Share on Facebook

Main News Page

ਖ਼ਬਰ ਦਾ ਅਸਰ
ਡੇਰਾਵਾਦੀ ਲਿਟ੍ਰੇਚਰ ਅਤੇ ਗੁਟਕੇ ਚੁਕਾ ਕੇ ਮੈਨੇਜਰ ਨੇ ਸ਼੍ਰੋਮਣੀ ਕਮੇਟੀ ਦਾ ਲਿਟ੍ਰੇਚਰ ਅਤੇ ਗੁਟਕੇ ਰਖਵਾਏ

ਬਠਿੰਡਾ, 7 ਅਗਸਤ (ਕਿਰਪਾਲ ਸਿੰਘ): ਅੱਜ ਦੇ ਅਖ਼ਬਾਰ ‘ਸੱਚ ਦੀ ਪਟਾਰੀ’ ਅਤੇ ਇੰਟਰਨੈੱਟ ਵੈੱਬਸਾਈਟ ‘ਖ਼ਾਲਸਾ ਨਿਊਜ਼.ਓਆਰਜੀ’ ਤੇ ‘ਯੂ ਨਿਊਜ਼ ਟੂਡੇ.ਕਾਮ’ ਤੇ ਲੇਖ ਛਪਿਆ ਸੀ ‘ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ, ਪ੍ਰਚਾਰ ਡੇਰਾਵਾਦ ਦਾ’।

ਇਸ ਲੇਖ ਦਾ ਇਤਨਾ ਜਲਦੀ ਅਸਰ ਹੋਇਆ ਕਿ ਗੁਰਦੁਆਰਾ ਕਿਲਾ ਮੁਬਾਰਕ ਦੇ ਮੈਨੇਜਰ ਸ: ਗੁਰਤੇਜ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਸਾਰਾ ਡੇਰਾਵਾਦੀ ਲਿਟ੍ਰੇਚਰ ਤੇ ਇਤਰਾਜ ਯੋਗ ਸੰਪਟ ਵਾਲੇ ਗੁਟਕੇ ਜਿਨ੍ਹਾਂ ਵਿੱਚ ਇੱਕ ਡੇਰੇਦਾਰ ਵੱਲੋਂ ਲਿਖਿਆ ਸੀ ਕਿ ਜੇ ਇਸ ਤਰ੍ਹਾਂ ਸੰਪਟ ਲਾ ਕੇ ਪਾਠ ਕੀਤਾ ਜਾਵੇ ਤਾਂ ਇਸ ਦਾ ਵੱਧ ਫਲ਼ ਮਿਲਦਾ ਹੈ ਉਹ ਸਾਰਾ ਦੇ ਸਾਰਾ ਚੁਕਾ ਕੇ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਸਿੱਖ ਰਹਿਤ ਮਰਿਆਦਾ, ਲਿਟ੍ਰੇਚਰ ਅਤੇ ਗੁਟਕੇ ਰਖਵਾ ਦਿੱਤੇ ਹਨ।

ਅੱਜ ਸ਼ਾਮੀ ਜਦੋਂ ਇਹ ਪੱਤਰਕਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤਾਂ ਬੇਸ਼ੱਕ ਮੈਨੇਜਰ ਇਸ ਗੱਲ ਦੀ ਨਰਾਜ਼ਗੀ ਪ੍ਰਗਟ ਕਰ ਰਿਹਾ ਸੀ ਕਿ ਤੁਸੀਂ ਇੱਕ ਦਿਨ ਉਡੀਕ ਤਾਂ ਲੈਣਾ ਸੀ ਪਹਿਲਾਂ ਹੀ ਇਤਨਾ ਵੱਡਾ ਲੇਖ ਛਪਵਾ ਦਿੱਤਾ।

ਉਨ੍ਹਾਂ ਕਿਹਾ ਆਓ ਤੁਹਾਨੂੰ ਵਿਖਾਈਏ ਕਿ ਸਾਰੇ ਦਾ ਸਾਰਾ ਲਿਟ੍ਰੇਚਰ ਬਦਲ ਦਿੱਤਾ ਗਿਆ ਹੈ। ਇਸ ਫੁਰਤੀ ਨਾਲ ਕੀਤੇ ਅਮਲ ਲਈ ਜਦ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਇੱਕ ਦਿਨ ਨਹੀ ਇੱਕ ਹਫਤਾ ਉਡੀਕਿਆ ਸੀ, ਕਿਉਂਕਿ ਸ: ਮਹਿੰਦਰ ਸਿੰਘ ਤੁਹਾਨੂੰ ਇੱਕ ਹਫਤਾ ਪਹਿਲਾ ਬੇਨਤੀ ਕਰ ਗਿਆ ਸੀ ਤੇ ਤੁਸੀਂ ਉਨ੍ਹਾਂ ਨਾਲ ਵਾਅਦਾ ਵੀ ਕੀਤਾ ਸੀ ਕਿ ਇਹ ਚੁਕਾ ਦਿੱਤਾ ਜਾਵੇਗਾ।

