Share on Facebook

Main News Page

ਮਹਾਂਕਾਲੀ ਦੇ ਭਗਤਾਂ ਨੇ ਕੀਤਾ ਹੈ ਪਿੰਡ ਭਿੰਡਰ ਕਲਾਂ ਵਿੱਚ ਦਿਲ ਕੰਬਾਊ ਖੂੰਨੀ ਕਾਰਾ
-
ਗਿਆਨੀ ਜਗਤਾਰ ਸਿੰਘ ਜਾਚਕ

* ਜੇ ਸਿੱਖ ਭਾਈਚਾਰਾ ਤਾਂਤਰਿਕ-ਮੱਤੀ ਤੇ ਬਿਪਰਵਾਦੀ ਗ੍ਰੰਥਾਂ ਦੇ ਘੇਰੇ ’ਚੋਂ ਨਾ ਨਿਕਲ ਸਕਿਆ, ਤਾਂ ਭਾਰਤੀ ਸੰਵਿਧਾਨ ਵਿੱਚਲੀ 25 ਧਾਰਾ ਦੀ ਸੋਧ ਵੀ ਸਾਡਾ ਕੁਝ ਨਹੀਂ ਸਵਾਰ ਸਕੇਗੀ

ਬਠਿੰਡਾ, 25 ਅਗਸਤ (ਕਿਰਪਾਲ ਸਿੰਘ): ਮੋਗਾ ਨੇੜੇ ਪਿੰਡ ਭਿੰਡਰ ਕਲਾਂ ਵਿੱਚ ਦਮਦਮੀ ਟਕਸਾਲ ਭਿੰਡਰਾਂ ਦੇ ਮੁੱਢਲੇ ਡੇਰੇ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਦੀ ਨੱਕ ਹੇਠ, ਜਿਸ ਤਾਂਤਰਿਕ ਮੱਤੀ ਔਰਤ ਪਾਲੋ ਨੇ ਪਿੰਡ ਮਨਾਵਾਂ ਦੀ ਇੱਕ 10 ਸਾਲ ਦੀ ਮਸੂਮ ਬੱਚੀ ਅੰਦਰੋਂ ਭੂਤ ਕੱਢਣ ਦੇ ਵਹਿਮ ਅਧੀਨ, ਗਰਮ ਚਿਮਟਿਆਂ ਨਾਲ ਕੁੱਟ ਕੁੱਟ ਕੇ ਮਾਰਨ ਦਾ ਦਿਲ ਕੰਬਾਊ ਤੇ ਮਨੁਖਤਾ ਨੂੰ ਸ਼ਰਮਸ਼ਾਰ ਕਰਨ ਵਾਲਾ ਖੂੰਨੀ ਕਾਰਾ ਕੀਤਾ ਹੈ, ਅਸਲ ਵਿੱਚ ਉਹ ਔਰਤ ਤੇ ਉਸਦੇ ਸਾਥੀ ਖੂੰਨ ਪੀਣੀ ਮਹਾਂਕਾਲੀ ਕਾਲਕਾ ਦੇ ਭਗਤ ਸਨ। ਆਪਣੇ ਗਲੇ ਵਿੱਚ ਮਨੁੱਖੀ ਖਪੋਰੀਆਂ ਦੀ ਮਾਲਾ ਪਾਉਣ ਵਾਲੀ ਮਹਾਂਕਾਲੀ ਓਹੀ ਡੈਣ ਦੇਵੀ ਹੈ, ਜਿਸ ਨੂੰ ਬਿਪਰਵਾਦੀ ਡੇਰੇਦਾਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਰੀਕ ਬਣਾਏ ਜਾ ਰਹੇ ਬਚਿਤ੍ਰ ਨਾਟਕ (ਦਸਮ ਗ੍ਰੰਥ) ਵਿੱਚ ਮਹਾਕਾਲ ਕਾਲਕਾ, ਮਾਤ ਕਾਲਕਾ, ਸ਼੍ਰੀ ਭਗਉਤੀ ਅਤੇ ਦੁਰਗਾ ਆਦਿਕ ਨਾਂ ਦੇ ਕੇ ਰੱਬੀ-ਵਿਸੇਸ਼ਣਾਂ ਨਾਲ ਸਲਾਹਿਆ ਗਿਆ ਹੈ।

