Share on Facebook

Main News Page

ਮਿਲਵਾਕੀ ਦੇ ਗੁਰਦੁਆਰੇ ’ਚ ਇੱਕ ਸਿਰ ਫਿਰੇ ਗੋਰੇ ਵੱਲੋਂ ਸਿੱਖਾਂ ਦੇ ਕੀਤੇ ਕਤਲ ਮੰਦਭਾਗੇ ਤੇ ਨਿੰਦਣਯੋਗ ਪਰ ਉਸ ਪਿੱਛੋਂ, ਅਮਰੀਕਾ ਸਰਕਾਰ ਵੱਲੋਂ ਸਿੱਖਾਂ ਨੂੰ ਦਿੱਤੇ ਇਨਸਾਫ ਤੇ ਹਮਦਰਦੀ ਭਰੇ ਵਤੀਰੇ ਤੋਂ ਭਾਰਤ ਸਰਕਾਰ ਸਬਕ ਸਿੱਖੇ
- ਬਾਬਾ ਦਾਦੂਵਾਲ

ਬਠਿੰਡਾ, 21 ਅਗਸਤ (ਕਿਰਪਾਲ ਸਿੰਘ): ਅਮਰੀਕਾ ਦੇ ਮਿਲਵਾਕੀ ਸ਼ਹਿਰ ਦੇ ਓਕ ਕ੍ਰੀਕ ਗੁਰਦੁਆਰੇ ’ਚ ਇੱਕ ਸਿਰ ਫਿਰੇ ਗੋਰੇ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ 6 ਸਿੱਖਾਂ ਦੇ ਕਤਲ ਅਤੇ ਕਈਆਂ ਨੂੰ ਜਖ਼ਮੀ ਕੀਤੇ ਜਾਣ ਦੀ ਘਟਨਾ ਅਤਿ ਮੰਦਭਾਗੀ ਤੇ ਨਿੰਦਣਯੋਗ ਹੈ ਪਰ ਉਸ ਪਿੱਛੋਂ ਅਮਰੀਕਾ ਸਰਕਾਰ ਵੱਲੋਂ ਸਿੱਖਾਂ ਨੂੰ ਦਿੱਤੇ ਇਨਸਾਫ ਤੇ ਵਿਖਾਏ ਹਮਦਰਦੀ ਭਰੇ ਵਤੀਰੇ ਤੋਂ ਭਾਰਤ ਸਰਕਾਰ ਸਬਕ ਸਿੱਖੇ। ਇਹ ਸ਼ਬਦ ਬੀਤੀ ਰਾਤ ਇੱਥੇ ਚੀਫ ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਵਿਖੇ, ਅਮਰੀਕਾ ’ਚ ਸਿੱਖਾਂ ਦੇ ਹੋਏ ਕਤਲਾਂ ਦੀ ਯਾਦ ’ਚ ਕਰਵਾਏ ਗਏ ਇੱਕ ਸਮਾਗਮ ਵਿੱਚ ਬੋਲਦੇ ਹੋਏ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਹੇ।

