Share on Facebook

Main News Page

ਦਰਬਾਰ ਸਾਹਿਬ ਨੇੜੇ ਹੋਈ ਖੁਦਾਈ ਸਮੇਂ ਸ਼ਾਨਦਾਰ ਇਮਾਰਤ ਮਿਲੀ

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ) : ਗੁਰੁ ਨਗਰੀ ਅੰਮ੍ਰਿਤਸਰ ਸ਼ਹਿਰ ਦੀ ਵਿਰਾਸਤੀ ਦਿੱਖ ਬਹਾਲ ਰੱਖਣ ਦੇ ਨਾਮ ਤੇ ਨਗਰ ਨਿਗਮ ਅੰਮ੍ਰਿਤਸਰ ਅਤੇ ਪੰਜਾਬ ਪੁਰਾਤਤਵ ਵਿਭਾਗ ਕੋਲ ਮਾਹਿਰਾਂ ਦੀ ਫੌਜ ਤੇ ਵੱਡੇ ਵੱਡੇ ਨਾਅਰੇ ਜਰੂਰ ਹੋਣਗੇ ਲੇਕਿਨ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਲਈ ਅਜੇ ਵੀ ਇਨ੍ਹਾਂ ਵਿਭਾਗਾਂ ਪਾਸ ਸਮੇਂ ਅਤੇ ਸਾਧਨਾਂ ਦੀ ਘਾਟ ਸਾਫ ਰੜਕਦੀ ਨਜਰ ਆ ਰਹੀ ਹੈ। ਇਸ ਸਭ ਦਾ ਪ੍ਰਤੱਖ ਸਬੂਤ ਉਸ ਵੇਲੇ ਵੇਖਣ ਨੂੰ ਮਿਲਿਆ ਜਦ ਸ੍ਰੀ ਦਰਬਾਰ ਸਾਹਿਬ ਦੇ ਬਾਹਰਵਾਰ ਬਣਾਏ ਜਾ ਰਹੇ ਜ਼ਮੀਨਦੋਜ ਪਲਾਜ਼ਾ ਦੀ ਕੀਤੀ ਜਾ ਰਹੀ ਖੁਦਾਈ ਵੇਲੇ ਇਕ ਪੁਰਾਤਨ ਭਵਨ ਕਲਾ ਅਨੁਸਾਰ ਤਿਆਰ ਹੋਇਆ ਕਮਰਾ ਵੇਖਣ ਨੂੰ ਮਿਲਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਉਂ ਹੀ ਇਕ ਨਿਜੀ ਠੇਕੇਦਾਰ ਦੁਆਰਾ ਤਿਆਰ ਕਰਵਾਏ ਜਾ ਰਹੇ ਪਲਾਜ਼ਾ ਦੇ ਠੇਕੇਦਾਰ ਦੀ ਡਿੱਚ ਮਸ਼ੀਨ ਨੇ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਡਿਉੜੀ ਦੇ ਸਾਹਮਣੇ ਕੋਈ 30 ਕੁ ਫੁਟ ਦੂਰੀ ਤੇ ਜਮੀਨ ਪੁਟਣੀ ਸ਼ੁਰੂ ਕੀਤੀ ਤਾਂ ਅਚਨਚੇਤ ਹੀ ਜਮੀਨੀ ਸਤਹਾ ਦੇ 3 ਕੁ ਫੁਟ ਥੱਲੇ ਇਕ ਖੁਬਸੂਰਤ ਚੂਨਾ ਮਿੱਟੀ ਪਲੱਸਤਰ ਨਾਲ ਸਜੀ ਜਮੀਨਦੋਜ਼ ਇਮਾਰਤ ਇਸਦੀ ਮਾਰ ਹੇਠ ਆ ਗਈ। ਕਾਹਲੀ ਕਾਹਲੀ ਵਿਚ ਡਿੱਚ ਨੇ ਇਕ ਵਾਰ ਤਾਂ ਇਸ ਇਮਾਰਤ ਦਾ ਕੁਝ ਹਿੱਸਾ ਖੰਡਰ ਵਿਚ ਤਬਦੀਲ ਕਰ ਦਿੱਤਾ ਲੇਕਿਨ ਬਾਅਦ ਵਿਚ ਯਕਦਮ ਡਿੱਚ ਨੂੰ ਰੋਕ ਦਿੱਤਾ ਗਿਆ।

ਡਿੱਚ ਦੀ ਮਾਰ ਤੋਂ ਬਚੇ ਕਮਰੇ ਦੀ ਇਮਾਰਤ ਕਲਾ ਵੇਖਕੇ ਮਨ ਗੱਦ ਗੱਦ ਹੋ ਗਿਆ। ਕੋਈ 10 ਫੁਟ ਲੰਬਾਈ ਚੋੜਾਈ ਵਾਲੇ ਇਸ ਕਮਰੇ ਦੇ ਮੁਖ ਦਵਾਰ ਤੇ ਸੁੰਦਰ ਮਹਿਰਾਬ ਬਣੀ ਹੋਈ ਹੈ। ਕਮਰੇ ਦੇ ਅੰਦਰ ਸਾਹਮਣੇ ਪਾਸੇ ਤਿੰਨ, ਸੱਜੇ ਤੇ ਖੱਬੇ ਪਾਸੇ 2-2 ਖਾਨੇ ਅਤੇ ਰੋਸ਼ਨਦਾਨ ਬਣੇ ਹੋਏ ਹਨ। ਇਹ ਰੋਸ਼ਨਦਾਨ ਫਿਰ ਇਕ ਇਕ ਵੱਖਰੀ ਮਹਿਰਾਬ ਵੱਲ ਖੁਲਦੇ ਹਨ ਜਿਥੋਂ ਰੋਸ਼ਨੀ ਤੇ ਹਵਾ ਬਿਨ੍ਹਾਂ ਰੋਕ ਕਮਰੇ ਅੰਦਰ ਪੁਜਦੀ ਹੈ। ਕਮਰੇ ਦੀ ਚਿਣਾਈ ਨਾਨਕਸ਼ਾਹੀ ਇੱਟ ਦੀ ਹੈ ਤੇ ਗਾਰੇ ਨਾਲ ਹੋਈ ਹੈ ਲੇਕਿਨ ਇਸਦੇ ਉਪਰ ਲਾਲ ਚੂਨੇ ਦਾ ਲੇਪਣ ਕਿਸੇ ਪੀ.ਓ.ਪੀ. ਦੀ ਕਲਾਕਾਰੀ ਨਾਲੋਂ ਬੇਹਤਰ ਤੇ ਸੁੰਦਰ ਹੈ।

ਸਰਸਰੀ ਨਜਰ ਨਾਲ ਵੇਖਿਆਂ ਇੰਜ ਜਾਪਦੈ ਜਿਵੇਂ ਕੁਝ ਸਮਾਂ ਹੀ ਪਹਿਲਾਂ ਕਾਰੀਗਰਾਂ ਨੇ ਇਸ ਨੂੰ ਮੁਕੰਮਲ ਕੀਤਾ ਹੋਵੇ। ਡਿੱਚ ਦੁਆਰਾ ਕਮਰੇ ਦੇ ਆਲੇ ਦੁਆਲੇ ਕੀਤੀ ਗਈ ਤਾਜਾ ਖੁਦਾਈ ਤੋਂ ਸਾਫ ਨਜਰ ਆਉਂਦਾ ਹੈ ਕਿ ਇਸ ਕਮਰੇ ਦਾ ਅਗਲੇਰਾ, ਵਰਾਂਡਾਨੁਮਾ, ਵੱਡਾ ਹਿੱਸਾ ਮਲੀਆਮੇਟ ਹੋ ਚੁਕਾ ਹੈ। ਦੇਰ ਸ਼ਾਮ ਤੀਕ ਇਸ ਵਿਰਾਸਤੀ ਕਮਰੇ ਦੀ ਸਾਰ ਲੈਣ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਠੇਕੇਦਾਰ ਨਹੀ ਸੀ ਪੁਜਾ, ਹਾਲਾਂਕਿ ਠੇਕੇਦਾਰ ਦੇ ਬਾਕੀ ਕਰਿੰਦੇ ਨੇੜੇ ਹੀ ਹੋਰ ਕੰਮਾਂ ਵਿਚ ਰੁਝੇ ਹੋਏ ਸਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top