Share on Facebook

Main News Page

ਡੇਰੇਦਾਰ ਤਾਂ ਕੀ ਮਿਸ਼ਨਰੀ ਕਹਾਉਣ ਵਾਲਾ ਸਾਬਕਾ ਜਥੇਦਾਰ ਵੀ ਗੁਰਬਾਣੀ ’ਚੋਂ ਪ੍ਰਮਾਣ ਮੰਗਣ ’ਤੇ ਤਲਿਮਿਲਾ ਉਠਿਆ
ਦਿੱਲੀ ਕਮੇਟੀ ਅਮਰਜੀਤ ਸਿੰਘ ਗੁਲਸ਼ਨ ਅਤੇ ਪ੍ਰੋ: ਮਨਜੀਤ ਸਿੰਘ ਵਰਗੇ ਪ੍ਰਚਾਰਕਾਂ ਨੂੰ ਚੰਗੇ ਪ੍ਰਚਾਰ ’ਤੇ ਪੋਚਾ ਫੇਰਨ ਤੋਂ ਰੋਕੇ
- ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਰਹਿ ਚੁੱਕੇ ਕਾਰਜਕਾਰੀ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਬੀਤੇ ਕੱਲ੍ਹ ਤੇ ਅੱਜ ਭਾਵ 24 ਅਤੇ 25 ਅਗਸਤ ਦੋ ਦਿਨਾਂ ਲਈ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਕਥਾ ਕੀਤੀ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਅੱਜ ਉਨ੍ਹਾਂ ਨੇ ਇਹ ਵਜ਼ਨਦਾਰ ਗੱਲ ਕਹੀ ਕਿ ਇਤਿਹਾਸ ਬੇਸ਼ੱਕ ਕਿਸੇ ਸਮਕਾਲੀ ਇਤਿਹਾਸਕਾਰ ਵੱਲੋਂ ਵੀ ਲਿਖਿਆ ਗਿਆ ਹੋਵੇ ਤਾਂ ਵੀ ਉਸ ਨੂੰ ਪੂਰਨ ਤੌਰ ’ਤੇ ਸ਼ੁਧ ਰੂਪ ਵਿੱਚ ਨਹੀਂ ਕਿਹਾ ਜਾ ਸਕਦਾ ਕਿਉਂਕਿ ਕੁਝ ਘਟਨਾਵਾਂ ਦੀ ਹਰ ਇਤਿਹਾਸਕਾਰ ਨੂੰ ਪੂਰਨ ਤੌਰ ’ਤੇ ਜਾਣਕਾਰੀ ਨਾ ਹੋਣ ਤੇ ਕੁਝ ਕੁ ਉਸ ਦੀ ਆਪਣੀ ਮੱਤ ਅਨੁਸਾਰ ਉਸ ਵੱਲੋਂ ਲਿਖੇ ਇਤਿਹਾਸ ਵਿੱਚ ਕੁਝ ਨਾ ਕੁਝ ਮਿਲਾਵਟ ਜਰੂਰ ਹੋ ਜਾਂਦੀ ਹੈ, ਜਦੋਂ ਕਿ ਗੁਰਬਾਣੀ ਸਾਡੇ ਕੋਲ ਪੂਰਨ ਸੱਚ ਹੈ ਇਸ ਲਈ ਇਤਿਹਾਸਕ ਘਟਨਾਵਾਂ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਬਾਬਾ ਪ੍ਰਿਥੀਚੰਦ ਅਤੇ ਉਨ੍ਹਾਂ ਦੀ ਸੁਪਤਨੀ ਵੱਲੋਂ ਗੁਰੂ ਅਰਜਨ ਸਾਹਿਬ ਜੀ ਦੇ ਮਹਿਲ ਮਾਤਾ ਗੰਗਾ ਜੀ ਨੂੰ ਇਹ ਤਾਹਨੇ ਮਾਰਨ ਦੀ ਗੱਲ ਦੱਸੀ ਕਿ ਉਨ੍ਹਾਂ ਵੱਲੋਂ ਕਿਹਾ ਜਾਂਦਾ ਸੀ ਕਿ ਤੁਹਾਡੇ ਕਿਹੜਾ ਕੋਈ ਪੁੱਤਰ ਹੈ ਇਸ ਲਈ ਸਾਡਾ ਹੱਕ ਮਾਰ ਕੇ ਹਥਿਆਈ ਗੁਰਗੱਦੀ ਤਾਂ ਅਖੀਰ ਸਾਡੇ ਹੀ ਘਰ ਆਉਣੀ ਹੈ। ਇਨ੍ਹਾਂ ਤਾਹਨਿਆਂ ਮਿਹਣੇ ਤੋਂ ਤੰਗ ਆਈ ਮਾਤਾ ਗੰਗਾ ਜੀ ਨੇ ਆਪਣੇ ਪਤੀ ਗੁਰੂਦੇਵ ਗੁਰੂ ਅਰਜੁਨ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਇੱਕ ਪੁੱਤਰ ਦੀ ਦਾਤ ਬਖ਼ਸ਼ੀ ਜਾਵੇ। ਗੁਰੂ ਅਰਜੁਨ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਅਰਦਾਸ ਕਰਵਾਉਣ ਲਈ ਭੇਜਿਆ ਜਿਨ੍ਹਾਂ ਦੇ ਵਰ ਨਾਲ ਬਾਲ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਬਾਬਾ ਪ੍ਰਿਥੀਚੰਦ ਵੱਲੋਂ ਬਾਲ ਹਰਿਗੋਬਿੰਦ ਸਾਹਿਬ ਜੀ ਨੂੰ ਮਰਵਾਉਣ ਦੇ ਕੀਤੇ ਗਏ ਨਾਕਾਮ ਯਤਨਾ ਦਾ ਜ਼ਿਕਰ ਕਰਦਿਆਂ ਪ੍ਰੋ: ਮਨਜੀਤ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਬਾਲ ਨੂੰ ਮਾਰਨ ਲਈ ਭੇਜਿਆ ਗਿਆ ਬ੍ਰਹਮਣ ਸੂਲ ਨਾਲ ਮਰ ਗਿਆ। ਜਿਸ ਦੇ ਸਮਰਥਨ ਵਿੱਚ ਉਨ੍ਹਾਂ ਗੁਰਬਾਣੀ ਦਾ ਹਵਾਲਾ: ‘ਲੇਪੁ ਨ ਲਾਗੋ ਤਿਲ ਕਾ ਮੂਲਿ ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ॥1॥’ (ਭੈਰਉ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 1137) ਵੀ ਸੁਣਾਇਆ। ਇਸੇ ਤਰ੍ਹਾਂ ਚੇਚਕ ਦੀ ਬਿਮਾਰੀ ਤੋਂ ਇਲਾਜ ਰਾਹੀਂ ਬਾਲ ਹਰਿਗੋਬਿੰਦ ਸਾਹਿਬ ਜੀ ਦੇ ਠੀਕ ਹੋਣ ’ਤੇ ਗੁਰੂ ਸਾਹਿਬ ਵੱਲੋਂ ਸ਼ੁਕਰਾਨੇ ’ਚ ਉਚਾਰਣ ਕੀਤਾ ਸ਼ਬਦ: ‘ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥1॥’ (ਗਉੜੀ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 200) ਦਾ ਵੀ ਹਵਾਲਾ ਦਿੱਤਾ। ਗੁਰੂ ਅਰਜੁਨ ਸਾਹਿਬ ਜੀ ’ਤੇ ਸੁਲਹੀ ਖਾਨ ਵੱਲੋਂ ਚੜ੍ਹ ਕੇ ਆਉਂਦੇ ਵਕਤ ਘੋੜੇ ਦੇ ਡਰ ਕੇ ਭੱਠੇ ਵਿੱਚ ਡਿੱਗ ਪੈਣ ਨਾਲ ਸੁਲਹੀ ਖਾਨ ਦਾ ਸੜ ਕੇ ਮਰ ਜਾਣ ਦਾ ਜ਼ਿਕਰ ਵੀ ਗੁਰਬਾਣੀ ਦੇ ਫ਼ੁਰਮਾਨ: ‘ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ, ਸੁਲਹੀ ਹੋਇ ਮੂਆ ਨਾਪਾਕੁ ॥1॥ ਰਹਾਉ ॥’ (ਬਿਲਾਵਲੁ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 825) ਦਾ ਹਵਾਲਾ ਦੇ ਕੇ ਕੀਤਾ।

