Share on Facebook

Main News Page

ਜਥੇਦਾਰ ਅਕਾਲ ਤਖਤ ਦੀ ਜਥੇਦਾਰੀ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ, ਤਿੰਨ ਅਗਸਤ ਨੂੰ ਛੁੱਟੀ ਹੋਣ ਦੀਆਂ ਸੰਭਾਵਨਾਵਾਂ ਵਧੀਆਂ

ਜਸਬੀਰ ਸਿੰਘ ਪੱਟੀ: ਇੱਕ ਪਾਸੇ ਜਿਥੇ ਪੰਥਕ ਜਥੇਬੰਦੀਆਂ ਦੇ ਨੁੰਮਾਇੰਦਿਆਂ ਨੇ ਰਾਧਾ ਸੁਆਮੀਆਂ ਨੂੰ ਕਲੀਨ ਚਿੱਟ ਦੇਣ ਦੇ ਰੋਸ ਵਜੋਂ ਜਥੇਦਾਰ ਅਕਾਲ ਤਖਤ ਨਾਲ ਗਰਮਾ ਗਰਮ ਮੁਲਾਕਾਤ ਕਰਕੇ ਜਥੇਦਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਲਾਹ ਦਿੱਤੀ ਹੈ, ਕਿ ਉਹ ਹੁਣ ਸਿੱਖ ਕੌਮ ਦੀ ਅਗਵਾਈ ਕਰਨ ਦੇ ਸਮੱਰਥ ਨਹੀਂ ਰਹੇ, ਇਸ ਲਈ ਉਹਨਾਂ ਨੂੰ ਚਾਹੀਦਾ ਹੈ, ਕਿ ਉਹ ਰਾਧਾ ਸੁਆਮੀਆਂ ਦੇ ਗੁਰੂ ਦਾ ਨਾਮ ਲੈ ਕੇ ਉਥੇ ਹੀ ਇੱਕ ਕੁੱਟੀਆ ਵਿੱਚ ਬੈਠ ਜਾਣ, ਜਦ ਕਿ ਜਥੇਦਾਰ ਵੱਲੋਂ ਸ੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਭੇਜੀ ਗਈ ਰੀਪੋਰਟ ਦੇ ਸਾਰੇ ਦਸਤਾਵੇਜ ਮੀਡੀਆ ਨੂੰ ਰੀਲੀਜ਼ ਕਰਨ ਦਾ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਕੜਾ ਨੋਟਿਸ ਲੈਂਦਿਆ, ਇਸ ਨੂੰ ਜਥੇਦਾਰ ਦੀ ਵੱਡੀ ਗਲਤੀ ਗਰਦਾਨਦਿਆ, ਕਿਹਾ ਕਿ ਰਾਧਾ ਸੁਆਮੀਆਂ ਨੂੰ ਕਲੀਨ ਚਿੱਟ ਦੇਣ ਲਈ ਉਹ ਦੋਸ਼ੀ ਨਹੀਂ ਸਗੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋਸ਼ੀ ਹਨ, ਜਿਹਨਾਂ ਨੇ ਬਿਨਾਂ ਵਿਚਾਰ ਕੀਤੀਆ ਹੀ ਰੀਪੋਰਟ ਮੀਡੀਆ ਦੇ ਹਵਾਲੇ ਕਰ ਦਿੱਤੀ ਹੈ। ਸ੍ਰੀ ਮੱਕੜ ਦੀ ਬੋਲ ਬਾਣੀ ਤੋ ਤਾਂ ਇੰਜ ਲੱਗ ਰਿਹਾ ਹੈ ਕਿ ਤਿੰਨ ਅਗਸਤ ਨੂੰ ਹੋਣ ਵਾਲੀ ਸ੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੌਰਾਨ ਜਥੇਦਾਰ ਦੀ ਛੁੱਟੀ ਹੋਣ ਦੀ ਸੰਭਵਾਨਾ ਹੈ, ਅਤੇ ਉਹਨਾਂ ਦੀ ਜਗਾ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਗਾਇਆ ਜਾ ਸਕਦਾ ਹੈ।

