Share on Facebook

Main News Page

ਗ਼ਦਰ ਲਹਿਰ ਦਾ ਸੱਚੋ-ਸੱਚ
ਗ਼ਦਰ ਲਹਿਰ ਸਿਰਫ਼ ਸਿੱਖ ਇਨਕਲਾਬ ਸੀ
- ਡਾ: ਹਰਜਿੰਦਰ ਸਿੰਘ ਦਿਲਗੀਰ

ਕੁਝ ਲੇਖਕਾਂ ਵੱਲੋਂ ਭਾਵੇਂ ਗਦਰ ਲਹਿਰ ਦਾ ਸਿਰਾ 1913-14 ਨਾਲ ਜੋੜਿਆ ਜਾਂਦਾ ਹੈ ਪਰ ਇਸ ਦੀਆਂ ਜੰਮਣ-ਪੀੜਾਂ ਚਿਰੋਕਣੀਆਂ ਪੁਰਾਣੀਆਂ ਹਨ। ਪੰਜਾਬ ਵਿਚ ਮਿਸਲਾਂ ਵਲੋਂ ਖਾਲਸਾ ਰਾਜ ਕਾਇਮ ਕੀਤੇ ਜਾਣ ਮਗਰੋਂ ਭਾਵੇਂ ਅੱਧੀ ਸਦੀ ਰਣਜੀਤ ਸਿੰਘ ਨੇ ਤੇ ਫਿਰ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰੀ ਰੱਖਿਆ, ਪਰ ਸਿੱਖ ਕੌਮ ਦੀ ਆਪਣੀ ਹਕੂਮਤ ਕਾਇਮ ਕਰਨ ਦੀ ਧੁੰਨ ਉਵੇਂ ਹੀ ਕਾਇਮ ਰਹੀ। ਦੋ ਵੇਲੇ (ਘੱਟੋ ਘੱਟ ਦੋ ਵੇਲੇ) ‘ਰਾਜ ਕਰੇਗਾ ਖਾਲਸਾ’ ਪੜ੍ਹਨ ਵਾਲੀ ਕੌਮ “ਆਖ਼ਰ ਤਖ਼ਤ ’ਤੇ ਬਹੇਗੀ ਆਪ ਗੁਰੂ ਦੀ ਫ਼ੌਜ” ਦਾ ਐਲਾਨ-ਨਾਮਾ ਪੂਰਾ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਸੀ ਮੁੜਨੀ। ਇਸ ਗੱਲ ਬਾਰੇ ਅੰਗ੍ਰੇਜ਼ ਪੂਰੀ ਤਰਾਂ ਚੌਕਸ ਸੀ।

ਸਿੱਖ ਕੌਮ ਦੇ ਇਸ ਐਲਾਨ-ਨਾਮੇ ਨੂੰ ਭੁਲਾਉਣ ਵਾਸਤੇ ਅੰਗਰੇਜ਼ਾਂ ਨੇ ਪੰਜਾਬ ਵਿਚ ਸਿੱਖਾਂ ਨੂੰ ਫ਼ੌਜ ਵਿਚ ਚੋਖੀ ਤਾਦਾਦ ਵਿਚ ਭਰਤੀ ਕਰ ਕੇ ਮਿੱਠਾ ਜ਼ਹਿਰ ਪਿਆਉਣਾ ਸ਼ੁਰੂ ਕਰ ਦਿੱਤਾ। ਦੂਜਾ, ਅੰਗਰੇਜ਼ਾਂ ਨੇ ਲਾਇਲਪੁਰ ਅਤੇ ਮਿੰਟਗੁਮਰੀ ਤੇ ਹੋਰ ਨਹਿਰੀ ਇਲਾਕਿਆਂ ਵਿਚ ਜ਼ਮੀਨਾਂ ਦੇ ਕੇ, ਹਰਾ ਇਨਕਲਾਬ ਬੀਜ ਕੇ ਤੇ ਤੀਜਾ, ਸਿੱਖਾਂ ਵਿਚ ਜਾਗੀਰਦਾਰੀ ਦੀ ਬਚੀ-ਖੁਚੀ ਪੀੜ੍ਹੀ ਨੂੰ ਮਿਲਵਰਤਣੀਏ ਬਣਾਉਣ ਦੀ ਕੋਸ਼ਿਸ਼ ਕੀਤੀ। ਭਾਵੇਂ ਇਹੋ ਜਿਹੀਆਂ ਸਾਜ਼ਿਸ਼ਾਂ ਅੰਗਰੇਜ਼ਾਂ ਨੇ ਘੜੀਆਂ ਸਨ ਪਰ ਪੰਥ ਦੀ ਹਕੂਮਤ ਕਰਨ ਦੀ ਧੁੰਨ ਹਰਗਿਜ਼ ਮੱਧਮ ਨਹੀਂ ਹੋ ਸਕੀ।

1857 ਦੇ ਗ਼ਦਰ ਦੀ ਗੋਲਡਨ ਜੁਬਲੀ ’ਤੇ 10 ਮਈ 1907 ਨੂੰ ਲੰਡਨ ਦੇ ਕਾਕਸਟਨ ਹਾਲ ਵਿਚ ਹੋਏ ਇਕ ਸਮਾਗਮ ਵਿਚ ਪਰਦੇਸੀ ਸਿੱਖਾਂ ਨੇ ਇਕ ਪੈਂਫਲਿਟ ਛਾਪ ਕੇ ਵੰਡਿਆ। ਇਸ ਦਾ ਹੈਡਿੰਗ ਸੀ: ‘ਖਾਲਸਾ’ ਤੇ ਇਸ ਵਿਚ ਆਖਿਆ ਗਿਆ ਸੀ ਕਿ ‘ਖਾਲਸਾ ਜੀ ਅੰਗਰੇਜ਼ ਨੂੰ ਖਾਲਸੇ ਦੀ ਸਰਜ਼ਮੀਂ ਤੋਂ ਕੱਢਣ ਵਾਸਤੇ ਜੱਦੋਜਹਿਦ ਲਈ ਤਿਆਰ ਹੋ ਜਾਓ।’

ਇਨ੍ਹੀਂ ਦਿਨੀਂ ਹੀ ਭਾਈ ਤੇਜਾ ਸਿੰਘ ਮਸਤੂਆਣਾ ਨੇ ਵੀ ਯੂ.ਕੇ. ਵਿਚ ਹਾਰਵਰਡ ਯੂਨੀਵਰਸਿਟੀ ਵਿਚ ਅੰਗਰੇਜ਼ਾਂ ਨੂੰ ਸਿੱਖ ਮੁਲਕ ਵਿਚੋਂ ਕੱਢਣ ਵਾਸਤੇ ਪ੍ਰਾਪੇਗੰਡਾ ਕਰ ਕੇ ਕਈ ਸਿੱਖ ਜੱਦੋਜਹਿਦ ਵਾਸਤੇ ਤਿਆਰ ਕੀਤੇ। ਇਹ ਮਾਹੌਲ, 50 ਸਾਲ ਪਹਿਲਾਂ ਖੁਸੇ ਰਾਜ ਨੂੰ ਮੁੜ ਹਾਸਿਲ ਕਰਨ ਦੀਆਂ ਖ਼ਾਹਿਸ਼ਾਂ ਦਾ ਅਹਿਸਾਸ ਜ਼ਿੰਦਾ ਕਰਨ ਵਿਚ ਮਦਦਗਾਰ ਹੋਇਆ ਪਰ ਇਹ ਕਿਸੇ ਵੱਡੇ ਐਕਸ਼ਨ ਦਾ ਸਬਬ ਨਾ ਬਣ ਸਕਿਆ। ਉਂਞ ਇਸ ਨਾਲ ਇੰਗਲੈਂਡ, ਅਮਰੀਕਾ ਤੇ ਕਨੇਡਾ ਦੇ ਸਿੱਖਾਂ ਵਿਚ ਆਜ਼ਾਦੀ ਤੇ ਖ਼ੁਦਮੁਖ਼ਤਿਆਰੀ ਦੀ ਸੋਚ ਨੇ ਆਪਣਾ ਅਸਰ ਜ਼ਰੂਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ।

ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਅਮਰੀਕਾ ਵਿਚ ਬੈਠੇ ਕੁਝ ਸਿੱਖ ਮਾਲੀ ਪੱਖੋਂ ਸੌਖੇ ਹੋ ਗਏ ਸਨ। ਉਹ ਕੁਝ ਕਰਨਾ ਲੋਚਦੇ ਸਨ। ਉਨ੍ਹਾਂ ਨੇ 1906 ਵਿਚ ਪੰਦਰਾਂ ਹਜ਼ਾਰ ਡਾਲਰ ਖ਼ਰਚ ਕੇ ਵੈਨਕੂਵਰ ਵਿਚ ਇਕ ਗੁਰਦੁਆਰਾ ਬਣਾ ਲਿਆ ਸੀ। ਇਸ ਮਗਰੋਂ ਸਿੱਖਾਂ ਨੇ ਪੈਸੇ ਇਕੱਠੇ ਕਰ ਕੇ ਢਾਈ ਲੱਖ ਰੁਪੈ ਨਾਲ ਗੁਰੂ ਨਾਨਕ ਮਾਈਨਿੰਗ ਕੰਪਨੀ ਬਣਾ ਲਈ ਸੀ। ਇਸ ਦੇ ਨਾਲ ਹੀ ਪੰਝੀ ਹਜ਼ਾਰ ਡਾਲਰ ਦੀ ਰਕਮ ਨਾਲ ਈਗਲ ਹਾਰਬਰ ਵਿਚ 250 ਏਕੜ ਜ਼ਮੀਨ ਖ਼ਰੀਦ ਲਈ ਤਾਂ ਜੋ ਗੁਰੂ ਨਾਨਕ ਕਲਨੀ ਬਣਾਈ ਜਾ ਸਕੇ। ਇਸ ਵੇਲੇ ਤਕਰੀਬਨ ਦਸ ਹਜ਼ਾਰ ਸਿੱਖ ਕਨੇਡਾ ਵਿਚ ਕੰਮ ਕਰ ਰਕੇ ਸਨ। ਸਿੱਖਾਂ ਦੀ ਇਸ ਤਰੱਕੀ ‘ਤੇ ਗੋਰੇ ਈਰਖਾ ਕਰਨ ਲਗ ਪਏ। ਉਨ੍ਹਾਂ ਨੇ ਤਾਂ ਇਕ ਵਾਰ ਇਹ ਵੀ ਪਲਾਨ ਕੀਤਾ ਕਿ ਏਸ਼ੀਅਨਾਂ ਨੂੰ ਕਨੇਡਾ ਤੋਂ ਬਾਹਰ ਕੱਢਿਆ ਜਾਵੇ ਤੇ ਇਸ ਸਕੀਮ ਹੇਠ ਉਨ੍ਹਾਂ ਨੂੰ ਹਾਂਡੂਰਸ ਭੇਜਣ ਦੀ ਸਕੀਮ ਬਣਾਈ। ਪਰ ਜਦੋਂ ਸਿੱਖ ਨੁਮਇੰਦਿਆਂ ਸਤਨਾਗਰ ਸਿੰਘ ਤੇ ਸ਼ਾਮ ਸਿੰਘ ਨੇ ਹਾਂਡੂਰਸ ਦਾ ਦੌਰਾ ਕਰ ਕੇ ਹਾਲਾਤ ਵੇਖੇ ਤਾਂ ਸਿੱਖਾਂ ਨੇ ਉੱਥੇ ਜਾਣ ਤੋਂ ਨਾਂਹ ਕਰ ਦਿੱਤੀ।

1912 ਵਿਚ ਇੱਥੋਂ ਦੇ ਸਿੱਖਾਂ ਨੇ ਪੰਜਾਬ ਦੇ ਸਿੱਖਾਂ ਨੇ ਵਿਦਿਆ ਦੇ ਨਾਲ-ਨਾਲ ਆਜ਼ਾਦੀ ਤੇ ਗ਼ੁਲਾਮੀ ਦਾ ਫ਼ਰਕ ਦਿਖਾਉਣ ਵਾਸਤੇ ਇਕ ਪ੍ਰਾਜੈਕਟ ਸੋਚਿਆ। ਉਨ੍ਹਾਂ ਨੇ ਭਾਈ ਜਵਾਲਾ ਸਿੰਘ ਠੱਠੀਆਂ, ਭਾਈ ਸੰਤੋਖ ਸਿੰਘ, ਬਾਬਾ ਵਿਸਾਖਾ ਸਿੰਘ ਵਗ਼ੈਰਾ ਦੀ ਅਗਵਾਈ ਹੇਠ 15 ਫ਼ਰਵਰੀ 1912 ਦੇ ਦਿਨ ਸਟਾਕਟਨ ਵਿਚ ਮੀਟਿੰਗ ਕੀਤੀ ਤੇ ਇਸ ਜਦੋਜਹਿਦ ਦੇ ਹਿੱਸੇ ਵਲੋਂ ਪੰਜਾਬ ’ਚੋਂ ਕੁੱਝ ਨੌਜਵਾਨਾਂ ਨੂੰ ਅਮਰੀਕਾ ਵਿਚ ਪੜ੍ਹਾਈ ਕਰਨ ਵਾਸਤੇ ਤਿਆਰ ਕਰਨ ਲਈ ਛੇ ਵਜ਼ੀਫੇ ਜਾਰੀ ਕਰਨ ਲਈ ਫ਼ੰਡ ਇਕੱਠਾ ਕੀਤਾ। ਇਸ ਫ਼ੰਡ ਵਿਚ ਸਿਰਫ ਸਿੱਖਾਂ ਨੇ ਹੀ ਹਿੱਸਾ ਪਾਇਆ ਅਤੇ ਕੈਨੇਡਾ ਤੇ ਅਮਰੀਕਾ ਵਿਚ ਬੈਠੇ ਅਮੀਰ ਹਿੰਦੂਆਂ ਨੇ ਕਾਣੀ ਕੌਡੀ ਤੱਕ ਵੀ ਦੇਣੋਂ ਨਾਂਹ ਕਰ ਦਿੱਤੀ। ਪਰ ਜਦੋਂ ਵਜ਼ੀਫਿਆਂ ਵਾਸਤੇ ਦਰਖ਼ਾਸਤਾਂ ਪੁੱਜੀਆਂ ਤਾਂ ਸਾਰੇ ਦੇ ਸਾਰੇ ਹਿੰਦੂ ਹੀ ਸਨ।

