ਥਾਮਸ ਫੁਲਰ ਨਾਂਅ ਦੇ ਇੱਕ ਚਿੰਤਕ ਦਾ ਕਥਨ ਹੈ ਕਿ ਜਿਸ ਦਾ ਜਨਮ ਫਾਂਸੀ
ਲੱਗਣ ਲਈ ਹੋਇਆ ਹੈ, ਉਸ ਦੀ ਮੌਤ ਪਾਣੀ ’ਚ ਡੁੱਬਣ ਨਾਲ ਨਹੀਂ ਹੋ ਸਕਦੀ। ਇਸ ਕਥਨ ਨੂੰ ਅਸੀਂ
ਉਲਟਾ ਕਰ ਕੇ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਿਸ ਦੀ ਕਿਸਮਤ ਵਿੱਚ ਪਾਣੀ ’ਚ ਡੁੱਬ ਮਰਨਾ
ਹੀ ਲਿਖਿਆ ਹੋਇਆ ਹੋਵੇ, ਉਹ ਬਹਾਦਰਾਂ ਵਾਂਗ ਫਾਂਸੀ ਦੇ ਤਖ਼ਤੇ ’ਤੇ ਨਹੀਂ ਚੜ• ਸਕਦਾ। ਬੇਸ਼ੱਕ
ਇੰਜ ਵੀ ਆਖਿਆ ਜਾਂਦਾ ਹੈ ਕਿ ਬੰਦਾ ਆਪਣੀ ਕਿਸਮਤ ਆਪ ਘੜਦਾ ਹੈ, ਪਰ ਇਸ ਕੈਟਾਗਰੀ ਵਿੱਚ ਬਹੁਤ
ਵਿਰਲੇ ਬੰਦੇ ਹੀ ਆਉਂਦੇ ਹਨ। ਬਹੁ-ਗਿਣਤੀ ਐਸੇ ਲੋਕਾਂ ਦੀ ਹੁੰਦੀ ਹੈ, ਜਿਨ੍ਹਾਂ ਉੱਪਰ
‘ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ’ ਵਾਲੀ ਅਖਾਉਤ ਪੂਰੀ ਤਰ੍ਹਾਂ ਢੁੱਕਦੀ ਹੈ। ਸੂਫ਼ੀ
ਸੰਤ ਸੁਲਤਾਨ ਬਾਹੂ ਨੇ ਇਸ ਪ੍ਰਥਾਇ ਇੱਕ ਬੜਾ ਹੀ ਸ਼ਾਨਦਾਰ ਦੋਹਰਾ ਲਿਖਿਆ ਹੋਇਆ ਹੈ, ਜਿਸ ਦਾ
ਅਰਥ-ਭਾਵ ਹੈ ਕਿ ਤੁੰਮੇ ਦੀ ਵੇਲ ਦੀਆਂ ਜੜਾਂ ਵਿੱਚ ਜੇ ਸ਼ਹਿਦ ਡੋਲ ਦੇਈਏ, ਤਾਂ ਵੀ ਉਸ ਵੇਲ
ਨੂੰ ਲੱਗਣ ਵਾਲੇ ਤੁੰਮੇ ਮਿੱਠੇ ਨਹੀਂ ਹੋ ਸਕਦੇ। ਖਾਰੇ ਪਾਣੀਆਂ ਵਾਲੇ ਖ਼ੂਹਾਂ ਵਿੱਚ ਭਾਵੇਂ ਸੌ
ਮਣਾਂ ਖੰਡ ਸੁੱਟ ਦੇਈਏ, ਤਾਂ ਵੀ ਉਸ ਪਾਣੀ ਦਾ ਖਾਰਾ-ਪਣ ਦੂਰ ਨਹੀਂ ਹੋ ਸਕਦਾ। ਇਸੇ ਤਰ੍ਹਾਂ
ਜੇ ਨਿੰਮ ਦੇ ਦਰੱਖਤ ਦੇ ਜੜੀਂ ਅੰਮ੍ਰਿਤ ਚੁਆ ਦੇਈਏ, ਫਿਰ ਵੀ ਨਿੰਮ ਦੀ ਕੁੜੱਤਣ ਦੂਰ ਨਹੀਂ
