Share on Facebook

Main News Page

ਸਿੱਖ ਲਹਿਰ ਸੈਂਟਰ, ਬਰੈਂਪਟਨ ਵਿਖੇ ਹੋਇਆ ਸਿੱਖੀ ਮਾਰਗ ਅਤੇ ਅਜੋਕਾ ਸਿੱਖ ਬਾਰੇ ਸੈਮੀਨਰ

ਸਿੱਖ ਲਹਿਰ ਸੈਂਟਰ, ਬਰੈਂਪਟਨ (ਗੁਰਦੇਵ ਸਿੰਘ ਸੱਧੇਵਾਲੀਆ): ਤਾਂਤਰਿਕ ਵਿਧੀਆਂ ਵਾਲੇ ਖੁਦ ਤਾਂ ਲੰਗੜੇ-ਲੂਲੇ ਸਨ ਹੀ ਉਨ੍ਹਾਂ ਅਪਣੇ Follower ਨੂੰ ਲੰਗੜੇ-ਲੂਲੇ ਕਰ ਛੱਡਿਆ ਕਿ ਆਹ ਵਿਧੀ ਅਪਣਾਓ ਤਾਂ ਆਹ ਇਲਾਜ ਹੈ, ਆਹ ਅਪਣਾਓ ਤਾਂ ਆਹ। ਇਹੀ ਕਾਰਨ ਸੀ ਕਿ ਇਹ ਮੁੱਲਕ ਇਸੇ ਆਸ ਨਾਲ ਹੀ ਕੋਈ ਹਜਾਰ ਸਾਲ ਮੁਗਲਾਂ ਜਾਂ ਹੋਰ ਧਾੜਵੀਆਂ ਕੋਲੋਂ ਕੁੱਟ ਖਾਈ ਗਿਆ ਕਿ ਕੋਈ ਵਿਧੀ ਤਾਂ ਕੰਮ ਆਵੇਗੀ ਹੀ ਪਰ ਕੋਈ ਨਾ ਆਈ। ਇਹੀ ਹਾਲ ਅੱਜ ਸਿੱਖ ਕੌਮ ਦਾ ਹੈ ਕਿ ਉਸ ਦੇ ਧਾਰਮਿਕ ਆਸਥਾਨਾਂ ਉਪਰ ਗੁਰਬਾਣੀ ਨੂੰ ਤਾਂਤਰਿਕ ਰੂਪ ਦੇ ਦਿੱਤਾ ਗਿਆ ਹੈ ਕਿ ਇਨੀਆਂ ਕੌਤਰੀਆਂ ਕਰਨ ਨਾਲ ਇੰਝ ਹੋਵੇਗਾ, ਇਨੇ ਪਾਠ ਕਰਨ ਨਾਲ ਉਂਝ ਹੋਵੇਗਾ ਤੇ ਇਸ ਦਾ ਨਤੀਜਾ ਕਿ ਸਿੱਖ ਕੌਮ ਵੀ ਲੰਗੜੀ ਲੂਲੀ ਹੋ ਕੇ ਰਹਿ ਗਈ ਹੈ!!

ਉਪਰਲੇ ਲਫਜ ਭਾਈ ਸੁੱਖਜਿੰਦਰ ਸਿੰਘ ਸੱਭਰਾ ਨੇ 19 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਲਹਿਰ ਵਿਖੇ ਗੁਰਸਿੱਖੀ ਮਾਰਗ ਅਤੇ ਅਜੋਕਾ ਸਿੱਖ ਵਿਸ਼ੇ ਉਪਰ ਗੁਰੂ ਪੰਥ ਡਾਟ ਕਾਮ ਅਤੇ ਸ੍ਰ ਮਨਦੀਪ ਸਿੰਘ ਗਿੱਲ ਵਲੋਂ ਉਲੀਕੇ ਗਏ ਸੈਮੀਨਰ ਵਿਚ ਕਹੇ।

ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਸ੍ਰ. ਸਭਰਾ ਇਨਹੀਂ ਦਿਨੀ ਕਨੇਡਾ ਦੇ ਪ੍ਰਚਾਰ ਦੌਰੇ ਤੇ ਹਨ। ਸਾਹਵੇਂ ਬੈਠ ਕੇ ਮੈਂ ਉਨ੍ਹਾਂ ਨੂੰ ਪਹਿਲੀ ਵਾਰੀ ਸੁਣਿਆ ਹੈ। ਕੋਈ ਦੋ ਘੰਟੇ ਦੇ ਸਮੇਂ ਵਿਚ ਤੁਹਾਨੂੰ ਇੰਝ ਨਹੀਂ ਜਾਪਦਾ ਕਿ ਉਹ ਤੁਹਾਨੂੰ ਬੋਰ ਕਰ ਰਿਹਾ। ਉਸ ਦੀ ਬੋਲਣ ਸ਼ੈਲੀ ਦੀ ਸਰਲਤਾ ਵਿਚ ਕੋਈ ਅਕੇਵਾਂ ਨਹੀਂ। ਸੁਣਨ ਵਾਲੇ ਨੂੰ ਇੰਝ ਨਹੀਂ ਜਾਪਦਾ ਕਿ ਯਾਰ ਹੁਣ ਬੱਸ ਵੀ ਕਰ ਇਨਾਂ ਲੰਮਾ ਲੈਕਚਰ?

ਅੱਜ ਦੇ ਸਿੱਖ ਪ੍ਰਚਾਰ ਬਾਰੇ ਉਨ੍ਹਾਂ ਕਿਹਾ ਹੁਣ ਜੋਗੀਆਂ ਨੂੰ ਲੋੜ ਨਹੀਂ ਕਿ ਉਹ ਅਪਣੇ ਮੱਤ ਦਾ ਪ੍ਰਚਾਰ ਕਰਨ ਉਹ ਅਸੀਂ ਅਪਣੇ ਗੁਰੂ ਘਰਾਂ ਵਿਚ ਹੀ ਬਹੁਤ ਕਰੀ ਜਾਂਨੇ ਹਾਂ। ਤਾਂਤਰਿਕਾਂ ਵਾਲੀਆਂ ਵਿਧੀਆਂ ਉਹੀ ਹਨ ਫਰਕ ਕੇਵਲ ਇਤਨਾ ਹੈ, ਕਿ ਉਸ ਉਪਰ ਰੰਗਤ ਗੁਰਬਾਣੀ ਦੀ ਚ੍ਹਾੜ ਦਿੱਤੀ ਗਈ ਹੈ। ਸਾਡੇ ਵਿਚ ਫਰਕ ਤੇ ਫਰਕ ਇਸੀ ਕਾਰਨ ਪੈਂਦਾ ਚਲਾ ਜਾ ਰਿਹਾ ਹੈ ਕਿ ਗੁਰਬਾਣੀ ਦੀ ਵਿਆਖਿਆ ਦਾ ਢੰਗ ਅਸੀਂ ਅਪਣੀ ਮੱਤ ਅਨੁਸਾਰ ਕਰਦੇ ਹਾਂ ਜਿਹੜਾ ਢੰਗ ਬਹੁਤਾ ਜੋਗ ਮੱਤ ਵਿਚੋਂ ਆ ਰਿਹਾ ਹੈ।

ਸਿੱਖ ਦੀ ਅੱਜ ਤਰਸਜੋਗ ਹਾਲਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਅਪਣੇ ਅਪਣੇ ਬਾਬਿਆਂ ਦਾ ਏਜੰਟ ਬਣ ਕੇ ਰਹਿ ਗਿਆ ਹੈ। ਜਿਥੇ ਚਾਰ ਬੰਦੇ-ਮਾਈਆਂ ਇਕੱਠੇ ਹੁੰਦੇ ਉਥੇ ਹੀ ਗੱਲ ਤੁਰਦੀ ਕਿ ਸਾਡੇ ਬਾਬਾ ਜੀ ਨੇ ਆਹ ਕਿਹਾ, ਸਾਡੇ ਬਾਬਾ ਜੀ ਔਹ ਕਿਹਾ। ਕਿਸੇ ਕਦੇ ਨਹੀਂ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੇ ਕੀ ਕਿਹਾ। ਗੁਰਬਾਣੀ ਦੀ ਜੇ ਅਸੀਂ ਗੱਲ ਵੀ ਕਰਦੇ ਹਾਂ ਤਾਂ ਅਪਣੇ ਅਪਣੇ ਬਾਬੇ ਜਾਂ ਬ੍ਰਹਗਿਆਨੀ ਤੇ ਫਿੱਟ ਕਰਨ ਜੋਗੀ। ਤੇ ਜੇ ਕੋਈ ਪੁੱਛਦਾ ਕਿ ਸੰਤ, ਬ੍ਰਹਮਗਿਆਨੀ, ਭਗਤ, ਮਹਾਂਪੁਰਖ ਤਾਂ ਤੁਹਾਡੇ ਬਾਬੇ ਹੋ ਗਏ ਪਰ ਮਨਮੁੱਖ, ਸਾਕਤ ਆਦਿ ਕਿਸ ਲਈ ਹੈ ਤਾਂ ਉਹ ਕਹਿ ਦਿੰਦੇ ਹਨ ਇਹ ਉਨ੍ਹਾਂ ਲਈ ਜਿਹੜੇ ਸਾਡੇ ਬਾਬਾ ਜੀ ਦੀ ਨਿੰਦਿਆ ਕਰਦੇ ਹਨ!!

ਮੂਰਤੀ ਪੂਜਾ ਬਾਰੇ ਆਉਂਣ ਵਾਲੇ 50 ਸਾਲਾਂ ਦੇ ਖਤਰਨਾਕ ਨਤੀਜਿਆਂ ਬਾਰੇ ਸਿੱਖ ਕੌਮ ਨੂੰ ਉਨ੍ਹਾਂ ਸੋਚਣ ਬਾਰੇ ਕਿਹਾ ਜਦ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਜਾਇ ਲੋਕ ਅਪਣੀਆਂ ਅਪਣੀਆਂ ਮੂਰਤੀਆਂ ਸਜਾ ਕਿ ਗੁਰਦੁਰਿਆਂ ਵਿਚ ਹਿੰਦੂਆਂ ਵਾਂਗ ਟੱਲੀਆਂ ਖੜਕਾਇਆ ਕਰਨਗੇ ਕਿਉਂਕਿ ਪ੍ਰਬੰਧਕ ਦਾ ਤਾਂ ਸਿੱਧਾ ਹੀ ਫਾਰਮੂਲਾ ਹੋਣਾ ਕਿ ਜੀ ਸੰਗਤ ਨੂੰ ਅਸੀਂ ਜੋੜਨਾ ਹੈ ਤੋੜਨਾ ਨਹੀਂ!! ਜਦ ਕਿ ਸ੍ਰੀ ਗੁਰੁੂ ਗਰੰਥ ਸਹਿਬ ਵਿਚ ਮੂਰਤੀ ਪੂਜਾ ਬੜੇ ਸਪੱਸ਼ਟ ਸ਼ਬਦਾਂ ਵਿਚ ਲਿਖਿਆ ਹੋਇਆ ਹੈ। ਕੀ ਸਿੱਖ ਇਸ ਨੂੰ ਵਿਚਾਰਨ ਦੀ ਕਦੇ ਸੁਰਤ ਕਰਨਗੇ? ਉਨ੍ਹਾਂ ਕਿਹਾ ਕਿ ਇਹੀ ਕਾਰਨ ਹਨ ਕਿ ਹਿੰਦੂ ਨੂੰ ਤੁਹਾਡੇ ਸਰੂਪ ਤੋਂ ਇਨੀ ਚਿੜ ਨਹੀਂ ਜਿੰਨੀ ਸ੍ਰੀ ਗੁਰੂ ਜੀ ਦੀ ਵਿਚਾਰਧਾਰਾ ਤੋਂ ਹੈ ਕਿਉਂਕਿ ਗੁਰੂ ਦੀ ਵਿਚਾਰ ਗਈ ਤਾਂ ਸਰੂਪ ਤਾਂ ਆਪੇ ਢੱਠ ਜਾਣਾ ਹੈ।

