Share on Facebook

Main News Page

ਗੁਰਬਾਣੀ ਪਾਠ ਵਿੱਚ ਵਿਸਰਾਮ ਚਿੰਨ੍ਹਾਂ ਦਾ ਮਹਤਵ
- ਗਿਆਨੀ
ਜਗਤਾਰ ਸਿੰਘ ਜਾਚਕ

ਭਾਸ਼ਾ ਵਿਗਿਆਨੀਆਂ ਦਾ ਕਥਨ ਹੈ ਕਿ ਕਿਸੇ ਵੀ ਭਾਸ਼ਾ ਦੇ ਵਾਕਾਂ ਦੀ ਸਹੀ ਵੰਡ ਤੋਂ ਬਿਨਾਂ ਅਰਥਾਂ ਨੂੰ ਸਪਸ਼ਟ ਕਰ ਸਕਣਾ ਅਸੰਭਵ ਹੈ । ਅਸਲ ਵਿੱਚ ਇਹੀ ਕਾਰਣ ਹੈ ਕਿ ਗੱਲਬਾਤ ਕਰਨ ਵੇਲੇ ਵਾਕਾਂ ਦੇ ਅੰਤ ਵਿੱਚ ਅਤੇ ਵਾਕਾਂ ਦੇ ਖਾਸ ਖਾਸ ਹਿੱਸਿਆਂ ਤੇ ਠਹਿਰਿਆ ਜਾਂਦਾ ਹੈ, ਤਾਂ ਕਿ ਕਹੀ ਜਾ ਰਹੀ ਗੱਲ ਠੀਕ ਤਰ੍ਹਾਂ ਸਮਝੀ ਜਾ ਸਕੇ। ਲਿਖਤੀ ਵਾਕਾਂ ਵਿੱਚ ਇਸ ਗੱਲ ਨੂੰ ਪ੍ਰਗਟ ਕਰਨ ਲਈ ਕਿ ਕਿਥੇ ਅਤੇ ਕਿੰਨਾ ਕੁ ਚਿਰ ਠਹਿਰਨਾ ਹੈ ਖਾਸ ਨਿਸ਼ਾਨ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਵਿਸਰਾਮ-ਚਿੰਨ੍ਹ (Punctuation Marks) ਕਿਹਾ ਜਾਂਦਾ ਹੈ । ਪੰਜਾਬੀ ਭਾਸ਼ਾ ਦੇ ਨਿਰੁਕਤ ਕੋਸ਼ ਵਿੱਚ ਵਿਸਰਾਮ ਚਿੰਨ੍ਹ ਦਾ ਅਰਥ ਵਿਆਕਰਣ ਦੇ ਠਹਿਰਾਉ ਸੂਚਕ ਚਿੰਨ੍ਹ ਕੀਤਾ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਵਿੱਚ ਵਾਕ ਵੰਡ ਲਈ ਕੇਵਲ ਦੋ ਡੰਡੀਆਂ (॥) ਦੀ ਵਰਤੋਂ ਕੀਤੀ ਹੈ । ਕਿਉਂਕਿ, ਉਸ ਵੇਲੇ ਦੀ ਪੰਜਾਬੀ ਲਿਖਤ ਲਈ ਡੰਡੀ (ਹੱਦ) ਤੋਂ ਬਗੈਰ ਹੋਰ ਕੋਈ ਵਿਸਰਾਮ ਚਿੰਨ ਨਹੀਂ ਸੀ । ਉਦਾਰਹਣ ਵਜੋਂ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਵਿਚਾਰੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਅਰਧ ਵਿਸਰਾਮ, ਵਿਸਮੀ ਤੇ ਪ੍ਰਸ਼ਨ ਚਿੰਨ੍ਹਾਂ ਦੀ ਥਾਂ ਵੀ ਦੋ ਡੰਡੀਆਂ (ਹੱਦਾਂ) ਦੀ ਵਰਤੋਂ ਕੀਤੀ ਗਈ ਹੈ:

ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥ {ਅੰਗ 694}
ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥ ਮੋ ਕਉ ਦੇਹੁ ਦਾਨਾ ॥ {ਅੰਗ 1005}