ਹੁੰਦੀ। ਇਹੋ ਜਿਹੀ ਇੱਕ ਹੋਰ ‘ਪੱਥਰ ’ਤੇ ਲੀਕ’ ਵੱਲ ਝਾਤੀ ਮਾਰ ਲਉ : ‘ਮਧਰੇ ਨੂੰ ਪਹਾੜ ’ਤੇ
ਖੜਾ ਕਰ ਦਿਉ, ਉਹ ਓਨਾ ਹੀ ਰਹੇਗਾ। ਮੁਨਾਰਾ ਖ਼ੂਹ ਵਿੱਚ ਸੁੱਟ ਦਿਉ, ਉਸ ਦੇ ਕੱਦ ਵਿੱਚ ਫ਼ਰਕ ਨਹੀਂ
ਪਵੇਗਾ।’
ਉਪਰੋਕਤ ਵਿਚਾਰ-ਪ੍ਰਵਾਹ ਨੂੰ ਚਿਤਵਦਿਆਂ ਉਨ੍ਹਾਂ ਸਮਾਜ-ਸੁਧਾਰਕਾਂ,
ਉਪਦੇਸ਼ਕਾਂ, ਨੀਤੀਵਾਨਾਂ, ਸੱਚ ਦੇ ਪਾਂਧੀ ਲਿਖਾਰੀਆਂ ਅਤੇ ਕਥਾ-ਵਾਚਕਾਂ ਨੂੰ ਸੌ-ਸੌ ਵਾਰ
ਨਮਸਕਾਰ ਹੈ, ਜਿਹੜੇ ਦੁਨੀਆ ਨੂੰ ਹਰ ਤਰਾਂ ਦੇ ਵਹਿਮਾਂ-ਭਰਮਾਂ, ਨਫ਼ਰਤਾਂ, ਸਾੜਿਆਂ ਤੋਂ ਮੁਕਤੀ
ਦਿਵਾ ਕੇ ਸ਼ੁੱਧ-ਸਚਿਆਰ ਬਣਾਉਣ ਲਈ ਯਤਨਸ਼ੀਲ ਰਹਿੰਦੇ ਹਨ। ਆਪਣੇ ਪੰਜਾਬੀ ਸਮਾਜ ਵੱਲ ਨਜ਼ਰ ਮਾਰ
ਕੇ ਦੇਖੀਏ ਤਾਂ ਬਾਬੇ ਫਰੀਦ ਦੇ ਕਹਿਣ ਵਾਂਗ ਪੰਛੀ ਵਿਚਾਰਾ ਇੱਕ ਹੈ, ਪਰ ਉਸ ਦੇ ਮਗਰ ਪੰਜਾਹ
‘ਫਾਹੀਵਾਲ’ ਲੱਗੇ ਹੋਏ ਹਨ। ਇਸ ਅਰਥ ਵਾਲਾ ਸਲੋਕ ਤਾਂ ਇੱਕ ਪ੍ਰਮਾਣ ਹੈ, ਪਰ ਵਰਤਮਾਨ ਯੁੱਗ
ਵਿੱਚ ਫਾਹੀਵਾਲਾਂ, ਭਾਵ ਸ਼ਿਕਾਰੀਆਂ ਦੀ ਗਿਣਤੀ ਪੰਜਾਹ ਤੋਂ ਵੀ ਕਈ ਗੁਣਾਂ ਜ਼ਿਆਦਾ ਵਧੀ ਹੋਈ
ਹੈ। ਦਿਖਾਈ ਨਾ ਦੇਣ ਵਾਲੇ ਅਜੀਬੋ-ਗ਼ਰੀਬ ਜਾਲ ਅਤੇ ਗੁਲੇਲੇ ਲਈ ਫਿਰਦੇ ਇਨ੍ਹਾਂ ਸ਼ਿਕਾਰੀਆਂ
ਵਿੱਚੋਂ ਪ੍ਰਮੁੱਖ ਹਨ ਵੱਖ-ਵੱਖ ਭਾਂਤਾਂ ਦੇ ਸਾਧ-ਸਾਧਵੀਆਂ, ਮਹੰਤ ਅਤੇ ਬਾਬੇ, ਜਿਹੜੇ ਬਹੁਤ
ਹੀ ਖ਼ੂਬਸੂਰਤ ਧੋਖਿਆਂ ਨਾਲ ਲੋਕਾਂ ਨੂੰ ਲੁੱਟ ਰਹੇ ਹਨ। ਇਨ੍ਹਾਂ ਵੱਲੋਂ ਸ਼ਿਕਾਰ ਮਾਰਿਆ ਹੀ
ਅਜਿਹੇ ਢੰਗ ਨਾਲ ਜਾਂਦਾ ਹੈ ਕਿ ਲੁੱਟੇ ਜਾਣ ਵਾਲੇ ਆਪਣੇ ਆਪ ਨੂੰ ‘ਸੁਭਾਗੇ’ ਸਮਝਦੇ ਹਨ। ਇਸ