ਬ੍ਰਾਹਮਣ ਵਲੋਂ ਹਰੇਕ ਗੱਲ ਦਾ ਬਦਲ ਦਿੱਤੇ ਜਾਣ ਤੋਂ ਚੌਕਸ ਹੋਣ ਲਈ ਦੱਸਦਿਆਂ ਉਨ੍ਹਾਂ ਕਿਹਾ ਉਸ ਨੇ ਹਰੇਕ ਥਾਂ ਸਰੀਕ ਪੈਦਾ ਕਰ ਦਿੱਤੇ ਹਨ। ਗੁਰਦੁਆਰੇ ਦੇ ਨਾਲ ਡੇਰਾ ਖੜਾ ਕਰ ਦਿੱਤਾ ਜਾਂਦਾ ਹੈ ਉਸ ਵਿਚ ਇਕ ਸਾਧ ਬੈਠਾ ਦਿੱਤਾ ਜਾਂਦਾ ਹੈ ਤੇ ਗੁਰਬਾਣੀ ਦੇ ਸ਼ਬਦ ਉਸ ਘਟਾ ਦਿੱਤੇ ਜਾਂਦੇ ਹਨ। ਉਹ ਫਿਰ ਕਹਿੰਦਾ ਕਿ ਜੀ ਗੁਰਬਾਣੀ ਅਗਾਧ ਬੋਧ ਹੈ ਨਾ, ਇਹ ਸਾਡੇ ਜੀਵਾਂ ਦੇ ਸਮਝ ਨਹੀਂ ਆਉਂਦੀ ਤੇ ਉਹ ਇਸ ਆੜ ਹੇਠ ਫਿਰ ਅਪਣੀ ਤੁੱਕੀ ਬੰਦੀ ਕਰਕੇ ਧਾਰਨਾਵਾਂ ਦੇ ਰੂਪ ਵਿਚ ਲੋਕਾਂ ਦੇ ਸਿਰਾਂ ਵਿਚ ਤੂਸਦਾ ਹੈ, ਅਪਣੀਆਂ ਕਵਿਤਾਵਾਂ ਦੀ ਕਿਤਾਬ ਛਪਵਾ ਕੇ ਲੋਕਾਂ ਵਿਚ ਵੰਡਦਾ ਹੈ, ਸਿੱਖ ਸੂਰਬੀਰਾਂ ਦੇ ਸ਼ਹੀਦੀ ਦਿਹਾੜਿਆਂ ਦੀ ਬਜਾਇ ਅਪਣੇ ਮਰ ਚੁੱਕੇ ਬਾਬਿਆਂ ਦੀਆਂ ਬਰਸੀਆਂ ਦੇ ਢੋਲ-ਢਮੱਕੇ ਕਰਦਾ ਹੋਇਆ ਸ੍ਰੀ ਗੁਰੂ ਜੀ ਦਾ ਸਰੀਕ ਬਣ ਕੇ ਬਹਿ ਜਾਂਦਾ ਹੈ।

ਉਨ੍ਹਾਂ ਕਾਮਰੇਡਾਂ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਉਹ ਕੀ ਕਰਦੇ ਹਨ। ਗਦਰੀ ਬਾਬਿਆਂ ਦੇ ਮੇਲਿਆਂ ਦੀ ਆੜ ਹੇਠ ਸੜਕਾਂ ਤੇ ਅੱਗ ਤੁਰੀ ਜਾਂਦੀ ਜਾਂ ਹੋਰ ਪੰਜਾਬ ਵਿਚ ਗੰਦ ਪਾ ਰਹੇ ਲੱਚਰ ਗਾਇਕਾਂ ਨੂੰ ਸਟੇਜਾਂ ਤੇ ਲਿਆ ਕੇ ਗਦਰੀ ਬਾਬਿਆਂ ਦੇ ਮੇਲੇ ਲਾਉਂਦੇ ਹਨ। ਪਰ ਕੀ ਸਾਡੇ ਸ਼ਹੀਦਾਂ ਦੇ ਮੇਲੇ ਹੁਣ ਇਹ ਲੋਕ ਜੇ ਲਾਇਆ ਕਰਨਗੇ ਜਾਂ ਉਹ ਦਿਨ ਦੂਰ ਨਹੀਂ ਜਦ ਭਾਈ ਮਨੀ ਸਿੰਘ ਅਤੇ ਹੋਰ ਸੂਰਬੀਰਾਂ ਦੇ ਮੇਲੇ ਵੀ ਇਹ ਲੱਚਰ ਲੋਕ ਹੀ ਲਾਇਆ ਕਰਨਗੇ।