ਉਧਰ ਕੈਨੇਡਾ ਵਿਚ ਸਿੱਖ ਆਵਾਸੀਆਂ ਦੇ ਪਰਿਵਾਰਾਂ ਦੇ ਦਾਖ਼ਲੇ ’ਤੇ ਪਾਬੰਦੀਆਂ ਲੱਗੀਆਂ ਹੋਈਆਂ ਸਨ। ਅੰਗਰੇਜ਼ਾਂ ਨੇ ਕਾਨੂੰਨ ਬਣਾ ਦਿੱਤਾ ਸੀ ਕਿ ਸਿਰਫ਼ ਉਹ ਸ਼ਖ਼ਸ ਹੀ ਕਨੇਡਾ ਆ ਸਕਦਾ ਹੈ ਜਿਹੜਾ ਆਪਣੇ ਮੁਲਕ ਤੋਂ ਸਿੱਧਾ ਜਹਾਜ਼ ’ਤੇ ਆਇਆ ਹੋਵੇ ਤੇ ਜਿਸ ਕੋਲ ਛੇ ਸੌ ਡਾਲਰ ਵੀ ਹੋਣ। ਚੀਨ ਤੋਂ ਤਾਂ ਸਿੱਧੇ ਜਹਾਜ਼ ਆਉਂਦੇ ਸਨ ਪਰ ਕਲਕੱਤਾ ਜਾਂ ਬੰਬਈ ਤੋਂ ਨਹੀਂ। ਇਸ ਕਰ ਕੇ 1911 ਤੇ 1913 ਵਿਚਕਾਰ ਸਤਾਰਾਂ ਹਜ਼ਾਰ ਚੀਨੀ ਤਾਂ ਟੱਬਰਾਂ ਸਣੇ ਕਨੇਡਾ ਆ ਵਸੇ ਪਰ ਸਿੱਖਾਂ ਦਾ ਰਾਹ ਬੰਦ ਹੋ ਗਿਆ। ਹੋਰ ਤਾਂ ਹੋਰ ਏਥੇ ਰਹਿੰਦੇ ਸਿੱਖਾਂ ਦੇ ਟੱਬਰਾਂ (ਪਤਨੀਆਂ ਤੇ ਬੱਚਿਆਂ) ਨੂੰ ਵੀ ਕਨੇਡਾ ਆਉਣ ਦੀ ਇਜਾਜ਼ਤ ਨਹੀਂ ਸੀ।

ਉਂਞ ਇਹ ਵੀ ਅੰਗਰੇਜ਼ਾਂ ਦੀ ਸਿੱਖਾਂ ਨਾਲ ਵੱਡੀ ਜ਼ਿਆਦਤੀ ਸੀ। ਉਹ ਸਿੱਖਾਂ ਤੋੰ ਮਦਦ ਲੈ ਕੇ ਵੀ ਸਿੱਖਾਂ ਨਾਲ ਹੀ ਧੱਕਾ ਰਕਦੇ ਸਨ। ਕਨੇਡਾ ਵਿਚ ਕੰਮ ਕਰ ਰਹੇ ਸਿੱਖਾਂ ਵਿਚੋਂ 90% ਬ੍ਰਿਟਿਸ਼ ਫ਼ੌਜ ਵਾਸਤੇ ਲੜ ਚੁਕੇ ਸਾਬਕਾ ਫ਼ੌਜੀ ਹੀ ਸਨ। ਚੀਨ ਦੇ ਬਕਸਰ ਐਕਸ਼ਨ ਵਿਚ ਬ੍ਰਿਟਿਸ਼ ਫ਼ੌਜ ਦੀਆਂ 18 ਕੰਪਨੀਆਂ ਭੇਜੀਆਂ ਗਈਆਂ ਸਨ ਤੇ ਇਨ੍ਹਾਂ ਵਿਚੋਂ 16 ਸਿੱਖਾਂ ਦੀਆਂ ਸਨ। ਯਾਨਿ ਜਿਨ੍ਹਾਂ ਸਿੱਖਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ ਉਨ੍ਹਾਂ ’ਤੇ ਪਾਬੰਦੀਆਂ ਤੇ ਜਿਨ੍ਹਾਂ ਨੇ ਅੰਗਰੇਜ਼ਾਂ ਦੇਖ਼ਿਲਾਫ਼ ਜੰਗ ਲੜੀ ਸੀ ਉਨ੍ਹਾਂ ਨੂੰ ਕਨੇਡਾ ਆਉਣ ਦੀ ਖੁਲ੍ਹ। ਅਜੀਬ ਇਨਸਾਫ਼ ਸੀ ਗੋਰਿਆਂ ਦਾ!

ਸਿੱਖਾਂ ਤੇ ਹੋਰ ਪੰਜਾਬੀਆਂ ਨੇ ਇਸ ਦੇ ਖ਼ਿਲਾਫ਼ ਜੱਦੋਜਹਿਦ ਕਰਨ ਦਾ ਫ਼ੈਸਲਾ ਕੀਤਾ। ਪਰ ਇਸ ਜੱਦੋਜਹਿਦ ਵਾਸਤੇ, ਸਾਰੀ ਦੀ ਸਾਰੀ ਲੜਾਈ, ਸਿੱਖਾਂ ਨੇ, ਸਿੱਖ ਜਥੇਬੰਦੀਆਂ ਨੇ ਅਤੇ ਗੁਰਦੁਆਰਿਆਂ ਨੇ ਕੀਤੀ। ਖਾਲਸਾ ਦੀਵਾਨ ਸੁਸਾਇਟੀ (ਕੈਨੇਡਾ) ਦੀ ਸਰਪ੍ਰਸਤੀ ਹੇਠ ਭਾਈ ਤੇਜਾ ਸਿੰਘ, ਡਾ: ਸੁੰਦਰ ਸਿੰਘ, ਰਾਜਾ ਸਿੰਘ ਬਾੜੀਆਂ ਤੇ ਹੋਰਨਾਂ ਨੇ ਚੋਖੀ ਮਿਹਨਤ ਕੀਤੀ। ਪੰਜਾਬ ਵਿਚ ਵੀ ਖਾਲਸਾ ਸਭਾ ਪੂਹਲਾ (ਲਾਹੌਰ) ਨੇ 23 ਜੂਨ 1912 ਨੂੰ ਕੈਨੇਡਾ ਸਰਕਾਰ ਦੇ ਸਿੱਖਾਂ ਨਾਲ ਧੱਕੇ ਦੇ ਖ਼ਿਲਾਫ਼ ਰੋਸ ਮਤਾ ਪਾਸ ਕੀਤਾ। ਗਵਾਲੀਅਰ ਤੇ ਸ਼ਿਮਲਾ ਦੀਆਂ ਸਿੰਘ ਸਭਾਵਾਂ ਨੇ ਵੀ ਅਜਿਹੇ ਮਤੇ ਪਾਸ ਕੀਤੇ। ਲਾਇਲਪੁਰ ਦੇ ਸੰਤ ਸਿੰਘ ਨੇ ਵੀ ਇਸ ਜੱਦੋਜਹਿਦ ਵਿਚ ਹਿੱਸਾ ਪਾਇਆ। ਜਨਵਰੀ 1913 ਵਿਚ ਕੈਲੇਫ਼ੋਰਨੀਆ ਤੋਂ ਬਾਬਾ ਜਵਾਲਾ ਸਿੰਘ, ਖਾਲਸਾ ਦੀਵਾਨ ਸੁਸਾਇਟੀ (ਕੈਨੇਡਾ) ਦੇ ਸੱਦੇ ਤੇ ਉਥੇ ਗਏ। ਫ਼ੈਸਲਾ ਹੋਇਆ ਕਿ ਜਵਾਲਾ ਸਿੰਘ, ਨੰਦ ਸਿੰਘ (ਅਮਰੀਕਾ), ਬਲਵੰਤ ਸਿੰਘ (ਗਰੰਥੀ) ਤੇ ਨਰਾਇਣ ਸਿੰਘ ਫ਼ਿਲੌਰ (ਮੀਤ ਗਰੰਥੀ) ਕੈਨੇਡਾ ਤੋਂ ਡੈਪੂਟੇਸ਼ਨ ਲੈ ਕੇ ਇੰਗਲੈਂਡ ਜਾਣ। ਨੰਦ ਸਿੰਘ (ਅਮਰੀਕਾ), ਬਲਵੰਤ ਸਿੰਘ (ਗਰੰਥੀ) ਤੇ ਨਰਾਇਣ ਸਿੰਘ 14 ਮਾਰਚ 1913 ਨੂੰ ਇੰਗਲੈਂਡ ਵੀ ਗਏ ਪਰ ਕੋਈ ਸੁਣਵਾਈ ਨਾ ਹੋਈ। ਫਿਰ ਇਹ ਪੰਜਾਬ ਦੇ ਗਵਰਨਰ ਨੂੰ ਮਿਲਣ ਵਾਸਤੇ ਸ਼ਿਮਲੇ ਵੀ ਆਏ। ਗਵਰਨਰ ਪੰਜਾਬ ਨਾਲ ਮੁਲਾਕਾਤ ਵੇਲੇ ਭਾਈ ਬਲਵੰਤ ਸਿੰਘ ਨੇ ਉਸ (ਗਵਰਨਰ) ਨੂੰ ਜ਼ਿਆਦਾ ਹੀ ਬੁਰਾ ਭਲਾ ਆਖ ਦਿੱਤਾ। ਇਸ ਨਾਲ ਗੱਲਬਾਤ ਸਿਰੇ ਨਾ ਚੜ੍ਹ ਸਕੀ। ਇਸ ਮਗਰੋਂ ਸ਼ਿਮਲਾ ਵਿਚ ਸਿੱਖਾਂ ਨੇ ਇਕ ਜਲਸਾ ਵੀ ਕੀਤਾ। ਇਸ ਵਿਚ ਸੁੰਦਰ ਸਿੰਘ ਮਜੀਠਾ ਵੀ ਬੋਲਿਆ। ਪਰ ਅੰਗਰੇਜ਼ਾਂ ’ਤੇ ਕੋਈ ਅਸਰ ਨਾ ਹੋਇਆ। ਡੈਪੂਟੇਸ਼ਨ ਨਿਰਾਸ ਹੋ ਕੇ ਵਾਪਿਸ ਚਲਾ ਗਿਆ ਤੇ ਉੱਥੇ ਜਾ ਕੇ ਐਜੀਟੇਸ਼ਨ ਕਰਨ ਦਾ ਫ਼ੈਸਲਾ ਕੀਤਾ।

ਇਸ ਸਾਰੀ ਕਾਰਵਾਈ ਵਿਚ ਸਿਰਫ਼ ਤੇ ਸਿਰਫ਼ ਸਿੱਖ ਹੀ ਸਨ ਕਿਤੇ ਵੀ ਕੋਈ ਹਿੰਦੂ ਨਜ਼ਰ ਨਹੀਂ ਸੀ ਆਉਂਦਾ। ਇਸ ਸਾਰੀ ਜੱਦੋਜਹਿਦ ਦਾ ਵੱਡਾ ਸੈਂਟਰ ਵੈਨਕੂਵਰ ਦਾ ਗੁਰਦੁਆਰਾ ਸੀ। ਉਂਞ ਹਾਂਗਕਾਂਗ, ਸਿੰਘਾਪੁਰ, ਚੀਨ ਵਿਚ ਵੀ ਇਸ ਸੋਚ ਦੇ ਲੋਕ ਕਾਰਵਾਈਆਂ ਕਰ ਰਹੇ ਸਨ। ਅੰਗਰੇਜ਼ੀ ਸਰਕਾਰ ਦੀਆਂ 1914 ਦੀਆਂ ਖ਼ੁਫ਼ੀਆ ਫ਼ਾਈਲਾਂ ਮੁਤਾਬਿਕ ਕੈਨੇਡਾ ਦੇ ਸਿੱਖਾਂ ਦਾ ਮਸਲਾ ਸਿਰਫ਼ ਮੁਕਾਮੀ ਨਹੀਂ ਸੀ। ਇਸ ਦੇ ਪਿੱਛੇ ਇਕ ਪੂਰੀ ਦੀ ਪੂਰੀ ਅਣਐਲਾਨੀ ਬਾਗ਼ੀਆਨਾ, ਪਰ ਖ਼ੁਫ਼ੀਆ, ਲਹਿਰ ਚੱਲ ਰਹੀ ਸੀ।

ਅੰਗਰੇਜ਼ਾਂ ਨੇ ਇਕ ਜਪਾਨੀ, ਜਿਸ ਦਾ ਨਾਂ ‘ਹਸਨ ਹਤਾਨੋ’ ਸੀ, ਨੂੰ ਸਿੱਖਾਂ ਵਿਚ ਜਾਸੂਸੀ ਕਰਨ ਵਾਸਤੇ ਛੱਡਿਆ ਹੋਇਆ ਸੀ। ਇਕ ਪਾਸੇ ਤਾਂ ਉਹ ਸਿੱਖਾਂ ਨੂੰ ਉਨ੍ਹਾਂ ਦੇ ਪੈਂਫ਼ਲਿਟ ਤੇ ਹੋਰ ਸਮੱਗਰੀ ਜਪਾਨੀ ਵਿਚ ਤਰਜਮਾ ਕਰ ਕੇ ਦਿਆ ਕਰਦਾ ਸੀ ਤੇ ਉਨ੍ਹਾਂ ਵਿਚ ‘ਸਿੱਖਾਂ ਦਾ ਦੋਸਤ’ ਬਣ ਕੇ ਰਹਿੰਦਾ ਸੀ ਤੇ ਦੂਜੇ ਪਾਸੇ ਉਹ ਸਾਰੀ ਰਿਪੋਰਟ ਵੀ ਅੰਗਰੇਜ਼ਾਂ ਨੂੰ ਦੇ ਦਿਆ ਕਰਦਾ ਸੀ। 1914 ਵਿਚ ਉਸ ਨੇ ਅੰਗਰੇਜ਼ਾਂ ਤੋਂ 200 ਯੇਨ (ਜਪਾਨੀ ਕਰੰਸੀ) ਰਿਸ਼ਵਤ ਲੈ ਕੇ ਦੱਸਿਆ ਕਿ ਸਿੱਖ ਬਾਗ਼ੀਆਂ ਦੇ ਪ੍ਰਾਪੇਗੰਡੇ ਦੇ ਤਿੰਨ ਮੁਖ ਰਿੰਗ ਲੀਡਰ ਹਨ: (1) ਸ. ਈਸ਼ਰ ਸਿੰਘ ਠੇਕੇਦਾਰ, ਜੋਹੋਰ, ਮਲਾਇਆ (ਮਲੇਸ਼ੀਆ) (2) ਡਾਕਟਰ ਠਾਕਰ ਸਿੰਘ ਇਕੋਲਾਹਾ (ਕਾਂਟਨ-ਕੌਲੂਨ ਰੇਲਵੇ, ਕਾਂਟਨ, ਚੀਨ), (3) ਸੈਕਟਰੀ ਸਿੱਖ ਟੈਂਪਲ (1866 ਸੈਕੰਡ ਐਵੇਨਿੳ ਵੈਨਕੂਵਰ, ਕੈਨੇਡਾ)। ਹਸਨ ਹਤਾਨੋ ਨੇ 500 ਸਿੱਖ ਵਰਕਰਾਂ ਦੇ ਐਡਰੈਸ ਵੀ ਚੋਰੀ ਕਰ ਕੇ ਅੰਗਰੇਜ਼ਾਂ ਨੂੰ ਵੇਚੇ ਸਨ {ਹੋਮ-ਪੁਲੀਟੀਕਲ ਫ਼ਾਈਲਾਂ, ਅਗਸਤ 1914 ਫਾਈਲ ਨੰ: 7-16, ਬ੍ਰਿਟਿਸ਼ ਲਾਇਬਰੇਰੀ, ਕਾਮਨਵੈਲਥ ਰਿਕਾਰਡਜ਼ ਲੰਡਨ ਤੇ ਨੈਸ਼ਨਲ ਆਰਕਾਈਵਜ਼ ਦਿੱਲੀ}। ਇਸੇ ਤਰ੍ਹਾਂ ਅਮਰੀਕਾ ਵਿਚ ਸਿਆਟਲ ਵਿਚ ਇਸ ਲਹਿਰ ਦੇ ਵੱਡੇ ਥੰਮ ਸੋਹਨ ਸਿੰਘ ਭਕਨਾ, ਊਧਮ ਸਿੰਘ ਕਸੇਲ ਅਤੇ ਹਰਨਾਮ ਸਿੰਘ ਸਨ।

