Share on Facebook

Main News Page

ਸੱਚਖੰਡ ਕਿਥੇ ਹੈ?
-
ਵਰਿੰਦਰ ਸਿੰਘ

ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਮਰੇ ਹੋਏ ਸਾਧਾਂ ਦੀਆਂ ਜਦੋਂ ਬਰਸੀਆਂ ਮਨਾਈਆਂ ਜਾਂਦੀਆਂ ਹਨ ਤਾਂ ਇਸ਼ਤਿਹਾਰ ‘ਤੇ ਲਿਖਿਆ ਹੁੰਦਾ ਹੈ ਸਚਖੰਡ ਵਾਸੀ, ਸੰਪੂਰਨ ਬ੍ਰਹਮਗਿਆਨੀ ੧੦੦੮ ਸੰਤ ਬਾਬਾ ...ਫਲਾਨਾ ਸਿੰਘ ਜੀ ਫਲਾਨੇ ਵਾਲੇ। ਕਈ ਸਾਧਾਂ ਦੇ ਡੇਰਿਆਂ ‘ਤੇ ਵੀ ਲਿਖਿਆ ਮਿਲ ਜਾਵੇਗਾ ‘ਸਚਿ ਖੰਡਿ ਵਸੈ ਨਿਰੰਕਾਰੁ॥

ਕੀ ਹੈ ਇਹ ਸੱਚਖੰਡ ? ਕਿੱਥੇ ਹੈ ਇਹ ਸੱਚਖੰਡ ? ਆਮ ਆਦਮੀ ਸ਼ਾਇਦ ਸੱਚਖੰਡ ਨੂੰ ਬ੍ਰਾਹਮਣ ਦਾ ਰਚਿਆ ਸਵਰਗ ਹੀ ਸਮਝਦਾ ਹੈ, ਜਿੱਥੇ ਚੰਗੇ ਕਰਮ ਕਰਨ ਵਾਲੇ ਜਾਂ ਬ੍ਰਾਹਮਣ ਦੇ ਕਹੇ ਮੁਤਾਬਿਕ ਦਾਨ, ਪੁੰਨ ਜਾਂ ਕਰਮ ਕਾਂਡ ਕਰਨ ਵਾਲੇ ਬੰਦੇ ਮਰਨ ਤੋਂ ਬਾਅਦ ਜਾਂਦੇ ਹਨ ਪਰ ਗੁਰਬਾਣੀ ਤਾਂ ਇਸ ਤਰ੍ਹਾਂ ਦੇ ਸਵਰਗ-ਨਰਕ ਨੂੰ ਮੰਨਦੀ ਹੀ ਨਹੀਂ। ਗੁਰਬਾਣੀ ਮੁਤਾਬਿਕ ਤਾਂ ਉਹ ਸਵਰਗ ਅਤੇ ਨਰਕ ਇਸੇ ਦੁਨੀਆ ਵਿਚ ਹਨ:

ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ॥ ਨਰਕ ਸੁਰਗ ਫਿਰਿ ਫਿਰਿ ਅਉਤਾਰਾ॥ ੩ ॥ ਕਹੁ ਨਾਨਕ ਜੋ ਲਾਇਆ ਨਾਮ॥ ਸਫਲ ਜਨਮੁ ਤਾ ਕਾ ਪਰਵਾਨ ॥ (ਪੰ: 389)
ਤ੍ਰੈ ਗੁਣ ਕੀਆ ਪਸਾਰਾ॥ ਨਰਕ ਸੁਰਗ ਅਵਤਾਰਾ॥ ਹਉਮੈ ਆਵੈ ਜਾਈ॥ ਮਨੁ ਟਿਕਣੁ ਨ ਪਾਵੈ ਰਾਈ॥ ਬਾਝੁ ਗੁਰੂ ਗੁਬਾਰਾ॥ ਮਿਲਿ ਸਤਿਗੁਰ ਨਿਸਤਾਰਾ (ਪੰ: 1003)

ਜਿਹੜੇ ਮਨੁੱਖ ਗੁਰੂ ਦੀ ਮੱਤ ‘ਤੇ ਚੱਲ ਪੈਂਦੇ ਹਨ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਮਨੁੱਖਾ ਜਨਮ ਮਿਲਿਆ ਹੀ ਉਸ ਅਕਾਲਪੁਰਖ ਨਾਲ ਸਾਂਝ ਪਾ ਕੇ ਉਸ ਨਾਲ ਇੱਕ-ਮਿੱਕ ਹੋਣ ਵਾਸਤੇ ਹੈ:

ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥

ਅਤੇ ਉਹਨਾਂ ਦਾ ਸਵਰਗ-ਨਰਕ ਬਾਰੇ ਬਹੁਤ ਸਪੱਸ਼ਟ ਫੈਸਲਾ ਹੁੰਦਾ ਹੈ:

ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥ ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥ (ਪੰ: 1370)

ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥ (ਪੰ: 337)

