ਕਿਸ਼ਨਪੁਰਾ ਕਲਾਂ 27 ਅਗਸਤ (ਨੀਲਮ) ਮਾਲਵੇ ਦੇ ਇਤਿਹਾਸਕ ਪਿੰਡ ਭਿੰਡਰ
ਕਲਾਂ ਦੀ ਤਾਂਤਰਿਕ ਪਾਲੋ ਸਰਪੰਚਣੀ ਦੇ ਜਿਸ ਥਾਂ ’ਤੇ ਪਿੰਡ ਮਨਾਵਾਂ ਦੀ ਮਾਸੂਮ ਲੜਕੀ ਵੀਰਪਾਲ
ਕੌਰ ਨੂੰ ਭੂਤ-ਪ੍ਰੇਤ ਕੱਢਣ ਦੇ ਚੱਕਰ ਵਿੱਚ ਗਰਮ ਚਿਮਟਿਆਂ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ
ਸੀ। ਅੱਜ ਪੰਥ ਪ੍ਰਸਿੱਧ ਕਥਾਵਾਚਕ ਤੇ ਸ੍ਰੀ ਦਰਬਾਰ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਜਗਤਾਰ
ਸਿੰਘ ਜਾਚਕ ਵੱਲੋਂ ਉਸ ਖੂਨੀ ਥੜੇ ਦੀ ਧੂਣਿਆਂ ਸਮੇਤ ਇੱਟ ਨਾਲ ਇੱਟ ਵਜਾ ਦਿੱਤੀ ਗਈ। ਇਸ
ਕਾਰਵਾਈ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਨ੍ਹਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ,
ਕਿ ਭੂਤ-ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਸਗੋਂ ਜਿਊਂਦੀਆਂ ਭੂਤ-ਪ੍ਰੇਤਾਂ ਤਾਂ
ਤਾਂਤਰਿਕ ਪਾਲੋ ਵਰਗੇ ਪਾਖੰਡੀ ਲੋਕ ਹਨ, ਜਿਹੜੇ ਤਹਾਨੂੰ ਵਹਿਮਾਂ ਭਰਮਾਂ ਵਿੱਚ ਫਸਾ ਕੇ ਆਪਣਾ
ਤੋਰੀ ਫੁਲਕਾ ਚਲਾ ਰਹੇ ਹਨ। ਲੋੜ ਹੈ, ਅਸੀਂ ਇਨ੍ਹਾ ਦੇ ਚੁੰਗਲ ਚੋਂ ਨਿਕਲਣ ਲਈ ਸੁਚੇਤ ਹੋਈਏ।
ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਵਹਿਮਾ ਭਰਮਾਂ ਵਿਚੋਂ ਨਿਕਲਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਬਾਣੀ ਵਿਚਾਰਨ ਪੂਰਵਕ ਪੜ੍ਹਣੀ ਚਾਹੀਦੀ ਹੈ।
ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਭੂਤ ਪ੍ਰੇਤ ਕੱਢਣ ਵਾਲੇ
ਲੋਕਾਂ ਨੂੰ ਨੱਥ ਪਾਉਣ ਲਈ ਤੁਹਾਡੇ ਪਿੰਡ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ, ਤੁਸੀਂ ਸਾਰੇ ਰਲ
ਮਿਲ ਕੇ ਸਹਿਯੋਗ ਦਿਓ ਅਤੇ ਅਗਾਂਹ ਤੋਂ ਐਸੇ ਲੋਕਾਂ ਨੂੰ ਪੰਚਾਇਤਾਂ ਲਈ ਮੁਖੀਏ ਨਾ ਚੁਣੋ।
ਉਨ੍ਹਾਂ ਭੂਤ-ਪ੍ਰੇਤ ਕੱਢਣ ਦੇ ਨਾਂ ਹੇਠ ਠੱਗੀ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਨੂੰ ਤਾੜਣਾ
ਕਰਦਿਆਂ ਆਖਿਆ, ਕਿ ਉਹ ਬਾਜ਼ ਆ ਜਾਣ, ਨਹੀਂ ਤਾਂ ਉਨ੍ਹਾਂ ਨੂੰ ਵੀ ਤਾਂਤਰਿਕ ਪਾਲੋ ਦੀ ਤਰ੍ਹਾਂ
ਜੇਲਾਂ ਵਿੱਚ ਜਾਣਾ ਪਵੇਗਾ।
ਉਨ੍ਹਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਉਹ ਪਾਲੋ ਨੂੰ ਸਰਪੰਚਣੀ ਦੇ
ਅਹੁਦੇ ਤੋਂ ਬਰਖਾਸਤ ਕਰਨ। ਇਸ ਤੋਂ ਇਲਾਵਾ ਗਿਆਨੀ ਜੀ ਨੇ ਇਲਾਕੇ ਦੀ ਧਾਰਮਿਕ ਸੰਸਥਾਵਾਂ ਤੇ
ਸੰਪਰਦਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿਮੇਵਾਰੀ ਨਿਭਾਉਂਦਿਆਂ ਹੋਇਆਂ,
ਲੋਕਾਂ ਨੂੰ ਵਹਿਮਾ ਭਰਮਾਂ ਵਿਚੋਂ ਕੱਢ ਕੇ ਗੁਰੂ ਗ੍ਰੰਥ ਦੇ ਲੜ ਲਾਉਣ। ਇਸ ਮੌਕੇ ਉਨਾਂ ਨਾਲ
ਫ਼ਤਹਿ ਮਲਟੀ ਮੀਡੀਆ ਟੀਮ ਦੇ ਸਤਪਾਲ ਸਿੰਘ, ਮਨਦੀਪ ਸਿੰਘ ਤੇ ਵਰਿਆਮ ਸਿੰਘ ਤੇ ਕੁਲਵੰਤ ਸਿੰਘ
ਆਦਿਕ ਨੌਜਵਾਨ ਹਾਜ਼ਰ ਸਨ।