ਲੇਖ ਦੇ ਅਗਲੇ ਹਿੱਸੇ ਵਿੱਚ ਇਨ੍ਹਾਂ ‘ਸੁਭਾਗਿਆਂ’ ਦੀ ਹੀ ‘ਉਸਤਤਿ’ ਕੀਤੀ ਜਾ ਰਹੀ ਹੈ।
ਕਦੇ-ਕਦੇ ਵਿਆਹ-ਸ਼ਾਦੀਆਂ, ਪਾਰਟੀਆਂ ਜਾਂ ਕਿਸੇ ਹੋਰ ਕਾਰਨ ਜੁੜੇ ਇਕੱਠਾਂ
ਵਿੱਚ ਦੋਸਤ-ਮਿੱਤਰ ਇਹ ਵਿਚਾਰ-ਚਰਚਾ ਕਰਨ ਲੱਗ ਜਾਂਦੇ ਹਨ ਕਿ ਫਲਾਣੇ-ਫਲਾਣੇ ਬਾਬੇ ਦੀ ਬੜੀ
ਮਿੱਟੀ ਪਲੀਤ ਹੋਈ ਹੈ, ਪਰ ਲੋਕ ਹਾਲੇ ਵੀ ਉਸ ਦੇ ਮਗਰ ਲੱਗੇ ਤੁਰੇ ਜਾਂਦੇ ਹਨ। ਕਈ ‘ਸ਼ਰਧਾਲੂ’
ਉਸ ਨੂੰ ‘ਸੰਤ-ਮਹਾਂਪੁਰਖ’ ਆਖੀ ਜਾਂਦੇ ਹਨ। ਅੰਨੀ ਸ਼ਰਧਾ ਅਤੇ ਲਕੀਰ ਦੇ ਫ਼ਕੀਰ ਬਿਰਤੀ ਵਾਲੇ ਐਸੇ
ਲੋਕਾਂ ਵੱਲੋਂ ਸਜਾਖਿਆਂ ਨੂੰ ਵੀ ਭੰਬਲ-ਭੂਸੇ ’ਚ ਪਾਉਣ ਦਾ ਵਰਤਾਰਾ ਅਸੀਂ ਅਕਸਰ ਦੇਖਦੇ ਹਾਂ।
ਹੁਸ਼ਿਆਰਪੁਰ ਜ਼ਿਲੇ ਦੇ ਗੜ•ਸ਼ੰਕਰ ਕੋਲ ਰਹਿੰਦੇ ਇੱਕ ਬਾਬੇ ਦੀਆਂ ਗੰਦੀਆਂ ਅਤੇ ਅਸ਼ਲੀਲ ਗਾਲ਼ਾਂ
ਨੂੰ ਹੀ ਕਈ ਲੋਕ ‘ਪ੍ਰਸ਼ਾਦ’ ਸਮਝਦੇ ਰਹੇ। ਆਚਰਣ ਤੋਂ ਗਿਰੀਆਂ ਹੋਈਆਂ ਕਰਤੂਤਾਂ ਕਰਦੇ
ਰੰਗੇ-ਹੱਥੀਂ ਫੜੇ ਜਾਣ ਵਾਲੇ ‘ਮਹਾਂ-ਪੁਰਖਾਂ’ ਦੀ ਵੀ ‘ਸਿੱਖੀ ਸੇਵਕੀ’ ਨਿਰੰਤਰ ਚੱਲਦੀ ਰਹਿੰਦੀ
ਹੈ। ਅਜਿਹੇ ਪਿੱਛਲੱਗਾਂ ਨੂੰ ਜੇ ਉਨ੍ਹਾਂ ਦੇ ਬਾਬਿਆਂ ਦੇ ਮਸ਼ਹੂਰ ਹੋਏ ਕਿਸੇ ‘ਕਾਰਨਾਮੇ’ ਬਾਰੇ
ਪੁੱਛ ਬੈਠੀਏ ਤਾਂ ਅੱਗਿਉਂ ਆਖਣ ਲੱਗ ਪੈਣਗੇ, ‘‘ਓ ਜੀ, ਸਾਡੇ ਸੰਤਾਂ ਨੇ ਫਲਾਣੀ ਥਾਂ ਐਨੇ ਲੱਖ
ਸੰਗਤਾਂ ਨੂੰ ਲੰਗਰ ਛਕਾਇਆ ਸੀ।’’ ਜਾਂ ਦੱਸਣਗੇ ਕਿ ‘‘ਬਾਬਾ ਜੀ ਨੇ ਐਨੇ ਸੌ ਪਾਠਾਂ ਦੀ ਲੜੀ
ਚਲਾਈ ਸੀ।’’ ਉਹੀ ਗੱਲ, ਅਖੇ; ‘ਸਵਾਲ ਗੰਧਮ ਜਵਾਬ ਚਨਾ’!
