Share on Facebook

Main News Page

ਗੁਰਦਵਾਰੇ ਚ ਜੋੜੇ ਝਾੜਨ ਕਾਰਨ, ਪਾਕਿਸਤਾਨ ਦਾ ਅਟਾਰਨੀ ਜਨਰਲ ਬਰਖ਼ਾਸਤ

ਪਾਕਿਸਤਾਨ ਸਰਕਾਰ ਨੇ ਅਪਣੇ ਇਕ ਸੀਨੀਅਰ ਕਾਨੂੰਨਦਾਨ, ਵਕੀਲ ਅਤੇ ਡਿਪਟੀ ਅਟਾਰਨੀ ਜਨਰਲ ਖ਼ੁਰਸ਼ੀਦ ਖ਼ਾਨ ਨੂੰ ਭਾਰਤੀ ਪੰਜਾਬ ਦੇ ਅੰਮ੍ਰਿਤਸਰ ਵਿਖੇ ਇਕ ਗੁਰਦਵਾਰੇ ਚ ਸੇਵਾ ਕਰਨ ਨੂੰ ਕਾਰਨ ਬਣਾ ਕੇ ਉਸ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿਤਾ ਹੈ। ਖ਼ੁਰਸ਼ੀਦ ਖ਼ਾਨ ਉਤਰ-ਪਛਮੀ ਪੇਸ਼ਾਵਰ ਸ਼ਹਿਰ ਨਾਲ ਸਬੰਧਤ ਹਨ।

ਜਿਸ ਸਮੇਂ ਸਰਕਾਰ ਨੇ ਇਹ ਫ਼ੈਸਲਾ ਕੀਤਾ, ਉਸ ਸਮੇਂ ਉਹ ਨੇਪਾਲ ਅਤੇ ਭੂਟਾਨ ਦੀ ਯਾਤਰਾ ਤੇ ਸਨ। ਇਹ ਉਨ੍ਹਾਂ ਦਾ ਨਿਜੀ ਦੌਰਾ ਸੀ। ਖ਼ਾਨ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡਿਪਟੀ ਅਟਾਰਨੀ ਜਨਰਲ ਦਾ ਅਹੁਦਾ ਸਥਾਈ ਨਹੀਂ ਹੈ, ਇਸ ਲਈ ਸਿਰਫ਼ ਤਿੰਨ ਸਾਲ ਲਈ ਨਿਯੁਕਤੀ ਹੁੰਦੀ ਹੈ। ਖ਼ੁਰਸ਼ੀਦ ਖ਼ਾਨ ਨੇ ਦਸਿਆ ਕਿ ਉਨ੍ਹਾਂ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਪਿੱਛੇ ਮੁੱਖ ਕਾਰਨ ਇਹ ਹੈ, ਕਿ ਮੈਂ ਭ੍ਰਿਸ਼ਟਾਚਾਰ ਅਤੇ ਇਕ ਜਨਤਕ ਥਾਂ ਤੇ ਦੀਵਾਨ-ਏ-ਖ਼ਾਸ ਰੈਸਟੋਰੈਂਟ ਦੀ ਉਸਾਰੀ ਦਾ ਵਿਰੋਧ ਕੀਤਾ ਸੀ। ਖ਼ਾਨ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਪੁੱਤਰ ਨੂੰ ਕਹਿ ਦਿਤਾ ਹੈ, ਕਿ ਸਰਕਾਰ ਵਲੋਂ ਉਨ੍ਹਾਂ ਨੂੰ ਮੁਹਈਆ ਕੀਤਾ ਗਿਆ ਵਾਹਨ ਤੁਰੰਤ ਵਾਪਸ ਕਰ ਦਿਤਾ ਜਾਵੇ। ਖ਼ਾਨ ਵਲੋਂ ਪੇਸ਼ਾਵਰ ਦੇ ਜੋਗਨ ਸ਼ਾਹ ਗੁਰਦਵਾਰੇ ਵਿਖੇ ਸੇਵਾ ਮੁਹਿੰਮ ਚਲਾਈ ਗਈ ਸੀ ਜਿਥੇ ਤਾਲਿਬਾਨ ਨੇ ਕੁੱਝ ਸਿੱਖਾਂ ਨੂੰ ਅਗ਼ਵਾ ਕਰ ਕੇ ਕਤਲ ਕਰ ਦਿਤਾ ਸੀ।

ਇਹ ਘਟਨਾ ਇਸ ਕਬਾਇਲੀ ਖੇਤਰ ਵਿਚ ਕੁੱਝ ਸਾਲ ਪਹਿਲਾਂ ਵਾਪਰੀ ਸੀ। ਮਾਰਚ ਵਿਚ ਵੀ ਖ਼ਾਨ ਨੇ ਭਾਰਤ ਦੌਰੇ ਸਮੇਂ ਗੁਰਦਵਾਰੇ ਚ ਸੇਵਾ ਦੇ ਨਾਲ-ਨਾਲ ਮਸਜਿਦ ਵਿਚ ਵੀ ਸੇਵਾ ਕੀਤੀ ਸੀ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਧਾਰਮਕ ਸਥਾਨਾਂ ਤੇ ਸੇਵਾ ਕਰਨ ਨੂੰ ਸਿਆਸੀ ਰੰਗਤ ਦੇਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਮੈਂ ਪਾਕਿਸਤਾਨ ਵਿਚ ਰਹਿੰਦੀਆਂ ਘੱਟ ਗਿਣਤੀਆਂ ਦਾ ਸੇਵਾਦਾਰ ਬਣ ਕੇ ਉਨ੍ਹਾਂ ਦੇ ਜ਼ਖ਼ਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਖ਼ਾਨ ਨੇ ਸਪੱਸ਼ਟ ਕੀਤਾ ਕਿ ਅਹੁਦੇ ਤੋਂ ਬਰਖ਼ਾਸਤ ਕੀਤੇ ਜਾਣ ਦੇ ਬਾਵਜੂਦ ਉਹ ਸੇਵਾ ਕਰਦੇ ਰਹਿਣਗੇ। ਉਧਰ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਖ਼ਾਨ ਵਿਰੁਧ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਦੀਆਂ ਅਜਿਹੀਆਂ ਸਰਗਰਮੀਆਂ ਕਾਰਨ ਦੇਸ਼ ਦੀ ਇੱਜ਼ਤ ਵਿਚ ਕਮੀ ਆਈ ਹੈ। ਖ਼ਾਨ ਨੇ ਸਤੰਬਰ 2010 ਵਿਚ ਅਹੁਦਾ ਸੰਭਾਲਿਆ ਸੀ। ਅਪਣੀ ਬਰਖ਼ਾਸਤਗੀ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੈਂ ਹੁਣ ਸੁਨਹਿਰੀ ਪਿੰਜਰੇ ਵਿਚ ਕੈਦ ਨਹੀਂ ਰਿਹਾ ਅਤੇ ਮੇਰੀ ਭ੍ਰਿਸ਼ਟਾਚਾਰ ਵਿਰੁਧ ਲੜਾਈ ਲਈ ਹੁਣ ਮੇਰੇ ਕੋਲ ਹੋਰ ਸਮਾਂ ਹੋਵੇਗਾ ਅਤੇ ਮੈਂ ਅਪਣਾ ਸੰਘਰਸ਼ ਤੇਜ਼ ਕਰਾਂਗਾ। (ਪੀ.ਟੀ.ਆਈ.)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top