ਜਿਉਂ ਜਿਉਂ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ, ਤਿਉਂ ਤਿਉਂ ਪੰਜਾਬੀ ਦੇ ਸੂਝਵਾਨ ਲਿਖਾਰੀਆਂ ਨੇ ਲਿਖਤ ਦੀ ਸਪਸ਼ਟਤਾ ਲਈ ਅੰਗਰੇਜ਼ੀ ਦੇ ਵਿਸਰਾਮ ਚਿੰਨ੍ਹਾਂ ਨੂੰ ਵਰਤਣਾ ਸ਼ੁਰੂ ਕੀਤਾ । ਜਿਵੇਂ ਕਾਮਾ (, ਛੋਮਮੳ), ਬਿੰਦੀ ਕਾਮਾ (; ਸ਼ੲਮਚਿੋਲੋਨ), ਦੁਬਿੰਦੀ (: ਛੋਲੋਨ), ਪ੍ਰਸ਼ਨ ਚਿੰਨ੍ਹ (? ੀਨਟੲਰਰੋਗੳਟੳੋਿਨ), ਵਿਸਮੀ ਚਿੰਨ੍ਹ (! ਓਣਚਲੳਮੳਟੋਿਨ), ਪੁਠੇ ਕਾਮੇ ( ੀਨਵੲਰਟੲਦ ਚੋਮਮੳਸ), ਤੇ ਜੋੜਨੀ (- ੍ਹੇਪਹੋਨ) ਆਦਿਕ । ਅੱਜ-ਕਲ ਤਾਂ ਅਜਿਹੀ ਵਰਤੋਂ ਆਮ ਹੈ । ਗੁਰਬਾਣੀ ਨੂੰ ਸਮਝਣ ਸਮਝਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕੇਕਾਰਾਂ ਤੇ ਸੰਥਿਆ ਕਰਾਉਣ ਵਾਲੇ ਵਿਦਵਾਨਾਂ ਵਲੋਂ ਵੀ ਇਹਨਾਂ ਸਾਰੇ ਵਿਸਰਾਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ । ਕਿਉਂਕਿ, ਪਾਠਕਾਂ ਤੇ ਸ਼੍ਰੋਤਿਆਂ ਨੂੰ ਗੁਰਬਾਣੀ ਦੇ ਸ਼ੁਧ ਉਚਾਰਨ ਤੇ ਅਰਥ ਭਾਵਾਂ ਤੋਂ ਜਾਣੂ ਕਰਾਉਣ ਲਈ ਅਜਿਹੀ ਵਰਤੋਂ ਅਤਿ ਜ਼ਰੂਰੀ ਹੈ । ਪਰ, ਇਸ ਤੋਂ ਵੀ ਜ਼ਰੂਰੀ ਹੈ ਵਿਸਰਾਮ ਠੀਕ ਥਾਂ ਦੇਣਾ । ਜੇ ਵਿਸਰਾਮ ਦੀ ਥਾਂ ਠੀਕ ਨਾ ਹੋਵੇ ਤਾਂ ਪਾਠ ਅਤੇ ਅਰਥ ਦੋਵੇਂ ਹੀ ਗ਼ਲਤ ਹੋ ਜਾਂਦੇ ਹਨ । ਜਿਵੇਂ:

ਠੀਕ : ਗੁਰੁ ਅਰਜੁਨੁ, ਘਰਿ ਗੁਰ ਰਾਮਦਾਸ ; ਭਗਤ ਉਤਰਿ ਆਯਉ ॥ {ਅੰਗ 1407}
ਗ਼ਲਤ : ਗੁਰੁ ਅਰਜੁਨੁ ਘਰਿ, ਗੁਰ ਰਾਮਦਾਸ ; ਭਗਤ ਉਤਰਿ ਆਯਉ ॥

ਇਸ ਤੁਕ ਦਾ ਸਹੀ ਅਰਥ ਹੈ : ਗੁਰੂ ਰਾਮਦਾਸ ਦੇ ਘਰ ਵਿੱਚ ਗੁਰੂ ਅਰਜੁਨ (ਰੱਬ ਦਾ) ਭਗਤ ਜੰਮ ਪਿਆ । ਇਹ ਇੱਕ ਇਤਿਹਾਸਕ ਸੱਚ ਹੈ । ਪਰ, ਜੇ ਅਣਗਹਿਲੀ ਕਾਰਨ ਵਿਸਰਾਮ ਅਰਜੁਨੁ ਦੀ ਥਾਂ ਘਰਿ ਤੇ ਲੱਗ ਜਾਏ ਤਾਂ ਸ਼੍ਰੋਤਾ ਸਮਝੇਗਾ ਕਿ ਗੁਰੂ ਅਰਜਨ ਦੇ ਘਰ ਗੁਰੂ ਰਾਮਦਾਸ ਭਗਤ ਪੈਦਾ ਹੋ ਪਏ । ਅਜਿਹੇ ਅਰਥ ਇਤਿਹਾਸਕ ਪੱਖੋਂ ਵੀ ਗ਼ਲਤ ਹਨ ਤੇ ਵਿਆਕਰਣਿਕ ਪੱਖੋਂ ਵੀ । ਕਿਉਂਕਿ, ਅਰਜੁਨੁ ਨਾਂਵ ਦੇ ਨੰਨੇ ਨੂੰ ਲੱਗਾ ਔਂਕੜ ਗੁਰੂ ਅਰਜੁਨ ਦੇ ਘਰ ਵਾਲੇ ਸਬੰਧਕੀ ਅਰਥ ਨਹੀਂ ਹੋਣ ਦਿੰਦਾ।

ਠੀਕ : ਸਾਚਾ, ਮਰੈ ਨ ਆਵੈ ਜਾਇ ॥ ਨਾਨਕ ! ਗੁਰਮੁਖਿ ਰਹੈ ਸਮਾਇ ॥ {ਅੰਗ 229}
ਗ਼ਲਤ : ਸਾਚਾ ਮਰੈ, ਨ ਆਵੈ ਜਾਇ ॥ ਨਾਨਕ ਗੁਰਮੁਖਿ ਰਹੈ ਸਮਾਇ ॥