ਪੰਥਕ ਜਥੇਬੰਦੀਆਂ ਵਿੱਚ ਸ਼ਾਮਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖੀ ਸ੍ਰੀ ਬਲਬੀਰ ਸਿੰਘ ਮੁੱਛਲ ਅਤੇ ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਤ ਕਰਨ ਉਪਰੰਤ ਕਿਹਾ, ਕਿ ਉਹਨਾਂ ਨੇ ਅੱਜ ਗਿਆਨੀ ਗੁਰਬਚਨ ਸਿੰਘ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਹੈ, ਕਿ ਉਹ ਗੁਰੂ ਦੇ ਸਿੱਖ ਬਣਕੇ ਤਾਂ ਪੰਥ ਦੀ ਸੇਵਾ ਕਰਦੇ ਰਹਿਣਗੇ, ਪਰ ਗਿਆਨੀ ਗੁਰਬਚਨ ਸਿੰਘ ਨਾਲ ਉਹਨਾਂ ਦਾ ਅੱਜ ਤੋਂ ਕੋਈ ਨਾਤਾ ਨਹੀਂ ਹੋਵੇਗਾ। ਸਤਿਕਾਰ ਕਮੇਟੀ ਦੇ ਮੁੱਖੀ ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਉਹਨਾਂ ਨੇ ਫੈਸਲਾ ਕਰ ਲਿਆ ਹੈ, ਕਿ ਅੱਜ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਰਹਿਨੁਮਾਈ ਹੇਠ ਨਹੀਂ ਸਗੋਂ ਗੁਰੂ ਸਾਹਿਬ ਦੀਆ ਸਿਖਿਆਵਾਂ ਤੇ ਸਿਧਾਤਾਂ ਨੂੰ ਮੱਦੇ ਨਜ਼ਰ ਰੱਖ ਕੇ ਉਹ ਕੌਮ ਦੀ ਸੇਵਾ ਕਰਨਗੇ। ਰਾਧਾ ਸੁਆਮੀਆਂ ਦੇ ਮੁੱਦੇ ਤੇ ਜਦੋਂ ਜਥੇਦਾਰ ਨੂੰ ਉਹਨਾਂ ਵੱਲੋਂ ਦਿੱਤੀ ਗਈ ਕਲੀਨ ਚਿੱਟ ਬਾਰੇ ਪੁੱਛਿਆ ਗਿਆ, ਤਾਂ ਜਥੇਦਾਰ ਨੇ ਕਿਹਾ ਕਿ ਉਹਨਾਂ ਨੇ ਆਪਣੀ ਕੋਈ ਰੀਪੋਰਟ ਨਹੀਂ ਦਿੱਤੀ, ਸਗੋਂ ਇਹ ਤਾਂ ਸਿਰਫ ਸਰੋਮਣੀ ਕਮੇਟੀ ਦੁਆਰਾ ਪੇਸ਼ ਕੀਤੀ ਗਈ ਰੀਪੋਰਟ ਹੀ ਮੀਡੀਆ ਨੂੰ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਜਦੋਂ ਇਹ ਰੀਪੋਰਟ ਜਥੇਦਾਰ ਪੇਸ਼ ਕਰ ਰਿਹਾ ਹੈ, ਤਾਂ ਫਿਰ ਇਸ ਲਈ ਦੋਸ਼ੀ ਵੀ ਜਥੇਦਾਰ ਹੈ, ਜਿਸ ਨੂੰ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ। ਉਹਨਾਂ ਕਿਹਾ ਕਿ ਉਹਨਾਂ ਨੇ ਜਥੇਦਾਰ ਨੂੰ ਸੁਝਾਅ ਦਿੱਤਾ ਹੈ ਕਿ ਉਹ ਹੁਣ ਜਥੇਦਾਰੀ ਕਰਨ ਦੇ ਕਾਬਲ ਨਹੀਂ ਰਹੇ, ਇਸ ਲਈ ਉਹਨਾਂ ਨੂੰ ਆਪਣੇ ਪਦ ਤੋਂ ਅਸਤੀਫਾ ਦੇ ਕੇ ਰਾਧਾ ਸੁਆਮੀਆਂ ਦੇ ਗੁਰੂ ਕੋਲੋ ਨਾਮ ਦਾਨ ਲੈ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਇਸੇ ਤਰਾ ਸਿੱਖਾਂ ਦੇ ਗੁਰੂਦੁਆਰੇ ਢਾਹੁਣ ਵਾਲਿਆਂ ਨੂੰ ਕਲੀਨ ਚਿੱਟਾਂ ਮਿਲਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਰਾਧਾ ਸੁਆਮੀਆਂ ਦੇ ਹੱਥ ਸਿੱਖਾਂ ਦੀ ਗਿਰੇਬਾਨ ਤੱਕ ਪੁੱਜ ਜਾਣਗੇ, ਅਤੇ ਉਸ ਲਈ ਗਿਆਨੀ ਗੁਰਬਚਨ ਸਿੰਘ ਵਰਗੇ ਜਥੇਦਾਰ ਜਿੰਮੇਵਾਰ ਹੋਣਗੇ। ਉਹਨਾਂ ਕਿਹਾ ਕਿ ਰਾਧਾ ਸੁਆਮੀਆਂ ਨੇ ਦੋ ਗੁਰੂਦੁਆਰੇ ਢਾਹ ਦਿੱਤੇ ਹਨ, ਅਤੇ ਤੀਜੇ ਨੂੰ ਢਾਹੁਣ ਦੀ ਤਿਆਰੀ ਹੈ, ਜਦ ਕਿ ਚੋਥੇ ਦਾ ਬਿਜਲੀ ਪਾਣੀ ਕੱਟ ਦਿੱਤਾ ਗਿਆ ਹੈ। ਰਾਧਾ ਸੁਆਮੀਆਂ ਦੇ ਮਨਸੂਬੇ ਨੂੰ ਨਸ਼ਰ ਕਰਦਿਆਂ ਸ੍ਰੀ ਮੁੱਛਲ ਨੇ ਕਿਹਾ ਕਿ ਰਾਧਾ ਸੁਆਮੀਆਂ ਨੇ ਆਪਣੇ ਸਮਾਜ ਵਿੱਚ ਫੈਸਲਾ ਕੀਤਾ ਹੈ ਕਿ 20 ਕਿਲੋਮੀਟਰ ਦੇ ਘੇਰੇ ਅੰਦਰ ਆਉਦੇ ਇਲਾਕੇ ਵਿੱਚ ਕੋਈ ਵੀ ਗੁਰੂਦੁਆਰਾ ਨਹੀਂ ਰਹਿਣ ਦੇਣਾ ਹੈ। ਉਹਨਾਂ ਕਿਹਾ ਕਿ ਪੰਥਕ ਜਥੇਬੰਦੀਆ ਨੂੰ ਭਾਂਵੇ ਕਿਸੇ ਵੀ ਪ੍ਰਕਾਰ ਦਾ ਸੰਘਰਸ਼ ਕਰਨਾ ਪਵੇ, ਉਹ ਪਿੱਛੇ ਨਹੀਂ ਹੱਟਣਗੇ ਅਤੇ ਰਾਧਾ ਸੁਆਮੀਆਂ ਨੂੰ ਗੁਰੂਦੁਆਰੇ ਢਾਹੁਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਭਾਂਵੇ ਪੰਜਾਬ ਸਰਕਾਰ ਉਹਨਾਂ ਦੀ ਕਿੰਨੀ ਹਮਾਇਤ ਕਿਉਂ ਨਾ ਕਰ ਲਵੇ।