ਕਥਾ ਦੀ ਸਮਾਪਤੀ ਉਪ੍ਰੰਤ ਪ੍ਰੋ: ਮਨਜੀਤ ਸਿੰਘ ਜੀ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਹਰ ਇਤਿਹਾਸਕ ਸਾਖੀ ਸੁਣਾਉਣ ਤੋਂ ਪਹਿਲਾਂ ਉਸ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪ੍ਰਖਣ ਦੀ ਗੱਲ ’ਤੇ ਜੋਰ ਦਿੱਤਾ ਹੈ ਤੇ ਗੁਰੂ ਅਰਜਨ ਸਾਹਿਬ ਜੀ ਤੇ ਬਾਲ ਹਰਿਗੋਬਿੰਦ ਸਬੰਧੀ ਇਤਿਹਾਸਕ ਸਾਖੀਆਂ ਦੀ ਪ੍ਰੋੜਤਾ ਲਈ ਗੁਰਬਾਣੀ ’ਚੋਂ ਪ੍ਰਮਾਣ ਦਿੱਤੇ ਹਨ। ਪਰ ਜਦੋਂ ਪੁੱਛਿਆ ਗਿਆ ਕਿ ਕੀ ਗੁਰਬਾਣੀ ’ਚ ਕੋਈ ਐਸਾ ਪ੍ਰਮਾਣ ਹੈ ਜਿਸ ਤੋਂ ਪਤਾ ਲਗੇ ਕਿ ਗੁਰੂ ਅਰਜੁਨ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਪ੍ਰਾਪਤੀ ਦੇ ਵਰ ਲਈ ਬਾਬਾ ਬੁੱਢਾ ਜੀ ਕੋਲ ਭੇਜਿਆ ਹੋਵੇ? ਜਾਂ ਕਿਸੇ ਗੁਰਸਿੱਖ ਵੱਲੋਂ ਅਰਦਾਸ ਕਰਨ ਨਾਲ ਉਸ ਦੇ ਘਰ ਬੱਚਾ ਜਨਮ ਲੈ ਸਕਦਾ ਹੋਵੇ, ਜਿਸ ਦੇ ਘਰ ਉਸ ਤਰ੍ਹਾਂ ਪ੍ਰਭੂ ਇਹ ਦਾਤ ਨਾ ਦੇਣੀ ਚਾਹੁੰਦਾ ਹੋਵੇ? ਇਹ ਸੁਣਦੇ ਹੀ ਪ੍ਰੋ: ਸਾਹਿਬ ਦੇ ਤੇਵਰ ਕੁਝ ਬਦਲਣ ਲੱਗੇ ਤੇ ਉਨ੍ਹਾਂ ਕਿਹਾ ਜਰੂਰੀ ਨਹੀਂ ਕਿ ਹਰ ਘਟਨਾ ਦਾ ਜ਼ਿਕਰ ਗੁਰਬਾਣੀ ’ਚ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਹਨ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਵਿੱਚ ਨਹੀਂ ਹੈ। ਤਾਂ ਕੀ ਅਸੀਂ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਬਿਲਕੁਲ ਰੱਦ ਕਰ ਦੇਈਏ?

ਪ੍ਰੋ: ਸਾਹਿਬ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਹਰ ਘਟਨਾ ਜਿਸ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜ਼ਿਕਰ ਨਹੀਂ ਉਸ ਨੂੰ ਰੱਦ ਕਰਨ ਦੀ ਵਕਾਲਤ ਨਹੀਂ ਕਰ ਰਿਹਾ, ਸਗੋਂ ਇਹ ਬੇਨਤੀ ਕਰ ਰਿਹਾ ਹਾਂ ਕਿ ਤੁਹਾਡੇ ਆਪਣੇ ਕਥਨ ਅਨੁਸਾਰ ਹੀ ਹਰ ਸਾਖੀ ਸੁਣਾਉਣ ਤੋਂ ਪਹਿਲਾਂ ਉਸ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖ ਜਰੂਰ ਲਿਆ ਜਾਵੇ ਕਿ ਕੀ ਇਹ ਗੁਰਮਤਿ ਅਨੁਸਾਰ ਠੀਕ ਹੈ ਜਾਂ ਨਹੀਂ? ਜੇ ਠੀਕ ਹੈ ਤਾਂ ਉਸ ਨੂੰ ਪ੍ਰਮਾਣਿਕ ਮੰਨ ਲਿਆ ਜਾਵੇ ਜੇ ਨਹੀਂ ਤਾਂ ਉਸ ਨੂੰ ਰੱਦ ਸਮਝ ਕੇ ਸੁਨਾਉਣ ਤੋਂ ਗੁਰੇਜ਼ ਕੀਤਾ ਜਾਵੇ। ਪ੍ਰੋ: ਮਨਜੀਤ ਸਿੰਘ ਨੇ ਪੁੱਛਿਆ ਕਿ ਗੁਰੂ ਅਰਜੁਨ ਸਾਹਿਬ ਜੀ ਵੱਲੋਂ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਅਰਦਾਸ ਕਰਵਾਉਣ ਲਈ ਭੇਜਣ ਵਿੱਚ ਤੁਹਾਨੂੰ ਗੁਰਮਤਿ ਵਿਰੋਧੀ ਕਿਹੜੀ ਗੱਲ ਲਗਦੀ ਹੈ। ਉਨ੍ਹਾਂ ਨੂੰ ਦੱਸਣ ਦਾ ਯਤਨ ਕੀਤਾ ਕਿ ਗੁਰਬਾਣੀ ਵਿੱਚ ਖ਼ੁਦ ਬਾਣੀ ਪੜ੍ਹਨ ਤੇ ਆਪਣੇ ਵਿੱਚੋਂ ਅਵਗੁਣ ਦੂਰ ਕਰਕੇ ਸ਼ੁੱਭਗੁਣਾਂ ਦੀ ਮੰਗ ਲਈ ਅਰਦਾਸ ਕਰਨ ਦੀਆਂ ਤਾਂ ਬਹੁਤ ਸਾਰੀਆਂ ਸਿਖਿਆਵਾਂ ਮੌਜੂਦ ਹਨ ਪਰ ਦੁਨੀਆਵੀ ਵਸਤਾਂ ਦੀ ਪ੍ਰਾਪਤੀ ਲਈ ਕਿਸੇ ਪਾਸੋਂ ਪਾਠ ਕਰਵਾਉਣ ਜਾਂ ਅਰਦਾਸ ਕਰਵਾਉਣ ਦੀ ਕਿਧਰੇ ਵੀ ਕੋਈ ਸਿਖਿਆ ਨਹੀਂ ਦਿੱਤੀ ਗਈ। ਜੇ ਕੋਈ ਹੈ ਤਾਂ ਮੇਰੇ ਗਿਆਨ ’ਚ ਵਾਧਾ ਕਰਨ ਲਈ ਦੱਸੀ ਜਾਵੇ। ਦੂਸਰੀ ਗੱਲ ਹੈ ਕਿ ਗੁਰਬਾਣੀ ਵਿੱਚ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਗਈਆਂ ਹਨ ਕਿ ਮਨੁੱਖ ਦੇ ਹੱਥ ਕੁਝ ਵੀ ਨਹੀਂ ਪ੍ਰਭੂ ਜੋ ਵੀ ਕਿਸੇ ਨੂੰ ਦਾਤ ਦਿੰਦਾ ਹੈ ਉਹ ਉਸ ਵਿਅਕਤੀ ਦੇ ਸੰਸਕਾਰਾਂ ਮੁਤਾਬਕ ਆਪਣੀ ਮੌਜ਼ ਵਿੱਚ ਖ਼ੁਸ਼ ਹੋ ਕੇ ਖ਼ੁਦ ਹੀ ਦਿੰਦਾ ਹੈ। ਜਿਵੇਂ ਕਿ:

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥ ਜਿਸ ਕੈ ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ ॥
ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ ॥ ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ ਨਾਨਕ ਬਿਘਨੁ ਨ ਲਾਗੈ ਕੋਇ ॥1॥
’ (ਗਉੜੀ (ਸੁਖਮਨੀ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 281)

ਦਾਤੈ ਦਾਤਿ ਰਖੀ ਹਥਿ ਅਪਣੈ, ਜਿਸੁ ਭਾਵੈ ਤਿਸੁ ਦੇਈ ॥’ (ਸੋਰਠਿ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 604)

ਪ੍ਰਭੂ ਅੱਗੇ ਕਿਸੇ ਦੀ ਸਿਫਾਰਸ਼, ਵਿਚੋਲਗੀ ਜਾਂ ਜ਼ੋਰ ਨਹੀਂ ਚੱਲ ਸਕਦਾ:
ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥’ (ਮਾਝ ਬਾਰਹਮਾਹਾ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 135)
ਕੀਤੇ ਕੈ ਕਹਿਐ ਕਿਆ ਹੋਈ ॥5॥’ (ਭੈਰਉ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 1154)

ਸੋ ਕੀ ਗੁਰੂ ਅਰਜੁਨ ਸਾਹਿਬ ਜੀ ਮਾਤਾ ਗੰਗਾ ਜੀ ਨੂੰ ਅਕਾਲ ਪੁਰਖ਼ ਦੀ ਰਜ਼ਾ ਵਿੱਚ ਰਾਜੀ ਰਹਿਣ ਦੀ ਸਿੱਖਿਆ ਦੇ ਕੇ ਉਨ੍ਹਾਂ ਦੀ ਤਸੱਲੀ ਨਹੀ ਸੀ ਕਰਵਾ ਸਕਦੇ? ਵਜ਼ਾਏ ਗੁਰਬਾਣੀ ’ਚੋਂ ਮੰਗੇ ਗਏ ਪ੍ਰਮਾਣ ਦੇਣ ਦੇ ਉਨ੍ਹਾਂ ਦਾ ਗੁੱਸਾ ਵਧ ਗਿਆ ਤੇ ਕਹਿਣ ਲੱਗੇ ‘‘ਤੁਹਾਡੇ ਵਰਗਿਆਂ ਦੀ ਸੋਚ ਨੇ ਹੀ ਸਿੱਖੀ ’ਤੇ ਕਮਿਊਨਿਜ਼ਮ ਭਾਰੂ ਕਰ ਦਿੱਤਾ ਹੈ। ਸਿੱਖ ਇਤਿਹਾਸ ਅਤੇ ਪ੍ਰਚਲਤ ਰਵਾਇਤਾਂ ਅਨੁਸਾਰ ਜਿਹੜਾ ਮਨੁੱਖ ਆਪ ਅਰਦਾਸ ਨਹੀਂ ਕਰ ਸਕਦਾ ਉਹ ਪੰਜ ਗੁਰਸਿੱਖਾਂ ਨੂੰ ਘਰ ਲਿਆ ਕੇ ਉਨ੍ਹਾਂ ਦੀ ਜਥਾ ਸ਼ਕਤ ਸੇਵਾ ਕਰੇ ਤੇ ਉਨ੍ਹਾਂ ਨੂੰ ਆਪਣੀ ਮੰਗ ਦੱਸ ਕੇ ਅਰਦਾਸ ਕਰਵਾਏ ਤਾਂ ਅਕਾਲ ਪੁਰਖ਼ ਉਸ ਦੀ ਅਰਦਾਸ ਪੂਰੀ ਕਰ ਦਿੰਦਾ ਹੈ। ਗੁਰਬਾਣੀ ਵਿੱਚ ਫ਼ੁਰਮਾਨ ਹੈ:

ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ, ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥’ (ਗਉੜੀ ਕੀ ਵਾਰ(1) ਮ: 4, ਗੁਰੂ ਗ੍ਰੰਥ ਸਾਹਿਬ - ਅੰਗ 317)

ਪੁੱਛਿਆ ਗਿਆ ਕਿ ਠੀਕ ਹੈ ਕਿ ਕਹਿਣੀ ਕਰਨੀ ਦੇ ਪੂਰੇ ਗੁਰਸਿੱਖ ਹੋਣ ਤਾਂ ਉਨ੍ਹਾਂ ਵਿੱਚ ਗੁਰੂ ਵਰਤ ਸਕਦਾ ਹੈ ਪਰ ਅਜਿਹੀ ਮਿਸਾਲ ਤਾਂ ਕਿਧਰੇ ਗੁਰ ਇਤਿਹਾਸ ਵਿੱਚ ਵੀ ਨਹੀਂ ਮਿਲਦੀ ਜਿੱਥੇ ਗੁਰੂ ਸਾਹਿਬ ਨੇ ਪੁੱਤਰਾਂ ਲਈ ਅਰਦਾਸ ਕੀਤੀ ਹੋਵੇ। ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਜੀ ਦੇ ਕੋਈ ਔਲਾਦ ਨਹੀਂ ਸੀ। ਗੁਰੂ ਨਾਨਕ ਸਾਹਿਬ ਜੀ ਨੇ ਤਾਂ ਉਨ੍ਹਾਂ ਲਈ ਕੋਈ ਅਰਦਾਸ ਨਹੀਂ ਕੀਤੀ। ਜਿਹੜਾ ਕੰਮ ਗੁਰੂ ਸਾਹਿਬ ਜੀ ਨੇ ਨਹੀਂ ਕੀਤਾ ਉਹ ਗੁਰਸਿੱਖ ਕਿਵੇਂ ਕਰ ਸਕਦੇ ਹਨ? ਤੁਹਾਡੇ ਇਸ ਤਰ੍ਹਾਂ ਦੇ ਪ੍ਰਚਾਰ ਦਾ ਹੀ ਅਸਰ ਹੈ ਕਿ ਡੇਰੇਦਾਰ ਬਾਬੇ, ਪੁੱਤਰਾਂ ਦੀਆਂ ਅਰਦਾਸਾਂ ਕਰਨ ਲਈ ਦੁਕਾਨਾਂ ਖੋਲ੍ਹੀ ਬੈਠੇ ਹਨ। ਇਹ ਸੁਣਦਿਆਂ ਪ੍ਰੋ: ਸਾਹਿਬ ਕਹਿਣ ਲੱਗੇ ਬੱਸ ਤੁਹਾਡੀ ਸੂਈ ਤਾਂ ਇਨ੍ਹਾਂ ਡੇਰੇਦਾਰਾਂ ’ਤੇ ਅਟਕ ਗਈ ਹੈ ਇਸ ਲਈ ਮੈਂ ਤੁਹਾਡੇ ਨਾਲ ਫ਼ੋਨ ’ਤੇ ਕੋਈ ਗੱਲ ਨਹੀਂ ਕਰ ਸਕਦਾ। ਜੇ ਕੋਈ ਗੁਰਬਾਣੀ ਦੇ ਅਧਾਰ ’ਤੇ ਵੀਚਾਰ ਕਰਨੀ ਹੈ ਤਾਂ ਅਨੰਦਪੁਰ ਸਾਹਿਬ ਆਓ। ਇਹ ਕਹਿੰਦਿਆਂ ਉਨ੍ਹਾਂ ਫ਼ੋਨ ਕੱਟ ਦਿੱਤਾ।