ਇਹ ਸ਼ਬਦ ਇੰਟਰਨੈਸ਼ਨਲ ਸਿੱਖ ਮਿਸ਼ਨਰੀ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਹੇ। ਉਨ੍ਹਾਂ ਦੱਸਿਆ ਕਿ ਧਰਮਸ਼ਾਲ ਅੰਦਰਲੇ ਉਸ ਖੂੰਨੀ ਥੜ੍ਹੇ ਦੀ ਕੰਧ ਨਾਲ ਲੱਗੀਆਂ ਸ਼ਿਵ ਜੀ ਤੇ ਕਾਲਕਾ ਦੀਆਂ ਤਸਵੀਰਾਂ ਅਤੇ ਧੂੰਣੇ ਵਿੱਚ ਗੱਡਿਆ ਤ੍ਰਿਸ਼ੂਲ, ਇਸ ਸਚਾਈ ਦੇ ਪ੍ਰੱਤਖ ਪ੍ਰਮਾਣ ਹਨ। ਇਹ ਦੱਸਣਯੋਗ ਹੈ ਕਿ ਬੀਤੇ ਕੱਲ ਗਿਆਨੀ ਜਾਚਕ ਜੀ ਫ਼ਤਹਿ ਮਲਟੀ ਮੀਡੀਆ ਦੀ ਟੀਮ ਨਾਲ ਉਸ ਪਿੰਡ ਦੇ ਲੋਕਾਂ ਤੇ ਪੁਲੀਸ ਨੂੰ ਮਿਲ ਕੇ ਆਏ ਹਨ ਤੇ ਸਬੂਤ ਵਜੋਂ ਤਿਆਰ ਕੀਤੀ ਵੀਡੀਓ ਵੀ ਯੂਟਿਊਬ ਦਾ ਲਿੰਕ ਵੀ ਵਿਖਾਇਆ।

 

ਉਨ੍ਹਾਂ ਦਸਿਆ ਕਿ ਧਰਮਕੋਟ ਦੇ ਥਾਣੇਦਾਰ ਜਸਬੀਰ ਸਿੰਘ ਨੇ ਦੋਸ਼ੀਆਂ ਨੂੰ ਮੌਕੇ ’ਤੇ ਕਾਬੂ ਕਰਕੇ ਧਾਰਾ 302 ਅਧੀਨ ਗ੍ਰਿਫਤਾਰ ਕਰਦਿਆਂ ਅਦਾਲਤ ਪਾਸੋਂ ਚਾਰ ਦਿਨ ਦਾ ਪੁਲੀਸ ਰਿਮਾਂਡ ਲੈ ਲਿਆ ਹੈ। ਭਾਵੇਂ ਪੁਲੀਸ ਨੇ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਏਗਾ। ਪਰ, ਫਿਰ ਵੀ ਲੋੜ ਹੈ ਕਿ ਮਾਨਵ-ਹਿਤਕਾਰੀ ਤੇ ਪ੍ਰਚਾਰਕ ਸਿੱਖ ਜਥੇਬੰਦੀਆਂ ਆਪਣਾ ਦਬਾਅ ਬਣਾਈ ਰੱਖਣ ਅਤੇ ਇਲਾਕੇ ਦੇ ਲੋਕਾਂ ਨੂੰ ਅਜਿਹੇ ਅੰਧਵਿਸ਼ਵਾਸ਼ੀ ਵਹਿਮਾਂ ਭਰਮਾ ਬਾਰੇ ਜਾਣੂ ਕਰਾਉਣ। ਕਿਉਂਕਿ, ਉਸ ਇਲਾਕੇ ਵਿੱਚ ਕਾਲੀ ਦੇਵੀ ਦੇ ਭਗਤਾਂ ਅਤੇ ਭੂਤ-ਪ੍ਰੇਤ ਕੱਢਣ ਦਾ ਢੌਂਗ ਰਚਾਈ ਬੈਠੇ ਲੋਕਾਂ ਦੀ ਖ਼ਾਸ ਭਰਮਾਰ ਹੈ। ਗਿਆਨੀ ਜਾਚਕ ਜੀ ਨੇ ਕਿਹਾ ਸ਼ਰਮ ਦੀ ਗੱਲ ਹੈ ਕਿ ਉਸ ਖੂੰਨੀ ਟਿਕਾਣੇ ਦਾ ਨਾਂ ‘ਬੌਰੀਏ ਸਿੱਖਾਂ ਦੀ ਧਰਮਸ਼ਾਲਾ’ ਹੈ ਅਤੇ ਉਹ ਤਾਂਤਰਿਕ-ਮਤੀ ਔਰਤ ਪਿੰਡ ਦੀ ਮਜੂਦਾ ਸਰਪੰਚ ਹੈ।

