Share on Facebook

Main News Page

"ਸਿੱਖ ਜਾਗਰੂਕਤਾ ਲਹਿਰ" ਵਿੱਚ ਇਕ ਮੀਲ ਦਾ ਪੱਥਰ ਸਾਬਿਤ ਹੋ ਰਹੀ ਹੈ "ਫਤਹਿ ਮਲਟੀ ਮੀਡੀਆ"
- ਇੰਦਰਜੀਤ ਸਿੰਘ ਕਾਨਪੁਰ

ਅੱਜ ਵੀਰ ਸਤਪਾਲ ਸਿੰਘ ਡੁਗਰੀ ਅਤੇ ਉਨਾਂ ਦੇ ਸਾਥੀਆਂ ਨੇ ਇਕ ਛੋਟੀ ਜਹੀ ਵੀਡੀਉ ਕਲਿਪ ਇੰਟਰਨੈਟ ਤੇ ਜਾਰੀ ਕੀਤੀ ਹੈ। ਜੋ ਪਿੰਡ ਭਿੰਡਰ ਕਲਾਂ ਵਿੱਚ ਵਾਪਰੀ ਘਟਨਾਂ ਨਾਲ ਸੰਬਧਿਤ ਹੈ। ਇਸ ਪਿੰਡ ਵਿਚ "ਕੁਝ ਜਿੰਉਦੇ ਜਾਗਦੇ ਪ੍ਰੇਤਾਂ" ਨੇ ਇਕ ਛੋਟੀ ਜਹੀ ਮਾਸੂਮ ਬੱਚੀ ਦਾ ਦਿਨ ਦਿਹਾੜੇ, ਸ਼ਰੇਆਮ ਕਤਲ ਕਰ ਦਿਤਾ।

ਇਹ ਵੀਡੀਉ ਕਲਿਪ ਉਸ ਥਾਂ ਦੀ ਹੈ, ਜਿਥੇ ਇਸ ਬੱਚੀ ਨੂੰ ਭੁੱਖਾ ਪਿਆਸਾ ਰਖ ਕੇ, ਤੜਫਾ ਤੜਫਾ ਕੇ "ਮਹਾਕਾਲ" ਅਤੇ "ਦੁਰਗਾ ਦੇਵੀ" ਦੀ ਬਲੀ ਚੜਾ ਦਿਤਾ ਗਇਆ ਸੀ। ਜਿਸ ਥਾਂ ਤੇ ਇਸ ਬੱਚੀ ਨੂੰ ਤਸੀਹੇ ਦੇ ਕੇ ਮਾਰਿਆ ਗਇਆ, ਉਸ ਥਾਂ ਤੇ "ਦੁਰਗਾ ਦੇਵੀ" ਅਤੇ "ਮਹਾਕਾਲ", ਜੋ ਅਖੌਤੀ ਦਸਮ ਗ੍ਰੰਥ ਦਾ "ਇਸ਼ਟ ਅਤੇ ਰੱਬ" ਹੈ, ਇਨਾਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਸਨ। ਇਹ ਸਭ ਤੁਸੀਂ ਇਸ ਵੀਡਿਉ ਵਿੱਚ ਸਾਫ ਸਾਫ ਦੇਖ ਸਕਦੇ ਹੋ। ਖੂਣ ਪੀਣ ਵਾਲਾ "ਮਹਾਕਾਲ" ਅਤੇ "ਦੁਰਗਾ ਦੇਵੀ" ਇਸ ਬੱਚੀ ਦਾ ਖੂਣ ਪੀ ਕੇ ਪਤਾ ਨਹੀਂ ਖੁਸ਼ ਹੋਇਆ ਹੈ ਕਿ ਨਹੀਂ, ਪਰ ਉਸ ਮਾਸੂਮ ਬੱਚੀ ਦਾ ਅਣਭੋਲ ਜੀਵਨ ਜਰੂਰ ਇਨ੍ਹਾਂ ਦਰਿੰਦਿਆਂ ਦੇ ਅੰਧ ਵਿਸ਼ਵਾਸ਼ ਦੀ ਭੇਂਟ ਚੜ੍ਹ ਗਇਆ। ਇਨਾਂ "ਜਿਉਦਿਆਂ ਜਾਗਦਿਆਂ ਪ੍ਰੇਤਾਂ" ਦੇ ਇਸ ਕਾਰਨਾਮੇ ਤੋਂ ਉਹ ਮਾਸੂਮ ਬੱਚੀ ਤਾਂ ਵਾਕਿਫ ਵੀ ਨਹੀ ਸੀ, ਕਿ ਇਹ ਉਸ ਨੂੰ ਕਿਸ ਜੁਰਮ ਦੀ ਸਜਾ ਦੇ ਰਹੇ ਨੇ। ਵੇਖੋ ਇਹ ਛੋਟੀ ਜਹੀ ਕਲਿਪ।