ਦੁਬਾਰਾ ਫ਼ੋਨ ਮਿਲਾ ਕੇ ਬੇਨਤੀ ਕੀਤੀ ਕਿ ਸ਼ਾਇਦ ਫ਼ੋਨ ਕੱਟਿਆ ਗਿਆ ਸੀ ਜਾਂ ਤੁਸੀਂ ਨਰਾਜ਼ਗੀ ਪ੍ਰਗਟ ਕਰਨ ਲਈ ਜਾਣ ਕੇ ਕੱਟ ਦਿੱਤਾ। ਉਨ੍ਹਾਂ ਕਿਹਾ ਹਾਂ ਅਜੇਹੀ ਬਹਿਸ ਉਹ ਫ਼ੋਨ ’ਤੇ ਨਹੀਂ ਕਰ ਸਕਦੇ ਜੇ ਕੋਈ ਵੀਚਾਰ ਕਰਨੀ ਹੈ ਤਾਂ ਅਨੰਦਪੁਰ ਸਾਹਿਬ ਆਓ। ਬੇਨਤੀ ਕੀਤੀ ਗਈ ਕਿ ਜੋ ਵੀਚਾਰਾਂ ਕਰਨ ਲਈ ਤੁਸੀਂ ਮੈਨੂੰ ਬੱਸ ’ਤੇ ਆਉਣ ਜਾਣ ਲਈ 500 ਕਿਲੋਮੀਟਰ ਤੋਂ ਵੱਧ ਦਾ ਸਫਰ ਕਰਨ ਲਈ ਕਹਿ ਰਹੇ ਹੋ ਉਹੀ ਵੀਚਾਰਾਂ ਤਾਂ ਤੁਸੀਂ ਫ਼ੋਨ ’ਤੇ ਵੀ ਕਰ ਸਕਦੇ ਹੋ। ਫਿਰ ਇਨ੍ਹਾਂ ਲੰਬਾ ਸਫਰ ਕਰਨ ਸਮੇਂ ਆਉਣ ਵਾਲੀਆਂ ਮੇਰੀਆਂ ਮੁਸ਼ਕਲਾਂ ਦਾ ਵੀ ਧਿਆਨ ਰੱਖੋ ਨਾ। ਪਰ ਪ੍ਰੋ: ਮਨਜੀਤ ਸਿੰਘ ਜੀ ਵਾਰ ਵਾਰ ਵਾਰ ਇਹੀ ਕਹੀ ਜਾਣ ਕਿ ਤੁਸੀਂ ਬਾਬਾ ਬੁੱਢਾ ਜੀ ਨੂੰ ਇਨ੍ਹਾਂ ਡੇਰੇਦਾਰਾਂ ਨਾਲ ਮਿਲਾ ਰਹੇ ਹੋ? ਉਹ ਤਾਂ ਬ੍ਰਹਮਗਿਆਨੀ ਸਨ ਇਹ ਪਾਖੰਡੀ ਹਨ। ਬੇਨਤੀ ਕੀਤੀ ਕਿ ਮੈਂ ਇਨ੍ਹਾਂ ਡੇਰੇਦਾਰਾਂ ਨੂੰ ਬਾਬਾ ਬੁੱਢਾ ਜੀ ਨਾਲ ਬਿਲਕੁਲ ਨਹੀਂ ਮਿਲਾ ਰਿਹਾ ਪਰ ਜਿਹੜਾ ਕੰਮ ਗੁਰੂ ਸਾਹਿਬ ਜੀ ਨੇ ਨਹੀਂ ਕੀਤਾ ਉਹ ਤੁਸੀਂ ਪੰਜ ਸਿੱਖਾਂ ਦੀ ਅਰਦਾਸ ਨਾਲ ਕਰਵਾ ਰਹੇ ਹੋ ਫਿਰ ਇਹ ਡੇਰੇਦਾਰ ਤਾਂ ਆਪਣੇ ਨਾਮ ਨਾਲ ਬ੍ਰਹਮਗਿਆਨੀ ਹੋਣ ਦੀਆਂ ਇੰਨੀਆਂ ਡਿਗਰੀਆਂ ਲਾਈ ਬੈਠੇ ਹਨ ਜਿੰਨੀਆਂ ਕਦੇ ਬਾਬਾ ਬੁੱਢਾ ਜੀ ਦੇ ਨਾਮ ਨਾਲ ਵੀ ਇਤਿਹਾਸ ਵਿੱਚ ਕਿਧਰੇ ਨਹੀਂ ਪੜ੍ਹੀਆਂ। ਇਹ ਬ੍ਰਹਮਗਿਆਨੀ ਡੇਰੇਦਾਰ ਬਾਬਾ ਬੁੱਢਾ ਜੀ ਤਾਂ ਕੀ ਗੁਰੂ ਅਰਜੁਨ ਸਾਹਿਬ ਜੀ ਤੋਂ ਵੀ ਕਿਤੇ ਵੱਧ ਸਿਆਣੇ ਬਣੇ ਫਿਰਦੇ ਹਨ! ਇਸੇ ਕਾਰਣ ਤਾਂ ਉਨ੍ਹਾਂ ਅਨੁਸਾਰ ਜਿਹੜੀ ਘਾਟ ਗੁਰੂ ਅਰਜੁਨ ਸਾਹਿਬ ਜੀ ਤੋਂ ਰਹਿ ਗਈ ਕਿ ਉਹ ਗੁਰਬਾਣੀ ਤੋਂ ਵੱਧ ਲਾਹਾ ਖੱਟਣ ਲਈ ਗੁਰਬਾਣੀ ’ਚ ਜਿਹੜੇ ਸੰਪਟ ਨਹੀਂ ਲਾ ਸਕੇ ਉਹ ਘਾਟ ਇਹ ਡੇਰੇਦਾਰ ਪੂਰੀ ਕਰਕੇ ਸੰਗਤਾਂ ਨੂੰ ਲਾਭ ਪਹੁੰਚਾ ਰਹੇ ਹਨ। ਉਨ੍ਹਾਂ ਨੇ ਸੰਗਤਾਂ ਦੀ ਸਹੂਲਤ ਲਈ ਸੁਖਮਨੀ ਸਾਹਿਬ ਦੇ ਤਾਂ ਗੁਟਕੇ ਹੀ ਸੰਪਟ ਪਾਠ ਲਾ ਕੇ ਤੇ ਅਸ਼ਟਪਦੀਆਂ ਦੇ ਅੰਕ ਜੋੜਾਂ ਨੂੰ ਉਚਾਰਣ ਦਾ ਹਿੱਸਾ ਬਣਾ ਕੇ ਛਾਪ ਦਿੱਤੇ ਤੇ ਸੰਗਤਾਂ ਦੇ ਪੈਸੇ ਨਾਲ ਵੱਡੀ ਪੱਧਰ ’ਤੇ ਵੰਡਾ ਕੇ ਉਨ੍ਹਾਂ ਦੀ ਕਮਾਈ ਸਫਲੀ ਕਰ ਰਹੇ ਹਨ। ਸਾਡੇ ਅਕਾਲ ਤਖ਼ਤ ਦੇ ਜਥੇਦਾਰ ਵੀ ਐਸੀ ਅਵੱਗਿਆ ਕਰ ਰਹੇ ਡੇਰੇਦਾਰਾਂ ਨੂੰ ਪੂਰਨ ਬ੍ਰਹਮਗਿਆਨੀ ਸ਼ਬਦਾਂ ਨਾਲ ਸੰਬੋਧਨ ਕਰਕੇ ਉਨ੍ਹਾਂ ਦੇ ਬ੍ਰਹਮਗਿਆਨੀ ਹੋਣ ’ਤੇ ਮੋਹਰ ਲਾ ਰਹੇ ਹਨ। ਫਿਰ ਅਸੀਂ ਕਿਵੇਂ ਪਛਾਣੀਏ ਕਿ ਕਿਹੜਾ ਬ੍ਰਹਮਗਿਆਨੀ ਹੈ ਤੇ ਕਿਸ ਦੀ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਤੇ ਕਿਹੜਾ ਪਾਖੰਡੀ ਹੈ?

