Share on Facebook

Main News Page

ਅਮਰੀਕਾ ’ਚ ਗੁਰਦਵਾਰੇ ’ਤੇ ਹਮਲੇ ਨੂੰ ਲੈ ਕੇ ਭਾਰਤੀਯ ਸੰਸਦ ਵਿਚ ਹੰਗਾਮਾ

ਨਵੀਂ ਦਿੱਲੀ, 10 ਅਗੱਸਤ : ਅਮਰੀਕਾ ਦੇ ਇਕ ਗੁਰਦਵਾਰੇ ’ਤੇ ਹੋਏ ਹਮਲੇ ਦੇ ਮੁੱਦੇ ’ਤੇ ਅੱਜ ਲੋਕ ਸਭਾ ਵਿਚ ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ਦਰਮਿਆਨ ਤਿੱਖਾ ਤਕਰਾਰ ਹੋਇਆ ਅਤੇ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਅਕਾਲੀ ਦਲ ਉਤੇ ਇਸ ਮਾਮਲੇ ’ਤੇ ਰਾਜਸੀ ਰੋਟੀਆਂ ਸੇਕਣ ਦਾ ਦੋਸ਼ ਲਾਇਆ।

ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਦੇ ਖਾਣੇ ਤੋਂ ਕਰੀਬ 15 ਮਿੰਟ ਪਹਿਲਾਂ 2 ਵਜੇ ਤਕ ਮੁਲਤਵੀ ਕਰ ਦਿਤੀ ਗਈ। ਸਦਨ ਵਿਚ ਸਿਫ਼ਰ ਕਾਲ ਦੌਰਾਨ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਅਮਰੀਕਾ ਵਿਚ ਸਿੱਖਾਂ ’ਤੇ ਹੋਏ ਹਮਲੇ ਦਾ ਮਾਮਲਾ ਉਠਾਇਆ ਅਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਸਿੱਖਾਂ ਦੇ ਇਕ ਵਫ਼ਦ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਵਿਦੇਸ਼ਾਂ ਵਿਚ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਸਿੱਖ ਅਤਿਵਾਦੀ ਨਹੀਂ ਹਨ। ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਸਰਕਾਰ ਤੋਂ ਇਸ ਮਾਮਲੇ ’ਚ ਕੀਤੀ ਗਈ ਕਾਰਵਾਈ ਤੋਂ ਸਦਨ ਨੂੰ ਜਾਣੂ ਕਰਾਉਣ ਦੀ ਮੰਗ ਕੀਤੀ। ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਵਾਰੇ ’ਤੇ ਹੋਏ ਹਮਲੇ ਦੀ ਘਟਨਾ ਨੂੰ ਅਫ਼ਸੋਸਨਾਕ ਅਤੇ ਦੁਖਦਾਈ ਦਸਦਿਆਂ ਕਿਹਾ ਕਿ ਸਰਕਾਰ ਨੇ ਇਸ ਦਿਸ਼ਾ ਵਿਚ ਤੁਰਤ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਤਾਂ ਸੱਤਾ ਧਿਰ ਅਤੇ ਵਿਰੋਧੀ ਮੈਂਬਰਾਂ ਵਿਚਕਾਰ ਤਿੱਖੀ ਨੋਕ-ਝੋਕ ਹੋਈ। ਹਰਸਿਮਰਤ ਕੌਰ ਨੇ ਕਿਹਾ ਕਿ ਅਮਰੀਕਾ ਵਿਚ 2001 ਦੇ ਅਤਿਵਾਦੀ ਹਮਲੇ ਤੋਂ ਬਾਅਦ ਸਿੱਖਾਂ ’ਤੇ ਇਕ ਹਜ਼ਾਰ ਤੋਂ ਵੱਧ ਹਮਲੇ ਹੋਏ ਹਨ। ਜਨਤਾ ਦਲ-ਯੂ ਦੇ ਸ਼ਰਦ ਯਾਦਵ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਪੰਜਾਬ ਜਾਂ ਅਕਾਲੀ ਦਲ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਹੈ ਅਤੇ ਪੂਰਾ ਦੇਸ਼ ਇਸ ਘਟਨਾ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ ’ਤੇ ਖ਼ੁਦ ਹੀ ਬਿਆਨ ਦੇਣਾ ਚਾਹੀਦਾ ਸੀ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਜੋ ਕੁੱਝ ਹੋਇਆ, ਦੁਖਦਾਈ ਹੈ ਅਤੇ ਇਹ ਪੂਰੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਹੈ। ਬਾਂਸਲ ਨੇ ਕਿਹਾ ਕਿ ਅਮਰੀਕਾ ਵਿਚ ਇਸ ਘਟਨਾ ਨੂੰ ਲੈ ਕੇ ਕਿੰਨੀ ਚਿੰਤਾ ਹੈ, ਉਹ ਇਸ ਗੱਲ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਥੇ ਝੰਡੇ ਅੱਧੇ ਝੁਕਾ ਦਿਤੇ ਗਏ ਹਨ। ਓਬਾਮਾ ਵਲੋਂ ਡਾ. ਮਨਮੋਹਨ ਸਿੰਘ ਨਾਲ ਗੱਲ ਕਰਨ ਤੋਂ ਪਤਾ ਲਗਦਾ ਹੈ ਕਿ ਉਥੇ ਭਾਰਤ ਦੀ ਕਿੰਨੀ ਇੱਜ਼ਤ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਮਾਮਲੇ ’ਚ ਪੂਰੀ ਕਾਰਵਾਈ ਦਾ ਭਰੋਸਾ ਦਿਵਾਇਆ ਹੈ। ਉਨ੍ਹਾਂ ਨੇ ਅਕਾਲੀ ਦਲ ’ਤੇ ਇਸ ਮਾਮਲੇ ਵਿਚ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਚੰਗਾ ਨਹੀਂ ਕਿ ਜਦੋਂ ਸਿਵਾ ਬਲ ਰਿਹਾ ਹੋਵੇ ਤਾਂ ਉਸ ’ਤੇ ਰਾਜਸੀ ਰੋਟੀਆਂ ਸੇਕੀਆਂ ਜਾਣ। ਉਨ੍ਹਾਂ ਜਾਣਨਾ ਚਾਹਿਆ ਕਿ ਉਹ ਉਨ੍ਹਾਂ ਗੁਰਦਵਾਰਿਆਂ ’ਚ ਗਏ ਹਨ, ਜਿਥੇ ਅਰਦਾਸਾਂ ਹੋ ਰਹੀਆਂ ਹਨ? ਉਨ੍ਹਾਂ ਨੂੰ ਗੁਰਦਵਾਰਿਆਂ ’ਚ ਜਾਣਾ ਚਾਹੀਦਾ ਹੈ, ਜਿਥੇ ਪਾਠ ਹੋ ਰਿਹਾ ਹੈ। ਬਾਂਸਲ ਦੇ ਇਸ ਬਿਆਨ ’ਤੇ ਵਿਰੋਧੀ ਧਿਰ ਦੇ ਮੈਂਬਰ ਭੜਕ ਉਠੇ ਅਤੇ ਅਕਾਲੀ ਦਲ ਤੇ ਭਾਜਪਾ ਦੇ ਮੈਂਬਰ ਸਪੀਕਰ ਦੇ ਆਸਣ ਨੇੜੇ ਆ ਕੇ ਨਾਹਰੇਬਾਜ਼ੀ ਕਰਨ ਲੱਗੇ। ਹੰਗਾਮਾ ਵਧਦਾ ਦੇਖ ਕੇ ਸਦਨ ਦੇ ਸਭਾਪਤੀ ਐਮ. ਥੰਭੀਦੁਰਈ ਨੇ ਸਦਨ ਦੀ ਕਾਰਵਾਈ ਖਾਣੇ ਤੋਂ 15 ਮਿੰਟ ਪਹਿਲਾਂ ਹੀ ਦੁਪਹਿਰ 2 ਵਜੇ ਤਕ ਮੁਲਤਵੀ ਕਰ ਦਿਤੀ। (ਏਜੰਸੀ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top