ਅੰਗਰੇਜ਼ੀ ਸਰਕਾਰ ਦੀਆਂ ਖ਼ੁਫ਼ੀਆ ਰਿਪੋਰਟਾਂ ਮੁਤਾਬਿਕ ਇਹ ਲਹਿਰ ਸਿੱਖਾਂ ਵਲੋਂ ਆਪਣੀ ਗੁਆਚੀ ਖ਼ੁਦਮੁਖ਼ਤਿਆਰੀ ਹਾਸਿਲ ਕਰਨ ਦੀ ਖਾਹਿਸ਼ ਦਾ ਨਤੀਜਾ ਸੀ ਤੇ ਇਸ ਦੇ ਵੱਡੇ ਕਾਰਕੁੰਨ ਤੇ ਪੈਸੇ ਦੇਣ ਵਾਲੇ ਸਾਰੇ ਦੇ ਸਾਰੇ ਸਿੱਖ ਹੀ ਸਨ। ਗ਼ੈਰ-ਸਿੱਖ, ਯਾਨੀ ਹਰਦਿਆਲ, ਪਰਮਾਨੰਦ ਵਗੈਰਾ, ਨੇ ਤਾਂ ਪੜ੍ਹੇ-ਲਿਖੇ ਹੋਣ ਕਰ ਕੇ ਸਿੱਖਾਂ ਨੂੰ ਗੱਲਾਂ ਵਿਚ ਭਰਮਾ ਕੇ, ਇਸ ਲਹਿਰ ਦੀ ਲੀਡਰਸ਼ਿਪ ਤੇ ਕਬਜ਼ਾ ਕਰ ਲਿਆ ਸੀ। (ਮਗਰੋਂ ਇਹਨਾਂ ਦੋਹਾਂ, ਹਰਦਿਆਲ ਤੇ ਪਰਮਾਨੰਦ, ਨੇ ਅੰਗਰੇਜ਼ ਸਰਕਾਰ ਤੋਂ ਮੁਆਫ਼ੀਆਂ ਮੰਗ ਲਈਆਂ ਸਨ)। ਪਰ ਦੂਜੇ ਪਾਸੇ ਸਿੱਖਾਂ ਨੂੰ ਸ਼ਹੀਦੀਆਂ, ਜੇਲ੍ਹਾਂ ਤੇ ਜੁਰਮਾਨਿਆਂ ਦੇ ਇਨਾਮ ਮਿਲੇ ਸਨ।

ਗ਼ਦਰ ਪਾਰਟੀ ਦਾ ਬਣਨਾ

ਅਮਰੀਕਾ, ਕੈਨੇਡਾ, ਚੀਨ, ਹਾਂਗਕਾਂਗ, ਸਿੰਘਾਪੁਰ ਵਗੈਰਾ ਵਿਚ ਬੈਠੇ ਮੁਲਕ-ਦਰਦੀ ਸਿੰਘਾਂ ਦੀ ਅਜ਼ਾਦੀ ਦੀ ਤਹਿਰੀਕ ਜਦੋਂ ਬੁਲੰਦੀਆਂ ਵਲ ਵਧਣ ਲੱਗੀ ਤਾਂ ਹਰਦਿਆਲ ਵਰਗਿਆਂ ਨੇ ਇਸ ਤਹਿਰੀਕ ਦੀ “ਹਾਈਜੈਕਿੰਗ” ਕਰਨ ਦੀ ਸਾਜ਼ਿਸ਼ ਘੜੀ। ਇਸ ਸਾਜ਼ਿਸ਼ ਦਾ ਸਭ ਤੋਂ ਪਹਿਲਾ ਹਿੱਸਾ ਸੀ ਭੋਲੇ ਭਾਲੇ ਸਿੱਖਾਂ ਨੂੰ ਪੰਜਾਬ ਦੀ ਜਗਹ ਹਿੰਦੂਸਤਾਨ ਦੀ ਆਜ਼ਾਦੀ ਵਾਸਤੇ ਉਕਸਾਉਣਾ। ਇਸ ਸੋਚ ਨਾਲ, ਹਰਦਿਆਲ ਵਰਗਿਆਂ ਨੇ, 31 ਮਾਰਚ 1913 ਨੂੰ, ਬਰਾਈਡਲ ਵੇਲ (ਓਰੇਗਾਨ), ਅਮਰੀਕਾ ਵਿਚ ਹੋਈ ਇਕ ਬੈਠਕ ਕਰ ਕੇ ‘ਹਿੰਦੀ ਐਸੋਸੀਏਸ਼ਨ’ ਬਣਾ ਕੇ ਉਸ ਵਿਚ ਚਾਰ ਕੁ ਸਿੱਖਾਂ ਨੂੰ ਅਹੁਦਿਆਂ ਦੀ ਮਿਸ਼ਰੀ ਚਖਾ ਦਿੱਤੀ। ਪਰ ਇਸ ਦੀ ਅਸਲ ਲੀਡਰਸ਼ਿਪ ਹਰਦਿਆਲ ਕੋਲ ਹੀ ਰਹੀ। ਇਸ ਜਮਾਤ ਵੱਲੋਂ ਪਹਿਲੀ ਨਵੰਬਰ 1913 ਨੂੰ ‘ਗ਼ਦਰ’ ਨਾਂ ਦਾ ਪਰਚਾ ਵੀ ਜਾਰੀ ਕਰ ਦਿੱਤਾ ਗਿਆ।

ਛੇਤੀ ਹੀ ਇਸ ਦੀਆਂ ਬਰਾਂਚਾਂ ਸ਼ਿੰਘਾਈ (ਸੁੰਦਰ ਸਿੰਘ, ਡਾ: ਮਥਰਾ ਸਿੰਘ, ਵਿਸਾਖਾ ਸਿੰਘ ਦਦੇਹਰ ਤੇ ਸੱਜਣ ਸਿੰਘ ਦੀ ਅਗਵਾਈ ਹੇਠ), ਹਾਂਗਕਾਂਗ (ਡਾ: ਠਾਕਰ ਸਿੰਘ ਇਕੋਲਾਹਾ ਦੀ ਅਗਵਾਈ ਹੇਠ ਤੇ ਬਾਅਦ ਵਿਚ ਗਿਆਨੀ ਭਗਵਾਨ ਸਿੰਘ ਦੀ ਅਗਵਾਈ ਹੇਠ, ਤੇ ਮਗਰੋਂ ਭਾਈ ਹਰਨਾਮ ਸਿੰਘ ਤੇ ਭਾਈ ਬਿਸ਼ਨ ਸਿੰਘ ਵੀ), ਫ਼ਿਲਪਾਈਨਜ਼, ਸਿਆਮ (ਥਾਈਲੈਂਡ), ਪਨਾਮਾ ਅਤੇ ਹੋਰ ਕਈ ਮੁਲਕਾਂ ਵਿਚ ਵੀ ਕਾਇਮ ਹੋ ਗਈਆਂ। ਉਪਰ ਲਿਖੇ ਆਗੂਆਂ ਤੋਂ ਇਲਾਵਾ ਸੋਹਣ ਸਿੰਘ ਭਕਨਾ, ਹਰਨਾਮ ਸਿੰਘ ਕਾਲਾ ਸੰਘਾ, ਹਰਨਾਮ ਸਿੰਘ ਟੁੰਡੀਲਾਟ, ਕਰਤਾਰ ਸਿੰਘ ਲਟਾਲਾ, ਨਿਧਾਨ ਸਿੰਘ ਚੁੱਘਾ, ਜਵਾਲਾ ਸਿੰਘ ਠੱਠੀਆਂ, ਸੰਤੋਖ ਸਿੰਘ ਵਗ਼ੈਰਾ ਵੀ ਇਸ ਤਹਿਰੀਕ ਵਿਚ ਸ਼ਾਮਿਲ ਸਨ।

ਗ਼ਦਰ ਪਾਰਟੀ ਨੇ ਪਲਾਨਿੰਗ ਤਿਆਰ ਕੀਤੀ ਕਿ ਅੰਗਰੇਜ਼ਾਂ ਨੂੰ ਪੜਾਅ-ਵਾਰ ਪਿਛਾੜ ਕੇ ਮੁਲਕ ਅਜ਼ਾਦ ਕਰਵਾਇਆ ਜਾਏ। ਇਸ ਮਕਸਦ ਵਾਸਤੇ ਇਕ ਲੰਮੀ ਪਲਾਨ ਤਿਆਰ ਕੀਤੀ ਗਈ। ਪਲਾਨ ਮੁਤਾਬਿਕ ਸਭ ਤੋਂ ਪਹਿਲਾਂ ਅੰਗਰੇਜ਼ਾਂ ਤੋਂ ਪੰਜਾਬ ਨੂੰ ਅਜ਼ਾਦ ਕਰਾਇਆ ਜਾਣਾ ਸੀ ਤੇ ਇਹ ਸਾਰਾ ਘੋਲ ਹਥਿਆਰਬੰਦ ਹੋਣਾ ਸੀ। ਪੰਜਾਬ ਤੋਂ ਬਾਅਦ ਕਸ਼ਮੀਰ ਤੇ ਫਿਰ ਸੈਂਟਰਲ ਇੰਡੀਆ ਵਲ ਕੂਚ ਕੀਤਾ ਜਾਣਾ ਸੀ।

ਗ਼ਦਰ ਦੀ ਪਲਾਨਿੰਗ

ਭਾਵੇਂ ਇਸ ਪਲਾਨਿੰਗ ਦਾ ਪੂਰੇ ਦਾ ਪੂਰਾ ਖਰੜਾ ਤਾਂ ਨਹੀਂ ਮਿਲਦਾ; ਪਰ ਅੰਗਰੇਜ਼ਾਂ ਦੀਆਂ ਖ਼ੁਫ਼ੀਆਂ ਫ਼ਾਈਲਾਂ ਵਿਚ ਪਏ ਹੋਏ ਇਕ ਖ਼ਤ ਤੋਂ ਇਸ ਦਾ ਇਕ ਹਿੱਸਾ ਮਿਲ ਜਾਂਦਾ ਹੈ। ਇਹ ਖਤ ਕਾਂਟਨ (ਚੀਨ) ਤੋਂ ਡਾ: ਠਾਕਰ ਸਿੰਘ ਇਕੋਲਾਹਾ ਨੇ 17 ਨਵੰਬਰ 1914 ਨੂੰ ਗਿਆਨੀ ਭਗਵਾਨ ਸਿੰਘ ਨੂੰ ਲਿਖਿਆ ਸੀ, ਜਿਹੜਾ ਹਾਂਗਕਾਂਗ ਵਿਚ ਸੈਂਸਰ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ (ਨਤੀਜੇ ਵਜੋਂ ਡਾ: ਠਾਕਰ ਸਿੰਘ ਗ੍ਰਿਫ਼ਤਾਰ ਹੋ ਗਿਆ ਅਤੇ 4 ਸਾਲ ਜੇਲ੍ਹ ਵਾਸੀ ਬਣਿਆ ਰਿਹਾ)। ਇਸ ਖ਼ਤ ਮੁਤਾਬਿਕ ਜਨਵਰੀ 1915 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਦਿਨ ’ਤੇ ਪੰਜਾਬ ਵਿਚ ਸਾਰੇ ਪਾਸੇ ਹਥਿਆਰਬੰਦ ਗ਼ਦਰੀ ਆਪੋ ਆਪਣੀਆਂ ਤਹਿਸੀਲਾਂ, ਥਾਣਿਆਂ ਤੇ ਜ਼ਿਲਿਆਂ ਵਿਚ ਅੰਗਰੇਜ਼ਾਂ ਨੂੰ ਕਤਲ ਕਰ ਕੇ ਇਨਕਲਾਬੀ ਸੇਵਾਦਾਰਾਂ ਨੂੰ ਤਾਇਨਾਤ ਕਰ ਦੇਣਗੇ। ਫ਼ੌਜ ਵਿਚ ਪਹਿਲੋਂ ਹੀ ਤਿਆਰੀ ਹੋ ਚੁੱਕੀ ਹੋਵੇਗੀ। ਇਸ ਤਰ੍ਹਾਂ ਚੁੱਪਚਾਪ ਪੰਜਾਬ ’ਤੇ ਕਬਜ਼ਾ ਹੋ ਜਾਵੇਗਾ। ਉਸ ਵੇਲੇ ਅੰਗਰੇਜ਼ੀ ਫ਼ੌਜ ਜਰਮਨੀ ਨਾਲ ਜੰਗ ਵਿਚ ਰੁੱਝੀ ਹੋਣ ਕਰ ਕੇ ਬਹੁਤੀ ਹਿਲਜੁਲ ਨਹੀਂ ਕਰ ਸਕੇਗੀ। ਇਹ ਸਾਰੀ ਕਾਰਵਾਈ ਇਕੋ ਦਿਨ ਇਕੋ ਵੇਲੇ ਸਾਰੇ ਪੰਜਾਬ ਵਿਚ ਸ਼ੁਰੂ ਹੋਣੀ ਸੀ। ਖ਼ਤ ਮੁਤਾਬਿਕ ਲੁਧਿਆਣਾ ਜ਼ਿਲੇ ਦਾ ਚਾਰਜ ਡਾ. ਠਾਕਰ ਸਿੰਘ ਇਕੋਲਾਹਾ ਨੇ ਲਿਆ ਹੋਇਆ ਸੀ। {ਸੀ.ਆਈ.ਡੀ. ਦੇ ਡਾਇਰੈਕਟਰ ਦੀ ਵੀਕਲੀ ਰਿਪੋਰਟ 15-6-1915, ਹੋਮ ਪੁਲੀਟੀਕਲ ਫ਼ਾਈਲ ਨੰਬਰ 549-552, ਨੈਸ਼ਨਲ ਆਰਕਾਈਜ਼ ਦਿੱਲੀ}।

