Share on Facebook

Main News Page

ਮਿਸ਼ੇਲ ਓਬਾਮਾ ਵਲੋਂ ਗੁਰਦਵਾਰਾ ਗੋਲੀ ਕਾਂਡ ਦੇ ਪੀੜਤਾਂ ਨਾਲ ਮੁਲਾਕਾਤ

ਅਮਰੀਕਾ ਦੀ ਪਹਿਲੀ ਨਾਗਰਿਕ ਮਿਸ਼ੇਲ ਓਬਾਮਾ, ਮਿਲਵਾਕੀ ਦੇ ਗੁਰਦਵਾਰਾ ਵਿਚ ਵਾਪਰੇ ਗੋਲੀ ਕਾਂਡ ਦੇ ਪੀੜਤਾਂ ਨੂੰ ਮਿਲਣ ਲਈ ਵਿਸਕਾਨਸਨ ਦੇ ਸ਼ਹਿਰ ਓਕ ਕਰੀਕ ਪਹੁੰਚੀ।

ਵ੍ਹਾਈਟ ਹਾਊਸ ਪੂਲ ਰੀਪੋਰਟ ਅਨੁਸਾਰ ਮਿਸ਼ੇਲ ਨੇ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ, ਓਕ ਕਰੀਕ ਹਾਈ ਸਕੂਲ ਵਿਚ ਇਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ। ਮਿਸ਼ੇਲ ਨੇ ਪੀੜਤ ਪਰਵਾਰਾਂ ਨੂੰ ਕਿਹਾ, ‘‘ਤੁਹਾਡੇ ਨਾਲ ਹੋਣਾ ਮੇਰੇ ਲਈ ਸਨਮਾਨ ਦੀ ਗੱਲ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਇਹ ਮੁਲਾਕਾਤ ਇਨ੍ਹਾਂ ਹਾਲਾਤ ਵਿਚ ਹੋਈ ਹੈ।’’ ਮਿਸ਼ੇਲ ਨੇ ਸਿੱਖ ਪਰਵਾਰਾਂ ਨਾਲ ਲਗਭਗ 30 ਮਿੰਟ ਬਿਤਾਏ। ਇਸ ਤੋਂ ਇਲਾਵਾ ਅਪਣੀ ਜਾਨ ’ਤੇ ਖੇਡ ਕੇ ਸਿੱਖਾਂ ਦੀ ਜਾਨ ਬਚਾਉਣ ਵਾਲੇ ਬਹਾਦਰ ਪੁਲਿਸ ਅਧਿਕਾਰੀ ਬ੍ਰਾਇਨ ਮਰਫ਼ੀ ਦੇ ਪਰਵਾਰ ਨੇ ਵੀ ਮਿਸ਼ੇਲ ਨਾਲ ਇਕ ਵਖਰੇ ਕਮਰੇ ਵਿਚ ਮੁਲਾਕਾਤ ਕੀਤੀ। ਮਾਈਕਲ ਪੇਜ ਨਾਂ ਦੇ ਗੋਰੇ ਹਮਲਾਵਰ ਨੇ ਮਰਫ਼ੀ ਨੂੰ ਅੱਠ ਤੋਂ ਵੀ ਵੱਧ ਗੋਲੀਆਂ ਮਾਰੀਆਂ ਸਨ ਅਤੇ ਆਪ ਵੀ ਗੋਲੀਆਂ ਦਾ ਸ਼ਿਕਾਰ ਹੋ ਗਿਆ ਸੀ। ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਧਾਲੀਵਾਲ ਅਤੇ ਓਕ ਕ੍ਰੀਕ ਦੇ ਮੇਅਰ ਸਟੀਫ਼ਨ ਸਕਾਫਿਦੀ ਨੇ ਸਕੂਲ ਵਿਚ ਮਿਸ਼ੇਲ ਦਾ ਸਵਾਗਤ ਕੀਤਾ।

