋਵੇਗਾ। ਉਹ ਨਹੀਂ ਚਾਹੁੰਦੇ ਕਿ ਹਰ ਵਾਰ ਏਦਾਂ ਹੀ
ਹੁੰਦਾ ਰਹੇ ਅਤੇ ਲੋਕ ਮੁਆਫੀ ਮੰਗ ਕੇ, ਹੋਰ ਅਗਾਂਹ ਵਧਦੇ ਰਹਿਣ। ਇਸ ਦਾ ਕੋਈ ਪੱਕਾ ਹੱਲ ਹੋਣਾ
ਚਾਹੀਦਾ ਹੈ।
ਪੰਥ ਦਰਦੀਆਂ ਤੋਂ ਉਮੀਦ ਹੈ ਕਿ, ਉਹ ਮਿਲ ਕੇ ਇਸ ਦਾ ਕੋਈ ਚੰਗਾ ਅਤੇ ਸਦੀਵੀ ਹੱਲ ਲੱਭ ਲੈਣਗੇ।