ਦੂਸਰੀ ਗੱਲ ਜੇ ਮੰਨ ਵੀ ਲਈਏ ਕਿ ਘਰ ਵਿੱਚ ਗੁਰਗੱਦੀ ਬਚਾਉਣ ਲਈ ਮਾਤਾ ਗੰਗਾ ਜੀ ਦੀ ਬੇਨਤੀ ਮੰਨ ਕੇ ਗੁਰੂ ਅਰਜੁਨ ਸਾਹਿਬ ਜੀ ਨੇ ਉਨ੍ਹਾਂ ਨੂੰ ਬਾਬਾ ਬੁੱਢਾ ਜੀ ਪਾਸ ਅਰਦਾਸ ਕਰਵਾਉਣ ਲਈ ਭੇਜ ਦਿੱਤਾ ਤੇ ਉਨ੍ਹਾਂ ਦੇ ਵਰ ਨਾਲ ਜਾਂ ਅਰਦਾਸ ਕਰਨ ਨਾਲ ਬਾਲ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਪਰ ਇਹ ਦੱਸੋ ਕਿ ਜੇ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਨਾ ਹੁੰਦਾ ਤਾਂ ਕੀ ਗੁਰਗੱਦੀ ਸ਼ਰਤੀਆ ਹੀ ਬਾਬਾ ਪ੍ਰਿਥੀਚੰਦ ਜੀ ਦੇ ਘਰ ਚਲੀ ਜਾਣੀ ਸੀ? ਜੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਘਰ ਦੋ ਪੁੱਤਰ ਹੋਣ ਦੇ ਬਾਵਯੂਦ ਗੁਰਗੱਦੀ ਬਾਬਾ ਲਹਿਣਾ ਜੀ ਨੂੰ ਯੋਗ ਸਮਝ ਕੇ ਦੇ ਦਿੱਤੀ, ਗੁਰੂ ਅੰਗਦ ਸਾਹਿਬ ਜੀ ਦੇ ਘਰ ਦੋ ਪੁੱਤਰ ਹੋਣ ਦੇ ਬਾਵਯੂਦ ਗੁਰਗੱਦੀ ਬਾਬਾ ਅਮਰਦਾਸ ਜੀ ਨੂੰ ਦੇ ਦਿੱਤੀ, ਗੁਰੂ ਅਮਰ ਦਾਸ ਜੀ ਦੇ ਆਪਣੇ ਘਰ ਦੋ ਪੁੱਤਰ ਹੋਣ ਦੇ ਬਾਵਯੂਦ ਗੁਰਗੱਦੀ ਆਪਣੇ ਛੋਟੇ ਜਵਾਈ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨੂੰ ਦੇ ਦਿੱਤੀ। ਗੁਰੂ ਰਾਮਦਾਸ ਜੀ ਨੇ ਗੁਰਗੱਦੀ ਦੇ ਚਾਹਵਾਨ ਹੱਕਦਾਰ ਸਮਝਣ ਵਾਲੇ ਆਪਣੇ ਵੱਡੇ ਪੁੱਤਰ ਪ੍ਰਿਥੀਚੰਦ ਅਤੇ ਮਹਾਂਦੇਵ ਨੂੰ ਛੱਡ ਕੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਸਾਹਿਬ ਜੀ ਨੂੰ ਸਭ ਤੋਂ ਯੋਗ ਸਮਝ ਕੇ ਦੇ ਦਿੱਤੀ ਤਾਂ ਕੀ ਗੁਰੂ ਅਰਜੁਨ ਸਾਹਿਬ ਜੀ ਕਿਸੇ ਹੋਰ ਯੋਗ ਗੁਰਸਿੱਖ ਨੂੰ ਨਹੀਂ ਸੀ ਦੇ ਸਕਦੇ? ਪਰ ਵਿਦਵਾਨ ਪ੍ਰੋ: ਸਾਹਿਬ ਜੀ ਤਾਂ ਕੋਈ ਗੱਲ ਸੁਣਨ ਲਈ ਤਿਆਰ ਹੀ ਨਹੀਂ ਸਨ ਤੇ ਵਾਰ ਵਾਰ ਇਹੀ ਆਖੀ ਜਾਣ ਕਿ ਵੀਚਾਰ ਕਰਨੀ ਹੈ ਤਾਂ ਅਨੰਦਪੁਰ ਸਾਹਿਬ ਆਓ। ਮੈਂ ਸਮਝ ਗਿਆ ਕਿ ਸਾਡੀ ਇਹ ਵੀਚਾਰ ਕਿਸੇ ਤਣ ਪੱਤਣ ਨਹੀਂ ਲੱਗ ਸਕਦੀ ਇਸ ਲਈ ਉਨ੍ਹਾਂ ਨੂੰ ਬੇਨਤੀ ਕੀਤੀ ਚਲੋ ਇਹ ਵੀਚਾਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਹੁਣ ਕੋਈ ਦੂਸਰੀ ਗੱਲ ਕਰ ਲਈਏ। ਇਹ ਵਿਸ਼ਵਾਸ਼ ਦਿਵਾਉਣ ਦਾ ਵੀ ਬਹੁਤ ਯਤਨ ਕੀਤਾ ਗਿਆ ਕਿ ਹੁਣ ਮੈਂ ਅੱਜ ਦੇ ਵਖਿਆਣ ਵਿੱਚੋਂ ਤੁਹਾਥੋਂ ਕੋਈ ਸਵਾਲ ਨਹੀਂ ਪੁੱਛਦਾ, ਇਸ ਲਈ ਬੀਤੇ ਕੱਲ੍ਹ ਦੇ ਵਖਿਆਣ ਵਿੱਚੋਂ ਕੋਈ ਗੱਲ ਕਰ ਲਈਏ! ਪਰ ਪ੍ਰੋ: ਮਨਜੀਤ ਸਿੰਘ ਜੀ ਮੇਰੇ ਨਾਲ ਕੋਈ ਵੀ ਗੱਲ ਕਰਨ ਲਈ ਤਿਆਰ ਹੀ ਨਹੀਂ ਸਨ ਤੇ ਇਹ ਕਹਿ ਕੇ ਫ਼ੋਨ ਕੱਟ ਦਿੱਤਾ ਕਿ ਦੁਬਾਰਾ ਮੈਨੂੰ ਫ਼ੋਨ ਨਾ ਕੀਤਾ ਜਾਵੇ ਜੇ ਕੋਈ ਵੀਚਾਰ ਕਰਨੀ ਹੈ ਤਾਂ ਅਨੰਦਪੁਰ ਸਾਹਿਬ ਆਓ ਜਾਂ ਬਠਿੰਡੇ ਬਹੁਤੇਰੇ ਵਿਦਵਾਨ ਹੋਣਗੇ ਉਨ੍ਹਾਂ ਤੋਂ ਆਪਣਾ ਸ਼ੰਕ ਨਿਵਿਰਤ ਕਰ ਲਿਓ।