 



ਪਿੰਡ ਭਿੰਡਰ ਕਲਾਂ ਦਾ ਇਹ ਇਲਾਕਾ ਦਮਦਮੀ ਟਕਸਾਲ ਦੇ ਪ੍ਰਭਾਵ ਵਾਲਾ ਅਤੇ ਉਨਾਂ ਦੇ ਸਮਰਥਕਾਂ ਦਾ ਪਿੰਡ ਹੈ। ਸਾਰੇ ਹੀ ਜਾਣਦੇ ਹਨ ਕੇ ਇਹ ਟਕਸਾਲੀ ਇਸ "ਅਖੌਤੀ ਦਸਮ ਗ੍ਰੰਥ" ਦੇ ਬਹੁਤ ਵੱਡੇ ਉਪਾਸਕ ਹਨ ਅਤੇ ਉਹ "ਕਾਲੀ ਦੇਵੀ ਦੀ ਉਸਤਤਿ ਵਾਲੀ " ਇਸ ਕਿਤਾਬ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕ੍ਰਿਤ ਦਸਦੇ ਹਨ। ਇਨਾਂ "ਟਕਸਾਲੀਆਂ" ਦੇ ਇਲਾਕੇ ਵਿਚ ਜੇ "ਮਹਾਕਾਲ" ਅਤੇ "ਦੁਰਗਾ ਦੇਵੀ" ਨੂੰ ਇਕ ਮਾਸੂਮ ਬੱਚੀ ਦੀ ਜਿੰਦਗੀ ਭੇਂਟ ਕਰ ਦਿਤੀ ਗਈ, ਉਸ 'ਤੇ ਕੋਈ ਹੈਰਾਨ ਹੋਣ ਵਾਲੀ ਗਲ ਨਹੀਂ। ਹੈਰਾਣਗੀ ਤੇ ਇਸ ਗਲ ਦੀ ਹੈ ਕਿ ਪੰਜਾਬ ਵਿੱਚ ਜਿਥੇ ਸਿੱਖੀ ਅਤੇ ਸਿੱਖ ਸਿਧਾਂਤਾਂ ਦਾ ਪ੍ਰਚਾਰ ਹੁੰਦਾ ਸੀ, ਉਥੇ ਹੁਣ "ਦੁਰਗਾ ਦੇਵੀ ਅਤੇ "ਮਹਾਕਾਲ" ਨੂੰ ਸਿੱਖਾਂ ਦਾ ਰੱਬ ਬਣਾਂ ਦਿਤਾ ਗਇਆ ਹੈ। ਇਹੋ ਜਹੇ ਅੰਧ ਵਿਸ਼ਵਾਸ਼ ਪਿੰਡਾਂ ਵਿਚ ਜਾਣਬੂਝ ਕੇ, ਇਕ ਸਾਜਿਸ਼ ਦੇ ਤਹਿਤ, ਫੈਲਾਏ ਜਾ ਰਹੇ ਹਨ , ਜਿਸ ਨਾਲ ਪਹਿਲਾਂ ਹੀ ਪਤਿਤ ਹੋ ਚੁਕੇ ਪੇਂਡੂ ਸਿੱਖ, ਗੁਰੂ ਗ੍ਰੰਥ ਸਾਹਿਬ ਤੋਂ ਹਮੇਸ਼ਾ ਹਮੇਸ਼ਾਂ ਲਈ ਟੁਟ ਜਾਂਣ।