ਇਹ ਲੋਕ ਕਿਸ ਮਿੱਟੀ ਦੇ ਬਣੇ ਹੋਏ ਹੋਣਗੇ, ਜਿਹੜੇ ਅੱਖੀਂ ਦੇਖ ਕੇ ਵੀ
ਮੱਖੀ ਨਿਗਲਣ ਨੂੰ ਮਾੜਾ ਨਹੀਂ ਸਮਝਦੇ? ਇਨ੍ਹਾਂ ਨੂੰ ਕਿਹੜੀ ‘ਖੁਮਾਰੀ’ ਚੜੀ ਰਹਿੰਦੀ ਹੈ, ਜਿਸ
ਕਰ ਕੇ ਇਨ੍ਹਾਂ ਦੇ ਦਿਮਾਗ਼ ਵਿੱਚ ਸੋਝੀ ਵੜਦੀ ਹੀ ਨਹੀਂ? ਹੋ ਸਕਦਾ ਹੈ ਕਿ ਪਾਠਕਾਂ ਕੋਲ ਇਨ੍ਹਾਂ
ਸਵਾਲਾਂ ਦੇ ਜਵਾਬ ਵੱਖ-ਵੱਖ ਰੂਪਾਂ ਵਾਲੇ ਹੋਣਗੇ, ਪਰ ਮੈਂ ਆਪਣੀਆਂ ਕੁਝ ਆਪ-ਬੀਤੀਆਂ ’ਚੋਂ
ਹਵਾਲੇ ਸੁਣਾ ਕੇ ਉਕਤ ਸਵਾਲਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਪੱਕਾ ਸੰਨ-ਸੰਮਤ ਤਾਂ ਮੈਨੂੰ ਯਾਦ ਨਹੀਂ, ਪਰ ਅਟੇ-ਸਟੇ ਦੇ ਹਿਸਾਬ
ਮੁਤਾਬਕ ਇਹ ਵਾਰਤਾ 1968-70 ਦੇ ਕਿਸੇ ਵਿਚਕਾਰਲੇ ਵਰੇ ਦੀ ਹੈ। ਸਾਡੇ ਪਿੰਡ ਤੋਂ ਪੰਜ-ਛੇ ਮੀਲਾਂ
ਦੀ ਵਿੱਥ ’ਤੇ ਇੱਕ ਪਿੰਡੋਂ ਬਾਹਰ ਸੰਤਾਂ ਦੀ ਕੁਟੀਆ ਹੁੰਦੀ ਸੀ। ਇਨ੍ਹਾਂ ਸੰਤਾਂ ਦਾ ਸਾਡੇ
ਪਿੰਡਾਂ ਵਿੱਚ ਬੜਾ ਨਾਂਅ ਹੁੰਦਾ ਸੀ। ਸਾਡੇ ਪਿੰਡ ਵਿੱਚ ਹੁੰਦੇ ਕਈ ਭੋਗ ਸਮਾਗਮਾਂ ਮੌਕੇ ਇਹੋ
ਸੰਤ ਜੀ ਅਕਸਰ ਕਥਾ-ਵਿਖਿਆਨ ਕਰਨ ਲਈ ਪਧਾਰਦੇ ਹੁੰਦੇ ਸਨ। ਸੁਭਾਅ ਇਨ੍ਹਾਂ ਦਾ ਕਾਫ਼ੀ ਖਰਵਾ ਜਿਹਾ
ਹੁੰਦਾ ਸੀ। ਸਾਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਸਾਡੇ ਪਿੰਡ ਦੇ ਕੁਝ ਬੰਦੇ ਇਸ ਸੰਤ ਜੀ ਨੂੰ
‘ਦੁਰਭਾਸ਼ਾ ਰਿਖੀ’ ਕਿਉਂ ਕਹਿੰਦੇ ਹੁੰਦੇ ਸਨ। ਜਿਵੇਂ ਦੁਰਭਾਸ਼ਾ ਨਿੱਕੀ-ਨਿੱਕੀ ਗੱਲ ਤੋਂ ਸੜ-ਬਲ਼