ਮੈਨੇਜਰ ਨੇ ਸੱਚ ਬਿਆਨ ਕਰਦਿਆਂ ਕਿਹਾ ਕਿ ਇੱਕ ਤਾਂ ਮੈਂ ਇੱਥੇ ਪਿਛਲੇ ਥੋਹੜੇ ਦਿਨਾਂ ਤੋਂ ਹੀ ਚਾਰਜ ਸੰਭਾਲਿਆ ਹੈ ਤੇ ਦੂਸਰਾ ਇੱਥੇ ਸ਼੍ਰੋਮਣੀ ਕਮੇਟੀ ਦਾ ਆਪਣਾ ਕੋਈ ਲਿਟ੍ਰੇਚਰ ਹੀ ਨਹੀਂ ਸੀ ਅਤੇ ਤੀਸਰਾ ਇੱਕ ਦੋ ਬੰਦੇ ਇਤਰਾਜ ਵੀ ਕਰਦੇ ਸਨ ਕਿ ਉਨ੍ਹਾਂ ਵੱਲੋਂ ਰਖਵਾਇਆ ਗਿਆ ਲਿਟਰੇਚਰ ਨਾ ਚੁਕਵਾਇਆ ਜਾਵੇ।

ਉਨ੍ਹਾਂ ਸੱਚ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਗੁਰਦੁਆਰੇ ਵਿੱਚ ਹੋ ਰਹੀ ਮਨਮੱਤ ਮੀਡੀਏ ਵਿੱਚ ਆ ਰਹੀ ਤਾਂ ਅਸੀਂ ਮੁਲਾਜਮਾਂ ਨੇ ਹੀ ਆਪਣੇ ਕੋਲੋਂ ਪੈਸੇ ਪਾ ਕੇ ਕੁਝ ਲਿਟ੍ਰੇਚਰ ਦਮਦਮਾ ਸਾਹਿਬ ਤੋਂ ਅਤੇ ਕੁਝ ਸ਼੍ਰੀ ਮੁਕਤਸਰ ਸਾਹਿਬ ਤੋਂ ਵਿਸ਼ੇਸ਼ ਤੌਰ ’ਤੇ ਮੁਲਾਜਮ ਭੇਜ ਕੇ ਮੰਗਵਾਇਆ ਤੇ ਸਾਰਾ ਤੇ ਸਾਰਾ ਇਤਰਾਜ ਯੋਗ ਲਿਟ੍ਰੇਚਰ ਬਦਲ ਦਿੱਤਾ ਹੈ। ਉਨ੍ਹਾਂ ਇਹ ਵੀ ਮੰਨਿਆਂ ਕਿ ਇਹ ਲੇਖ ਛਪਣ ਕਰਕੇ ਸਾਨੂੰ ਸੰਗਤ ਵਿੱਚੋਂ ਕੁਝ ਉਨ੍ਹਾਂ ਬੰਦਿਆਂ ਨੂੰ ਸਮਝਾਉਣਾ ਸੌਖਾ ਹੋ ਜਾਵੇਗਾ ਜਿਹੜੇ ਪਹਿਲਾਂ ਸਾਡੇ ਕੋਲੋਂ ਨਹੀ ਸਨ ਸਮਝਦੇ।

ਜਦ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਕੀਤੀ ਕਾਰਵਾਈ ਸਬੰਧੀ ਜਾਨਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਮੈਨੇਜਰ ਨਾਲ ਫ਼ੋਨ ਮਿਲਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਇਥੇ ਤਾਂ ਮੈਨੇਜਰ ਸਾਹਿਬ ਦੀ ਹਿੰਮਤ ਸਦਕਾ ਹੀ ਸਾਰਾ ਲਿਟ੍ਰੇਚਰ ਤਬਦੀਲ ਕਰ ਦਿੱਤਾ ਗਿਆ ਹੈ ਪਰ ਇਹ ਇਕੱਲੇ ਇੱਕ ਗੁਰਦੁਆਰੇ ਦੀ ਗੱਲ ਨਹੀਂ ਬਹੁ ਗਿਣਤੀ ਗੁਰਦੁਆਰਿਆਂ ਦਾ ਇਹੀ ਹਾਲ ਹੈ ਇਸ ਲਈ ਸਾਰੇ ਹੀ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਸਮੂਹਿਕ ਰੂਪ ਵਿੱਚ ਸਰਕੂਲੇਸ਼ਨ ਭੇਜ ਦਿੱਤਾ ਜਾਵੇ ਕਿ ਜਿਥੇ ਵੀ ਸੰਪਟ ਵਾਲੀ ਮਨਮਤ ਵਾਲੇ ਗੁਟਕੇ ਪਏ ਹਨ ਉਹ ਸਾਰੇ ਦੇ ਸਾਰੇ ਚੁਕਵਾ ਕੇ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾ ਰਹੇ ਗੁਟਕੇ ਲਿਟ੍ਰੇਚਰ ਤੇ ਸਿੱਖ ਰਹਿਤ ਮਰਿਆਦਾ ਰਖਵਾਏ ਜਾਣ। ਜਥੇਦਾਰ ਸਾਹਿਬ ਜੀ ਨੇ ਇਸ ਲਈ ਸਹਿਮਤੀ ਪ੍ਰਗਟ ਕੀਤੀ ਕਿ ਜਲਦੀ ਹੈ ਇਹ ਸਰਕੂਲਰ ਭਿਜਵਾ ਦੇਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top