ਫਤਹਿ ਮਲਟੀ ਮੀਡੀਆ ਦੇ ਵੀਰ, ਸਤਪਾਲ ਸਿੰਘ ਡੁਗਰੀ ਅਤੇ ਪੰਥ ਦੇ ਜਾਗਰੂਕ ਵਿਦਵਾਨ ਗਿਆਨੀ ਜਗਤਾਰ ਸਿੰਘ ਜਾਚਕ ਦਾ ਪੰਥ ਦਰਦ ਉਨਾਂ ਨੂੰ ਉਸ ਪਿੰਡ ਵਲ ਲੈ ਗਇਆ, ਜਿਥੇ ਪਿੰਡ ਦੇ ਵਡੇ ਵਡੇ ਬਜੁਰਗ ਸਿੱਖ ਵੀ ਉਸ ਥਾਂ ਤੇ ਜਾਣ ਦਾ ਹੌਸਲਾ ਨਹੀਂ ਕਰ ਰਹੇ ਸਨ ਅਤੇ ਇਹ ਕਹਿ ਕੇ ਡਰੇ ਅਤੇ ਸਹਿਮੇ ਹੋਏ ਸਨ ਕਿ ਉਥੇ ਬਹੁਤ ਹੀ ਖਤਰਨਾਕ ਭੂਤ ਅਤੇ ਪ੍ਰੇਤ ਹਨ। ਜਦੋਂ ਉਨਾਂ ਕੋਲੋਂ ਗਿਆਨੀ ਜਗਤਾਰ ਸਿੰਘ ਅਤੇ ਸਤਪਾਲ ਸਿੰਘ ਵਲੋਂ ਇਹ ਪੁਛ ਗਿੱਛ ਕੀਤੀ ਗਈ ਕਿ ਭੂਤ ਕਿਸ ਥਾਂ 'ਤੇ ਹੈ? ਸਾਨੂੰ ਦਸੋ ? ਤੇ ਉਨਾਂ ਉਥੇ ਬੈਠੇ ਬੈਠੇ ਇਕ ਮੂਧੇ ਪਏ ਹੋਏ ਘੜੇ ਵਲ ਇਸ਼ਾਰਾ ਕਰ ਕੇ ਦਸਿਆ ਕਿ, ਉਸ ਘੜੇ ਵਿਚ ਭੂਤ ਹੈ। ਇਨਾਂ ਵੀਰਾਂ ਨੇ ਉਨਾਂ ਪੇਂਡੂਆਂ ਦਾ ਭਰਮ ਅਤੇ ਵਹਿਮ (ਜੋ ਮਹਾਕਾਲ ਅਤੇ ਦੁਰਗਾ ਦੇਵੀ ਦੇ ਉਪਾਸਕਾਂ ਨੇ ਇਨਾਂ ਦੇ ਦਿਮਾਗ ਵਿਚ ਪਾਇਆ ਹੋਇਆ ਸੀ) ਨੂੰ ਤੋੜਨ ਲਈ ਆਪ ਉਸ ਘੜੇ ਵਾਲੀ ਥਾਂ ਤੇ ਜਾ ਕੇ ਘੱੜਾ ਤੋੜ ਤਾੜ ਕੇ ਚੁੱਕ ਕੇ ਇਕ ਪਾਸੇ ਜਾ ਸੁੱਟਿਆ।