ਪਰ ਹਰਦਿਆਲ ਵਰਗੇ ਹਿੰਦੂ ਆਗੂਆਂ ਨੂੰ ਇਹ ਮਨਜ਼ੂਰ ਨਹੀਂ ਸੀ। ਹਰਦਿਆਲ ਤੇ ਗਦਰ ਲਹਿਰ ਦੀ ਲੀਡਰਸ਼ਿਪ ਦੇ ਹੋਰ ਹਿੰਦੂ ਆਗੂ ਇਹ ਨਹੀਂ ਸੀ ਚਾਹੁੰਦੇ ਕਿ ਪਹਿਲੋਂ ਪੰਜਾਬ ਅਜ਼ਾਦ ਹੋ ਜਾਵੇ। ਉਹ ਸਿੱਖਾਂ (ਤੇ ਮੁਸਲਮਾਨਾਂ) ਨੂੰ ਹਕੂਮਤ ਦੇਣ ਲਈ ਤਿਆਰ ਨਹੀਂ ਸਨ। ਸੋ ਉਨ੍ਹਾਂ ਨੇ ਇਸ ਗ਼ਦਰ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਘੜੀ। ਇਨ੍ਹਾਂ ਨੇ ਸਿੱਖ ਜੁਝਾਰੂ ਗ਼ਦਰੀਆਂ ਨੂੰ ਭਰਮਾਇਆ ਕਿ ਪਹਿਲਾਂ ਇਕ ਨੁਕਰ ਤੋਂ ਸ਼ੁਰੂ ਕੀਤਾ ਜਾਵੇ, ਯਾਨੀ ਫ਼ਰੰਟੀਅਰ ਸੂਬਾ ਤੇ ਕਸ਼ਮੀਰ ਨੂੰ ਆਜ਼ਾਦ ਕਰਾਇਆ ਜਾਵੇ। ਹੈਰਾਨੀ ਵਾਲੀ ਗੱਲ ਇਹ ਸੀ ਕਿ ਇਸ ਲਹਿਰ ਵਿਚ ਉਪਰਲੇ ਦੋਹਾਂ ਸੂਬਿਆਂ ਦਾ ਕੋਈ ਵੀ ਬੰਦਾ ਸ਼ਾਮਿਲ ਨਹੀਂ ਸੀ ਅਤੇ ਦੂਜੇ ਪਾਸੇ 90 ਫ਼ੀਸਦੀ ਸਿੱਖ ਇਸ ਤਹਿਰੀਕ ’ਚ ਜੂਝ ਰਹੇ ਸਨ। ਇਸ ਸਾਜ਼ਿਸ਼ ਦਾ ਮਤਲਬ ਸਾਫ਼ ਸੀ ਕਿ ਗਦਰ ਲਹਿਰ ਨੂੰ ਤਾਰਪੀਡੋ ਕਰ ਦਿੱਤਾ ਜਾਏ। ਇਹ ਸਾਜ਼ਿਸ਼ ਬਿਲਕੁਲ 1907 ਵਾਂਗ ਹੀ ਸੀ ਜਦੋਂ ਅਜੀਤ ਸਿੰਘ ਤੇ ਲਾਜਪਤ ਰਾਏ ਨੇ ਕਿਰਸਾਨੀ ਲਹਿਰ ਦੀ ਅਗਵਾਈ ਸੰਭਾਲੀ ਤੇ ਲਾਜਪਤ ਰਾਏ ਮਗਰੋਂ ਮੁਆਫੀ ਮੰਗ ਕੇ ਘਰ ਬੈਠ ਗਿਆ ਪਰ ਅਜੀਤ ਸਿੰਘ 1947 ਤੱਕ ਜਲਾਵਤਨ ਰਿਹਾ ਤੇ 40 ਸਾਲ ਸਰਜ਼ਮੀਂ ਤੇ ਪੈਰ ਨਾ ਰੱਖ ਸਕਿਆ। ਸੋ ਇਸ ਹਰਕਤ ਨਾਲ ਹੀ ਗਦਰ ਲਹਿਰ ਦੀ ਨਾਕਾਮਯਾਬੀ ਦਾ ਮੁੱਢ ਬੱਝ ਜਾਂਦਾ ਹੈ।

ਕਾਮਾਗਾਟਾਮਾਰੂ ਜਹਾਜ਼

ਗਦਰ ਪਾਰਟੀ ਵਲੋਂ ਇਨਕਲਾਬੀ ਐਕਸ਼ਨ 1924-25 ਵਿਚ ਕਰਨ ਵਾਸਤੇ ਤਿਆਰੀ ਕੀਤੀ ਜਾ ਰਹੀ ਸੀ, ਪਰ ਜੰਗ ਸ਼ੁਰੂ ਹੋ ਜਾਣ ਦੀ ਵਜਾਹ ਕਰ ਕੇ ਇਸ ਦੀ ਤਾਰੀਖ ਅਗਾਊਂ ਕਰ ਕੇ 1917 ’ਤੇ ਲੈ ਆਂਦੀ ਗਈ। ਇਸ ਵਿਚਕਾਰ ਹੀ ਕਾਮਾਗਾਟਾਮਾਰੂ ਜਹਾਜ਼ ਵਾਲੀ ਘਟਨਾ ਹੋ ਗਈ। ਉਨ੍ਹਾਂ ਦਿਨਾਂ ਵਿਚ ਕਨੇਡਾ ਸਰਕਾਰ ਨੇ ਇਕ ਨਵਾਂ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ਼ ਸਿੱਧੇ ਕਨੇਡਾ ਪੁੱਜਣ ਵਾਲੇ ਮੁਸਾਫ਼ਿਰਾਂ ਨੂੰ ਹੀ ਕਨੇਡਾ ਵਿਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ। ਇਸ ਮਸਲੇ ਨੂੰ ਹੱਲ ਕਰਨ ਵਾਸਤੇ ਗੁਰਦਿਤ ਸਿੰਘ ਸਰਹਾਲੀ (ਅੰਮ੍ਰਿਤਸਰ) ਨੇ ਇਕ ਜਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਦਰਅਸਲ ਇਸ ਦਾ ਨਾਂ ਕੌਮਾਗਟਾ ਮਰੂ ਸੀ)ਕਿਰਾਏ ’ਤੇ ਲੈ ਲਿਆ ਤਾਂ ਜੋ ਕਾਨੂੰਨੀ ਅੜਿੱਚਣ ਨੂੰ ਦੂਰ ਕੀਤਾ ਜਾ ਸਕੇ। ਇਹ ਜਹਾਜ਼ 29 ਮਾਰਚ 1914 ਨੂੰ ਸਿੱਧੇ ਕੈਨੇਡਾ ਪਹੁੰਚਣਾ ਸੀ। ਪਰ ਰਸਤੇ ਵਿਚ ਦੇਰ ਹੋਣ ਕਾਰਨ ਇਹ ਜਹਾਜ਼ 22 ਮਈ 1914 ਨੂੰ ਵੈਨਕੂਵਰ ਪਹੁੰਚਿਆ। ਕੈਨੇਡਾ ਦੇ ਨਸਲੀ ਹਾਕਮਾਂ ਨੇ ਇੰਞ ਸਿੱਧੇ ਪੁੱਜੇ ਮੁਸਾਫ਼ਿਰਾਂ ਨੂੰ ਵੀ ਉਤਰਨ ਦੀ ਇਜ਼ਾਜ਼ਤ ਨਾ ਦਿੱਤੀ। ਕਾਫ਼ੀ ਲੰਬੀ ਜਦੋਜਹਿਦ ਮਗਰੋਂ ਵੀ ਜਦੋਂ ਇਜ਼ਾਜ਼ਤ ਨਾ ਮਿਲੀ ਤਾਂ ਸਿੱਖ ਵੀ ਡਟ ਗਏ। ਕੈਨੇਡਾ ਦੇ ਹਾਕਮਾਂ ਨੇ ਜਹਾਜ਼ ’ਤੇ ਫਾਇਰਿੰਗ ਕਰਨ ਦੀ ਧਮਕੀ ਦਿੱਤੀ। ਇਸ ਦੇ ਜਵਾਬ ਵਿਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਵੈਨਕੂਵਰ ਦੇ ਗੁਰਦੁਆਰੇ ਵਿਚ ਇਕ ਇਕੱਠ ਕੀਤਾ ਤੇ ਮਤਾ ਪਾਸ ਕੀਤਾ ਕਿ ਜੇ ਕਰ ਜਹਾਜ਼ ’ਤੇ ਗੋਲੀ ਚਲਾਈ ਗਈ ਤਾਂ ਸਿੱਖ ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਣਗੇ।

ਸਿੱਖਾਂ ਦੇ ਇਸ ਐਲਾਨਨਾਮੇ ’ਤੇ ਸਰਕਾਰ ਡਰ ਗਈ। ਹੁਣ ਸਰਕਾਰ ਨੇ ਸਿੱਖ ਆਗੂਆਂ ਨਾਲ ਮੁੜ ਕੇ ਗੱਲਬਾਤ ਕੀਤੀ। ਜਹਾਜ਼ ਵਿਚਲੇ ਸਿੱਖ ਵੀ ਇਕ ਹੋਰ ਨਵੇਂ ਬਣੇ ਕਾਨੂੰਨ ਦੀ ਚਾਲਾਕੀ ਦੇ ਖ਼ਿਲਾਫ਼ ਟੱਕਰ ਲੈਣ ਦੀ ਬਜਾਏ ਵਾਪਿਸ ਪੰਜਾਬ ਮੁੜਨ ਵਾਸਤੇ ਰਾਜ਼ੀ ਹੋ ਗਏ। ਕਨੇਡਾ ਸਰਕਾਰ ਨੇ ਵੀ ਜਹਾਜ਼ ਨੂੰ ਤੇਲ ਤੇ ਖਾਣ ਪੀਣ ਦਾ ਸਮਾਨ ਲੈਣ ਦੀ ਇਜ਼ਾਜ਼ਤ ਦੇ ਦਿੱਤੀ। ਅਖ਼ੀਰ 23 ਜੁਲਾਈ ਨੂੰ ਜਹਾਜ਼ ਕਲਕੱਤੇ ਨੂੰ ਵਾਪਿਸ ਮੁੜ ਪਿਆ। ਦੋ ਮਹੀਨੇ ਦੇ ਸਫ਼ਰ ਮਗਰੋਂ ਜਹਾਜ਼ 26 ਸਤੰਬਰ 1914 ਨੂੰ ਕਿਲਪੀ ਪਹੁੰਚਿਆ। ਉੱਥੇ ਇਸ ਦੀ ਪੂਰੀ ਤਲਾਸ਼ੀ ਲਈ ਗਈ। 29 ਸਤੰਬਰ ਨੂੰ ਜਹਾਜ਼ ਕਲਕੱਤਾ ਨੇੜੇ ਬਜਬਜ ਘਾਟ ਵਿਖੇ ਪੁੱਜਿਆ।
ਇੱਥੇ ਇਹ ਜ਼ਿਕਰ ਕਰ ਦੇਣਾ ਜ਼ਰੂਰੀ ਹੈ ਕਿ ਜਦੋਂ ਜਹਾਜ਼ ਕੈਨੇਡਾ ਤੋਂ ਕਲਕੱਤਾ ਦੇ ਰਾਹ ਵਿਚ ਹੀ ਸੀ ਤਾਂ ਅੰਗਰੇਜ਼ ਸਰਕਾਰ ਨੇ ਦੋ ਨਵੇਂ ਆਰਡੀਨੈਂਸ ਜਾਰੀ ਕਰ ਦਿੱਤੇ ਸਨ। ਪਹਿਲਾ ਆਰਡੀਨੈਂਸ ‘ਗੈਰ ਮੁਲਕੀ ਆਰਡੀਨੈਂਸ’ 29 ਅਗਸਤ 1914 ਨੂੰ ਜਾਰੀ ਹੋਇਆ ਸੀ ਤੇ ਦੂਜਾ ‘ਇਨਗਰੈੱਸ ਇੰਟੂ ਇੰਡੀਆ ਆਰਡੀਨੈਂਸ’ ਕੁਝ ਦਿਨ ਮਗਰੋਂ। ਇਨ੍ਹਾਂ ਦੋਹਾਂ ਆਰਡੀਨੈਂਸਜ਼ ਹੇਠ ਭਾਰਤ ਵਿਚ ਦਾਖ਼ਿਲ ਹੋਣ ਵਾਲੇ ਕਿਸੇ ਵੀ ਸ਼ਖਸ਼ ਨੂੰ ਬਿਨਾਂ ਵਜਹ ਦੱਸੇ ਹਿਰਾਸਤ ਵਿਚ ਲਿਆ ਜਾ ਸਕਦਾ ਸੀ।

ਬਜਬਜ ਘਾਟ ਦਾ ਸਾਕਾ

29 ਸਤੰਬਰ 1914 ਨੂੰ ਜਦੋਂ ਕਾਮਾਗਾਟਾਮਾਰੂ ਜਹਾਜ਼ ਬਜਬਜ ਘਾਟ ਪਹੁੰਚਿਆ ਤਾਂ ਇਕ ਸਪੈਸ਼ਲ ਗੱਡੀ ਮੁਸਾਫ਼ਿਰਾਂ ਨੂੰ ਉੱਥੋਂ ਪੰਜਾਬ ਲਿਜਾਣ ਵਾਸਤੇ ਅੱਗੇ ਖੜੀ ਸੀ। ਮੁਸਾਫ਼ਿਰਾਂ ਨੇ ਇਸ ਵਿਚ ਬੈਠਣ ਤੋਂ ਨਾਂਹ ਕਰ ਦਿੱਤੀ ਅਤੇ ਉਹ ਗੁਰੂ ਗਰੰਥ ਸਾਹਿਬ ਦੀ ਅਗਵਾਈ ਵਿਚ ਕਲਕੱਤਾ ਦੇ ਬੜਾ ਬਾਜ਼ਾਰ ਵਾਲੇ ਗੁਰਦੁਆਰੇ ਵਲ ਜਲੂਸ ਬਣਾ ਕੇ ਟੁਰ ਪਏ। ਇਸ ’ਤੇ ਪੁਲਿਸ ਨੇ ਮੁਸਾਫ਼ਿਰਾਂ ’ਤੇ ਗੋਲੀ ਚਲਾ ਦਿੱਤੀ। ਇਸ ਫ਼ਾਇਰਿੰਗ ਵਿਚ 15 ਮੁਸਾਫ਼ਿਰ ਮਾਰੇ ਗਏ। ਮਗਰੋਂ ਪੁਲਿਸ ਨੇ ਮੁਸਾਫ਼ਿਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਬਾਬਾ ਗੁਰਦਿੱਤ ਸਿੰਘ ਸਣੇ 30 ਸਿੱਖ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ।