ਉੱਠਦਾ ਸੀ ਅਤੇ ਸਰਾਪ ਦੇਣ ਲੱਗਿਆਂ ਮਿੰਟ ਨਹੀਂ ਸੀ ਲਾਉਂਦਾ, ਇਵੇਂ ਸਾਡੇ ਇਲਾਕੇ ਦੇ ਇਸ ਸੰਤ
ਦੇ ਕ੍ਰੋਧੀ ਸੁਭਾਅ ਦੀਆਂ ਕਈ ਕਹਾਣੀਆਂ ਮਸ਼ਹੂਰ ਸਨ।
ਚੇਤ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਇਹ ਬਾਬਾ ਜੀ ਆਪਣੀ ਕੁਟੀਆ ਵਿਖੇ
ਸਾਲਾਨਾ ਜੋੜ ਮੇਲਾ ਕਰਵਾਉਂਦੇ ਹੁੰਦੇ ਸਨ, ਜਿੱਥੇ ਭੋਗ ਮੌਕੇ ਸਜੇ ਹੋਏ ਦੀਵਾਨ ਵਿੱਚ
ਨਾਮੀ-ਗਰਾਮੀ ਰਾਗੀ-ਢਾਡੀ, ਕਥਾ-ਵਾਚਕ ਅਤੇ ਕਵੀਸ਼ਰੀ ਜਥੇ ਆਪਣੀ ਹਾਜ਼ਰੀ ਲਵਾਉਂਦੇ ਹੁੰਦੇ ਸਨ।
ਇਸ ਜੋੜ ਮੇਲੇ ਦੀ ਵਿਸ਼ੇਸ਼ ਗੱਲ ਇਹ ਹੁੰਦੀ ਸੀ ਕਿ ਇੱਥੇ ਲੰਗਰ ਵਿੱਚ ਦੇਸੀ ਘਿਉ ਦੀਆਂ ਜਲੇਬੀਆਂ
ਵਰਤਾਈਆਂ ਜਾਂਦੀਆਂ ਸਨ। ਉਸ ਮੌਕੇ ਲੰਗਰਾਂ ਵਿੱਚ ਆਮ ਤੌਰ ’ਤੇ ਗੰਨੇ ਦੀ ਰਸ ਵਾਲੇ ਚੌਲ਼, ਭੁੰਨਵੇਂ
ਚੌਲ਼ ਜਾਂ ਵੱਧ ਤੋਂ ਵੱਧ ਦੁੱਧ ਵਾਲੀ ਖੀਰ ਹੀ ਬਣਾਉਣ ਦਾ ਰਿਵਾਜ ਸੀ। ਕਿਸੇ ਅਮੀਰ ਘਰ ਵਿੱਚ ਹੀ
ਅਖੰਡ ਪਾਠਾਂ ਦੇ ਭੋਗ ਉਪਰੰਤ ਚੱਲਣ ਵਾਲੇ ਲੰਗਰ ਵਿੱਚ ਕੜਾਹ-ਪ੍ਰਸ਼ਾਦ ਵਰਤੀਂਦਾ ਸੀ। ਲੰਗਰ
ਵਿੱਚ ਜਲੇਬੀਆਂ ਦਾ ਹੋਣਾ ਉਦੋਂ ਬਹੁਤ ਵੱਡੀ ਅਮੀਰੀ ਦੀ ਨਿਸ਼ਾਨੀ ਸਮਝੀ ਜਾਂਦੀ ਸੀ। ਆਪਣੇ ਹੋਰ
ਹਮ-ਉਮਰਾਂ ਵਾਂਗ ਅਸੀਂ ਵੀ ਉਕਤ ਜੋੜ ਮੇਲੇ ਨੂੰ ‘ਜਲੇਬੀਆਂ ਵਾਲੇ ਮੇਲੇ’ ਦੇ ਤੌਰ ’ਤੇ ਯਾਦ
ਕਰਦੇ ਰਹਿੰਦੇ ਸਾਂ। ਆਲੇ-ਦੁਆਲੇ ਦੇ ਪਿੰਡਾਂ ਵਾਲੇ ਸ਼ਰਧਾਲੂ ਕਾਫਲਿਆਂ ਦੇ ਰੂਪ ਵਿੱਚ ਪੈਦਲ ਹੀ