ਪ੍ਰੋ: ਮਨਜੀਤ ਸਿੰਘ ਨੇ ਤਾਂ ਮੇਰਾ ਸਵਾਲ ਹੀ ਨਹੀਂ ਸੁਣਿਆ ਇਸ ਲਈ ਮੈ ਸਮੂਹ ਸਿੱਖ ਸੰਗਤ ਤੋਂ ਹੀ ਪੁੱਛਣਾ ਚਾਹੁੰਦਾ ਹਾਂ ਕਿ ਪੁਰਾਤਨ ਇਤਿਹਾਸ (ਜਿਸ ਨੂੰ ਇਹ ਵੀ ਮੰਨਦੇ ਹਨ ਕਿ ਕੋਈ ਵੀ ਇਤਿਹਾਸ ਦੋਸ਼ ਮੁਕਤ ਨਹੀਂ ਹੈ, ਉਸ) ਵਿੱਚੋਂ ਬੜੀਆਂ ਸਾਖੀਆਂ ਸੁਣਾ ਕੇ ਇਹ ਪ੍ਰਚਾਰਕ ਸੰਗਤਾਂ ਤੋਂ ਵਾਹ ਵਾਹ ਖੱਟਦੇ ਹਨ ਪਰ ਮੌਜੂਦਾ ਸਮੇਂ ਦੌਰਾਣ ਜੋ ਉਨ੍ਹਾਂ ਦੇ ਅੱਖਾਂ ਦੇ ਸਾਹਮਣੇ ਵਰਤਿਆ ਹੈ ਉਸ ’ਤੇ ਆ ਕੇ ਇਨ੍ਹਾਂ ਦੀ ਜ਼ਬਾਨ ਅਟਕ ਕਿਉਂ ਜਾਂਦੀ ਹੈ। ਬੀਤੇ ਦਿਨ ਪ੍ਰੋ: ਮਨਜੀਤ ਸਿੰਘ ਜੀ ਨੇ: ‘ਸੁਣਿ ਸੁਣਿ ਨਾਮੁ ਤੁਮਾਰਾ ਪ੍ਰੀਤਮ ਪ੍ਰਭੁ ਪੇਖਨ ਕਾ ਚਾਉ ॥’ (ਆਸਾ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 405) ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿੱਥੇ ਪ੍ਰਭੂ ਪ੍ਰੀਤਮ ਦੀ ਕਥਾ ਕਹਾਣੀਆਂ ਸੁਣ ਸੁਣ ਕੇ ਉਸ ਨਾਲ ਪਿਆਰ ਤੇ ਮਿਲਣ ਦਾ ਚਾਉ ਉਪਜਦਾ ਹੈ ਉਥੇ ਨਫ਼ਰਤ ਭਰੀਆਂ ਗੱਲਾਂ ਸੁਣ ਸੁਣ ਕੇ ਕਿਸੇ ਨਾਲ ਨਫ਼ਰਤ ਵੀ ਪੈਦਾ ਹੋ ਜਾਂਦੀ ਹੈ। ਉਨ੍ਹਾਂ ਮਿਸਾਲ ਦਿੱਤੀ ਕਿ ਜਿਸ ਸਮੇਂ ਜਰਮਨ ਨੇ ਯਹੂਦੀਆਂ ’ਤੇ ਹਮਲਾ ਕਰਕੇ ਆਪਣੇ ਰਾਜ ਵਿੱਚ ਮਿਲਾਉਣਾ ਸੀ ਤਾਂ ਪਹਿਲਾਂ ਉਨ੍ਹਾਂ ਨੇ ਆਪਣੇ ਦੇਸ਼ ਵਾਸੀਆਂ ਨੂੰ ਯਹੂਦੀਆਂ ਸਬੰਧੀ ਨਫ਼ਰਤ ਭਰੀਆਂ ਲਿਖਤਾ ਲਿਖ ਕੇ, ਨਫ਼ਰਤ ਭਰੇ ਭਾਸ਼ਣ ਦੇ ਦੇ ਕੇ ਉਨ੍ਹਾਂ ਪ੍ਰਤੀ ਨਫ਼ਰਤ ਪੈਦਾ ਕੀਤੀ ਤੇ ਇਸੇ ਨਫ਼ਰਤ ਕਾਰਣ ਜਰਮਨਾਂ ਨੇ ਯਹੂਦੀਆਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ। 1947 ਵਿੱਚ ਭਾਰਤ ਦੀ ਵੰਡ ਦਾ ਜ਼ਿਕਰ ਕਰਦੇ ਹੋਏ ਪ੍ਰੋ: ਮਨਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਉਹੀ ਮੁਸਲਮਾਨ-ਹਿੰਦੂ-ਸਿੱਖ ਬੜੇ ਪਿਆਰ ਨਾਲ ਰਹਿ ਰਹੇ ਸਨ ਪਰ ਦੋਵਾਂ ਪਾਸਿਆਂ ਤੋਂ ਕੁਝ ਕੁਰਸੀਆਂ ਦੇ ਭੁੱਖਿਆਂ ਨੇ ਨਫ਼ਰਤ ਭਰੇ ਭਾਸ਼ਣ ਕਰਕੇ ਨਫ਼ਰਤ ਫੈਲਾਈ ਤੇ ਇਸੇ ਨਫ਼ਰਤ ਦਾ ਕਾਰਣ ਸੀ ਕਿ ਪਕਿਸਤਾਨ ਵਿੱਚ ਮੁਸਲਮਾਨਾਂ ਨੇ ਆਪਣੇ ਨਾਲ ਰਹਿ ਰਹੇ ਹਿੰਦੂ ਸਿੱਖਾਂ ਦਾ ਅਤੇ ਇੱਧਰ ਹਿੰਦੂ ਸਿੱਖਾਂ ਨੇ ਮੁਸਲਮਾਨਾਂ ਦਾ ਵੱਡੇ ਪੱਧਰ ’ਤੇ ਮਾਲੀ ਤੇ ਜਾਨੀ ਨੁਕਸਾਨ ਕੀਤਾ ਤੇ ਧੀਆਂ ਭੈਣਾਂ ਦੀ ਇੱਜਤ ਲੁੱਟੀ। ਪ੍ਰੋ: ਮਨਜੀਤ ਸਿੰਘ ਦਾ ਇੱਥੋਂ ਤੱਕ ਕਥਨ ਬਿਲਕੁਲ ਠੀਕ ਸੀ ਪਰ ਇਸ ਤੋਂ ਅੱਗੇ ਨਵੰਬਰ 1984 ਵਿੱਚ ਆਪਣੇ ਹੀ ਦੇਸ਼ ਵਿੱਚ ਕੁਰਸੀ ਦੇ ਭੁਖਿਆਂ ਨੇ ਸਿੱਖਾਂ ਪ੍ਰਤੀ ਨਫ਼ਰਤ ਫੈਲਾ ਕੇ ਜੋ ਪੰਜਾਬ ਤੋਂ ਬਾਹਰ ਜਾਨੀ ਤੇ ਮਾਲੀ ਨੁਕਸਾਨ ਕਰਵਾਇਆ ਤੇ ਧੀਆਂ ਭਣਾ ਦੀ ਇੱਜਤ ਲੁੱਟੀ ਗਈ ਤੇ ਜੋ ਸਾਡੀ ਮੌਜੂਦਾ ਵਸੋਂ ਦੇ ਤਿੰਨ ਚੌਥਾਈ ਹਿੱਸੇ ਤੋਂ ਵੱਧ ਵਿਅਕਤੀਆਂ ਨੇ ਆਪਣੇ ਹੱਡੀਂ ਹੰਢਾਇਆ ਹੈ ਜਾਂ ਅੱਖੀਂ ਵੇਖਿਆ ਹੈ ਉਸ ਦਾ ਉਨ੍ਹਾਂ ਜ਼ਿਕਰ ਤੱਕ ਨਹੀਂ ਕੀਤਾ। ਕੀ ਇਸੇ ਨੂੰ ਕਹਿੰਦੇ ਹਨ: ‘ਵੇਖ ਕੇ ਅਣਡਿੱਠ ਕੀਤਾ’ ਜਾਂ ਸਾਡੇ ਪ੍ਰਚਾਰਕ ਹੀ ਇਸ ਦੇ ਗਲਤ ਅਰਥ ਕਰਕੇ ਸਾਨੂੰ ਕੁਰਾਹੇ ਪਾ ਰਹੇ ਹਨ?