ਕਾਮਾਗਾਟਾਮਾਰੂ ਜਹਾਜ਼ ਦੇ ਸਾਕੇ ਨੇ ਪੰਜਾਬ ਤੇ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਵਿਚ ਚੋਖਾ ਰੋਹ ਪੈਦਾ ਕੀਤਾ। ਇਸ ਨਾਲ ਗ਼ਦਰ ਲਹਿਰ ਨੂੰ ਹੋਰ ਵੀ ਤਾਕਤ ਮਿਲੀ। ਸਿਰਫ਼ ਚੀਫ਼ ਖਾਲਸਾ ਦੀਵਾਨ ਤੇ ਕਾਂਗਰਸ ਪਾਰਟੀ ਨੇ ਹੀ ਇਹਨਾਂ ਸਿੱਖਾਂ ਦੀ ਮੁਖ਼ਾਲਫ਼ਤ ਕੀਤੀ। ਇਹ ਵੀ ਚਰਚਾ ਸੀ ਕਿ ਅਕਾਲ ਤਖ਼ਤ ਸਾਹਿਬ ਤੋਂ ਇਨ੍ਹਾਂ ਸਿੱਖਾਂ ਦੇ ਖ਼ਿਲਾਫ਼ ਇਕ ਅਖੌਤੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਪਰ ਕਿਸੇ ਵੀ ਅਖ਼ਬਾਰ, ਰਿਪੋਰਟ ਜਾਂ ਸੋਮੇ 'ਚੋਂ ਇਹ ‘ਹੁਕਮਨਾਮਾ’ ਨਹੀਂ ਮਿਲਦਾ। ਇਹ ਵੀ ਹੋ ਸਕਦਾ ਹੈ ਕਿ ਤਖ਼ਤ ਸਾਹਿਬ ਦੇ ਪੁਜਾਰੀ ਅਰੂੜ ਸਿੰਘ ਨੇ ਇਸ ਸਬੰਧੀ ਕੋਈ ਬਿਆਨ ਜਾਰੀ ਕੀਤਾ ਹੋਵੇ, ਜਿਸ ਤੋਂ ਹੁਕਮਨਾਮੇ ਵਾਲਾ ਚਰਚਾ ਛਿੜ ਪਿਆ ਹੋਵੇਗਾ। ਹਾਂ, ਅਕਾਲੀ ਮੋਰਚੇ ਤੇ ਝੱਬਰ ਮੁਤਾਬਿਕ ਦਰਬਾਰ ਸਾਹਿਬ ’ਤੇ ਕਬਜ਼ੇ ਵਾਲੇ ਦਿਨ (12 ਅਕਤੂਬਰ 1920) ਅਤੇ ਮਗਰੋਂ ਅਤੇ ਸਿੱਖ ਲੀਗ ਦੇ ਦੀਵਾਨ ਵਿਚ ਅਰੂੜ ਸਿੰਘ ਦੀ ਇਸ ਕਾਰਵਾਈ ਦੀ ਨਿੰਦਾ ਜ਼ਰੂਰ ਕੀਤੀ ਗਈ ਸੀ।

ਭਾਈ ਭਾਗ ਸਿੰਘ, ਬਤਨ ਸਿੰਘ ਤੇ ਮੇਵਾ ਸਿੰਘ ਲੋਪੋਕੇ ਦੀਆਂ ਸ਼ਹੀਦੀਆਂ

ਕਾਮਾਗਾਟਾਮਾਰੂ ਜਹਾਜ਼ ਦੇ ਜਾਣ ਮਗਰੋਂ ਕਨੇਡਾ ਦੇ ਅੰਗਰੇਜ਼ ਹਾਕਮ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜ਼ਾ ਦੇਣਾ ਚਾਹੁੰਦੇ ਸਨ। ਉਨ੍ਹਾਂ ਨੂੰ ਭਾਈ ਭਾਗ ਸਿੰਘ (ਭਿੱਖੀ ਵਿੰਡ), ਭਾਈ ਬਲਵੰਤ ਸਿੰਘ (ਗ੍ਰੰਥੀ), ਭਾਈ ਬਤਨ ਸਿੰਘ (ਦਲੇਲ ਸਿੰਘ ਵਾਲਾ), ਭਾਈ ਸੁੰਦਰ ਸਿੰਘ (ਬਾੜੀਆਂ) ਤੇ ਹਰਨਾਮ ਸਿੰਘ ਸਾਹਰੀ ਵਧੇਰੇ ਚੁਭਦੇ ਸਨ। ਅੰਗਰੇਜ਼ਾਂ ਨੇ ਸਿੱਖਾਂ ਦੇ ਖ਼ਿਲਾਫ਼ ਪੁਲੀਸ ਤੇ ਖ਼ੁਫ਼ੀਆ ਮਹਿਕਮੇ ਵਿਚ ਇਕ ਸੈੱਲ ਕਾਇਮ ਕੀਤਾ ਹੋਇਆ ਸੀ ਜਿਸ ਦਾ ਇੰਚਾਰਜ ਇਕ ਅੰਗਰੇਜ਼ ਹਾਪਕਿਨਸਨ ਸੀ ਜੋ ਇੰਟੈਲੀਜੈਂਸ ਮਹਿਕਮੇ ਦਾ ਇਕ ਅਫ਼ਸਰ ਸੀ (ਉਹ ਇਕ ਹਿੰਦੂ ਮਾਂ ਤੇ ਗੋਰੇ ਬਾਪ ਤੋਂ ਹੋਣ ਕੇ ਕੁਝ-ਕੁਝ ਪੰਜਾਬੀ ਵੀ ਸਮਝ ਸਕਦਾ ਸੀ)। ਉਸ ਨੇ ਬੇਲਾ ਸਿੰਘ ਜਿਆਣ, ਬਾਬੂ ਸਿੰਘ, ਹਰਨਾਮ ਸਿੰਘ (ਮਿਲਸਾਈਡ ਗੁਰਦੁਆਰੇ ਦਾ ਇਕ ਸਾਬਕਾ ਗ੍ਰੰਥੀ ਜੋ ਬਾਬੂ ਸਿੰਘ ਦੇ ਨਾਲ ਇਕੋ ਕਮਰੇ ਵਿਚ ਰਹਿੰਦਾ ਸੀ), ਅਰਜਨ ਸਿੰਘ ਤੇ ਇਕ ਦੋ ਹੋਰ ਪੰਜਾਬੀ ਆਪਣੇ ਏਜੰਟ ਬਣਾਏ ਹੋਏ ਸਨ। 31 ਅਗਸਤ 1914 ਦੇ ਦਿਨ ਹਰਨਾਮ ਸਿੰਘ ਦੀ ਲਾਸ਼ ਮਿਲੀ; ਕਿਸੇ ਨੇ ਉਸ ਦਾ ਸਿਰ ਵੱਢ ਕੇ ਲਾਸ਼ ਜੰਗਲ ਵਿਚ ਸੁੱਟ ਦਿੱਤੀ ਸੀ (ਚਰਚਾ ਸੀ ਕਿ ਇਹ ਐਕਸ਼ਨ ਜਗਤ ਸਿੰਘ ਸੁਰਸਿੰਘ, ਸਾਜ਼ਿਸ਼ ਕੇਸ ਵਾਲਾ ਨਹੀਂ, ਦਾ ਸੀ); ਇਹ ਹਰਨਾਮ ਸਿੰਘ 17 ਅਗਸਤ ਤੋਂ ਹੀ ਗ਼ਾਇਬ ਸੀ। ਕਿਉਂ ਕਿ ਪੁਲਸ ਨੂੰ ਕਾਤਲਾਂ ਦਾ ਪਤਾ ਨਾ ਲੱਗਾ ਇਸ ਕਰ ਕੇ ਗ਼ਦਾਰਾਂ ਦੇ ਹੌਸਲੇ ਬਰੂ ਤਰ੍ਹਾਂ ਡਿਗੇ ਸਨ। ਗ਼ਦਾਰਾਂ ਦੀ ਬਦਕਿਸਮਤੀ ਕਿ 3 ਸਤੰਬਰ ਨੂੰ, ਅਪਣੇ ਹੀ ਇਕ ਦੋਸਤ, ਰਾਮ ਸਿੰਘ ਹੱਥੋਂ ਗ਼ਲਤੀ ਨਾਲ ਗੋਲੀ ਚਲ ਜਾਣ ਕਾਰਨ ਅਰਜਨ ਸਿੰਘ ਵੀ ਮਾਰਿਆ ਗਿਆ। ਹੁਣ ਬੇਲਾ ਸਿੰਘ ਸਿੱਖ ਆਗੂਆਂ ‘ਤੇ ਵਾਰ ਕਰਨਾ ਚਾਹੁੰਦਾ ਸੀ।

5 ਸਤੰਬਰ ਦਿਨ ਉਸ ਦੇ ਸਸਕਾਰ ਮਗਰੋਂ ਸਿੱਖ ਗੁਰਦੁਆਰੇ ਵਿਚ ਬੈਠੇ ਸੀ ਤਾਂ ਬੇਲਾ ਸਿੰਘ ਨੇ ਭਾਗ ਸਿੰਘ (ਭਿੱਖੀ ਵਿੰਡ, ਜ਼ਿਲ੍ਹਾ ਅੰਮ੍ਰਿਤਸਰ) ’ਤੇ ਗੋਲੀਆਂ ਚਲਾਈਆਂ। ਉਸ ਦੇ ਬਚਾਅ ਵਾਸਤੇ ਬਤਨ ਸਿੰਘ (ਦਲੇਲ ਸਿੰਘ ਵਾਲਾ, ਜ਼ਿਲ੍ਹਾ ਮਾਨਸਾ) ਅੱਗੇ ਆਇਆ। ਬੇਲਾ ਸਿੰਘ ਨੇ ਉਸ ’ਤੇ ਵੀ ਫ਼ਾਇਰ ਕਰ ਦਿੱਤਾ। ਉਹ ਦੋਵੇਂ ਅਗਲੇ ਦਿਨ ਚੜ੍ਹਾਈ ਕਰ ਗਏ। ਭਾਵੇਂ ਸਰਕਾਰ ਨੇ ਬੇਲਾ ਸਿੰਘ ’ਤੇ ਮੁਕੱਦਮਾ ਚਲਾਇਆ ਪਰ ਇਹ ਦਿਖਾਵੇ ਦੀ ਕਾਰਵਾਈ ਸੀ। ਬੇਲਾ ਸਿੰਘ ਦੇ ਹੱਕ ਵਿਚ ਮੁਕਾਮੀ ਹਿੰਦੂਆਂ ਬਾਬੂ, ਠਾਕਰ, ਸੇਵਾ, ਅਮਰ, ਨੱਥਾ, ਗੰਗੂ ਰਾਮ ਤੇ ਡਾ: ਰਘੂ ਨਾਥ ਤੋਂ ਇਲਾਵਾ ਹਾਪਕਿਨਸਨ ਸਫ਼ਾਈ ਦੇ ਗਵਾਹ ਵਜੋਂ ਪੇਸ਼ ਹੋਇਆ ਤੇ ਇਨ੍ਹਾਂ ਦੋ ਕਤਲਾਂ ਨੂੰ ਆਪਣੇ ਬਚਾਅ ਵਾਸਤੇ ਕੀਤੇ ਕਤਲ ਗਰਦਾਨਿਆ।

ਇਹ ਸਾਰੀ ਸਕੀਮ ਤੇ ਕਾਰਵਾਈ ਹਾਪਕਿਨਸਨ ਦੀ ਸੀ। ਇਹ ਧੱਕਾ ਵੇਖ ਕੇ ਭਾਈ ਮੇਵਾ ਸਿੰਘ ਲੋਪੋਕੇ ਜਰ ਨਾ ਸਕਿਆ ਤੇ ਉਸ ਨੇ ਹਾਪਕਿਨਸਨ ਨੂੰ ਸਜ਼ਾ ਦੇਣ ਦਾ ਫ਼ੈਸਲਾ ਕੀਤਾ। 21 ਅਕਤੂਬਰ 114 ਦੇ ਦਿਨ ਜਦ ਹਾਪਕਿਨਸਨ ਅਦਾਲਤ ਵਿਚ ਬੇਲਾ ਸਿੰਘ ਦੇ ਹੱਕ ਵਿਚ ਗਵਾਹੀ ਦੇਣ ਵਾਸਤੇ ਪੁੱਜਾ ਹੋਇਆ ਸੀ ਤਾਂ ਮੇਵਾ ਸਿੰਘ ਨੇ ਉਸ ਨੂੰ ਉੱਥੇ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ। ਮੇਵਾ ਸਿੰਘ ਨੂੰ 11 ਜਨਵਰੀ ਦੇ ਦਿਨ ਫ਼ਾਂਸੀ ਦਿੱਤੀ ਗਈ।

