ਫਿਲੌਰ ਦੇ ਨੇੜਲੇ ਇਤਿਹਾਸਿਕ ਗੁਰਦਵਾਰਾ ਸਾਹਿਬ ਵਿਚ ਦੋ ਵਿਅਕਤੀਆਂ ਵਲੋਂ
ਗੁਰੂ ਘਰ ਵਿਚ ਰਹਿ ਕੇ ਗੁਰੂ ਦੀ ਮਰਿਆਦਾ ਨੂੰ ਭੰਗ ਕਰਨ ਦੀ ਖਬਰ ਹੈ। ਇਸ ਮਾਮਲੇ ਨੂੰ ਲੈ ਕੇ
ਇਲਾਕੇ ਦੀਆਂ ਵੱਖ-ਵੱਖ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ
ਫਿਲੌਰ ਦੇ ਨੇੜਲੇ ਇਤਿਹਾਸਿਕ ਗੁਰਦਵਾਰਾ ਮਾਓ ਸਾਹਿਬ ਵਿਚ 8 ਸਤੰਬਰ ਦੀ ਰਾਤ ਨੂੰ ਐੱਸ. ਜੀ.
ਪੀ. ਸੀ. ਦੇ ਫਲਾਇੰਗ ਦਸਤੇ ਦੇ ਇੰਚਾਰਜ ਸਕੱਤਰ ਸਿੰਘ ਅੰਮ੍ਰਿਤਸਰ, ਸਤਨਾਮ ਸਿੰਘ ਅੰਮ੍ਰਿਤਸਰ
ਸੁਪਰਵਾਈਜ਼ਰ ਫਲਾਇੰਗ ਸਕੁਐਡ ਕਮੇਟੀ ਤੇ ਕੁਲਦੀਪ ਸਿੰਘ ਫ਼ਰੀਦਕੋਟ ਨੇ ਆਪਣੀ ਪਾਰਟੀ ਸਮੇਤ ਰੇਡ
ਕੀਤੀ। ਰੇਡ ਦੌਰਾਨ ਉਨ੍ਹਾਂ ਨੇ ਦੋ ਵਿਅਕਤੀਆਂ ਜਸਵਿੰਦਰ ਸਿੰਘ ਜੋ ਕਿ ਫਿਲੌਰ ਦੇ ਗੁਰਦਵਾਰਾ
ਬਾਉਲੀ ਸਾਹਿਬ ਵਿਚ ਇੰਚਾਰਜ ਅਤੇ ਗੁਰਦਵਾਰਾ ਮਾਓ ਸਾਹਿਬ ਵਿਖੇ ਬਤੌਰ ਇਲੈਕਟ੍ਰੀਸ਼ੀਅਨ ਤਾਇਨਾਤ
ਸੀ ਅਤੇ ਉਸਦੇ ਸਾਥੀ ਨੂੰ ਫੜਿਆ, ਜਿਨ੍ਹਾਂ ਦਾ ਉਨ੍ਹਾਂ ਨੇ ਸਿਵਲ ਹਸਪਤਾਲ ਵਿਚ ਲਿਜਾ ਕੇ
ਮੈਡੀਕਲ ਕਰਵਾਇਆ ਤਾਂ ਉਕਤ ਵਿਅਕਤੀ ਦੀ ਸ਼ਰਾਬ ਪੀਤੀ ਸਾਬਤ ਹੋਈ, ਜੋ ਹਸਪਤਾਲ ਦੇ ਰਜਿਸਟਰ ਨੰਬਰ
2157/8-9-12 ਵਿਚ ਦਰਜ ਹੈ।
ਜਾਣਕਾਰੀ ਅਨੁਸਾਰ ਇਸ ਬਾਰੇ ਸਭ ਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਇਹ
ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਗੁਰਦਵਾਰੇ ਵਿਚ ਰਹਿ ਕੇ ਵੀ ਸ਼ਰਾਬ ਪੀਂਦਾ ਹੈ ਅਤੇ ਗੁਰੂ
ਮਰਿਆਦਾ ਨੂੰ ਭੰਗ ਕਰਦਾ ਹੈ, ਜਿਸਦੀ ਜਾਣਕਾਰੀ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਅਵਤਾਰ ਸਿੰਘ
ਮੱਕੜ ਨੂੰ ਦਿੱਤੀ ਗਈ। ਇਸ ਬਾਰੇ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ
ਦੋਵਾਂ ਵਿਅਕਤੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਬਾਰੇ ਐੱਸ. ਜੀ. ਪੀ. ਸੀ. ਮੈਂਬਰ
ਕੁਲਬੀਰ ਸਿੰਘ ਬੜਾ ਪਿੰਡ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ
ਜਾਂਚ-ਪੜਤਾਲ ਕਰ ਰਹੇ ਹਨ, ਉਸ ਤੋਂ ਬਾਅਦ ਹੀ ਕੁਝ ਕਹਿਣਗੇ। ਰਾਜਨੀਤਕ ਪਾਰਟੀਆਂ ਵਲੋਂ ਉਕਤ
ਮਾਮਲੇ ਨੂੰ ਦਬਾਉਣ ਲਈ ਪੱਤਰਕਾਰਾਂ ‘ਤੇ ਕਾਫੀ ਦਬਾਅ ਪਾਇਆ ਗਿਆ ਅਤੇ ਇਸ ਮਾਮਲੇ ਨੂੰ ਵੀ ਪੂਰੀ
ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।