ਇਨ੍ਹਾਂ ਤੁਕਾਂ ਦਾ ਸਹੀ ਅਰਥ ਹੈ : ਹੇ ਨਾਨਕ (ਆਖ) ! ਗੁਰੂ ਦੀ ਰਾਹੀਂ (ਮਨੁਖ ਉਸ ਅਕਾਲਪੁਰਖ ਵਿੱਚ) ਸਮਾਇਆ ਰਹਿੰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਜੰਮਦਾ ਮਰਦਾ ਨਹੀਂ । ਪਰ, ਜੇ ਪਾਠੀ ਵੱਲੋਂ ਬੇਧਿਆਨੀ ਨਾਲ ਵਿਸਰਾਮ ਮਰੈ ਲਫ਼ਜ਼ ਤੇ ਲਾਇਆ ਜਾਏ ਅਤੇ ਨਾਨਕ ਨਾਂਵ ਤੇ ਵਿਸਰਾਮ ਨਾ ਲਾਇਆ ਜਾਏ ਤਾਂ ਸ਼੍ਰੋਤੇ ਸਮਝਣਗੇ : ਨਾਨਕ ਗੁਰਮੁਖ ਨਾਨਕ ਉਸ ਵਿੱਚ ਸਮਾਇਆ ਰਹਿੰਦਾ ਹੈ, ਜਿਹੜਾ ਸਚਾ ਰੱਬ ਮਰਦਾ ਹੈ, ਅਉਂਦਾ ਜਾਂਦਾ ਨਹੀਂ । ਅਜਿਹੇ ਅਰਥ ਸਿਧਾਂਤਕ ਤੇ ਵਿਆਕਰਣਿਕ ਪੱਖੋਂ ਗ਼ਲਤ ਸਿੱਧ ਹੋਣਗੇ । ਕਿਉਂਕਿ, ਜੋ ਸੱਚਾ ਹੈ, ਉਹ ਮਰਦਾ ਨਹੀਂ । ਤੇ ਜੋ ਮਰਦਾ ਹੈ, ਉਸ ਬਾਰੇ ਨ ਆਵੈ ਜਾਇ ਵਾਕਾਂਸ਼ ਨਹੀਂ ਕਿਹਾ ਜਾ ਸਕਦਾ । ਗੁਰਮੁਖ ਨਾਨਕ ਅਰਥ ਗੁਰਬਾਣੀ ਵਿਆਕਰਣ ਮੁਤਾਬਿਕ ਤਾਂ ਹੀ ਬਣ ਸਕਦੇ ਹਨ, ਜੇ ਨਾਨਕ ਨਾਂਵ ਦੇ ਕੱਕੇ ਨੂੰ ਅਤੇ ਗੁਰਮੁਖ ਦੇ ਖੱਖੇ ਨੂੰ ਔਂਕੜ ਹੋਣ । ਪਰ, ਤੁਸੀਂ ਹੈਰਾਨ ਹੋਵੋਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਖੱਖੇ ਔਂਕੜ ਵਾਲਾ ਰੂਪ ਹੀ ਨਹੀਂ ਹੈ।

ਤਜਿ ਆਨ, ਸਰਣਿ ਗਹੀ ॥ {ਅੰਗ 837}
ਤਜਿ, ਆਨ ਕਤਹਿ ਨ ਜਾਹਿ ॥ {ਅੰਗ 837}

ਇਨ੍ਹਾਂ ਦੋਹਾਂ ਤੁਕਾਂ ਵਿੱਚ ਜਮਕੀ ਵਿਸਰਾਮ ਖਾਸ ਧਿਆਨ ਮੰਗਦੇ ਹਨ । ਪਹਿਲੀ ਤੁਕ ਵਿੱਚ ਆਨ ਤੇ ਵਿਸਰਾਮ ਹੈ । ਜਿਸ ਦਾ ਅਰਥ ਹੈ ਕਿ (ਹੇ ਪ੍ਰਭੂ! ਮੈਂ) ਹੋਰਨਾ ਨੂੰ ਛੱਡ ਕੇ ਤੇਰੀ ਸ਼ਰਨ ਪਕੜੀ ਹੈ । ਦੂਜੀ ਤੁਕ ਵਿੱਚ ਵਿਸਰਾਮ ਤਜਿ ਤੋਂ ਬਾਅਦ ਹੈ । ਅਰਥ ਹੈ ਕਿ (ਹੇ ਪ੍ਰਭੂ ! ਤੈਨੂੰ) ਛੱਡ ਕੇ, ਅਸੀਂ ਹੋਰ ਕਿਤੇ ਨਹੀਂ ਜਾਂਦੇ । ਜੇ ਕਰ ਦੋਹਾਂ ਤੁਕਾਂ ਦੇ ਵਿਸਰਾਮ ਆਪਸ ਵਿੱਚ ਬਦਲ ਦਿੱਤੇ ਜਾਣ ਤਾਂ ਅਰਥਾਂ ਦਾ ਅਨਰਥ ਹੋ ਜਾਵੇਗਾ।

ਪ੍ਰੋ: ਸਾਹਿਬ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਅਰਧ ਵਿਸਰਾਮ ਵਜੋਂ ਕੇਵਲ ਕਾਮਿਆਂ ਦੀ ਵਰਤੋਂ ਕੀਤੀ ਹੈ । ਗਿਆਨੀ ਹਰਿਬੰਸ ਸਿੰਘ ਪਟਿਆਲੇ ਵਾਲਿਆਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ ਵਿੱਚ ਕਾਮਿਆਂ ਤੋਂ ਅੱਗੇ ਵਧ ਕੇ ਵਿਸਮਕ ਚਿੰਨ੍ਹ (!) ਨੂੰ ਸੰਬੋਧਨੀ ਚਿੰਨ੍ਹ ਵਜੋਂ ਆਮ ਵਰਤਿਆ ਹੈ । ਜਿਵੇਂ:

ਗੁਰਾ ! ਇਕ ਦੇਹਿ ਬੁਝਾਈ ॥ (ਦੇਖੋ, ਦਰਸ਼ਨ ਨਿਰਣੈ ਸਟੀਕ, ਪੰਨਾ 104)
ਬਾਬਾ ! ਜੈ ਘਰਿ, ਕਰਤੇ ਕੀਰਤਿ ਹੋਇ ॥ (ਦਰਸ਼ਨ ਨਿਰਣੈ ਸਟੀਕ, ਪੰਨਾ 224)

ਪਰ, ਇਸ ਪੱਖੋਂ ਕਮਾਲ ਦੀ ਪਹਿਲ ਕੀਤੀ ਹੈ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਧ ਉਚਾਰਨ ਦੀ ਸੰਥਿਆ ਦਿੰਦਿਆਂ, ਲੋੜੀਦੀਆਂ ਥਾਵਾਂ ਤੇ ਬਿੰਦੀ, ਟਿੱਪੀ ਤੇ ਅਧਿਕ ਦੀ ਵਰਤੋਂ ਸਮਝਾਉਣ ਦੇ ਨਾਲ ਅਰਥਾਂ ਦੀ ਸਪਸ਼ਟਤਾ ਲਈ ਹਰੇਕ ਕਿਸਮ ਦੇ ਅੰਗਰੇਜ਼ੀ ਵਿਸਰਾਮ ਚਿੰਨ੍ਹ ਲਗਵਾਏ । ਹੋਰ ਉਪਕਾਰ ਕੀਤਾ ਗਿਆਨੀ ਮੋਹਣ ਸਿੰਘ ਜੀ (ਸੰਪਰਦਾਈ ਮੁਖੀ, ਗੁਰਦੁਆਰਾ ਅਖੰਡ ਪ੍ਰਕਾਸ਼, ਭਿੰਡਰ ਕਲਾਂ) ਵਾਲਿਆਂ, ਜਿਨ੍ਹਾਂ ਖ਼ਾਲਸਾ ਜੀ ਦੀ ਉਪਰੋਕਤ ਕਿਰਤ ਨੂੰ ਗੁਰਬਾਣੀ ਪਾਠ ਦਰਸ਼ਨ ਨਾਮੀ ਪੁਸਤਕ ਰਾਹੀਂ ਪ੍ਰਕਾਸ਼ਿਤ ਕੀਤਾ । ਟਕਸਾਲ ਮਹਿਤਾ ਕਲਾਂ ਵਲੋਂ ਇਹੀ ਪੁਸਤਕ ਗੁਰਬਾਣੀ ਪਾਠ ਦਰਪਣ ਦੇ ਨਾਮ ਹੇਠ ਛਾਪੀ ਜਾ ਰਹੀ ਹੈ।

ਇਸ ਪੁਸਤਕ ਵਿੱਚ ਹਜ਼ਾਰਾਂ ਹੀ ਗੁਰਬਾਣੀ ਦੀ ਤੁਕਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ, ਜਿਨ੍ਹਾਂ ਨੂੰ ਵਖ ਵਖ ਕਿਸਮਾਂ ਦੇ ਵਿਸਰਾਮ ਚਿੰਨ੍ਹਾਂ ਨਾਲ ਨਿਖੇੜਿਆ ਗਿਆ । ਅਰਧ ਵਿਸਰਾਮ ਲਈ ਬਿੰਦੀ ਕਾਮਾ (;) ਅਤੇ ਇਸ ਤੋਂ ਘਟ ਵਿਸਰਾਮ (ਜਮਕੀ) ਲਈ ਕਾਮਾ (,) ਦੀ ਵਰਤੋਂ ਕੀਤੀ ਗਈ ਹੈ । ਸਮਾਸੀ ਲਫ਼ਜ਼ਾਂ ਦੇ ਹਿੱਸੇ ਪ੍ਰਗਟਾਉਣ ਲਈ ਜੁੜਤ ਲਫ਼ਜ਼ਾਂ ਨੂੰ ਤੋੜ ਕੇ ਜੋੜਣੀ (-) ਦੀ ਵਰਤੋਂ ਕੀਤੀ ਗਈ ਹੈ । ਇਥੋਂ ਤੱਕ ਕਿ ਕਈ ਖ਼ਾਸ ਲਫ਼ਜ਼ਾਂ ਨੂੰ ਉਭਾਰਨ ਲਈ ਪੁਠੇ ਕਾਮਿਆਂ () ਦੀ ਵਰਤੋਂ ਕਰਨੋ ਵੀ ਸੰਕੋਚ ਨਹੀਂ ਕੀਤਾ । ਤੁਕਾਂ ਦੇ ਅਖ਼ੀਰ ਵਿੱਚ ਬ੍ਰੈਕਟਾਂ ਪਾ ਕੇ ਬਿੰਦੀ, ਟਿੱਪੀ ਤੇ ਅਧਿਕ ਦੀ ਵਰਤੋਂ ਬਾਰੇ ਸੇਧਾਂ ਦਿਤੀਆਂ ਹੋਈਆਂ ਹਨ ਅਤੇ ਪਾਠਾਂਤਰ ਵੀ ਲਿਖੇ ਹਨ । ਉਦਾਹਰਣ ਵਜੋਂ ਹੇਠਾਂ ਕੁਝ ਤੁਕਾਂ ਦੇ ਹੂ-ਬਹੂ ਦਰਸ਼ਨ ਕਰਵਾਏ ਜਾ ਰਹੇ ਹਨ । ਜਿਵੇਂ:

ਸੋਚੈ, ਸੋਚਿ ਨ ਹੋਵਈ ; ਜੇ ਸੋਚੀ ਲਖ ਵਾਰ ॥ (ਲੱਖ ਪੜ੍ਹੋ) -{ਅੰਗ 1}
ਤੇਰਾ ਸਬਦੁ, ਤੂੰਹੈ ਹਹਿ ਆਪੇ ; ਭਰਮੁ ਕਹਾ ਹੀ ॥ (ਕਹਾਂ ਬੋਲਣਾ)- {ਅੰਗ 162}
ਅਹੰ-ਬੁਧਿ ਪਰ ਬਾਦ ਨੀਤ ; ਲੋਭ ਰਸਨਾ ਸਾਦਿ ॥ (2) ਪਰਬਾਦ -{ਅੰਗ 810}
ਤੂ ਅਜਰਾ-ਵਰੁ ਅਮਰੁ ਤੂ ; ਸਭ ਚਾਲਣ-ਹਾਰੀ ॥ {ਅੰਗ 1008}

ਅਖੰਡ ਕੀਰਤਨੀ ਜਥੇ ਦੇ ਮੁਖੀ ਵਿਦਵਾਨ ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਜਪੁ ਜੀ ਸਾਹਿਬ ਦੀ ਸਰਲ ਸਟੀਕ ਵਿੱਚ ਤੁਕਾਂ ਵਿਚਕਾਰ ਵਿਸਰਾਮ ਵਜੋਂ ਕਾਮੇ ਵੀ ਵਰਤੇ ਹਨ ਅਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਹੋ ਰਹੇ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਂਗ ਮੂਲਿਕ ਲਫ਼ਜ਼ਾਂ ਤੇ ਵਿਸ਼ੇਸ਼ ਹਿੰਦਸੇ ਪਾ ਕੇ ਪਦ-ਅਰਥ ਤੇ ਸ਼ੁਧ ਉਚਾਰਣ ਵੀ ਦੱਸੇ ਹਨ । ਗੁਰਬਾਣੀ ਦਾ ਸਰਲ ਵਿਆਕਰਣ-ਬੋਧ ਨਾਮੀ ਪੁਸਤਕ ਵਿੱਚ ਸੈਂਕੜੇ ਤੁਕਾਂ ਹਨ, ਜਿਨ੍ਹਾਂ ਵਿੱਚ ਵਿਸਰਾਮ ਚਿੰਨਾਂ ਤੋਂ ਇਲਾਵਾ ਗੁਰਬਾਣੀ ਪਾਠ ਦਰਸ਼ਨ ਪੁਸਤਕ ਵਾਂਗ ਗੁਰਬਾਣੀ ਦੀਆਂ ਤੁਕਾਂ ਵਿਚਕਾਰੋਂ ਲਫ਼ਜ਼ਾਂ ਨੂੰ ਵਿਸ਼ੇਸ਼ ਤੌਰ ਤੇ ਉਭਾਰਨ ਲਈ ਪੁੱਠੇ ਕਾਮੇ ਵੀ ਵਰਤੇ ਹਨ । ਕਿਉਂਕਿ, ਪਾਠਕਾਂ ਨੂੰ ਬਾਣੀ ਦੀ ਸੋਝੀ ਕਰਾਉਣ ਲਈ ਅਜਿਹੀ ਜੁਗਤਿ ਅਪਨਾਉਣੀ ਲਾਜ਼ਮੀ ਹੈ । ਜਿਵੇਂ, ਪੰਨਾ 624 ਤੇ ਪੰਕਤੀ ਉਲੇਖ ਇਸ ਪ੍ਰਕਾਰ ਹੈ:

ਗਾਵਿਆ, ਸੁਣਿਆ ਤਿਨ ਕਾ ਹਰਿ ਥਾਇ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥ {ਅੰਗ 669}

ਤਲਵਾੜਾ ਜੀ ਨੇ ਇਹ ਵੀ ਲਿਖਿਆ ਹੈ ਕਿ ਵਿਸਰਾਮ ਚਿੰਨ੍ਹ ਤਾਂ ਭਾਵੇਂ ਗੁਰਬਾਣੀ ਦੀਆਂ ਛੋਟੀਆਂ ਛੋਟੀਆਂ ਤੁਕਾਂ ਵਿੱਚ ਵੀ ਅਤਿ ਲੋੜੀਂਦੇ ਹਨ । ਪਰ ਫਿਰ ਵੀ ਪੜਤਾਲ ਵਾਲੇ ਚਉਪਦਿਆਂ, ਛੰਤਾਂ ਅਤੇ ਸਵੱਈਆਂ ਵਿੱਚ ਜਿਹੜੀਆਂ ਤੁਕਾਂ ਬਹੁਤ ਲੰਮੀਆਂ ਲੰਮੀਆ ਹਨ, ਉਨ੍ਹਾਂ ਵਿੱਚ ਵਿਸਰਾਮ ਦੇ ਕੇ ਪਾਠ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ । ਕਿਉਂਕਿ, ਜੇ ਐਸੀਆਂ ਤੁਕਾਂ ਨੂੰ ਕੁਝ ਭਾਗਾਂ ਵਿੱਚ ਵੰਡ ਕੇ ਅਤੇ ਯੋਗ ਥਾਵਾਂ ਤੇ ਰਤਾ ਕੁ ਵਿਸਰਾਮ ਦੇ ਕੇ ਉਚਾਰਣ ਕੀਤਾ ਜਾਵੇ ਤਾਂ ਜਿਥੇ ਪਾਠ ਦੀ ਲੈਅ ਰਸਦਾਇਕ ਹੋ ਜਾਂਦੀ ਹੈ, ਉਥੇ ਅਰਥ ਭਾਵ ਵੀ ਸਪਸ਼ਟ ਹੋ ਜਾਂਦਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗੁਰਬਾਣੀ ਵਿਆਕਰਣ ਦੀ ਰੌਸ਼ਨੀ ਵਿੱਚ ਸ਼ੁਧ-ਉਚਾਰਣ ਸਮਝਾਉਣ ਵਾਲੇ ਵਿਦਵਾਨ ਵਿਚੋਂ ਮੋਹਰੀ ਮੰਨੇ ਜਾਂਦੇ ਹਨ । ਉਹ ਵੀ ਤਲਵਾੜਾ ਜੀ ਦੇ ਵਿਚਾਰਾਂ ਨਾਲ ਸੌ ਫੀਸਦੀ ਸਹਿਮਤ ਹਨ । ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਹੁੰਦੇ ਮਾਸਿਕ ਪਤਰ ਗੁਰਮਤਿ ਪ੍ਰਕਾਸ਼ ਜੁਲਾਈ 2012 ਵਾਲੇ ਅੰਕ ਵਿੱਚ ਜਥੇਦਾਰ ਵੇਦਾਂਤੀ ਜੀ ਦਾ ਲਿਖਿਆ ਲੇਖ ਗੁਰਬਾਣੀ ਦੀ ਲਗ-ਮਾਤ੍ਰ ਨਿਯਮਾਵਲੀ : ਖੋਜ ਤੇ ਸੰਭਾਵਨਾ ਇਸ ਪੱਖੋਂ ਪੜ੍ਹਣ ਯੋਗ ਹੈ।