ਕੁਟੀਆ ਵੱਲ ਨੂੰ ਤੁਰ ਪੈਂਦੇ। ਕਈ ਵਿਅਕਤੀ ਸਾਈਕਲਾਂ ’ਤੇ ਵੀ ਆਪਣੇ ਬਾਲ-ਬੱਚੇ ਲੈ ਕੇ ਮੇਲੇ
’ਚ ਪਹੁੰਚਦੇ। ਭੋਗ ਤੋਂ ਬਾਅਦ ਵਿਛੀ ਹੋਈ ਗੰਨਿਆਂ ਦੀ ਖੋਰੀ ਉੱਪਰ ਪੰਗਤਾਂ ਲੱਗ ਜਾਂਦੀਆਂ। ਜਦੋਂ
ਵਰਤਾਵੇ ਜਲੇਬੀਆਂ ਦੀਆਂ ਪਰਾਤਾਂ ਲੈ ਕੇ ਪੰਗਤਾਂ ਵਿੱਚ ਵੜਦੇ, ਤਾਂ ਲੋਕ ਬੜੀ ਉਤਸੁਕਤਾ ਨਾਲ
ਆਪਣੀ ਵਾਰੀ ਉਡੀਕਦੇ। ਕਈ ਲੋਕ ਵਰਤਾਵਿਆਂ ਦੀ ਮਿੰਨਤ ਕਰਦਿਆਂ ਆਖਦੇ, ‘‘ਭਾਈ, ਇੱਕ ਜਲੇਬੀ ਹੋਰ
ਦੇ ਦਿਉ ਜੀ!’’ ਕਿਉਂਕਿ ਜਲੇਬੀਆਂ ਦੀ ਪਰਾਤ ਸਿਰਫ਼ ਇੱਕ ਵਾਰ ਹੀ ਘੁੰਮਾਈ ਜਾਂਦੀ ਸੀ।
ਇੱਕ ਸਾਲ ਇਸ ਸਮਾਗਮ ਮੌਕੇ ਪਤਾ ਨਹੀਂ ਸੰਤ ਜੀ ਦੇ ਮਨ ਵਿੱਚ ਕੀ ਆਇਆ।
ਸਮਾਪਤੀ ਬਾਅਦ ਸਾਰੀ ਸੰਗਤ ਪੰਗਤਾਂ ਲਾ ਕੇ ਬਹਿ ਗਈ। ਦਾਲ਼-ਫੁਲਕਾ ਵਰਤਾਇਆ ਗਿਆ। ਸਾਰੀ ਸੰਗਤ
ਕੁਟੀਆ ਦੇ ਲੰਗਰ-ਖਾਨੇ ਦੇ ਬੂਹੇ ਵੱਲ ਬੇ-ਸਬਰੀ ਨਾਲ ਤੱਕ ਰਹੀ ਸੀ ਕਿ ਕਦੋਂ ਜਲੇਬੀਆਂ ਆਉਂਦੀਆਂ
ਨੇ, ਪਰ ਸ਼ਰਧਾਲੂਆਂ ਦੀ ਰੀਝ ਪੂਰੀ ਨਾ ਹੋਈ। ਸਾਰੀ ਸੰਗਤ ਦੇ ਹੱਥ ਵੀ ਧੁਆ ਦਿੱਤੇ ਗਏ। ਜਲੇਬੀਆਂ
ਆਈਆਂ ਹੀ ਨਾ। ਸਾਰੇ ਜਣੇ ਇੱਕ ਦੂਸਰੇ ਵੱਲ ਸਵਾਲ ਪੁੱਛਣ ਵਾਂਗ ਝਾਕ ਰਹੇ ਸਨ, ਪਰ ਬਾਭੜ ਕੇ
ਕੋਈ ਵੀ ਨਹੀਂ ਸੀ ਬੋਲ ਰਿਹਾ। ਆਖਰ ਪਰਨਿਆਂ-ਝੱਗਿਆਂ ਨਾਲ ਹੱਥ ਸਾਫ਼ ਕਰਦੇ ਨਿਰਾਸ਼ ਹੋਏ ਲੋਕ
ਪੰਗਤਾਂ ’ਚੋਂ ਉੱਠ ਖਲੋਤੇ।
ਏਨੇ ਨੂੰ ਕੀ ਹੋਇਆ, ਜਿਸ ਗੇਟ ਤੋਂ ਸਾਰੀ ਸੰਗਤ ਨੇ ਬਾਹਰ ਨਿਕਲਣਾ ਸੀ,