ਫਿਰ ਇਹ ਲੋਕ ਕਿਵੇਂ ਕਹਿ ਸਕਦੇ ਹਨ ਕਿ ‘ਸਾਡੇ ਬਾਬਾ ਜੀ ਤਾਂ ਸੱਚਖੰਡ ਵਿੱਚ ਬੈਠੇ ਹਨ।’ ਕਈ ਵਾਰ ਸੋਚੀਦਾ ਹੈ ਕਿ ਉੱਥੇ ਤਾਂ ਬਹੁਤ ਭੀੜ ਹੋਣੀ ਹੈ, ਐਨੇ ਪਾਖੰਡੀਆਂ ਵਿੱਚੋਂ ਤਾਂ ਬਾਬੇ ਨਾਨਕ ਨੂੰ ਲੱਭਣਾ ਬਹੁਤ ਔਖਾ ਹੁੰਦਾ ਹੋਣਾ ਉੱਥੇ ਜਾ ਕੇ...! ਅਸਲ ਵਿੱਚ ਸਿੱਖ ਨੇ ਕਿਸੇ ਸੱਚਖੰਡ ਵਿੱਚ ਮਰਨ ਤੋਂ ਬਾਅਦ ਨਹੀਂ ਜਾਣਾ ਸਗੋਂ ਜਿਉਂਦੇ ਜੀਅ ਐਥੇ ਹੀ ਸੱਚਖੰਡ ਬਣਾਉਣਾ ਹੈ। ਆਓ ਜਪੁਜੀ ਦੀ ਉਸ ਪਉੜੀ ਦੀ ਵਿਚਾਰ ਕਰੀਏ:

ਸਚਿ ਖੰਡਿ ਵਸੈ ਨਿਰੰਕਾਰੁ॥ ਕਰਿ ਕਰਿ ਵੇਖੇ, ਨਦਰਿ ਨਿਹਾਲ॥ ਤਿਥੈ, ਖੰਡ ਮੰਡਲ ਵਰਭੰਡ॥ ਜੇ ਕੋ ਕਥੈ, ਤ ਅੰਤ ਨ ਅੰਤ॥ ਤਿਥੈ, ਲੋਅ ਲੋਅ ਆਕਾਰ॥ ਜਿਵ ਜਿਵ ਹੁਕਮ ਤਿਵੈ ਤਿਵ ਕਾਰ॥ ਵੇਖੈ ਵਿਗਸੈ, ਕਰਿ ਵੀਚਾਰੁ॥ ਨਾਨਕ, ਕਥਨਾ ਕਰੜਾ ਸਾਰੁ॥ 37॥

ਅਰਥ : ਉਸ ਅਵਸਥਾ ਵਿਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ, (ਜਿਨ੍ਹਾਂ ਸਭਨਾਂ ਵਿਚ)ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ)। (ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ।ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) ॥੩੭॥

ਜਿਸ ਮਨੁੱਖ ਨੇ ਆਪਣੀ ਮੱਤ ਨੂੰ ਗੁਰੂ ਅਨੁਸਾਰ ਢਾਲ ਲਿਆ ਅਤੇ ਗੁਰੂ ਦੇ ਹੁਕਮ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ ਉਹ ਸੱਚਖੰਡ ਦਾ ਵਾਸੀ ਹੋ ਨਿਬੜਦਾ ਹੈ। ਇਹ ਕੰਮ ਕੋਈ ਐਨਾ ਸੌਖਾ ਵੀ ਨਹੀਂ ਹੈ, ਇਸ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਅਥਾਹ ਮਿਹਨਤ ਕਰਨੀ ਪੈਂਦੀ ਹੈ। ਆਪਣੀ ਹਉਮੈ ਦਾ ਤਿਆਗ ਕਰ ਕੇ, ਵਿਕਾਰਾਂ ਤੋਂ ਖਲਾਸੀ ਪਾਉਣੀ ਅਤੇ ਗੁਣਾਂ ਨੂੰ ਧਾਰਨ ਕਰਨ ਨਾਲ ਹੀ ਸੱਚਖੰਡ ਵਾਸੀ ਬਣਿਆ ਜਾ ਸਕਦਾ ਹੈ। ਉਸ ਮਨੁੱਖ ਦੇ ਫੁਰਨੇ ਹਮੇਸ਼ਾਂ ਵਾਸਤੇ ਖਤਮ ਹੋ ਜਾਂਦੇ ਹਨ ਅਤੇ “ਹੁਕਮ ਰਜਾਈ ਚਲਣਾ” ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਇਸ ਪਉੜੀ ਵਿੱਚ ਕਹਿ ਰਹੇ ਹਨ, ਉਸ ਦੀ ਇਸ ਅਵਸਥਾ ਦਾ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ। ਆਓ ਝੂਠੇ ਸੱਚਖੰਡ ਦੀ ਪ੍ਰਾਪਤੀ ਵਾਸਤੇ ਬ੍ਰਾਹਮਣੀ ਕਰਮਕਾਂਡ ਛੱਡ ਕੇ ਅਸਲੀ ਸੱਚਖੰਡ ਦੀ ਪ੍ਰਾਪਤੀ ਦੀ ਕੋਸ਼ਿਸ਼ ਕਰੀਏ:

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥

ਸਿੱਖ ਨੇ ਦੁਨੀਆਂ ਵਿੱਚ ਵਿਚਰਦੇ ਅਤੇ ਦੁਨਿਆਵੀ ਕੰਮ ਕਰਦੇ ਹੀ ਮੁਕਤੀ ਦਾ ਰਸਤਾ ਫੜ੍ਹਨਾ ਹੈ।

ਭੁੱਲ ਚੁੱਕ ਦੀ ਖਿਮਾਂ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top