ਵੀਰੋ ! ਜੇ ਕੌਮ ਦਾ ਦਿਲੋਂ ਭਲਾ ਚਾਹੁੰਦੇ ਹੋ ਅਤੇ ਤੁਹਾਡੇ ਅੰਦਰ ਪੰਥ ਦੀ ਹਾਲਤ ਉਤੇ ਜ਼ਰਾ ਵੀ ਦਰਦ ਵਸਦਾ ਹੈ, ਜੇ ਕੌਮ ਦੀ ਡੁਬਦੀ ਹੋਈ ਬੇੜੀ ਨੂੰ ਬਚਾਉਣਾ ਚਾਹੁੰਦੇ ਹੋ, ਤੇ ਇਸ ਤਰ੍ਹਾਂ ਦੇ ਪ੍ਰਚਾਰ ਦੀ ਲੋੜ ਹੈ। ਇਹੋ ਜਹੇ ਅਪਣੇ ਹੱਥੀ ਕਰਨਵਾਲੇ ਉਪਰਾਲਿਆਂ ਦੀ ਜਰੂਰਤ ਹੈ, ਜੋ ਫਤਹਿ ਮਲਟੀਮੀਡੀਆ ਵਾਲੇ ਵੀਰ ਕਰ ਰਹੇ ਹਨ। ਅੱਜ ਜਾਗਰੂਕਤਾ ਦੇ ਨਾਮ ਤੇ ਸਾਡਾ ਜਾਗਰੂਕ ਤਬਕਾ ਖੇਰੂੰ ਖੇਰੂੰ ਹੋ ਚੁਕਾ ਹੈ। ਪੰਥ ਦੇ ਵਿਦਵਾਨ ਅਖਵਾਉਣ ਵਾਲੇ ਸਿੱਖ ਜਾਂ ਤਾਂ ਸਿੱਖੀ ਦੇ ਮੁਢਲੇ ਸਿਧਾਂਤਾਂ ਤੇ ਸੱਟ ਮਾਰਨ ਵਾਲੀਆਂ ਲਿਖਤਾਂ ਲਿਖ ਰਹੇ ਹਨ, ਜਾਂ ਬੇਲੋੜੀਆਂ ਬਹਿਸਾਂ ਅਤੇ ਚਰਚਾਵਾਂ ਵਿਚ ਪੈ ਕੇ ਅਪਣੇ ਗੁਣਾਂ ਨੂੰ ਖੁਆਰ ਕਰ ਰਹੇ ਹਨ।

ਇਸ ਵੀਡਿਉ ਨੂੰ ਵੇਖ ਕੇ ਮਨ ਨੂੰ ਬਹੁਤ ਦਿਨ ਬਾਅਦ ਕੁਝ ਤਸੱਲੀ ਹੋਈ ਹੈ ਅਤੇ ਧੀਰਜ ਬੰਧਿਆ ਹੈ ਕਿ ਜਿਥੇ ਪੰਥ ਦਾ ਜਾਗਰੂਕ ਤਬਕਾ ਖੇਰੂੰ ਖੇਰੂੰ ਹੋਇਆ ਪਇਆ ਹੈ, ਵਿਦਵਤਾ ਦੇ ਨਾਮ ਤੇ ਸਿੱਖੀ ਅਸੂਲਾਂ ਅਤੇ ਸਿੱਖੀ ਦੇ ਮੁਢਲੇ ਸਿਧਾਂਤਾਂ ਤੇ ਹੀ ਸੱਟ ਮਾਰਨ ਵਾਲੇ ਅਖੌਤੀ ਵਿਦਵਾਨਾਂ ਦੀ ਭਰਮਾਰ ਹੋ ਗਈ ਹੈ, ਹਰ ਬੰਦਾ ਅਪਣੇ ਆਪ ਨੂੰ ਵਿਦਵਾਨ, ਜਾਗਰੂਕ ਅਤੇ ਤੱਤ ਗੁਰਮਤਿ ਦਾ ਸਭਤੋਂ ਵਡਾ ਵਿਆਖਿਆਕਾਰ ਸਮਝ ਬੈਠਾ ਹੈ, ਬਿਨਾਂ ਸਿਰ ਪੈਰ ਦੀਆਂ ਬਹਿਸਾਂ ਅਤੇ ਚਰਚਾਵਾਂ ਵਿਚ ਰੁਝਿਆ ਹੋਇਆ ਹੈ, ਉਨਾਂ ਦੀ ਨਜਰ ਪੰਥ ਦੇ ਨਿਘਾਰ ਵਲ ਉੱਕਾ ਹੀ ਨਹੀਂ ਜਾਂਦੀ। ਉਥੇ ਹੀ ਕੁਝ ਪੰਥ ਦਰਦੀ ਇਕੱਲੇ ਹੀ ਕੌਮ ਦੀ ਡੁਬਦੀ ਬੇੜੀ ਨੂੰ ਮੋਢਾ ਲਾ ਕੇ, ਉਸ ਨੂੰ ਡੁਬਣ ਤੋਂ ਬਚਾਉਣ ਲਈ, ਇਕ ਪੈਰ ਤੇ ਖੜੇ ਹੋ ਕੇ ਪਹਿਰਾ ਦੇ ਰਹੇ ਹਨ। ਦਿਨ ਰਾਤ ਧਮਕੀਆਂ ਅਤੇ ਦੁਸ਼ਮਣਾਂ ਦੀਆਂ ਸਾਜਿਸ਼ਾ ਨੂੰ ਬਰਦਾਸ਼ਤ ਕਰੀ ਜਾ ਰਹੇ ਹਨ। ਨਿਡਰਤਾ ਅਤੇ ਬੇਬਾਕੀ ਨਾਲ ਆਪੋ ਆਪਣੇ ਹੁਨਰ ਦੀ ਵਰਤੋਂ ਪੰਥ ਦੀ ਚੜ੍ਹਦੀ ਕਲਾ ਲਈ ਕਰਦਿਆਂ, ਅਪਣਾਂ ਯੋਗਦਾਨ ਪਾ ਰਹੇ ਹਨ। ਨਿਡਰਤਾ ਅਤੇ ਬੇਬਾਕੀ ਕਿਸੇ ਤਾਕਤ ਦੀ ਮੁਹਤਾਜ ਨਹੀਂ ਹੁੰਦੀ। ਪੰਥ ਦਰਦ ਅਤੇ ਪੰਥ ਦੀ ਚੜ੍ਹਦੀਕਲਾ ਲਈ ਅਰਦਾਸਾਂ ਕਰਨ ਵਾਲਿਆਂ ਦੀ ਤਾਕਤ ਕੇਵਲ ਤੇ ਕੇਵਲ ਅਪਣੀ ਕੌਮ ਨੂੰ ਫਲਦਾ ਫੁਲਦਾ ਵੇਖਣ ਦੀ "ਆਸ" ਹੀ ਹੁੰਦੀ ਹੈ। ਇਨਾਂ ਪੰਥ ਦਰਦੀਆਂ ਨੂੰ ਹੋਰ ਸ਼ਕਤੀ ਮਿਲਦੀ ਹੈ, ਜਦੋਂ ਇਨਾਂ ਨੂੰ ਕੌਮ ਵਲੋਂ ਹੱਲਾ ਸ਼ੇਰੀ ਮਿਲਦੀ ਹੈ। ਪੰਥ ਦੋਖੀਆਂ ਪਾਸੋਂ ਦਿਤੀਆਂ ਗਈਆਂ ਧਮਕੀਆ, ਗਾਲ੍ਹਾਂ ਅਤੇ ਨਮੋਸ਼ੀਆਂ ਦੀ ਉਹ ਪਰਵਾਹ ਨਾ ਕਰਦੇ ਹੋਏ , ਅਪਣੀ ਪੂਰੀ ਤਾਕਤ ਨਾਲ ਲਗੇ ਰਹਿੰਦੇ ਹਨ।