ਸ਼ਬਦ-ਵੀਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਰਤਾ ਡਾ: ਓਅੰਕਾਰ ਸਿੰਘ ਜੀ ਨੇ ਤੁਕਾਂ ਦੇ ਵਿਚਕਾਰ ਵਿਸਰਾਮ ਵਜੋਂ ਕਾਮਿਆਂ ਦੀ ਵਰਤੋਂ ਕਰਦਿਆਂ ਬ੍ਰੈਕਟਾਂ ਪਾ ਕੇ ਸ਼ਬਦਾਂ ਦੇ ਸ਼ੁਧ ਉਚਾਰਨ ਦੱਸਣ ਦਾ ਸ਼ਲਾਘਾ ਯੋਗ ਉਪਰਾਲਾ ਕੀਤਾ ਹੈ । ਜਿਵੇਂ :

ਕੀਟਾ(ਕੀਟਾਂ) ਅੰਦਰਿ(ਅੰਦਰ) ਕੀਟੁ(ਕੀਟ), ਕਰਿ(ਕਰ) ਦੋਸੀ(ਦੋਸ਼ੀ), ਦੋਸੁ(ਦੋਸ਼) ਧਰੇ ॥ {ਪੋਥੀ ਭਾਗ ਪਹਿਲਾ, ਪੰਨਾ 14}
ਸਿਧਾ(ਸਿਧਾਂ) ਪੁਰਖਾ(ਪੁਰਖਾਂ) ਕੀਆ(ਕੀਆਂ) ਵਡਿਆਈਆ ॥(ਵਡਿਆਈਆਂ)- {ਪੋਥੀ ਭਾਗ ਪਹਿਲਾ, ਪੰਨਾ 84}

ਖੁਸ਼ੀ ਦੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਬਕਾ ਜਥੇਦਾਰ ਪ੍ਰੋ: ਮਨਜੀਤ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮਜੂਦਾ ਮੁਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਜੀ ਹੁਰਾਂ ਵੱਲੋਂ, ਇਸ ਪੋਥੀ ਦੇ ਆਰੰਭ ਵਿੱਚ ਅਸੀਸ ਵਜੋਂ ਇੱਕ ਇੱਕ, ਦੋ ਦੋ ਪੰਨੇ ਦੇ ਪ੍ਰਸੰਸਾ ਪਤਰ ਵੀ ਲਿਖੇ ਗਏ ਹਨ।

ਧੰਨਵਾਦੀ ਹਾਂ ਡਾ; ਕੁਲਬੀਰ ਸਿੰਘ ਥਿੰਦ ਅਤੇ ਭਾਈ ਬਲਵਿੰਦਰ ਸਿੰਘ ਰਾੜੇ ਵਾਲਿਆਂ ਦਾ, ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਆਗਿਆ ਦੁਆਰਾ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੇ ਨਾਂ ਤੇ ਈਸ਼ਰ ਮੈਕਰੋਮੀਡੀਆ ਵੈਬਸਾਈਟ ਰਾਹੀਂ ਗੁਰਬਾਣੀ ਪਾਠ-ਬੋਧ ਕਰਾਉਣ ਲਈ ਵਿਸਰਾਮਾਂ ਵਜੋਂ ਕਾਮੇ ਤੇ ਬਿੰਦੀ ਕਾਮੇ ਦੀ ਵਰਤੋਂ ਦੇ ਨਾਲ ਪ੍ਰਸ਼ਨ ਚਿੰਨ੍ਹ (?) ਅਤੇ ਵਿਸਮੀ ਚਿੰਨ੍ਹਾਂ (!) ਦੀ ਵਰਤੋਂ ਖੁਲ੍ਹ ਕੇ ਕੀਤੀ ਹੈ, ਜਿਨ੍ਹਾ ਦੀ ਬਦੌਲਤ ਪਾਠਕਾਂ ਤੇ ਸ਼੍ਰੋਤਿਆਂ ਲਈ ਅਰਥ ਭਾਵ ਸਮਝਣੇ ਅਤਿ ਸੁਖਾਲੇ ਹੋ ਗਏ ਹਨ । ਜਿਵੇਂ:

ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥ (ਅੰਗ 1)
ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ ॥ (ਅੰਗ 6)

ਪਾਠਕਾਂ ਦੀ ਜਾਣਕਾਰੀ ਲਈ ਦਸਣਾ ਜ਼ਰੂਰੀ ਹੈ ਕਿ ਉਪਰਕਤ ਲੇਖ ਦੇ ਆਰੰਭ ਵਿੱਚ ਗੁਰਬਾਣੀ ਦੀਆਂ ਜਿਹੜੀਆਂ ਦੋ ਤੁਕਾਂ ਵਿਸਰਾਮਾਂ ਦੀ ਥਾਂ ਦੋ ਡੰਡੀਆਂ (ਹੱਦਾਂ) ਦਰਸਾਉਣ ਲਈ ਪ੍ਰਮਾਣ ਵਜੋਂ ਲਿਖੀਆਂ ਗਈਆਂ ਹਨ; ਉਨ੍ਹਾਂ ਦੇ ਵਿਸ਼ਰਾਮ ਸਮਝਾਉਣ ਲਈ ਤਰਤੀਬਵਾਰ ਕਰਮਸਰ ਰਾੜਾ ਵਾਲਿਆਂ ਦੀ ਵੈਬਸਾਈਟ ਈਸ਼ਰ ਮੈਕਰੋਮੀਡੀਆ ਅਤੇ ਗੁਰਬਾਣੀ ਪਾਠ ਦਰਸ਼ਨ ਪੁਸਤਕ ਦੇ ਪੰਨਾ 484 ਤੇ ਤੁਕ ਹੇਠਾਂ ਬ੍ਰੈਕਟ ਵਿੱਚ ਨੋਟ ਲਿਖ ਕੇ ਇਉਂ ਪ੍ਰਗਟ ਕੀਤਾ ਗਿਆ ਹੈ:

ਤੂ ਕੁਨੁ ਰੇ ?॥ ਮੈ ਜੀ !॥ ਨਾਮਾ ॥ ਹੋ ਜੀ !॥
ਆਲਾ ਤੇ ਨਿਵਾਰਣਾ, ਜਮ ਕਾਰਣਾ ॥ {ਅੰਗ 694}
ਮੋਹਨੁ ਲਾਲੁ ਮੇਰਾ; ਪ੍ਰੀਤਮ ਮਨ ਪ੍ਰਾਨਾ ॥ ਮੋ-ਕਉ, ਦੇਹੁ ਦਾਨਾ ॥ {ਅੰਗ 1005}
(ਇਹ ਇਕੋ ਹੀ ਤੁਕ ਹੈ, ਬਿਸ੍ਰਾਮ ਵਾਲੀ ਜਗ੍ਹਾ ਹੱਦਾਂ ਲਾ ਕੇ ਦੋ ਤੁਕਾਂ ਬਣਾਈਆਂ ਹਨ, ਸ਼ੁਧ ਇਕੋ ਹੀ ਤੁਕ ਹੈ ।)

ਆਪਣੇ ਆਪ ਨੂੰ ਜਾਗਰੂਕ ਧਿਰਾਂ ਤੇ ਵਿਗਿਆਨਕ ਯੁੱਗ ਦੇ ਹਾਣੀ ਅਖਵਾਉਣ ਵਾਲੇ ਸਿੱਖ ਮਿਸ਼ਨਰੀ ਕਾਲਜ, ਆਪਣੀਆਂ ਵੈਬਸਾਈਟਾਂ ਤੇ ਵੀਡੀਓ ਕੈਸਟਾਂ ਰਾਹੀਂ ਗੁਰਬਾਣੀ ਪਾਠ ਦੀ ਸੋਝੀ ਕਰਵਾਉਣ ਲਈ ਯਤਨਸ਼ੀਲ ਹਨ । ਪਰ, ਹੈਰਾਨੀ ਦੀ ਗੱਲ ਹੈ ਕਿ ਤੁਕਾਂ ਵਿੱਚ ਵਿਸਰਾਮ ਚਿੰਨ ਲਗਾਉਣ ਪੱਖੋਂ ਉਹ ਸੰਪਰਦਾਈ ਵਿਦਵਾਨਾਂ ਤੋਂ ਬਹੁਤ ਪਛੜੇ ਹੋਏ ਜਾਪਦੇ ਹਨ । ਕਿੳਂਕਿ, ਉਹ ਅਜੇ ਵੀ ਤੁਕਾਂ ਵਿੱਚ ਵਿਥਾਂ (ਸਪੇਸ) ਦੇ ਕੇ ਬੁੱਤਾ ਸਾਰ ਰਹੇ ਹਨ । ਡਰਦੇ ਹਨ ਕਿ ਜੇ ਵਿਸਰਾਮ ਚਿੰਨ ਲਗਾਏ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਨ੍ਹਾਂ ਦੀ ਪੁਛ-ਗਿਛ ਹੋ ਸਕਦੀ ਹੈ । ਜਦ ਕਿ ਤਖ਼ਤ ਸਾਹਿਬਾਨ ਦੇ ਸਾਬਕਾ ਤੇ ਮਜੂਦਾ ਜਥੇਦਾਰ ਸਹਿਬਾਨ ਗੁਰਬਾਣੀ ਦੇ ਮੂਲ-ਪਾਠ ਨੂੰ ਕਾਇਮ ਰੱਖ ਕੇ ਸੰਥਿਆ ਪਾਠ ਨੂੰ ਹੋਰ ਸੁਖਾਲਾ ਬਨਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਲਿਖਤੀ ਰੂਪ ਵਿੱਚ ਸ਼ਲਾਘਾ ਕਰ ਰਹੇ ਹਨ।