ਉੱਥੇ ਦੋ ਸੇਵਾਦਾਰ ਜਲੇਬੀਆਂ ਨਾਲ ਭਰੀ ਹੋਈ ਵੱਡੀ ਸਾਰੀ ਪਰਾਤ ਫੜ ਕੇ ਖੜ ਗਏ। ਸੰਤ ਬਾਬਾ ਜੀ
ਖ਼ੁਦ ਪ੍ਰਸ਼ਾਦ ਵਰਤਾਉਣ ਵਾਂਗ ਬਾਹਰ ਵੱਲ ਨਿੱਕਲ ਰਹੀਆਂ ਸੰਗਤਾਂ ਨੂੰ ਜਲੇਬੀਆਂ ਵਰਤਾਉਣ ਲੱਗ ਪਏ।
ਜਦੋਂ ਲੋਕਾਂ ਨੇ ਸੰਧੂਰੀ ਰੰਗੀਆਂ ਚੋਂਦੀਆਂ-ਚੋਂਦੀਆਂ ਜਲੇਬੀਆਂ ਦੀ ਭਰੀ ਹੋਈ ਪਰਾਤ ਦੇਖੀ, ਓਹ
ਮੇਰਿਆ ਰੱਬਾ! ਮਖੀਲ ਦੀਆਂ ਮੱਖੀਆਂ ਵਾਂਗ ਸਾਰਾ ਹਜੂਮ ‘ਹਲਾ-ਲਲਾ’ ਕਰ ਕੇ ਉੱਧਰ ਨੂੰ ਉੱਮਡ
ਪਿਆ। ਕੀ ਜ਼ਨਾਨੀਆਂ, ਕੀ ਬੱਚੇ-ਬੁੱਢੇ, ਸਭ ਇੱਕ ਦੂਜੇ ਨੂੰ ਮਿੱਧਦੇ-ਪਛਾੜਦੇ ਜਲੇਬੀਆਂ ਦੀ
ਪਰਾਤ ਵੱਲ ਵਧਣ ਲੱਗੇ। ਉੱਥੇ ਭਗਦੜ ਜਿਹੀ ਮਚ ਗਈ ਅਤੇ ਸੰਤਾਂ ਹੱਥੋਂ ਜਲੇਬੀਆਂ ਲੈਣ ਦੀ ਬਜਾਏ
ਲੋਕ ਖੋਹਾ-ਖਿੰਝੀ ਕਰਦਿਆਂ ਪਰਾਤ ਨੂੰ ਹੀ ਟੁੱਟ ਕੇ ਪੈ ਗਏ। ਸੰਤ ਜੀ ਨੂੰ ਚੜ ਗੁੱਸਾ ਗਿਆ।
ਉਨ੍ਹਾਂ ਖੇਤਾਂ ਵਿੱਚ ਖ਼ਾਦ ਖਿਲਾਰਨ ਵਾਂਗ ਦੋਹਾਂ ਹੱਥਾਂ ਨਾਲ ਜਲੇਬੀਆਂ ਦੇ ਬੁੱਕ ਭਰ-ਭਰ ਕੇ
ਆਲੇ-ਦੁਆਲੇ ਵੱਲ ਖਿਲਾਰਨੇ ਸ਼ੁਰੂ ਕਰ ਦਿੱਤੇ। ਨਾਲ਼ੇ ਲਾਲ-ਪੀਲਾ ਚਿਹਰਾ ਕਰ ਕੇ ਇੱਧਰ-ਉੱਧਰ
ਜਲੇਬੀਆਂ ਸੁੱਟੀ ਜਾਣ, ਨਾਲ਼ੇ ਉੱਚੀ-ਉੱਚੀ ਕਹੀ ਜਾਣ, ‘‘ਲਉ, ਖਾ ਲਉ ਕੁੱਤਿਉ। ...ਤੁਸੀਂ ਭੋਖੜਾ
ਮਿਟਾ ਲਉ!...ਨਿਗਲ਼ ਲਉ ਕੁੱਤਿਉ, ਝੁਲਸ ਲਉ ਜਲੇਬੀਆਂ!...ਰੱਜ ਲਉ ਕੁੱਤਿਓ।’’
ਜਿਵੇਂ ਪਿੰਡਾਂ ਦੇ ਨਿਆਣੇ ਲਾੜੇ ਦੇ ਸਿਰ ਤੋਂ ਵਾਰ ਕੇ ਸੁੱਟੇ ਹੋਏ ਪੈਸੇ