ਇਸੇ ਤਰਾ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਵੀ ਮੀਡੀਆ ਨਾਲ ਅਲੱਗ ਗੱਲ ਕਰਦਿਗਆਂ ਕਿਹਾ, ਕਿ ਜਥੇਦਾਰ ਨੇ ਸ੍ਰੋਮਣੀ ਕਮੇਟੀ ਦੁਆਰਾ ਸ੍ਰੀ ਅਕਾਲ ਤਖਤ ਨੂੰ ਪੇਸ਼ ਕੀਤੀ ਰੀਪੋਰਟ ਦੀਆ ਕਾਪੀਆਂ ਮੀਡੀਆ ਨੂੰ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਰੀਪੋਰਟ ਤਾਂ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ਦਾ ਗੁਪਤ ਦਸਤਾਵੇਜ ਸੀ, ਜਿਸ ਨੂੰ ਸਿਰਫ ਦਫਤਰ ਤੱਕ ਹੀ ਸੀਮਤ ਰੱਖਿਆ ਜਾਣਾ ਸੀ। ਉਹਨਾਂ ਕਿਹਾ ਕਿ ਸ੍ਰੋਮਣੀ ਕਮੇਟੀ ਨੇ ਤਾਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਦੇ ਆਦੇਸ਼ਾਂ ਤੇ ਹੀ ਇੱਕ ਕਮੇਟੀ ਬਣਾ ਕੇ, ਮਾਮਲੇ ਦੀ ਪੜਤਾਲ ਕਰਵਾਈ ਸੀ ਅਤੇ ਰੀਪੋਰਟ ਨਿਰਾਰਤ ਸਮੇਂ ਦੇ ਵਿੱਚ ਹੀ ਸ੍ਰੀ ਅਕਾਲ ਤਖਤ ਨੂੰ ਸੌਂਪ ਦਿੱਤੀ ਸੀ। ਉਹਨਾਂ ਕਿਹਾ ਕਿ ਇਹ ਰੀਪੋਰਟ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚਾਰਨੀ ਚਾਹੀਦੀ ਸੀ, ਜੇਕਰ ਜਥੇਦਾਰ ਨੇ ਠੀਕ ਸਮਝਿਆ, ਤਾਂ ਹੀ ਮੀਡੀਆ ਨੂੰ ਬੁਲਾ ਕੇ ਰੀਪੋਰਟ ਨੂੰ ਜਨਤਕ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਆਪਣੀ ਜਿੰਮੇਵਾਰੀ ਤੋ ਹੁਣ ਭੱਜਣਾ ਨਹੀਂ ਚਾਹੀਦਾ, ਸਗੋਂ ਕੀਤੇ ਗਏ ਕਾਰਜ ਤੇ ਪਹਿਰਾ ਦੇਣਾ ਚਾਹੀਦਾ ਹੈ। ਜਦੋਂ ਉਹਨਾਂ ਨੂੰ ਜਥੇਦਾਰ ਅਕਾਲ ਤਖਤ ਦੀ ਜਥੇਦਾਰੀ ਤੇ ਮੰਡਰਾਉਦੇ ਸੰਕਟ ਦੇ ਬੱਦਲਾਂ ਬਾਰੇ ਪੁੱਛਿਆ ਗਿਆ, ਤਾਂ ਉਹਨਾਂ ਨੇ ਹੱਸਦਿਆ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਜਦ ਕਿ ਤਿੰਨ ਅਗਸਤ ਜਥੇਦਾਰ ਲਈ ਅਹਿਮ ਹੋਵੇਗੀ। ਕੁਝ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ, ਕਿ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਗਾਇਆ ਜਾ ਸਕਦਾ ਹੈ ਅਤੇ ਉਹਨਾਂ ਨੇ ਹਾਮੀ ਵੀ ਭਰ ਦਿੱਤੀ ਹੈ।