ਇਸ ਲਈ ਚੰਗਾ ਹੋਵੇ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਦੇ ਮੂਲ-ਪਾਠ ਸਾਹਮਣੇ ਤੁਕ-ਵਾਰ ਸ਼ਬਦਾਂ ਦਾ ਉਚਾਰਣਤਮਿਕ ਰੂਪ ਲਿਖ ਕੇ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਂਗ ਸੰਥਾ ਪੋਥੀਆਂ ਤਿਆਰ ਕੀਤੀਆਂ ਜਾਣ ਤਾਂ ਪਾਠਕਾਂ ਨੂੰ ਗੁਰਬਾਣੀ ਦਾ ਪਾਠ ਕਰਨਾ ਤੇ ਸਮਝਣਾ ਹੋਰ ਸੋਖਾ ਹੋ ਸਕਦਾ ਹੈ । ਆਸ ਹੈ ਕਿ ਗੁਰਸਿੱਖ ਵਿਦਵਾਨ ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਵਾਲੇ, ਪ੍ਰੋ: ਸਾਹਿਬ ਸਿੰਘ, ਪ੍ਰਿੰਸੀਪਲ ਹਰਿਭਜਨ ਸਿੰਘ ਚੰਡੀਗੜ, ਗਿਆਨੀ ਹਰਿਬੰਸ ਸਿੰਘ ਪਟਿਆਲਾ, ਭਾਈ ਜੋਗਿੰਦਰ ਸਿੰਘ ਤਲਵਾੜਾ ਅਤੇ ਡਾ: ਕੁਲਬੀਰ ਸਿੰਘ ਥਿੰਦ ਤੇ ਡਾ: ਓਅੰਕਾਰ ਸਿੰਘ ਵਰਗੇ ਪਰਉਪਕਾਰੀ ਗੁਰਸਿੱਖ ਵਿਦਵਾਨਾਂ ਵਲੋਂ ਬਖਸ਼ੀਆਂ ਸੇਧਾਂ ਨੂੰ ਅਧਾਰ ਬਣਾ ਕੇ ਇਸ ਪੱਖੋਂ ਹੋਰ ਉਪਰਾਲੇ ਕਰਨਗੇ ; ਤਾਂ ਜੋ ਹਰੇਕ ਮਨੁਖ ਗੁਰਸ਼ਬਦ ਵੀਚਾਰ ਦੀ ਰੌਸ਼ਨੀ ਸਦਕਾ ਆਪਣੇ ਹਿਰਦੇ ਦੇ ਅਗਿਆਨਮਈ ਅੰਧੇਰੇ ਨੂੰ ਦੂਰ ਕਰਕੇ ਰੱਬ-ਰੂਪ ਸਚਿਆਰ ਬਣ ਸਕੇ।

ਸਾਡੇ ਲਈ ਇਹ ਵੀ ਇੱਕ ਖੁਸ਼ਖ਼ਬਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ (ਅਸਟ੍ਰੇਲੀਆ) ਨੇ ਉਪਰੋਕਤ ਰੌਸ਼ਨੀ ਵਿੱਚ ਫੈਸਲਾ ਕੀਤਾ ਹੈ ਕਿ ਗੁਰਬਾਣੀ ਦੇ ਸੰਥਿਆ ਪਾਠ, ਸ਼ਬਦਾਰਥ ਤੇ ਸਿਧਾਂਤਕ ਵਿਆਖਿਆ ਨੂੰ ਆਡੀਓ ਵੀਡੀਓ ਕੈਸਟਾਂ ਅਤੇ ਕਿਤਾਬੀ ਰੂਪ ਵਿੱਚ ਘਰ ਘਰ ਵਿੱਚ ਭੇਟਾ ਰਹਿਤ ਪਹੁੰਚਾਇਆ ਜਾਏ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਥਿਆ ਪਾਠ ਦੀ ਪਹਿਲੀ ਵੀਡੀਓ ਉਨ੍ਹਾਂ ਵੱਲੋਂ ਛੇਤੀ ਹੀ ਰਲੀਜ਼ ਕੀਤੀ ਜਾ ਰਹੀ ਹੈ। ਪੂਰਨ ਉਮੀਦ ਹੈ ਕਿ ਇਸ ਸ਼ਬਦ ਯੱਗ ਵਿੱਚ ਸਾਰੀਆਂ ਸਿੱਖ ਸੰਗਤਾਂ ਆਪਣਾ ਯੋਗਦਾਨ ਅਵਸ਼ ਪਾਉਣਗੀਆਂ । ਭੁਲ-ਚੁਕ ਮੁਆਫ਼।

ਗੁਰੂ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ
ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਆਨਰੇਰੀ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਐਸ.ਜੀ.ਪੀ.ਸੀ. ਸ੍ਰੀ ਅੰਮ੍ਰਿਤਸਰ
ਮਿਤੀ 5 ਸਤੰਬਰ 2012 (ਇੰਡੀਆ) ਮੁਬਾਈਲ 098552 05089


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top