ਗ਼ਦਰੀ ਕਾਰਵਾਈਆਂ

ਗ਼ਦਰ ਪਾਰਟੀ ਨੇ ਆਪਣਾ ਐਕਸ਼ਨ ਅਜੇ 5-7 ਸਾਲ ਠਹਿਰ ਕੇ ਕਰਨਾ ਸੀ ਪਰ ਬਰਤਾਨੀਆ ਤੇ ਜਰਮਨੀ ਵਿਚ ਜੰਗ 28 ਜੁਲਾਈ 1914 ਨੂੰ ਸ਼ੁਰੂ ਹੋ ਗਈ। ਇਸ ਕਰ ਕੇ ਗ਼ਦਰ ਆਗੂਆਂ ਨੇ ਆਪਣਾ ਐਕਸ਼ਨ ਐਡਵਾਂਸ ਕਰਨ ਦਾ ਫ਼ੈਸਲਾ ਕਰ ਲਿਆ। ਸਾਰੇ ਗ਼ਦਰੀ ਆਗੂ ਆਪੋ ਆਪਣੇ ਪਿੰਡਾਂ ਨੂੰ ਚੱਲ ਪਏ। ਗ਼ਦਰ ਅਖਬਾਰ ਦੇ 4 ਅਗਸਤ 1914 ਦੇ ਪਰਚੇ ਵਿਚ ਗ਼ਦਰੀ ਆਗੂਆਂ ਵਲੋਂ ਆਪੋ-ਆਪਣੇ ਪਿੰਡਾਂ ਵਿਚ ਪਹੁੰਚਣ ਬਾਰੇ ਅਪੀਲ ਛਾਪੀ ਗਈ ਸੀ। ਅਗਸਤ ਵਿਚ ਹੀ ਪਾਰਟੀ ਦੀ ਪਹਿਲੀ ਟੋਲੀ (ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਵਗੈਰਾ) ਪੰਜਾਬ ਵਾਸਤੇ ਚਾਲੇ ਪਾ ਗਈ। ਇਸ ਤੋਂ ਪਿੱਛੋਂ ਵੱਡਾ ਜਥਾ, ਜਿਸ ਵਿਚ 70 ਗ਼ਦਰੀ ਸਨ, ਐਸ.ਐਸ. ਕੋਰੀਆ ਜਹਾਜ਼ ਰਾਹੀਂ, 29 ਅਗਸਤ ਨੂੰ ਸਾਨਫ਼ਰਾਂਸਿਸਕੋ ਤੋਂ ਚਲ ਪਿਆ। ਇਸ ਤੋਂ ਬਾਅਦ, ਤਕਰੀਬਨ 8 ਹਜ਼ਾਰ ਗ਼ਦਰੀ ਵਰਕਰ, ਪਰਦੇਸਾਂ ਵਿਚੋਂ ਪੰਜਾਬ ਵਲ ਟੁਰੇ। ਮੁਖ਼ਬਰਾਂ ਨੇ ਇਨ੍ਹਾਂ ਦੇ ਚੱਲਣ ਬਾਰੇ ਪਹਿਲਾਂ ਤੋਂ ਹੀ ਰਿਪੋਰਟਾਂ ਸਰਕਾਰ ਨੂੰ ਦੇ ਦਿੱਤੀਆਂ ਸਨ। ਇਸ ਕਰ ਕੇ ਸਰਕਾਰ ਨੇ ਮੁਲਕ ’ਚ ਦਾਖ਼ਿਲ ਹੋਣ ਵਾਲਿਆਂ ਨੂੰ ਹਿਰਾਸਤ ਵਿਚ ਲੈਣ ਵਾਸਤੇ ਦੋ ਆਰਡੀਨੈਂਸ ਜਾਰੀ ਕਰ ਦਿੱਤੇ ਗਏ ਸਨ।

ਆਰਡੀਨੈਂਸ ਹੇਠ ਬਾਹਰੋਂ ਆਉਣ ਵਾਲੇ ਸਾਰੇ ਪੰਜਾਬੀਆਂ ਨੂੰ ਹਿਰਾਸਤ ਵਿਚ ਲੈ ਕੇ ਸਿੱਧਾ ਪੰਜਾਬ ਲਿਆਂਦਾ ਜਾਂਦਾ ਸੀ। ਲੁਧਿਆਣੇ ਵਿਚ ਵੱਡਾ ਇੰਟੈਰੋਗੇਸ਼ਨ ਸੈਂਟਰ ਬਣਾਇਆ ਗਿਆ ਸੀ। ਹਰ ਮੁਸਾਫ਼ਿਰ ਦੀ ਉੱਥੇ ਪੂਰੀ ਇੰਟੈਰੋਗੇਸ਼ਨ ਕੀਤੀ ਜਾਂਦੀ ਸੀ। ਇਸ ਤਰ੍ਹਾਂ ਮੁਸਾਫ਼ਿਰਾਂ ਵਿੱਚੋਂ ਕਈਆਂ ਨੂੰ ਕੈਦ ਕੀਤਾ ਜਾਂਦਾ ਸੀ ਤੇ ਕਈ ਹੋਰਾਂ ਨੂੰ ਉਨ੍ਹਾਂ ਦੇ ਪਿੰਡਾਂ ਵਿਚ ਨਜ਼ਰਬੰਦ ਕਰ ਦਿੱਤਾ ਜਾਂਦਾ ਸੀ। ਉਸ ਵੇਲੇ ਦੀ ਸੀ.ਆਈ.ਡੀ. ਦੀ ਖ਼ੁਫ਼ੀਆ ਰਿਪੋਰਟ ਮੁਤਾਬਕ 370 ਜੇਲ੍ਹਾਂ ’ਚ ਸੁੱਟੇ ਗਏ ਤੇ 2212 ਨੂੰ ਪਿੰਡਾਂ ਵਿਚ ਬੰਦ ਕੀਤਾ ਗਿਆ (ਆਈਸਮੌਂਗਰ ਐਂਡ ਸਲੈਟਰੀ, ਐਨ ਅਕਾਊਂਟ ਆਫ਼ ਗ਼ਦਰ ਕਾਂਸਪੀਰੇਸੀ)। ਜੇਲ੍ਹਾਂ ਵਿਚ ਭੇਜੇ ਜਾਣ ਵਾਲਿਆਂ ਵਿਚ ਡਾ: ਠਾਕਰ ਸਿੰਘ ਇਕੋਲਾਹਾ (ਖੰਨਾ), ਕਰਤਾਰ ਸਿੰਘ ਲਟਾਲਾ, ਹਰਨਾਮ ਸਿੰਘ, ਜਗਤ ਸਿੰਘ ਚੁੱਘਾ ਤੇ ਬੀਬੀ ਗੁਲਾਬ ਕੌਰ ਵਗ਼ੈਰਾ ਸਨ। ਇਨ੍ਹਾਂ ਸਖ਼ਤੀਆਂ ਦੇ ਬਾਵਜੂਦ ਕਾਫ਼ੀ ਗ਼ਦਰੀ ਵਰਕਰ ਬਚ ਕੇ ਨਿਕਲ ਗਏ ਤੇ ਰੂਪੋਸ਼ ਹੋ ਗਏ। ਉਨ੍ਹਾਂ ਨੇ 15 ਨਵੰਬਰ 1914 ਨੂੰ ਗ਼ਦਰ ਦੀ ਸਕੀਮ ਬਣਾਈ। ਪਰ ਅਸਲੇ ਦੀ ਮੁਸ਼ਕਲ ਕਰ ਕੇ ਇਸ ਨੂੰ ਮੁਲਤਵੀ ਕਰਨਾ ਪੈ ਗਿਆ। ਬਾਅਦ ਵਿਚ ਇਹ ਤਾਰੀਖ 21 ਫ਼ਰਵਰੀ 1915 ਮਿੱਥੀ ਗਈ। ਫ਼ੌਜਾਂ ਵਿਚ ਹਰਨਾਮ ਸਿੰਘ, ਗੁਰਮੁਖ ਸਿੰਘ ਲਲਤੋਂ, ਊਧਮ ਸਿੰਘ ਕਸੇਲ, ਪਿਆਰਾ ਸਿੰਘ ਲੰਗੇਰੀ ਨੇ ਕਈ ਪਲਟਣਾਂ, ਖਾਸ ਕਰ ਕੇ 23ਵੀਂ ਕਵੈਲਰੀ, 25 ਵੀਂ ਪੰਜਾਬੀ, 128 ਪਾਇਨਰਜ਼, 9ਵੀਂ ਭੂਪਾਲ, 12ਵੀਂ ਕਵੈਲਰੀ ਵਗੈਰਾ ਵਿਚ ਜਾ ਕੇ ਸਿੱਖ ਫ਼ੌਜੀਆਂ ਨੂੰ ਤਿਆਰ ਕਰ ਲਿਆ। ਪਲਾਨਿੰਗ ਮੁਤਾਬਕ ਸਿੱਖ ਫ਼ੌਜੀਆਂ ਨੇ ਗੋਰੇ ਅਫ਼ਸਰਾਂ ਨੂੰ ਕਤਲ ਕਰ ਕੇ, ਅਸਲੇ ’ਤੇ ਕਬਜ਼ਾ ਕਰ ਕੇ, ਐਕਸ਼ਨ ਸ਼ੁਰੂ ਕਰਨਾ ਸੀ। ਗ਼ਦਰ ਨੂੰ ਸਾਰੇ ਪਾਸੇ (ਲਾਹੌਰ, ਫ਼ਿਰੋਜ਼ਪੁਰ, ਰਾਵਲਪਿੰਡੀ ਫ਼ੌਜੀ ਛਾਉਣੀਆਂ ਵਿਚ) ਇਕੱਠਾ ਹੀ ਸ਼ੁਰੂ ਕੀਤਾ ਜਾਣਾ ਸੀ। ਇਸ ਦਾ ਚਾਰਜ ਬਾਬਾ ਵਿਸਾਖਾ ਸਿੰਘ ਦਦੇਹਰ ਕੋਲ ਸੀ। ਮਾਝੇ ਵਾਲਿਆਂ ਨੇ 20 ਫ਼ਰਵਰੀ ਨੂੰ ਲੋਪੋਕੇ ਦਾ ਥਾਣਾ ਲੁੱਟ ਕੇ 21 ਨੂੰ ਲਾਹੌਰ ਪੁੱਜਣਾ ਸੀ। ਮਾਲਵੇ ਵਿੱਚੋਂ ਭਾਈ ਰਣਧੀਰ ਸਿੰਘ (ਮਗਰੋਂ ਮੁਖੀ ਅਖੰਡ ਕੀਰਤਨੀ ਜਥਾ), ਕਰਤਾਰ ਸਿੰਘ ਸਰਾਭਾ ਤੇ ਸੱਜਣ ਸਿੰਘ ਨਾਰੰਗਵਾਲ ਨੇ ਅਗਵਾਈ ਕਰਨੀ ਸੀ।

ਉਧਰ ਸਰਕਾਰ ਨੂੰ ਗ਼ਦਰੀ ਕਾਰਵਾਈਆਂ ਦੀ ਪੂਰੀ ਸੂਹ ਮਿਲ ਰਹੀ ਸੀ। ਉਨ੍ਹਾਂ ਨੇ ਕਿਰਪਾਲ ਸਿੰਘ ਬਰਾੜ ਨਾਂ ਦਾ ਸੀ. ਆਈ. ਡੀ. ਦਾ ਬੰਦਾ ਗ਼ਦਰ ਪਾਰਟੀ ਵਿਚ ਵਾੜ ਦਿੱਤਾ ਸੀ ਤੇ ਭੋਲੇ ਗਦਰੀਆਂ ਨੇ ਉਸ ਨੂੰ ਸੈਂਟਰਲ ਕਮੇਟੀ ਵਿਚ ਵੀ ਸ਼ਾਮਿਲ ਕਰ ਲਿਆ ਸੀ। ਕਮਾਲ ਦੀ ਗੱਲ ਤਾਂ ਇਹ ਹੈ ਕਿ ਉਹ ਅਜੇ ਸਿਰਫ਼ 9 ਦਿਨ ਪਹਿਲਾਂ ਹੀ ਪਾਰਟੀ ਵਿਚ ਸ਼ਾਮਿਲ ਹੋਇਆ ਸੀ। ਖ਼ੈਰ ਛੇਤੀ ਹੀ ਉਸ ਬਾਰੇ ਕੁਝ ਵਰਕਰਾਂ ਨੂੰ ਸੂਹ ਮਿਲ ਗਈ। ਇਸ ਕਰ ਕੇ ਗ਼ਦਰ ਦੀ ਤਾਰੀਖ ਦੋ ਦਿਨ ਅਗਾਊਂ ਕਰ ਲਈ ਗਈ। ਉਸ ਨੂੰ ਇਸ ਤਾਰੀਖ ਦਾ ਵੀ ਪਤਾ ਲੱਗ ਗਿਆ। ਇਸ ਕਰ ਕੇ ਉਸ ਦੀ ਮੁਖ਼ਬਰੀ ਨਾਲ, 19 ਫਰਵਰੀ 1915 ਨੂੰ ਸ਼ਾਮ ਦੇ ਸਾਢੇ ਚਾਰ ਵਜੇ (ਗ਼ਦਰ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ), ਪਾਰਟੀ ਦੇ ਹੈੱਡਕੁਆਟਰ ਤੇ ਛਾਪਾ ਮਾਰ ਕੇ ਬਹੁਤ ਸਾਰੇ ਆਗੂ ਗ੍ਰਿਫ਼ਤਾਰ ਕਰ ਲਏ ਗਏ। ਇਸ ਨਾਲ ਗ਼ਦਰ ਇਨਕਲਾਬ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ। ਭਾਵੇਂ ਮਗਰੋਂ ਕਈ ਨਿੱਕੇ-ਮੋਟੇ ਐਕਸ਼ਨ ਹੁੰਦੇ ਰਹੇ ਪਰ ਵੱਡੇ ਐਕਸ਼ਨ ਦੀ ਅਣਹੋਂਦ ਵਿਚ ਮਿੱਥਿਆ ਇਨਕਲਾਬ ਨਾ ਲਿਆਂਦਾ ਜਾ ਸਕਿਆ।