ਹੋਰ ਹੈਰਾਨੀ ਦੀ ਗੱਲ ਹੈ ਕਿ ਇਸ ਇਲਾਕੇ ਵਿੱਚ ਤਿੰਨ ਪ੍ਰਮੁਖ ਸੰਪਰਦਾਈ ਡੇਰੇਦਾਰ ਟਕਸਾਲਾਂ ਹਨ, ਜਿਵੇਂ ਟਕਸਾਲ ਭਿੰਡਰਾਂ, ਟਕਸਾਲ ਬੋਪਰਾਇ ਤੇ ਟਕਸਾਲ ਨਾਨਕਸਰ ਕਲੇਰਾਂ, ਜਿਹੜੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦੀ ਚਰਚਾ ਕਰਦੇ ਹਨ। ਜਿਸ ਸੜਕ ’ਤੇ ਉਹ ਪਿੰਡ ਹੈ, ਉਸ ਦਾ ਨਾਂ ਵੀ ਬਾਬਾ ਨੰਦ ਸਿੰਘ ਰੋਡ ਹੈ।

ਗਿਆਨੀ ਜਾਚਕ ਜੀ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਵੇਲੇ ਸ਼ਰਮਸ਼ਾਰ ਹੋਣਾ ਪਿਆ, ਜਦੋਂ ਲੋਕਾਂ ਦੇ ਇਕੱਠ ਵਿਚੋਂ ਇੱਕ ਖੁੱਲੇ ਦਾੜ੍ਹੇ ਵਿੱਚ ਬਜ਼ੁਰਗ ਸਿੱਖ ਨੇ ਕਿਹਾ ਕਿ ਗਿਆਨੀ ਜੀ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵੀ ਰਹੇ ਹੋ। ਉਥੋਂ ਰੀਲੇਅ ਹੁੰਦੇ ਕੀਰਤਨ ਵਿੱਚ ਅਸੀਂ ਆਮ ਹੀ ਸ਼ਬਦ ਸੁਣਦੇ ਹਾਂ ‘ਮਹਾਕਾਲ ਕਾਲਕਾ ਅਰਾਧੀ’ ਅਤੇ ‘ਕਾਲ ਤੂਹੀ ਕਾਲੀ ਤੂਹੀ’ ਆਦਿ । ਪਰ, ਤੁਸੀਂ ਕਹਿੰਦੇ ਹੋ ਕਿ ਸਿੱਖ ਨੂੰ ਅਕਾਲਪੁਰਖ ਤੋਂ ਇਲਾਵਾ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ ਚਾਹੀਦੀ। ਇਹ ਕੀ ਮਾਜਰਾ ਹੈ? ਅਸੀਂ ਤਾਂ ਡੇਰੇ ਵਿੱਚ ਸੁਖਮਨੀ ਸਾਹਿਬ ਦੀ ਕਥਾ ਸੁਣੀ ਹੈ, ਜਿਸ ਵਿੱਚ ਬਾਬਾ ਜੀ ਨੇ ‘ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ’ ਤੁਕ ਦੇ ਅਰਥ ਕਰਦਿਆਂ ਦੱਸਿਆ ਸੀ ਕਿ ਕ੍ਰੋੜਾਂ ਹੀ ਭੂਤ ਪ੍ਰੇਤ ਹਨ। ਤੁਸੀਂ ਕਹਿੰਦੇ ਹੋ ਕਿ ਮਰੇ ਹੋਏ ਕੋਈ ਭੂਤ ਪ੍ਰੇਤ ਨਹੀਂ ਹੁੰਦੇ, ਭੂਤ-ਪ੍ਰੇਤ ਤਾਂ ਪਾਲੋ ਸਰਪੰਚਣੀ ਵਰਗੇ ਰੱਬ ਨਾਲੋਂ ਟੁੱਟੇ ਲੋਕ ਹੁੰਦੇ ਹਨ। ਦੱਸੋ! ਅਸੀਂ ਕਿਹਦਾ ਸੱਚ ਮੰਨੀਏ?