ਕਈ ਵੀਰ ਸ਼ਿਕਵਾ ਕਰਦੇ ਹਨ ਕਿ ਗੁਰਬਾਣੀ ਦਾ ਪ੍ਰਚਾਰ ਨਹੀਂ ਹੁੰਦਾ ਇਸ ਲਈ ਸਿੱਖੀ ਦਾ ਨੁਕਸਾਨ ਹੋ ਰਿਹਾ ਹੈ। ਪਰ ਮੇਰਾ ਮੰਨਣਾਂ ਹੈ ਕਿ ਪ੍ਰਚਾਰ ਦੀ ਕੋਈ ਘਾਟ ਨਹੀਂ ਹੈ ਪਰ ਬਹੁਤ ਨੁਕਸਾਨ ਸਾਡੇ ਹੀ ਪ੍ਰਚਾਰਕਾਂ ਵੱਲੋਂ ਸਾਡੇ ਹੀ ਗੁਰੁਦਆਰਿਆਂ ਦੀਆਂ ਸਟੇਜਾਂ ਤੋਂ ਆਪਾਵਿਰੋਧੀ ਤੇ ਗੁਰਮਤਿ ਵਿਰੋਧੀ ਪ੍ਰਚਾਰ ਕਰਨ ਨਾਲ ਹੋ ਰਿਹਾ ਹੈ। ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ਼ ਤੋਂ ਜੋ ਅਸਰ ਭਾਈ ਪੰਥਪ੍ਰੀਤ ਸਿੰਘ ਜੀ ਭਾਈ ਬਖਤੌਰ ਵਾਲੇ, ਗਿਆਨੀ ਜਗਤਾਰ ਸਿੰਘ ਜੀ ਜਾਚਕ, ਪ੍ਰਿੰ: ਗੁਰਬਚਨ ਸਿੰਘ ਜੀ ਥਾਈਲੈਂਡ, ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ, ਪ੍ਰੋ: ਹਰਜਿੰਦਰ ਸਿੰਘ ਜੀ ਸਭਰਾਅ ਅਤੇ ਹੈੱਡ ਪ੍ਰਚਾਰਕ ਭਾਈ ਸ਼ਿਵਤੇਗ ਸਿੰਘ ਜੀ ਆਦਿ ਦੇ ਪ੍ਰਚਾਰ ਤੋਂ ਸੰਗਤਾਂ ਕਬੂਲਦੀਆਂ ਹਨ ਉਸ ਦੀ ਫੱਟੀ ਪੋਚਣ ਵਾਲਾ ਅਜਿਹਾ ਕੋਈ ਪ੍ਰਚਾਰਕ ਆ ਜਾਂਦਾ ਹੈ।

ਜਿਵੇਂ ਪਿਛਲੇ ਦਿਨੀਂ ਗਿਆਨੀ ਅਮਰਜੀਤ ਸਿੰਘ ਜੀ ਗੁਲਸ਼ਨ ਇੰਗਲੈਂਡ ਵਾਲੇ ਵੀ ਪ੍ਰਚਾਰ ਕਰਕੇ ਗਏ ਸਨ। ਉਨ੍ਹਾਂ ਨੇ ਕੱਚ ਘਰੜ ਸਾਖੀ ਸੁਣਾਈ ਕਿ ਵਿਆਹ ਤੋਂ ਬਹੁਤ ਸਾਲ ਪਿੱਛੋਂ ਤੱਕ ਵੀ ਮਾਤਾ ਸੁਲੱਖਣੀ ਦੇ ਘਰ ਕੋਈ ਔਲਾਦ ਨਹੀਂ ਸੀ। ਕਿਸੇ ਵੱਲੋਂ ਸਮਝਾਉਣ ’ਤੇ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਪਾਸ ਪੁੱਤਰ ਦੀ ਦਾਤ ਲਈ ਗਈ। ਗੁਰੂ ਸਾਹਿਬ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਤੇਰੇ ਕਰਮਾਂ ਵਿੱਚ ਤਾਂ ਪੁੱਤਰ ਲਿਖਿਆ ਹੀ ਨਹੀਂ ਇਸ ਲਈ ਮੈਂ ਕੁਝ ਨਹੀਂ ਕਰ ਸਕਦਾ। ਅਗਲੇ ਦਿਨ ਸਮਝਾਉਣ ਵਾਲੇ ਨੇ ਕਿਹਾ ਕਿ ਕਲਮ ਦੁਆਤ ਲੈ ਕੇ ਹੁਣ ਦੁਬਾਰਾ ਜਾਹ ਤੇ ਗੁਰੂ ਸਾਹਿਬ ਨੂੰ ਬੇਨਤੀ ਕਰੇ: ਹੇ ਸੱਚੇ ਪਾਤਸ਼ਾਹ ਉਥੇ ਵੀ ਤੁਸੀਂ ਹੀ ਲਿਖਣਾ ਸੀ ਇੱਥੇ ਵੀ ਤੁਸੀਂ ਹੀ ਲਿਖਣ ਵਾਲੇ ਹੋ। ਇਸ ਲਈ ਆਹ ਲਓ ਕਲਮ ਦੁਆਤ ਤੇ ਹੁਣ ਲਿਖ ਦਿਓ। ਗੁਰੂ ਸਾਹਿਬ ਇੱਕ ਲਿਖਣ ਲੱਗੇ ਤਾਂ ਘੋੜਾ ਹੱਲ ਪਿਆ ਤੇ ਉਸ ਏਕੇ ਦਾ ਸਾਤਾ ਬਣ ਗਿਆ ਇਸ ਲਈ ਮਾਤਾ ਸੁਲੱਖਣੀ ਜੀ ਦੇ ਘਰ 7 ਪੁੱਤਰਾਂ ਨੇ ਜਨਮ ਲਿਆ।