ਉਨ੍ਹਾਂ ਕਿਹਾ ਦੂਸਰੇ ਦੇਸ਼ ਅਮਰੀਕਾ ਵਿੱਚ ਸਿੱਖ ਰੁਜ਼ਗਾਰ ਦੀ ਭਾਲ ’ਚ ਗਏ, ਜਿੱਥੇ ਕੀਤੀ ਸਖਤ ਮਿਹਨਤ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸਹਾਲ ਬਣਾਇਆ ਉਥੇ ਅਮਰੀਕਾ ਦੀ ਤਰੱਕੀ ਵਿੱਚ ਵੀ ਵੱਡਾ ਯੋਗਦਾਨ ਪਾਇਆ। ਇਸ ਕਾਰਣ ਉਥੋਂ ਦੀ ਸਰਕਾਰ ਤੇ ਆਮ ਸ਼ਹਿਰੀ ਸਿੱਖਾਂ ਨੂੰ ਉਨ੍ਹਾਂ ਦਾ ਮਿਲਦਾ ਸਤਿਕਾਰ ਦੇ ਰਹੇ ਹਨ। ਪਰ ਹਰ ਕੌਮ ਵਿੱਚ ਕੁਝ ਸਿਰਫਿਰੇ ਨਸਲੀ ਵਿਤਕਰਾ ਕਰਨ ਵਾਲੇ ਤੁਅਸਬੀ ਤੇ ਜਨੂਨੀ ਲੋਕ ਵੀ ਹੁੰਦੇ ਹਨ। ਇਸ ਤਰ੍ਹਾਂ ਦਾ ਇੱਕ ਜਨੂਨੀ ਸਾਬਕਾ ਫੌਜੀ ਗੋਰਾ 5 ਅਗਸਤ ਨੂੰ ਅਮਰੀਕਾ ਦੇ ਮਿਲਵਾਕੀ ਸ਼ਹਿਰ ਦੇ ਓਕ ਕ੍ਰੀਕ ਗੁਰਦੁਆਰੇ ’ਚ ਉਸ ਸਮੇਂ ਦਾਖ਼ਲ ਹੋਇਆ ਜਦੋਂ ਐਤਵਾਰ ਦਾ ਵਿਸ਼ੇਸ਼ ਦੀਵਾਨ ਹੋਣ ਸਦਕਾ ਸਿੱਖ ਉਥੇ ਵੱਡੀ ਗਿਣਤੀ ਵਿੱਚ ਰੱਬ ਦੀ ਕੀਰਤੀ ਵਿੱਚ ਜੁੜੇ ਹੋਏ ਸਨ। ਇਸ ਮੌਕੇ ਉਸਨੇ ਅੰਨ੍ਹੇਵਾਹ ਫਾਇਰਿੰਗ ਕਰਕੇ 6 ਸਿੱਖਾਂ ਦਾ ਕਤਲ ਅਤੇ ਕਈਆਂ ਨੂੰ ਜਖ਼ਮੀ ਕਰ ਦਿੱਤਾ।

ਅਮਰੀਕਾ ਦੀ ਪੁਲਿਸ ਨੇ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦਿਆਂ ਫਾਇਰਿੰਗ ਕਰ ਰਹੇ ਉਸ ਗੋਰੇ ਨੂੰ ਕਾਬੂ ਕਰਨ ਲਈ ਉਸ ਤੇ ਗੋਲੀ ਚਲਾਈ ਤੇ ਉਸ ਨੂੰ ਥਾਂਏਂ ਢੇਰੀ ਕਰ ਦਿੱਤਾ। ਅਮਰੀਕਾ ਦਾ ਰਾਸ਼ਟਰਪਤੀ ਜੋ ਆਪਣੇ ਦੇਸ਼ ਦੇ ਸਰਕਾਰੀ ਦੌਰੇ ’ਤੇ ਸੀ, ਇਹ ਮੰਦਭਾਗੀ ਖ਼ਬਰ ਸੁਣ ਕੇ ਆਪਣਾ ਦੌਰਾ ਅੱਧ ਵਿਚਕਾਰੋਂ ਹੀ ਰੱਦ ਕਰਕੇ ਤੁਰੰਤ ਦੇਸ਼ ਦੀ ਰਾਜਧਾਨੀ ਪਹੁੰਚਿਆ ਤੇ ਉਸ ਨੇ ਆਪਣੇ ਦੇਸ਼ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਤੇ ਬਾਹਰਲੇ ਦੇਸ਼ਾਂ ਦੀਆਂ ਅੰਬੈਸੀਆਂ ’ਤੇ 10 ਅਗਸਤ ਤੱਕ ਕੌਮੀ ਝੰਡੇ ਅੱਧੇ ਨੀਵੇਂ ਝੁਲਾ ਕੇ ਕੌਮੀ ਰੋਸ ਮਨਾਉਣ ਦਾ ਐਲਾਨ ਕਰਦਿਆਂ ਸਿੱਖਾਂ ਨੂੰ ਹਰ ਤਰ੍ਹਾਂ ਦਾ ਇਨਸਾਫ ਤੇ ਸਨਮਾਨ ਦੇਣ ਦਾ ਯਕੀਨ ਦਵਾਇਆ।