ਗਿਆਨੀ ਜਾਚਕ ਜੀ ਨੇ ਕਿਹਾ ਸਪਸ਼ਟ ਹੈ ਕਿ ਸਿੱਖ ਭਾਈਚਾਰੇ ਨੂੰ ਦੇਵੀ ਦੇਵਤਿਆਂ ਦੇ ਉਪਾਸ਼ਕ ਬਨਾਉਣ ਅਤੇ ਭੂਤਾਂ ਪ੍ਰੇਤਾਂ ਦੇ ਚੱਕਰ ਵਿੱਚ ਫਸਾਉਣ ਪਿੱਛੇ ਬਚਿਤ੍ਰ ਨਾਟਕੀ ਤੇ ਬਿਪਰਵਾਦੀ ਸਿੱਖ ਪ੍ਰਚਾਰਕਾਂ ਦਾ ਬਹੁਤ ਵੱਡਾ ਹੱਥ ਹੈ। ਇਸ ਲਈ ਸਿੱਖ ਕੌਮ ਦੀ ਹੋਂਦ ਨੂੰ ਬਚਾਉਣ ਲਈ ਅਤਿ ਲੋੜੀਂਦਾ ਹੈ ਕਿ ਸਿੱਖ ਮਿਸ਼ਨਰੀ ਕਾਲਜਾਂ ਵੱਲੋਂ ਪ੍ਰਚਾਰੀ ਜਾ ਰਹੀ ਗੁਰਬਾਣੀ ਦੀ ਗੁਰਮਤੀ ਵੀਚਾਰਧਾਰਾ ਨੂੰ ਘਰ ਘਰ ਪਹੁੰਚਾਈਏ, ਤਾਂ ਕਿ ਸਿੱਖ ਭਾਈਚਾਰਾ ਤਾਂਤਰਿਕ-ਮੱਤੀ ਤੇ ਬਿਪਰਵਾਦੀ ਗ੍ਰੰਥਾਂ ਦੇ ਘੇਰੇ ’ਚੋਂ ਨਿਕਲ ਕੇ ਆਪਣੀ ਨਿਰਮਲ ਤੇ ਨਿਆਰੀ ਹੋਂਦ ਹਸਤੀ ਨੂੰ ਬਚਾ ਸਕੇ। ਉਨ੍ਹਾਂ ਕਿਹਾ ਯਾਦ ਰੱਖੋ, ਜੇਕਰ ਇਹ ਉਪਰਾਲਾ ਨਾ ਕੀਤਾ ਗਿਆ, ਤਾਂ ਭਾਰਤੀ ਸੰਵਿਧਾਨ ਵਿੱਚਲੀ 25 ਧਾਰਾ ਦੀ ਸੋਧ ਵੀ ਸਾਡਾ ਕੁਝ ਨਹੀਂ ਸਵਾਰ ਸਕੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top