ਫਤਹਿ ਮਲਟੀਮੀਡੀਆ ਦੇ ਵੀਰ ਸਤਪਾਲ ਸਿੰਘ ਡੁਗਰੀ ਵੀ ਇਹੋ ਜਹੇ ਇਕ ਗੁਰੂ ਘਰ ਦੇ ਪਹਿਰੇਦਾਰ ਦੇ ਰੂਪ ਵਿਚ ਅਪਣਾਂ ਕੰਮ ਕਰੀ ਜਾ ਰਹੇ ਨੇ। ਜਦੋਂ ਦਾ ਉਨਾਂ ਨੇ ਇਸ ਰਸਤੇ ਤੇ ਤੁਰਨਾਂ ਸ਼ੁਰੂ ਕੀਤਾ ਫਿਰ ਉਨਾਂ ਨੇ ਪਿਛੇ ਮੁੜ ਕੇ ਨਹੀਂ ਵੇਖਿਆ।

ਭਾਵੇ ਮਰਿੰਡਾ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਂਟ ਕਰਨ ਦਾ ਮਾਮਲਾ ਆਇਆ ਹੋਵੇ, ਭਾਵੇ ਢੱਡਰੀਏ ਵਾਲੇ ਬੂਬਨੇ ਵਲੋਂ ਸੁਖਵਿੰਦਰ ਸਿੰਘ ਦੇ ਉਤੇ ਕੀਤੇ ਗਏ ਤਸ਼ਦਦ ਦੀ ਘਟਨਾਂ ਵਾਪਰੀ ਹੋਵੇ, ਭਾਂਵੇ ਉਸ ਦੇ ਡੇਰੇ ਵਿਚ ਸਿੱਖ ਬੱਚੀ ਦੀ ਖੁਦਕੁਸ਼ੀ (ਕਤਲ) ਦੀ ਘਟਨਾ ਵਾਪਰੀ, ਭਾਂਵੇ ਗੁਰਦਾਸਪੁਰ ਵਿਚ ਸ਼ਹੀਦ ਜਸਪਾਲ ਸਿੰਘ ਦੀ ਸ਼ਹੀਦੀ ਦੀ ਦੁਖਦਾਈ ਘਟਨਾ ਵਾਪਰੀ ਹੋਏ, ਫਤਹਿ ਮਲਟੀ ਮੀਡੀਆ ਦਾ ਕੈਮਰਾ ਅਤੇ ਮਾਈਕ ਲੈ ਕੇ ਸਤਪਾਲ ਸਿੰਘ ਡੁਗਰੀ ਉਸ ਥਾਂ ਤੇ ਮੌਜੂਦ ਦਿਸਿਆ। ਉਸ ਦੀ ਇਹ ਮੌਜੂਦਗੀ ਉਸ ਦਾ ਪ੍ਰੋਫੇਸ਼ਨ ਨਹੀਂ ਹੈ। ਇਹ ਵੀਰ ਉਸ ਥਾਂ ਤੇ ਕੇਵਲ ਉਸ ਘਟਨਾਂ ਦੀ ਕਵਰੇਜ ਕਰਨ ਲਈ ਮੌਜੂਦ ਨਹੀਂ ਹੁੰਦਾ। ਇਹ ਕੰਮ ਉਸ ਦੀ ਰੋਜੀ ਰੋਟੀ ਦਾ ਸਾਧਨ ਵੀ ਨਹੀਂ ਹੈ । ਇਸ ਕੰਮ ਨਾਲ ਉਸ ਨੂੰ ਕੋਈ ਇਜੱਤ ਅਤੇ ਸ਼ੌਹਰਤ ਵੀ ਨਹੀਂ ਮਿਲਦੀ। ਆਏ ਦਿਨ ਉਸ ਨੂੰ ਪੰਥ ਵਿਰੋਧੀਆਂ ਦੀਆਂ ਧਮਕੀਆਂ ਅਤੇ ਹਮਲੇ ਹੀ ਉਸ ਦੀ ਖੱਟੀ ਹੈ। ਵੀਰੋ, ਉਸ ਦੇ ਪੰਥ ਦਰਦ ਨੂੰ ਅਸੀਂ ਕਈ ਵਾਰ ਪੀੜਤਾਂ ਦੇ ਇੰਟਰਵਿਉ ਲੈਂਦਿਆਂ, ਉਸ ਦੀਆਂ ਅੱਖਾਂ ਵਿਚ ਹੰਝੂਆਂ ਦੇ ਰੂਪ ਵਿਚ ਵੇਖਿਆ ਹੈ। ਮਾਈਕ ਤੇ ਬੋਲਦਿਆਂ ਬੋਲਦਿਆਂ ਉਸ ਦੀ ਰੂੰਧੀ ਅਤੇ ਭਰਭਰਾਈ ਹੋਈ ਅਵਾਜ ਉਸ ਦੇ ਪੰਥ ਦਰਦ ਨੂੰ ਉਜਾਗਰ ਕਰ ਜਾਂਦੀ ਹੈ।