ਗੁਲਸ਼ਨ ਜੀ ਨੂੰ ਵੀ ਬੇਨਤੀ ਕੀਤੀ ਕਿ ਇਸੇ ਸਟੇਜ ਤੋਂ ਪ੍ਰਚਾਰਕ ਇਹ ਕਹਿੰਦੇ ਵੀ ਸੁਣੇ ਜਾਂਦੇ ਹਨ ਕਿ ਜੇ ਇਸ ਕਹਾਣੀ ਨੂੰ ਸੱਚ ਮੰਨ ਲਿਆ ਜਾਵੇ ਤਾਂ ਮੰਨਣਾ ਪਵੇਗਾ ਕਿ ਗੁਰੂ ਸਾਹਿਬ ਨਾਲੋਂ ਘੋੜਾ ਜਿਆਦਾ ਤਾਕਤਵਰ ਹੋਇਆ ਕਿਉਂਕਿ ਗੁਰੂ ਸਾਹਿਬ ਤਾਂ ਇੱਕ ਦੇਣਾ ਚਾਹੁੰਦੇ ਸਨ ਪਰ ਘੋੜੇ ਨੇ ਹੱਲ ਕੇ 7 ਬਣਾ ਦਿੱਤੇ। ਉਨ੍ਹਾਂ ਪ੍ਰਚਾਰਕਾਂ ਦੀ ਗੱਲ ਜਿਆਦਾ ਵਜ਼ਨਦਾਰ ਲੱਗਦੀ ਹੈ ਇਸ ਲਈ ਆਉਣ ਵਾਲੇ ਆਪਣੇ ਵਖਿਆਣ ਦੌਰਾਨ ਇਸ ਹੋਈ ਭੁੱਲ ਦੀ ਸੋਧ ਕਰ ਦੇਣੀ ਨਹੀਂ ਤਾਂ ਸੰਗਤਾਂ ਵਿੱਚ ਦੁਬਿਧਾ ਪੈਦਾ ਜਾਵੇਗੀ ਕਿ ਕਿਸ ਪ੍ਰਚਾਰਕ ਦੀ ਗੱਲ ਸਹੀ ਮੰਨੀ ਜਾਵੇ। ਪਰ ਉਹ ਪ੍ਰਚਾਰਕ ਕੀ ਹੋਇਆ ਜਿਹੜਾ ਮੇਰੇ ਵਰਗੇ ਕਿਸੇ ਸਰੋਤੇ ਦੀ ਗੱਲ ਮੰਨ ਲਵੇ। ਉਨ੍ਹਾਂ ਦੇ ਤੇਵਰ ਵੀ ਪ੍ਰੋ: ਮਨਜੀਤ ਸਿੰਘ ਵਾਂਗ ਬਦਲ ਗਏ ਤੇ ਕਹਿਣ ਲੱਗੇ ਮੈਥੋਂ ਜੋ ਗੁਰੂ ਨੇ ਬੁਲਾਇਆ ਉਹ ਬੋਲ ਦਿੱਤਾ ਤੇ ਉਹ ਹੀ ਬਿਲਕੁਲ ਦਰੁਸਤ ਹੈ।

ਉਨ੍ਹਾਂ ਦਲੀਲ ਦਿੱਤੀ ਕਿ ਮਾਤਾ ਸੁਲੱਖਣੀ ਜੀ ਦੇ ਇੱਕ ਪੁੱਤਰ ਦੀ 10ਵੀਂ ਪੀੜ੍ਹੀ ਚੋਂ ਇੱਕ ਗੁਰਸਿੱਖ ਨੇ ਮੇਰੀ ਇਹ ਕਥਾ ਸੁਣ ਕੇ ਮੈਨੂੰ ਬੜਾ ਹੀ ਮਾਨ ਦਿੱਤਾ ਤੇ ਇਸ ਸਾਖੀ ਦੇ ਸੱਚਾ ਹੋਣ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਮੈਂ ਉਸੇ ਮਾਤਾ ਸੁਲੱਖਣੀ ਦੀ ਕੁਲ ਵਿੱਚੋਂ ਹਾਂ, ਜਿਨ੍ਹਾਂ ਦੀ ਤੁਸੀਂ ਕਥਾ ਸੁਣਾਈ ਹੈ। ਇਨ੍ਹਾਂ ਪ੍ਰਚਾਰਕਾਂ ਲਈ 11ਵੀ ਪੀੜ੍ਹੀ ਤੱਕ ਦੀਆਂ ਸੁਣੀਆਂ ਸੁਣਾਈਆਂ ਕਹਾਣੀਆਂ ਗੁਰਮਤਿ ਅਤੇ ਗੁਰਬਾਣੀ ਤੋਂ ਵੀ ਉਪਰ ਹਨ ਤੇ ਆਪਣੇ ਵੱਲੋਂ ਸੁਣਾਈ ਗਈ ਹਰ ਮਨਮਤਿ ਵਾਲੀ ਸਾਖੀ ਦਾ ਦੋਸ਼ ਵੀ ਗੁਰੂ ਸਾਹਿਬ ’ਤੇ ਮੜ੍ਹਦੇ ਹਨ ਕਿ ਇਹ ਗੁਰੂ ਜੀ ਨੇ ਆਪ ਹੀ ਉਨ੍ਹਾਂ ਦੇ ਅਖਵਾਇਆ ਹੈ, ਤਾਂ ਐਸੇ ਆਪਾ ਵਿਰੋਧੀ ਪ੍ਰਚਾਰ ਦਾ ਸੰਗਤਾਂ ਨੇ ਕੀ ਅਸਰ ਕਬੂਲ ਕਰਨਾ ਹੋਇਆ। ਮੇਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਦੀ ਇੱਕੋ ਇੱਕ ਦੁਨੀਆਂ ਦੀ ਸਭ ਤੋਂ ਵੱਡੀ ਸਟੇਜ਼ ਹੈ ਜਿਥੋਂ ਗੁਰਬਾਣੀ ਦਾ ਸੱਚ ਪ੍ਰਚਾਰਣ ਦਾ ਕੁਝ ਮੌਕਾ ਮਿਲ ਰਿਹਾ ਹੈ। ਇਸ ਲਈ ਗੁਲਸ਼ਨ ਜੀ ਅਤੇ ਪ੍ਰੋ: ਮਨਜੀਤ ਸਿੰਘ ਵਰਗੇ ਪ੍ਰਚਾਰਕਾਂ ਨੂੰ ਚੰਗੇ ਪ੍ਰਚਾਰ ’ਤੇ ਪੋਚਾ ਫੇਰਨ ਤੋਂ ਰੋਕਿਆ ਜਾਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top