ਇਸ ਮਹੀਨੇ, ਇਥੇ ਹੀ, ਤਿੰਨ ਹਜ਼ਾਰ ਤੋਂ ਵੀ ਵੱਧ ਲੋਕ, ਗੋਲੀ ਕਾਂਡ ਵਿਚ ਮਾਰੇ ਗਏ ਛੇ ਸਿੱਖ ਸ਼ਰਧਾਲੂਆਂ ਦੇ ਅੰਤਮ ਸਸਕਾਰ ਲਈ ਜੁੜੇ ਸਨ। ਧਾਲੀਵਾਲ ਨੇ ਮਿਸ਼ੇਲ ਓਬਾਮਾ ਨੂੰ ਕਿਹਾ, ‘‘ਤੁਹਾਡੇ ਵਲੋਂ ਇਥੇ ਆ ਕੇ ਸਾਡਾ ਦੁੱਖ ਵੰਡਾਉਣਾ ਸਾਨੂੰ ਬਹੁਤ ਚੰਗਾ ਲਗਿਆ। ਇਹ ਸਾਡੇ ਲਈ ਇਨ੍ਹਾਂ ਹਾਲਾਤ ਵਿਚ ਬਹੁਤ ਹੀ ਮਾਇਨੇ ਰਖਦਾ ਹੈ। ਤੁਸੀ ਪੀੜਤ ਪਰਵਾਰਾਂ ਨੂੰ ਮਿਲ ਕੇ ਅਪਣੀ ਹਮਦਰਦੀ ਅਤੇ ਅਪਣੀਆਂ ਭਾਵਨਾਵਾਂ ਪਹੁੰਚਾਉਣ ਲਈ ਇਥੇ ਆਏ, ਤੁਹਾਡੇ ਇਸ ਉਪਰਾਲੇ ਦੀ ਅਸੀ ਤਹਿ ਦਿਲੋਂ ਸ਼ਲਾਘਾ ਕਰਦੇ ਹਾਂ।’’ ਧਾਲੀਵਾਲ ਨੇ ਕਿਹਾ, ‘‘ਮਿਸ਼ੇਲ ਬਹੁਤ ਜ਼ਿਆਦਾ ਦਿਆਲੂ ਸੁਭਾਅ ਦੀ ਹੈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਕਿਸੇ ਵੀ ਤਰ੍ਹਾਂ ਤੁਹਾਡੀ ਮਦਦ ਕਰ ਸਕਦੀ ਹਾਂ ਤਾਂ ਮੈਨੂੰ ਜ਼ਰੂਰ ਦੱਸੋ।’’ ਜ਼ਿਕਰਯੋਗ ਹੈ ਕਿ ਮਿਸ਼ੇਲ ਦੇ ਆਉਣ ਤੋਂ ਲਗਭਗ 20 ਮਿੰਟ ਪਹਿਲਾਂ ਹੀ ਪੀੜਤ ਪਰਵਾਰ ਅਤੇ ਆਯੋਜਤ ਗਲਿਆਰਿਆਂ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਸ ਗੋਲੀਬਾਰੀ ਵਿਚ, ਦੂਜਿਆਂ ਨੂੰ ਬਚਾਉਂਦਿਆਂ ਅਪਣੀ ਜਾਨ ਵਾਰਨ ਵਾਲੇ ਸਤਵੰਤ ਸਿੰਘ ਕਾਲੇਕਾ ਦੇ ਪੁੱਤਰ ਅਮਰਦੀਪ ਸਿੰਘ ਕਾਲੇਕਾ ਨੇ ਕਿਹਾ, ‘‘ਇਸ ਨਾਲ ਗੰਭੀਰਤਾ ਝਲਕਦੀ ਹੈ। ਉੁਨ੍ਹਾਂ ਨੂੰ ਮੇਰੇ ਪਿਤਾ ਅਤੇ ਉਨ੍ਹਾਂ ਦੇ ਇਸ ਹਿੰਮਤੀ ਕਾਰਜ ਬਾਰੇ ਪਤਾ ਸੀ।