ਮੁਕੱਦਮੇ ਤੇ ਸਜ਼ਾਵਾਂ

ਗ਼ਦਰ ਲਹਿਰ ਦਾ ਵੱਡਾ ਐਕਸ਼ਨ ਨਾਕਾਮਯਾਬ ਹੋਣ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਗ਼ਦਰੀਆਂ ਉੱਪਰ ਚਾਰ ਮੁਕੱਦਮੇ ਚਲਾਏ ਗਏ। ਇਨ੍ਹਾਂ ਨੂੰ ‘ਲਾਹੌਰ ਕਾਂਸਪੀਰੇਸੀ ਕੇਸ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਪਹਿਲਾ ਮੁਕੱਦਮਾ 26 ਅਪਰੈਲ 1915 ਨੂੰ ਸ਼ੁਰੂ ਹੋਇਆ ਤੇ 13 ਸਤੰਬਰ 1915 ਨੂੰ ਪੰਡਿਤ ਸ਼ਿਵ ਨਰਾਇਣ ਤੇ ਦੋ ਅੰਗਰੇਜ਼ ਕਮਿਸ਼ਨਰਾਂ ਨੇ ਫ਼ੈਸਲਾ ਸੁਣਾ ਕੇ 82 ‘ਮੁਲਜ਼ਮਾਂ’ (ਗ਼ਦਰੀਆਂ) ਵਿਚੋਂ ਕਰਤਾਰ ਸਿੰਘ (ਸਰਾਭਾ, ਜ਼ਿਲ੍ਹਾ ਲੁਧਿਆਣਾ), ਜਗਤ ਸਿੰਘ (ਸੁਰਸਿੰਘ, ਜ਼ਿਲ੍ਹਾ ਲਾਹੌਰ, ਹੁਣ ਜ਼ਿਲ੍ਹਾ ਅੰਮ੍ਰਿਤਸਰ), ਹਰਨਾਮ ਸਿੰਘ ਭੱਟੀ ਗੋਰਾਇਆ, ਸਿਆਲਕੋਟ), ਬਖ਼ਸ਼ੀਸ਼ ਸਿੰਘ (ਗਿਲਵਾਲੀ, ਜ਼ਿਲ੍ਹਾ ਅੰਮ੍ਰਿਤਸਰ), ਸੁਰੈਣ ਸਿੰਘ ਪੁਤਰ ਬੂੜ ਸਿੰਘ (ਗਿਲਵਾਲੀ), ਸੁਰੈਣ ਸਿੰਘ ਪੁਤਰ ਈਸ਼ਰ ਸਿੰਘ (ਗਿਲਵਾਲੀ) ਤੇ ਵਿਸ਼ਨੂ ਗਣੇਸ਼ ਪਿੰਗਲੇ ਤੇ 17 ਹੋਰਾਂ ਨੂੰ ਫ਼ਾਂਸੀ (ਮਗਰੋਂ 17 ਦੀ ਫ਼ਾਂਸੀ ਉਮਰ ਕੈਦ ਵਿਚ ਬਦਲ ਗਈ); ਇਸ ਤੋਂ ਇਲਾਵਾ 23 ਨੂੰ ਉਮਰ ਕੈਦ ਤੇ 6 ਨੂੰ ਘੱਟ ਸਜ਼ਾਵਾਂ ਸੁਣਾਈਆਂ। ਘਟ ਸਜ਼ਾਵਾਂ ਵਾਲਿਆਂ ਵਿਚ ਸੋਹਣ ਸਿੰਘ ਭਕਨਾ, ਨਿਧਾਨ ਸਿੰਘ ਚੁੱਘਾ, ਜੁਆਲਾ ਸਿੰਘ ਠੱਠੀਆਂ, ਵਿਸਾਖਾ ਸਿੰਘ ਦਦੇਹਰ, ਪਿਆਰਾ ਸਿੰਘ ਲੰਗੇਰੀ, ਊਧਮ ਸਿੰਘ ਕਸੇਲ, ਹਰਨਾਮ ਸਿੰਘ ਟੁੰਡਾ/ਟੁੰਡੀਲਾਟ (ਹਰਿਆਣਾ, ਹੁਸ਼ਿਆਰਪੁਰ) ਵੀ ਸਨ।

ਦੂਜਾ ਮੁਕੱਦਮਾ 29 ਅਕਤੂਬਰ 1915 ਨੂੰ ਸ਼ੁਰੂ ਹੋਇਆ। ਇਸ ਵਿਚ ਉੱਪਰ ਵਾਲੀ ਅਦਾਲਤ ਨੇ ਹੀ 30 ਮਾਰਚ 1916 ਨੂੰ ੳੁੱਤਮ ਸਿੰਘ (ਹਾਂਸ, ਲੁਧਿਆਣਾ), ਈਸ਼ਰ ਸਿੰਘ (ਢੁੱਡੀਕੇ, ਮੋਗਾ), ਰੂੜ ਸਿੰਘ (ਤਲਵੰਡੀ ਦੁਸਾਂਝ, ਫ਼ੀਰੋਜ਼ਪੁਰ), ਰੰਗਾ ਸਿੰਘ (ਖੁਰਦਪੁਰ, ਜਲੰਧਰ), ਬੀਰ ਸਿੰਘ (ਬਾਹੋਵਾਲ, ਹੁਸ਼ਿਆਰਪੁਰ) ਨੂੰ ਫ਼ਾਂਸੀ, 64 ਨੂੰ ਉਮਰ ਕੈਦ ਤੇ 8 ਨੂੰ ਘੱਟ ਸਜ਼ਾਵਾਂ ਸੁਣਾਈਆਂ। ਇਸ ਵਿਚ ਭਾਈ ਰਣਧੀਰ ਸਿੰਘ (ਨਾਰੰਗਵਾਲ, ਲੁਧਿਆਣਾ), ਹਰਨਾਮ ਸਿੰਘ (ਕਾਲਾ ਸੰਘਾ, ਕਪੂਰਥਲਾ), ਇੰਦਰ ਸਿੰਘ (ਸ਼ੈਖ਼ ਦੌਲਤ, ਲੁਧਿਆਣਾ) ਵੀ ਸ਼ਾਮਲ ਸਨ।

ਤੀਜਾ ਮੁਕੱਦਮਾ (ਸੈਕੰਡ ਸਪਲੀਮੈਂਟਰੀ ਕੇਸ) ਰਾਏ ਬਹਾਦਰ ਗੋਪਾਲ ਦਾਸ ਭੰਡਾਰੀ ਤੇ ਦੋ ਗੋਰੇ ਜੱਜਾਂ ਦੀ ਅਦਾਲਤ ਵਿਚ 8 ਨਵੰਬਰ 1916 ਨੂੰ ਸ਼ੁਰੂ ਹੋਇਆ। ਇਸ ਦਾ ਫ਼ੈਸਲਾ 5 ਜਨਵਰੀ 1917 ਵਿਚ ਹੋਇਆ। ਇਸ ਕੇਸ ਵਿਚ ਬਲਵੰਤ ਸਿੰਘ ਸਾਬਕਾ ਗ੍ਰੰਥੀ ਵੈਨਕੂਵਰ ਗੁਰਦੁਆਰਾ (ਖੁਰਦਪੁਰ, ਜਲੰਧਰ), ਰੂੜ ਸਿੰਘ (ਸੰਘਵਾਲ, ਜਲੰਧਰ), ਹਫ਼ੀਜ਼ ਅਬਦੁੱਲਾ, ਨ੍ਹਾਮਾ, ਬਾਬੂ ਰਾਮ ਨੂੰ ਫ਼ਾਂਸੀ, 7 ਨੂੰ (ਸਣੇ ਕਰਤਾਰ ਸਿੰਘ ਨਵਾਂ ਚੰਦ) ਉਮਰ ਕੈਦ ਤੇ ਪੰਜ ਬਰੀ ਹੋਏ। ਚੌਥੇ ਮੁਕੱਦਮੇ (ਥਰਡ ਸਪਲੀਮੈਂਟਰੀ ਕੇਸ) ਵਿਚ, 2 ਮਾਰਚ 117 ਨੂੰ, ਮਥਰਾ ਸਿੰਘ (ਢੁਡਿਆਲ, ਜਿਹਲਮ) ਨੂੰ ਫ਼ਾਂਸੀ ਦਿੱਤੀ ਗਈ। ਪੰਜਵੇਂ ਮੁਕੱਦਮੇ (ਫ਼ੋਰਥ ਸਪਲੀਮੈਂਟਰੀ ਕੇਸ) ਵਿਚ, 26 ਮਈ 1917 ਨੂੰ, ਜਵੰਦ ਸਿੰਘ (ਨੰਗਲ ਕਲਾਂ, ਹੁਸ਼ਿਆਰਪੁਰ) ਨੂੰ ਫ਼ਾਂਸੀ ਦਿੱਤੀ ਗਈ।

ਇਨ੍ਹਾਂ ਪੰਜ ਵੱਡੇ ਮੁਕੱਦਮਿਆਂ ਤੋਂ ਇਲਾਵਾ ਪੱਧਰੀ ਕਤਲ ਕੇਸ ਵਿਚ ਪ੍ਰੇਮ ਸਿੰਘ (ਸੁਰਸਿੰਘ, ਜ਼ਿਲ੍ਹਾ ਲਾਹੌਰ, ਹੁਣ ਅੰਮ੍ਰਿਤਸਰ) ਤੇ ਇੰਦਰ ਸਿੰਘ (ਪੱਧਰੀ ਕਲਾਂ, ਅੰਮ੍ਰਿਤਸਰ) ਨੂੰ ਫ਼ਾਂਸੀ ਦਿੱਤੀ ਗਈ। ਅੰਮ੍ਰਿਤਸਰ ਵੱਲਾ ਪੁਲ ਕਤਲ ਕੇਸ ਵਿਚ ਕਾਲਾ ਸਿੰਘ (ਜਗਤਪੁਰ, ਅੰਮ੍ਰਿਤਸਰ)), ਚੰਨਣ ਸਿੰਘ (ਬੂਰ ਚੰਦ, ਲਾਹੌਰ), ਹਰਨਾਮ ਸਿੰਘ (ਠੱਠੀ ਖਾਰਾ, ਅੰਮ੍ਰਿਤਸਰ), ਆਤਮਾ ਸਿੰਘ (ਠੱਠੀ ਖਾਰਾ, ਅੰਮ੍ਰਿਤਸਰ) ਤੇ ਬੰਤਾ ਸਿੰਘ (ਸੰਘਵਾਲ, ਜਲੰਧਰ) ਨੂੰ ਫ਼ਾਂਸੀ ਦਿੱਤੀ ਗਈ। ਜਗਤਪੁਰ ਕਤਲ ਕੇਸ ਵਿਚ ਕਾਲਾ ਸਿੰਘ (ਜਗਤਪੁਰ, ਅੰਮ੍ਰਿਤਸਰ) ਤੇ ਚੰਨਣ ਸਿੰਘ (ਬੂੜ ਚੰਦ, ਲਾਹੌਰ) ਨੂੰ ਫ਼ਾਂਸੀ ਦਿੱਤੀ ਗਈ। ਨੰਗਲ ਕਲਾਂ ਕਤਲ ਕੇਸ ਵਿਚ ਬੰਤਾ ਸਿੰਘ (ਸੰਘਵਾਲ, ਜਲੰਧਰ) ਤੇ ਬੂਟਾ ਸਿੰਘ (ਅਕਲਾਗੜ੍ਹ ਖੁਰਦ, ਲੁਧਿਆਣਾ ਨੂੰ ਫ਼ਾਂਸੀ ਦਿੱਤੀ ਗਈ। ਬਰਮਾ ਕੇਸ ਵਿਚ 7 ਜੁਲਾਈ 1716 ਨੂੰ ਹਰਨਾਮ ਸਿੰਘ (ਸਾਹਰੀ, ਹੁਸ਼ਿਆਰਪੁਰ) ਤੇ 5 ਹੋਰਾਂ ਨੂੰ ਫ਼ਾਂਸੀ ਦਿੱਤੀ ਗਈ। ਫ਼ੌਜੀਆਂ ਵਿੱਚੋਂ 12 ਸਿੱਖ ਡਗਸ਼ਈ ਛਾਉਣੀ ਵਿਚ ਗੋਲੀ ਨਾਲ ਉਡਾਏ ਗਏ।

ਇਸ ਤੋਂ ਇਲਾਵਾ ਹੋਰ ਕਈ ਵਖਰੇ-ਵਖਰੇ ਕੇਸਾਂ ਅਤੇ ਅਮਰੀਕਾ (ਸਾਨਫ਼ਰਾਂਸਿਸਕੋ ਅਤੇ ਸ਼ਿਕਾਗੋ) ਵਿਚ ਵੀ ਮੁਕੱਦਮਿਆਂ ਵਿਚ ਸਜ਼ਾਵਾਂ ਹੋਈਆਂ। ਇਕ ਰਿਪੋਰਟ ਮੁਤਾਬਕ ਕੁੱਲ 101 ਜਣੇ ਫਾਂਸੀ ਲੱਗੇ ਜਾਂ ਗੋਲੀਆਂ ਨਾਲ ਉਡਾਏ ਗਏ, 316 ਨੂੰ ਲੰਬੀਆਂ ਕੈਦਾਂ ਹੋਈਆਂ ਤੇ 42 ਬਰੀ ਹੋਏ। ਬਹੁਤ ਸਾਰੇ ਕੈਦੀ ਜੇਲ੍ਹਾਂ ਵਿਚ ਤਸੀਹਿਆਂ ਨਾਲ ਵੀ ਮਰ ਗਏ। ਕਈਆਂ ਨੇ ਹਿਰਾਸਤ ’ਚੋਂ ਜਾਂ ਜੇਲ੍ਹਾਂ ਵਿਚੋਂ ਦੌੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ। ਇਹਨਾਂ ਵਿੱਚੋਂ ਵੀ ਕਈ ਮਾਰੇ ਗਏ ਤੇ ਜਾਂ ਮੁੜ ਗ੍ਰਿਫ਼ਤਾਰ ਹੋ ਗਏ। ਕੁਝ ਗ਼ਦਰੀ ਤਾਂ ਕਾਫ਼ੀ ਦੇਰ ਤੱਕ ਫ਼ਰਾਰ ਰਹੇ।

ਗ਼ਦਰ ਫੇਲ੍ਹ ਹੋਣ ਦੀ ਵਜਹ

ਗ਼ਦਰ ਲਹਿਰ ਦੇ ਫੇਲ੍ਹ ਹੋਣ ਦੀਆਂ ਵਜਹ ਸਨ: ਚੰਗੀ ਲੀਡਰਸ਼ਿਪ ਨਾ ਹੋਣਾ, ਕਾਰਵਾਈਆਂ ਦਾ ਖ਼ੁਫ਼ੀਆ ਨਾ ਰੱਖਿਆ ਜਾ ਸਕਣਾ, ਜਥੇਬੰਦਕ ਸੂਝਬੂਝ ਦੀ ਘਾਟ, ਸੂਹੀਆਂ ਦਾ ਦਾਖਲਾ, ਸੀ. ਆਈ. ਡੀ. ਦੀ ਚੁਸਤੀ, ਆਪਸ ’ਚ ਮੇਲ-ਜੋਲ ਤੇ ਰਾਬਤੇ ਦੀ ਘਾਟ, ਸਰਕਾਰ ਵੱਲੋਂ ਸਖ਼ਤੀਆਂ ਵਗੈਰਾ। ਸੀ.ਆਈ.ਡੀ. ਦੇ ਚੀਫ਼ ਆਈਸਮੌਂਗਰ ਅਤੇ ਸਲੈਟਰੀ ਵੀ ਆਪਣੀ 1918 ਦੀ ਰਿਪੋਰਟ ਵਿਚ ਇਹੀ ਨਤੀਜੇ ਹੀ ਕੱਢਦੇ ਹਨ।

ਭਾਰਤ ਸਰਕਾਰ ਦੇ ਹੋਮ ਡਿਪਾਰਟਮੈਂਟ ਮੁਤਾਬਿਕ 1934 ਵਿਚ ਅਜੇ ਵੀ 700 ਤੋਂ ਵਧ ਸਰਗਰਮ ਗ਼ਦਰੀ ਜ਼ਿੰਦਾ ਸਨ ਤੇ ਉਨ੍ਹਾਂ ਵਿਚੋਂ ਕਈ ਬਹੁਤ ਐਕਟਿਵ ਸਨ (ਦ ਗ਼ਦਰ ਡਾਇਰੈਕਟਰੀ 1934, ਗਵਰਨਮੈਂਟ ਆਫ਼ ਇੰਡੀਆ, ਇਸ ਦਾ ਰੀਪਰਿੰਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1997 ਵਿਚ ਛਾਪਿਆ ਸੀ)।