ਆਉ ਵੀਰੋ ! ਐਸੇ ਵੀਰਾਂ ਦਾ ਖੁੱਲ ਕੇ ਸਾਥ ਦੇਈਏ। ਇਨਾਂ ਕੋਲੋਂ ਸੇਧ ਲੈ ਕੇ, ਦੂਰ ਦਰਾਡੇ ਬੈਠ ਕੇ ਵੀ ਅਸੀਂ ਸਾਰੇ ਇਸ ਤਰਜ ਤੇ ਹੀ ਕੰਮ ਕਰਨ ਦੇ ਉਪਰਾਲੇ ਤੇ ਸਾਧਨ ਪੈਦਾ ਕਰੀਏ। ਹੁਣ ਵਕਤ ਗਲਾਂ ਕਰਕੇ ਜਾਗਰੂਕ ਅਖਵਾਉਣ ਦਾ ਨਹੀਂ ਹੈ। ਜਿਸ ਤਰ੍ਹਾ ਗਿਆਨੀ ਜਗਤਾਰ ਸਿੰਘ ਜੀ ਜਾਚਕ ਅਤੇ ਵੀਰ ਸਤਪਾਲ ਸਿੰਘ ਉਸ ਥਾਂ ਤੇ ਚੜ੍ਹ ਗਏ, ਅਤੇ ਭੂਤਾਂ ਵਾਲਾ ਘੜਾ ਭਣ ਕੇ ਆਏ, ਇਸੇ ਤਰ੍ਹਾਂ ਸਾਨੂੰ ਰੱਲ ਮਿਲ ਕੇ, ਆਪੋ ਆਪਣੇ ਖੇਤਰ ਵਿਚ, ਛੋਟੇ ਛੋਟੇ ਗਰੁੱਪ ਬਣਾ ਕੇ ਪੰਥ ਦੇ ਦੋਖੀ ਕੇਸਾਧਾਰੀ ਬ੍ਰਾਹਮਣ ਆਗੂਆਂ ਦੀ ਬੁਰਛਾਗਰਦੀ ਰੂਪੀ ਘੜੇ ਨੂੰ ਚੁਕ ਕੇ ਕੌਮ ਦੇ ਵੇੜ੍ਹੇ ਤੋਂ ਬਾਹਰ ਸੁਟਣਾ ਪਵੇਗਾ।

ਪੈਸੇ ਕਮਾਉਣ ਲਈ ਬਣੇ ਪ੍ਰਚਾਰਕ ਅਤੇ ਰਾਗੀ ਕਦੀ ਵੀ ਕੌਮ ਵਿਚ "ਜਾਗਰੂਕਤਾ ਦੀ ਲਹਿਰ" ਪੈਦਾ ਨਹੀਂ ਕਰ ਸਕਣਗੇ। ਜਿਸ ਪ੍ਰਚਾਰਕ, ਰਾਗੀ ਅਤੇ ਕਥਾਕਾਰ ਦਾ ਵਾਪਾਰ, ਪ੍ਰਚਾਰ ਕਰਨਾਂ ਹੈ, ਉਸ ਤੋਂ ਕਿਸੇ "ਲਹਿਰ" ਦੀ ਉਮੀਦ ਕਰਨਾ ਬੇਮਾਨੀ ਹੀ ਸਾਬਿਤ ਹੋਵੇਗਾ। ਇਹੋ ਜਹੀ ਜਾਗਰੂਕਤਾ ਅਤੇ ਕ੍ਰਾਂਤੀ ਉਨਾਂ ਵਿਅਕਤੀਆਂ (ਇੰਡੀਵਿਜੁਅਲਸ) ਅਤੇ ਪੰਥ ਦਰਦੀਆ ਤੋਂ ਹੀ ਆਵੇਗੀ, ਜੋ ਨਾਂ ਤਾਂ ਕਿਸੇ ਗੁਰਦੁਆਰੇ ਦੇ ਪ੍ਰਧਾਨ ਹਨ ਅਤੇ ਨਾਂ ਹੀ ਰਾਗੀ ਅਤੇ ਪ੍ਰਚਾਰਕ ਹਨ। ਉਨਾਂ ਉਤੇ ਨਾਂ ਤੇ ਕਿਸੇ ਕਮੇਟੀ ਦਾ ਅੰਕੁਸ਼ ਹੈ, ਅਤੇ ਨਾਂ ਉਹ ਬੁਰਛਾਗਰਦਾਂ ਦੀ ਕਿਸੇ ਗਿਦੱੜ ਭਬਕੀ ਤੋਂ ਰਤਾ ਵੀ ਡਰਦੇ ਹਨ। ਉਹ ਵਿਦਵਾਨ ਵੀ ਕੁਝ ਨਹੀਂ ਕਰ ਸਕਣਗੇ ਜੋ ਲਿਖਣ ਤੋਂ ਪਹਿਲਾਂ ਸੌ ਵਾਰ ਅਕਾਲ ਤਖਤ ਦੇ ਹੈਡ ਗ੍ਰੰਥੀ ਦੀ ਛੁਰੀ (ਚਿੱਠੀ) ਤੋਂ ਡਰਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top