ਉਨ੍ਹਾਂ ਬਾਦਲਕਿਆਂ ਵਲੋਂ ਖੋਲ੍ਹੇ ਜਾ ਰਹੇ ਕਸੀਨੋ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਉਨ੍ਹਾਂ ਠੇਕੇ ਖ੍ਹੋਲ ਕੇ ਵੇਖ ਲਏ ਹਨ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਜੇ ਠੇਕਿਆਂ ਵਿਚ ਫਾਇਦਾ ਤਾਂ ਕਸੀਨੋ ਵਿਚ ਨੁਕਸਾਨ ਕੋਈ ਨਹੀਂ ਹੋਣ ਲੱਗਾ ਪੰਜਾਬ ਮਰਦਾ ਤਾਂ ਮਰੇ।

ਉਨ੍ਹਾਂ ਖਾਲਸਾ ਪੰਥ ਦੇ ਜਾਹੋ-ਜਲਾਲ ਉਹ ਸਵਾਲ ਕਰਦਿਆਂ ਕਿਹਾ ਕਿ ਖਾਲਸਾ ਪੰਥ ਉਸ ਫਕੀਰ ਦੀ ਗੋਦੜੀ ਵਰਗਾ ਨਹੀਂ ਹੋਣਾ ਚਾਹੀਦਾ ਜਿਸ ਉਪਰ ਥਾਂ-ਥਾਂ ਰੰਗ ਬਰੰਗੀਆਂ ਪਾਟੀਆਂ ਹੋਈਆਂ ਟਾਕੀਆਂ ਲੱਗੀਆਂ ਹੁੰਦੀਆਂ। ਗੁਰੂ ਸਾਹਿਬ ਨੇ ਖਾਲਸਾ ਜੀ ਨੂੰ ਇਕੇ ਰੰਗ ਵਿਚ ਰੰਗਿਆ ਸੀ ਤੇ ਉਹ ਰੰਗ ਹੈ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ। ਪਰ ਅਫਸੋਸ ਕਿ ਸਿੱਖ ਅੱਜ ਥਾਂ ਥਾਂ ਡੇਰਿਆਂ ਦੀਆਂ ਰੰਗ-ਬਰੰਗੀਆਂ ਪਾਟੀਆਂ ਹੋਈਆਂ ਟਾਕੀਆਂ ਬੰਨ ਕੇ ਮਾਣ ਮਹਿਸੂਸ ਕਰੀ ਜਾ ਰਿਹਾ ਹੈ।

ਅਖੀਰ ਤੇ ਉਨ੍ਹਾਂ ਕਿਹਾ ਕਿ ਭਰਾਵੋ ਅੱਜ ਦੇ ਜੁੱਗ ਵਿਚ ਇਹੀ ਪ੍ਰਚਾਰ ਹੈ ਕਿ ਤੁਸੀਂ ਅਪਣੇ ਘਰ ਸੰਭਾਲੋ ਤੇ ਉਸ ਤੋਂ ਉਪਰੰਤ ਪੰਜਾਬ ਵਿਚ ਅਪਣੇ ਅਪਣੇ ਪਿੰਡ ਸੰਭਾਲੋ ਕਿਸੇ ਤੇ ਤੁਹਾਨੂੰ ਅੱਜ ਬਾਹਲੀ ਆਸ ਰੱਖਣ ਦੀ ਲੋੜ ਨਹੀਂ ਸਾਡੀਆਂ ਸੰਸਥਾਵਾਂ ਭ੍ਰਸ਼ਟ ਹੋ ਚੁੱਕੀਆਂ ਹੋਈਆਂ ਜੇ ਉਨ੍ਹਾਂ ਨੂੰ ਹੀ ਕੋਸੀ ਗਏ ਤਾਂ ਅਸੀਂ ਬਹੁਤ ਪਛੜ ਚੁੱਕੇ ਹੋਵਾਂਗੇ।

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top