ਗ਼ਦਰ ਲਹਿਰ ਸਿਰਫ਼ ਸਿੱਖ ਇਨਕਲਾਬ ਹੀ ਸੀ

ਗ਼ਦਰ ਪਾਰਟੀ ਸਿਰਫ਼ ਤੇ ਸਿਰਫ਼ ਸਿੱਖ ਲਹਿਰ ਹੀ ਸੀ। ਇਸ ਵਿਚ 95 ਫ਼ੀਸਦੀ ਤੋਂ ਵੱਧ ਸਿੱਖ ਸਨ। ਇਸ ਦੀਆਂ ਕਾਰਵਾਈਆਂ ਦੇ ਸੈਂਟਰ ਸਿਰਫ਼ ਗੁਰਦੁਆਰੇ ਸਨ। ਇਸ ਦੇ ਐਕਸ਼ਨ ਤਕਰੀਬਨ ਸਾਰੇ ਹੀ ਪੰਜਾਬ ਵਿਚ ਹੋਏ ਸਨ। ਇਕ ਦੋ ਮੁਸਲਮਾਨ ਵੀ ਜਜ਼ਬਾਤੀ ਹੋ ਕੇ ਇਸ ਇਨਕਲਾਬ ਨਾਲ ਜੁੜੇ ਸਨ। ਗ਼ਦਰ ਪਾਰਟੀ ਵਿਚ ਵੜੀ ਸਾਰੀ ਹਿੰਦੂ ਲੀਡਰਸ਼ਿਪ (ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਛੱਡ ਕੇ) ਬੁਜ਼ਦਿਲ, ਲਾਲਚੀ ਤੇ ਖ਼ੁਦਗਰਜ਼ ਸੀ। ਇਨ੍ਹਾਂ ਵਿੱਚੋਂ ਬਹੁਤੇ, ਸਣੇ ਲਾਲਾ ਹਰਦਿਆਲ (ਜਿਸ ਨੇ ਮਗਰੋਂ ਅੰਗਰੇਜ਼ੀ ਸਰਕਾਰ ਤੋਂ ਮੁਆਫ਼ੀ ਵੀ ਮੰਗ ਲਈ ਸੀ), ਪਰਮਾਨੰਦ, ਰਾਮਚੰਦ ਵਗ਼ੈਰਾ, ਬਾਅਦ ’ਚ ਜਾਂ ਤਾਂ ਸਰਕਾਰ ਨਾਲ ਮਿਲ ਗਏ ਤੇ ਜਾਂ ਸੌਖੀ ਜ਼ਿੰਦਗ਼ੀ ਬਿਤਾਉਂਦੇ ਰਹੇ।

ਕਮਿਊਨਿਸਟ ਲੇਖਕ ਗੁਰਚਰਨ ਸਿੰਘ ਸਹਿੰਸਰਾ ਮੁਤਾਬਕ ਅੰਗਰੇਜ਼ ਵੀ ਇਸ ਨੂੰ ਸਿਰਫ਼ ਤੇ ਸਿਰਫ਼ ਸਿੱਖ ਲਹਿਰ ਹੀ ਮੰਨਦੇ ਸਨ। ਅੰਗਰੇਜ਼ਾਂ ਨੇ ਕੇਸਾਂ ਵਾਲੇ ਸਿੱਖਾਂ ਨੂੰ ਨਜ਼ਰਬੰਦ ਕੀਤਾ ਤੇ ਹਿੰਦੂ ਤੇ ਮੁਸਲਿਮ ਛੱਡ ਦਿੱਤੇ। ਇਸ ਕਰ ਕੇ ਜਗਤ ਰਾਮ, ਪਰਮਾਨੰਦ, ਪ੍ਰਿਥੀ ਸਿਹੰ ਅਤੇ ਹੋਰ ਬਹੁਤ ਸਾਰੇ ਬਚ ਗਏ ਸਨ (ਗੁਰਚਰਨ ਸਿੰਘ ਸਹਿੰਸਰਾ, ਗ਼ਦਰ ਪਾਰਟੀ ਦਾ ਇਤਿਹਾਸ, ਸਫ਼ਾ 176)

ਅੰਗਰੇਜ਼ ਸਰਕਾਰ ਦੀਆ ਖ਼ੁਫ਼ੀਆ ਰਿਪੋਰਟਾਂ ਮੁਤਾਬਿਕ “ਗ਼ਦਰ ਫ਼ੇਲ੍ਹ ਹੋਣ ਮਗਰੋਂ ਵੀ, ਇਸ ਲਹਿਰ ਨੂੰ, ਬਾਹਰਲੇ ਮੁਲਕਾਂ ਵਿਚ ਗਏ ਸਿੱਖਾਂ ਨੇ ਜ਼ਿੰਦਾ ਰੱਖਿਆ। ਇਨ੍ਹਾਂ ਵਿੱਚੋਂ ਕਈ ਤਾਂ ਮਗਰੋਂ ਮਾਸਕੋ ਤੋਂ ਵੀ ਟਰੇਨਿੰਗ ਲੈ ਕੇ ਆਏ ਸਨ। ਤਕਰੀਬਨ ਸਾਰੇ ਹੀ ਬਾਗ਼ੀ ਖਿਆਲਾਂ ਨਾਲ ਭਰੇ ਹੋਏ ਸਨ। ਇਹ ਸਿੱਖ ‘ਦਹਿਸ਼ਤਪਸੰਦ’ ਪੰਜਾਬ ਵਿਚ ਬਰਤਾਨਵੀ ਹਕੂਮਤ ਨੂੰ ਨਫ਼ਰਤ ਕਰਦੇ ਹਨ ਅਤੇ ਇਸ ਦੇ ਪੰਜਾਬ ਵਿਚ ਖਾਤਮੇ ਵਾਸਤੇ ਜੂਝ ਰਹੇ ਹਨ।” (ਹੋਮ ਪੁਲੀਟੀਕਲ, ਫ਼ਾਈਲ ਨੰਬਰ 134/।।/1923)।

ਮਗਰੋਂ ਜੋ ਵਰਕਰ ਕੈਦਾਂ ਕੱਟ ਕੇ ਰਿਹਾਅ ਹੋਏ ਉਹ ਤਕਰੀਬਨ ਸਾਰੇ ਹੀ ਸਿੱਖ ਲੀਗ, ਅਕਾਲੀ ਲਹਿਰ, ਸ਼੍ਰੋਮਣੀ ਅਕਾਲੀ ਦਲ ਤੇ ਬਬਰ ਅਕਾਲੀ ਲਹਿਰ ਵਿਚ ਸ਼ਾਮਿਲ ਹੋ ਗਏ। ਇਨ੍ਹਾਂ ਵਿੱਚੋਂ ਮੁਖ ਸਨ: ਗ਼ਦਰ ਪਾਰਟੀ ਦੇ ਡਾ: ਠਾਕਰ ਸਿੰਘ ਇਕੋਲਾਹਾ, ਵਿਸਾਖਾ ਸਿੰਘ ਦਦੇਹਰ, ਭਾਈ ਰਣਧੀਰ ਸਿੰਘ, ਭਾਈ ਪਿਆਰਾ ਸਿੰਘ ਲੰਗੇਰੀ, ਪਿਆਰਾ ਸਿੰਘ ਕਨੇਡੀਅਨ ਤੇ ਕਈ ਹੋਰ ਅਤੇ ਕਾਮਾਗਾਟਾ ਮਾਰੂ ਦੇ ਗੁਰਦਿੱਤ ਸਿੰਘ, ਰਾਏ ਸਿੰਘ (ਦਲਜੀਤ ਸਿੰਘ) ਕਾਉਣੀ। ਡਾ: ਠਾਕਰ ਸਿੰਘ ਇਕੋਲਾਹਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਜਨਰਲ ਸੈਕਟਰੀ (1926-27), ਬਾਬਾ ਗੁਰਦਿੱਤ ਸਿੰਘ ਤੇ ਭਾਈ ਪਿਆਰਾ ਸਿੰਘ ਲੰਗੇਰੀ ਦੋਵੇਂ ਅਕਾਲੀ ਦਲ ਦੇ ਪ੍ਰਧਾਨ ਰਹੇ ਸਨ ਤੇ ਬਾਬਾ ਵਿਸਾਖਾ ਸਿੰਘ 1936 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਸਨ। ਉਹ ਤਾਂ ਕੁਝ ਚਿਰ ਵਾਸਤੇ ਅਕਾਲ ਤਖ਼ਤ ਸਾਹਿਬ ਦੇ ਮੁਖ ਸੇਵਾਦਾਰ ਵੀ ਰਹੇ ਸਨ। ਇੰਞ ਹੀ ਭਾਈ ਕਰਮ ਸਿੰਘ ਝਿੰਗੜ, ਭਾਈ ਕਰਮ ਸਿੰਘ ਦੌਲਤਪੁਰ ਤੇ ਹੋਰ ਬਹੁਤ ਸਾਰੇ ਬਬਰ ਅਕਾਲੀ ਲਹਿਰ ਵਿਚ ਸ਼ਾਮਿਲ ਹੋਏ ਸਨ। ਅੰਗਰੇਜ਼ ਸਰਕਾਰ ਦੀ ਖ਼ੁਫ਼ੀਆ ਰਿਪੋਰਟ ਮੁਤਾਬਿਕ ‘ਬਬਰ ਅਕਾਲੀ ਲਹਿਰ’ 1915 ਦੀ ਗ਼ਦਰ ਇਨਕਲਾਬੀ ਲਹਿਰ ਦੀ ਨਵ-ਸੁਰਜੀਤੀ ਸੀ। ਬਬਰਾਂ ਵਿਚੋਂ ਬਹੁਤੇ ਵਿਦੇਸ਼ਾਂ ਵਿਚੋਂ ਮੁੜੇ ਹੋਏ ਸਿੱਖ ਸਨ ਤੇ ਉਨ੍ਹਾਂ ਨੇ ਗ਼ਦਰੀਆਂ ਵਾਂਗ 32 ਬੋਰ ਦੇ ਰਿਵਾਲਵਰ ਤੇ ਮਾਊਜ਼ਰ ਇਸਤੇਮਾਲ ਕੀਤੇ ਸਨ।

ਕੈਦੀ ਪਰਿਵਾਰ ਸਹਾਇਕ ਕਮੇਟੀ

ਗ਼ਦਰ ਪਾਰਟੀ ਦੇ ਕੈਦੀਆਂ ਦੇ ਪਰਿਵਾਰਾਂ ਦੀ ਮਦਦ ਵਾਸਤੇ ਇਕ “ਕੈਦੀ ਪਰਿਵਾਰ ਸਹਾਇਕ ਕਮੇਟੀ” 21 ਨਵੰਬਰ 1924 ਨੂੰ ਬਣਾਈ ਗਈ ਸੀ। ਇਸ ਕਮੇਟੀ ਨੂੰ, ਪਹਿਲੀ ਫ਼ਰਵਰੀ 1925 ਨੂੰ, ਇਕ ਹੋਰ ਸਾਂਝੀ ਕਮੇਟੀ ਵਿਚ ਬਦਲ ਦਿੱਤਾ ਗਿਆ। ਇਸ ਨਵੀਂ ਕਮੇਟੀ ਦੇ 21 ਮੈਂਬਰ ਸਨ। ਇਹਨਾਂ ਵਿਚੋਂ 13 ਗ਼ਦਰੀ, ਚਾਰ ਸਿੱਖ ਲੀਗ ਦੇ ਅਤੇ ਚਾਰ ਕੋਆਪਟ ਕੀਤੇ ਮੈਂਬਰ ਸਨ। (ਸਿੱਖ ਲੀਗ ਉਦੋਂ ਅਕਾਲੀ ਦਲ ਦਾ ਇਕ ਰੂਪ ਹੀ ਸੀ)। ਇਸ ਕੈਦੀ ਪਰਿਵਾਰ ਸਹਾਇਕ ਕਮੇਟੀ ਦੇ ਪਹਿਲੇ ਪ੍ਰਧਾਨ ਵਿਸਾਖਾ ਸਿੰਘ ਦਦੇਹਰ, ਜਨਰਲ ਸੈਕਟਰੀ ਹਰਚੰਦ ਸਿੰਘ ਲਾਇਲਪੁਰੀ ਤੇ ਜਾਇੰਟ ਸੈਕਟਰੀ ਡਾ: ਠਾਕਰ ਸਿੰਘ ਇਕੋਲਾਹਾ ਸਨ (ਅਕਾਲੀ ਤੇ ਪ੍ਰਦੇਸੀ, 3 ਫ਼ਰਵਰੀ 1925)। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਅੰਗਰੇਜ਼ ਸਰਕਾਰ ਦੀ ਖ਼ੁਫ਼ੀਆ ਰਿਪੋਰਟ (ਵੀ. ਡਬਲਯੂ. ਸਮਿਥ ਦੀ 22 ਫ਼ਰਵਰੀ 1922 ਦੀ ਰਿਪੋਰਟ) ਮੁਤਾਬਿਕ ਅਕਾਲੀ ਲਹਿਰ ਵਿਚ ਵੀ ਗ਼ਦਰੀਆਂ ਨੇ ਬੜਾ ਵੱਡਾ ਹਿੱਸਾ ਪਾਇਆ ਸੀ। ਸਮੁੱਚੇ ਤੌਰ ਤੇ ਗ਼ਦਰ ਲਹਿਰ ਸਿੱਖ ਇਨਕਲਾਬ ਸੀ। (ਕੁਝ ਲੇਖਕਾਂ ਨੇ ਇਸ ਨੂੰ ਭਾਰਤੀ ਆਜ਼ਾਦੀ ਦੀ ਲਹਿਰ ਬਣਾਉਣ ਦੀ ਬਥੇਰੀ ਨਾਕਾਮ ਕੋਸ਼ਿਸ਼ ਕੀਤੀ ਹੈ)।

{ਵਧੇਰੇ ਜਾਣਕਾਰੀ ਵਾਸਤੇ, ਪੜ੍ਹੋ: ਡਾ: ਹਰਜਿੰਦਰ ਸਿੰਘ ਦਿਲਗੀਰ, “ਸਿੱਖ ਤਵਾਰੀਖ਼” (ਪੰਜਾਬੀ ਤੇ ਅੰਗਰੇਜ਼ੀ}


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top