ਪਰ ਇੱਧਰ ਜਿਹੜੇ ਸਿੱਖਾਂ ਨੇ ਕਾਬਲ ਕੰਧਾਰ ਦੀਆਂ ਗਲੀਆਂ ਵਿੱਚ ਜਿਸ ਦੇਸ਼ ਦੀ ਰੁਲ ਰਹੀ ਇੱਜਤ ਆਬਰੂ ਨੂੰ ਆਪਣੀ ਜਾਨ ਤਲੀ ’ਤੇ ਰੱਖ ਕੇ ਬਚਾਇਆ, ਦੇਸ਼ ਦੀ ਅਜਾਦੀ ਲਈ ਚੱਲੇ ਸੰਘਰਸ਼ ’ਚ 121 ਅਜ਼ਾਦੀ ਦੇ ਪ੍ਰਵਾਨਿਆਂ ਨੂੰ ਮਿਲੀ ਮੌਤ ਦੀ ਸਜਾ ’ਚੋਂ ਫਾਂਸੀ ਦਾ ਰੱਸਾ ਚੁੰਮਣ ਵਾਲੇ 93 ਸਿੱਖ ਸਨ, 2626 ਉਮਰਕੈਦ ਦੀ ਸਜ਼ਾ ਪਾਉਣ ਵਾਲਿਆਂ ’ਚੋਂ 1147 ਸਿੱਖ ਸਨ, ਜਲ੍ਹਿਆਂ ਵਾਲੇ ਬਾਗ਼ ਦੇ 1300 ਸ਼ਹੀਦਾਂ ਵਿੱਚੋਂ 799 ਸਿੱਖ ਸਨ, ਬਜ਼ਬਜ਼ ਘਾਟ ਦੇ 113 ਸ਼ਹੀਦਾਂ ਵਿੱਚੋਂ 67 ਸਿੱਖ ਸਨ, ਅਕਾਲੀ ਲਹਿਰ ’ਚ ਸ਼ਹੀਦੀਆਂ ਪਾਉਣ ਵਾਲਿਆਂ ’ਚ ਸਾਰੇ ਦੇ ਸਾਰੇ 500 ਸਿੱਖਾਂ ਸਨ। ਇਸ ਤਰ੍ਹਾਂ ਦੇਸ਼ ਦੀ ਕੁਲ ਅਬਾਦੀ ਦਾ ਸਿੱਖਾਂ ਨੇ ਕੇਵਲ 2% ਹੋਣ ਦੇ ਬਾਵਯੂਦ ਦੇਸ਼ ਦੇ ਅਜਾਦੀ ਸੰਗਰਾਮ ’ਚ 80% ਯੋਗ ਦਾਨ ਪਾ ਕੇ ਮਹਾਨ ਕੁਰਬਾਨੀਆਂ ਕਰਦਿਆਂ ਦੇਸ਼ ਨੂੰ ਅਜਾਦ ਕਰਾਇਆ ਪਰ ਅਜ਼ਾਦ ਭਾਰਤ ’ਚ ਸਰਕਾਰ ਨੇ ਹਰ ਖੇਤਰ ਵਿੱਚ ਸਿੱਖਾਂ ਨਾਲ ਵਧੀਕੀਆਂ ਕੀਤੀਆਂ। ਪੰਜਾਬ ਦੀਆਂ ਆਰਥਕ ਤੇ ਪੰਥ ਦੀਆਂ ਧਾਰਮਕ ਮੰਗਾਂ ਲਈ ਲਾਏ ਮੋਰਚੇ ਨੂੰ ਦਬਾਉਣ ਲਈ ਜੂਨ 1984 ’ਚ ਇਸ ਦੇਸ਼ ਦੀ ਫੌਜ ਨੇ ਬਦੇਸ਼ੀਆਂ ਵਾਂਗ ਹਮਲਾ ਕਰਕੇ ਹਜਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ। ਨਵੰਬਰ 1984 ’ਚ ਦੇਸ਼ ਦੀ ਰਾਜਧਾਨੀ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿੱਚ ਹਜਾਰਾਂ ਬੇਦੋਸ਼ੇ ਸਿੱਖਾਂ ਨੂੰ ਜਿਉਂਦੇ ਸਾੜ ਕੇ ਮੌਤ ਦੇ ਘਾਟ ਉਤਾਰਿਆ ਤੇ ਅੱਜ ਤੱਕ ਪੀੜਤ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ। ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ‘ਜਬ ਬੜਾ ਪੇਡ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ’ ਕਹਿ ਕੇ ਭੂਤਰੀ ਭੀੜ ਵੱਲੋਂ ਸਿੱਖਾਂ ਦੇ ਕੀਤੇ ਜਾ ਰਹੇ ਕਤਲਾਂ ਨੂੰ ਜਾਇਜ਼ ਠਹਿਰਾ ਕੇ ਕਾਤਲਾਂ ਨੂੰ ਉਤਸ਼ਾਹਤ ਕੀਤਾ। ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਸਮੇਂ ਦੇ ਪ੍ਰਧਾਨ ਮੰਤਰੀ ਦੀ ਇਹ ਬੇਵਕੂਫੀ ਹੀ ਸਮਝੋ ਜਿਸ ਨੂੰ ਇਹ ਨਹੀਂ ਪਤਾ ਕਿ ਦਰਖਤ ਬੇਸ਼ੱਕ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ਉਸ ਦੇ ਡਿੱਗਣ ਨਾਲ ਧਰਤੀ ਕਦੀ ਕੰਬਦੀ ਨਹੀਂ ਸਗੋਂ ਸਦਾ ਅਡੋਲ ਰਹਿੰਦੀ ਹੈ ਤੇ ਸਿਰਫ ਭੂਚਾਲ ਆਉਣ ਨਾਲ ਹੀ ਕੰਬਦੀ ਹੈ।

ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਿੱਖਾਂ ਨੂੰ ਅਮਰੀਕਾ ਦੀ ਸਰਕਾਰ ਵੱਲੋਂ ਆਪਣੇ ਸ਼ਹਿਰੀ ਸਮਝ ਕੇ ਦਿੱਤੇ ਸਨਮਾਨ ਤੇ ਸੁਰੱਖਿਆ ਨੂੰ ਵੇਖ ਕੇ, ਭਾਰਤ ਵਿੱਚ 28 ਸਾਲਾਂ ਤੋਂ ਇਨਸਾਫ ਨਾ ਦੇਣ ਵਾਲੀ ਭਾਰਤ ਦੀ ਸਰਕਾਰ ਭਾਵੇ ਕੋਈ ਵੀ ਹੋਵੇ ਤੇ ਇਸ ਦੇ ਕੌਮੀ ਹਿੱਤਾਂ ਦੀ ਗੱਲ ਕਰ ਰਹੇ ਆਗੂਆਂ ਨੂੰ ਆਪਣੇ ਗਿਰੀਵਾਨ ’ਚ ਝਾਤੀ ਮਾਰ ਕੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ।

ਸਮਾਗਮ ਦੇ ਅਖੀਰ ’ਤੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕੀ ਕਮੇਟੀ ਤੇ ਸ਼ਹਿਰ ਦੀ ਸੰਗਤ ਵੱਲੋਂ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ, ਸੁਖਦੇਵ ਸਿੰਘ ਐੱਸ ਐੱਮ ਬੈਟਰੀਜ਼, ਆਤਮਾ ਸਿੰਘ ਤੇ ਹੋਰਨਾਂ ਨੇ ਬਾਬਾ ਦਾਦੂਵਾਲ, ਉਨ੍ਹਾਂ ਦੇ ਜਥੇ ਦੇ ਸਿੰਘਾਂ ਤੇ ਪਿਤਾ ਜੀ, ਜਿਹੜੇ ਉਨ੍ਹਾਂ ਦੇ ਨਾਲ ਪਹੁੰਚੇ ਹੋਏ ਸਨ, ਨੂੰ ਸਨਮਾਨਤ ਕੀਤਾ। ਇਸ ਤੋਂ ਪਹਿਲਾਂ ਬਲਦੇਵ ਸਿੰਘ ਫੁੱਲ ਦੇ ਢਾਢੀ ਜਥੇ ਨੇ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਲਛਮਨ ਸਿੰਘ ਦੀਆਂ ਵਾਰਾਂ ਗਾ ਕੇ ਗੁਰਦੁਆਰਿਆਂ ਦੇ ਸੁਚੱਜੇ ਪ੍ਰਬੰਧ ਦੀ ਬਹਾਲੀ ਲਈ ਕੁਰਬਾਨੀਆਂ ਕਰਨ ਵਾਲੇ ਸਿੰਘਾਂ ਨੂੰ ਸ਼੍ਰਧਾਂਜਲੀਆਂ ਦਿੱਤੀਆਂ। ਭਾਈ ਨਿਰੰਜਨ ਸਿੰਘ ਪ੍ਰੇਮੀ ਵੱਲੋਂ ਸਕੂਲੀ ਬੱਚੀਆਂ ਦੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਜਥੇ ਨੇ ਮੂਲ ਮੰਤਰ ਤੇ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਦਾ ਪਾਠ ਤੇ ਅਰਥਾਂ ਨੂੰ ਕਵਿਤਾ ਵਿੱਚ ਗਾ ਕੇ ਨਿਵੇਕਲੇ ਢੰਗ ਨਾਲ ਪੇਸ਼ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top