ਮੱਕੜ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਦੇ ਮਸਲਿਆ ਨੂੰ ਹੱਲ ਕਰਾਉਣ ਲਈ ਗੰਭੀਰ ਨਹੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਜੋ ਕਿ ਖੁਦ ਸਿੱਖ ਹਨ ਉਹਨਾਂ ਨੂੰ ਚਾਹੀਦਾ ਹੈ, ਕਿ ਉਹ ਗ੍ਰਹਿ ਸਕੱਤਰ ਨੂੰ ਵਿਸ਼ੇਸ਼ ਹਦਾਇਤਾਂ ਦੇਣ ਤੇ ਕੌਂਮਾਤਰੀ ਪੱਧਰ ਤੇ ਸਿੱਖਾਂ ਦੇ ਮਸਲਿਆ ਨੂੰ ਹੱਲ ਕਰਨ। ਉਹਨਾਂ ਕਿਹਾ ਕਿ ਦੂਸਰੇ ਰਾਜਾਂ ਨੂੰ ਵੀ ਸਿੱਖਾਂ ਪ੍ਰਤੀ ਸਰੋਮਣੀ ਕਮੇਟੀ ਦੁਆਰਾ ਦਿੱਤੇ ਗਏ ਸੁਝਾਵਾ ਨੂੰ ਅਨੁਸਾਰ ਹੀ ਫੈਸਲੇ ਲੈਣੇ ਚਾਹੀਦੇ ਹਨ। ਸ੍ਰੋਮਣੀ ਕਮੇਟੀ ਦੁਆਰਾ ਪਾਸ ਕੀਤੇ ਜਾਣ ਵਾਲੇ ਬੱਜਟ ਬਾਰੇ ਉਹਨਾਂ ਕਿਹਾ ਕਿ ਤਿੰਨ ਅਗਸਤ ਦੀ ਕਾਰਜਕਾਰੀ ਦੀ ਮੀਟਿੰਗ ਵਿੱਚ 31 ਮਾਰਚ 2013 ਤੱਕ ਬੱਜਟ ਪਾਸ ਕੀਤਾ ਜਾਵੇਗਾ। ਵਾਈਸ ਚਾਂਸਲਰ ਜਸਬੀਰ ਸਿੰਘ ਆਹਲੂਵਾਲੀਆ ਬਾਰੇ ਉਹਨਾਂ ਕਿਹਾ ਕਿ ਆਹਲੂਵਾਲੀਆ ਨੇ ਕਈ ਧਾਂਦਲੀਆ ਕੀਤੀਆ ਹਨ ਜਿਹਨਾਂ ਦੀ ਪੜਤਾਲ ਹੋ ਰਹੀ ਹੈ ਅਤੇ ਦੋਸ਼ੀ ਪਾਏ ਜਾਣ ਤੇ ਕਨੂੰਨੀ ਕਾਰਵਾਈ ਹੋਵੇਗੀ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਸਗੋਂ, ਉਹਨਾਂ ਨੇ ਜੋ ਕੁਝ ਵੀ ਕੀਤਾ ਹੈ ਸ੍ਰੋਮਣੀ ਕਮੇਟੀ ਦੁਆਰਾ ਪੇਸ਼ ਕੀਤੀ ਗਈ ਰੀਪੋਰਟ ਮੁਤਾਬਕ ਹੀ ਕੀਤਾ ਹੈ ਅਤੇ ਇਸ ਰਾਧਾ ਸੁਆਮੀਆਂ ਨੂੰ ਕਲੀਨ ਚਿੱਟ ਦੇਣ ਲਈ ਉਹ ਦੋਸ਼ੀ ਨਹੀਂ ਸਗੋਂ ਰੀਪੋਰਟ ਪੇਸ਼ ਕਰਨ ਵਾਲੀ ਸ੍ਰੋਮਣੀ ਕਮੇਟੀ ਦੋਸ਼ੀ ਹੈ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਉਹ ਸੱਤ ਅਗਸਤ ਵਾਲੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਰਨਗੇ ਤਾਂ ਉਹਨਾਂ ਨੇ ਕਿਹਾ ਕਿ ਵੇਖੋ ਸਮਾਂ ਕੀ ਕਰਵੱਟ ਲੈਦਾ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top