ਮਿਸ਼ੇਲ ਨੇ ਉਨ੍ਹਾਂ ਨੂੰ ਇਕ ਨਾਇਕ ਕਹਿ ਕੇ ਬੁਲਾਇਆ।’’ ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨੂੰ ਉਨ੍ਹਾਂ ਦੇ ਇਸ ਚੰਗੇ ਕੰਮ ਲਈ ਹਮੇਸ਼ਾ ਯਾਦ ਕੀਤਾ ਜਾਣਾ ਚਾਹੀਦਾ ਹੈ। ਗੁਰਜੀਤ ਸਿੰਘ ਦੇ ਚਾਚਾ ਵੀ ਇਸ ਗੋਲੀਬਾਰੀ ਵਿਚ ਗੰਭੀਰ ਜ਼ਖ਼ਮੀ ਹੋ ਗਏ ਸਨ। ਗੁਰਜੀਤ ਸਿੰਘ ਨੇ ਕਿਹਾ,‘‘ਚਾਚਾ ਜੀ ਬਹੁਤ ਮੁਸ਼ਕਲ ਨਾਲ ਤੁਰ-ਫਿਰ ਅਤੇ ਖੜੇ ਹੋ ਸਕਦੇ ਹਨ। ਪਰ ਅਸੀ ਇਥੇ (ਮਿਸ਼ੇਲ ਨੂੰ ਮਿਲਣ) ਜਾ ਰਹੇ ਹਾਂ।’’ ਜਿਥੇ ਪਰੀਸ਼ਦ ਦੇ ਮੁੱਖ ਬੁਲਾਰੇ ਰਾਜਵੰਤ ਸਿੰਘ ਨੇ ਮਿਸ਼ੇਲ ਦੇ ਇਸ ਉਪਰਾਲੇ ਨੂੰ ਪੀੜਤ ਪਰਵਾਰਾਂ ਲਈ ਮਰਹਮ ਕਰਾਰ ਦਿੰਦਿਆਂ ਇਸ ਦੀ ਸ਼ਲਾਘਾ ਕੀਤੀ। ਉੁਨ੍ਹਾਂ ਨੇ ਓਬਾਮਾ ਪਰਵਾਰ ਦੇ ਸਮਰਥਨ ਅਤੇ ਚੰਗੇ ਵਿਵਹਾਰ ਲਈ ਸਿੱਖਾਂ ਵਲੋਂ ਉੁਨ੍ਹਾਂ ਦਾ ਧਨਵਾਦ ਕੀਤਾ। ਇਸ ਤੋਂ ਬਾਅਦ ਮਿਸ਼ੇਲ ਨੇ ਬ੍ਰੈਡਲੀ ਟੇਕ ਵਿਚ ਇਕ ਮੁਹਿੰਮ ਨੂੰ ਸੰਬੋਧਨ ਕੀਤਾ। ਵਿਸਕਾਨਸਨ ਦੀ ਪਹਿਲੀ ਮਹਿਲਾ ਟੋਨੈਟ ਵਾਕਰ ਨੇ ਕਿਹਾ, ‘‘ਮਿਸ਼ੇਲ ਵਲੋਂ ਸਿੱਖਾਂ ਨਾਲ ਮੁਲਾਕਾਤ ਕਰ ਕੇ ਉੁਨ੍ਹਾਂ ਨਾਲ ਹਮਦਰਦੀ ਪ੍ਰਗਟਾਉਣ ਨਾਲ ਸਿਰਫ਼ ਪੀੜਤਾਂ ਨੂੰ ਹੀ ਮਦਦ ਨਹੀਂ ਮਿਲੇਗੀ ਬਲਕਿ ਇਸ ਨਾਲ ਲੋਕਾਂ ਵਿਚ ਉਹ ਅਗਿਆਨਤਾ ਵੀ ਮਿਟੇਗੀ ਜਿਸ ਕਾਰਨ ਇਹ ਭਿਆਨਕ ਘਟਨਾ ਓਕ ਕ੍ਰੀਕ ਵਿਚ ਵਾਪਰੀ।’’


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top