ਚੁਗਣ ਲੱਗਿਆਂ ਆਪਾ-ਧਾਪੀ ਪਾ ਲੈਂਦੇ ਨੇ, ਉਸ ਵੇਲੇ ਐਨ ਉਹੋ ਜਿਹਾ ਮਾਹੌਲ ਬਣ ਗਿਆ।...ਕਿਸੇ
ਦੀ ਪੱਗ ਲਿੱਬੜ ਗਈ, ਕਿਸੇ ਦੀ ਦਾੜੀ, ਕਿਸੇ ਦੀ ਕਮੀਜ਼, ਕਿਸੇ ਦਾ ਮੂੰਹ। ਬੜੀ ਬੇ-ਸੁਆਦੀ ਹੋਈ।
ਘਰਾਂ ਨੂੰ ਵਾਪਸ ਮੁੜਦਿਆਂ ਮੇਰੇ ਪਿਤਾ ਜੀ ਆਪਣੇ ਦੋ ਸਾਥੀਆਂ ਨਾਲ
ਸਾਈਕਲਾਂ ’ਤੇ ਜਾਂਦੇ-ਜਾਂਦੇ ‘ਜਲੇਬੀ-ਕਾਂਡ’ ਬਾਰੇ ਗੱਲਾਂ ਕਰ ਰਹੇ ਸਨ। ਸਾਈਕਲ ਦੇ ਮੋਹਰਲੇ
ਡੰਡੇ ’ਤੇ ਬੈਠਾ ਮੈਂ ਸੁਣਦਾ ਜਾ ਰਿਹਾ ਸਾਂ। ਪਿਤਾ ਜੀ ਕਹਿ ਰਹੇ ਸਨ ਕਿ ਸੰਗਤ ਨੇ ਜਿਹੜਾ
ਹੜਦੁੰਗ ਮਚਾਇਆ, ਉਹ ਬੇਸ਼ੱਕ ਸੁਧਾ ਗ਼ਲਤ ਸੀ, ਪ੍ਰੰਤੂ ਸੰਤਾਂ ਵੱਲੋਂ ਸੰਗਤ ਨੂੰ ‘ਕੁੱਤਿਉ’ ਆਖਣਾ
ਬਹੁਤ ਮਾੜੀ ਗੱਲ ਸੀ। ਇਹ ਉਨ੍ਹਾਂ ਦੀ ਸ਼ਖਸੀਅਤ ਨੂੰ ਸ਼ੋਭਾ ਨਹੀਂ ਸੀ ਦਿੰਦਾ। ਪਰ ਪਿਤਾ ਜੀ ਦੇ
ਸਾਥੀ ਭਾਈ ਰਾਮ ਸਿੰਘ, ਜੋ ਸੰਤਾਂ ਦਾ ਅਨਿੰਨ ਸ਼ਰਧਾਲੂ ਸੀ, ਕਹਿਣ ਲੱਗਾ, ‘‘ਓ ਗਿਆਨੀ ਜੀ, ਇਹ
ਵੀ ਸੰਤਾਂ-ਮਹਾਂਪੁਰਖਾਂ ਦੀ ਮੌਜ ਈ ਹੁੰਦੀ ਐ!...ਉਹ ਦਿਲੋਂ ਮਾੜੇ ਨੀਂ ਹੁੰਦੇ!’’
‘‘ਇਹ ਕਿੱਧਰਲੀ ‘ਮੌਜ’ ਹੋਈ?’’ ਪਿਤਾ ਜੀ ਹਿਰਖ ਨਾਲ ਕਹਿ ਰਹੇ ਸਨ, ‘‘ਇੱਕ
ਮੂੰਹ ‘ਗੁਰੂ ਰੂਪ’ ਸਾਧ ਸੰਗਤ ਜੀ ਕਹੀ ਜਾਉ, ਨਾਲ਼ੇ ‘ਕੁੱਤਿਉ’ ਸੱਦੋ? ਇਹ ਕਿੱਧਰਲਾ ਸੰਤ-ਪੁਣਾ
ਹੋਇਆ?’’
ਜਦ ਉਹ ਦੋਵੇਂ ਜਣੇ ਪਿਤਾ ਜੀ ਨਾਲ ਸਹਿਮਤ ਨਾ ਹੀ ਹੋਏ, ਤਾਂ ਉਹ (ਪਿਤਾ
ਜੀ) ਖਿਝ ਕੇ ਕਹਿੰਦੇ, ‘‘ਭਰਾਵੋ, ਤੁਸੀਂ ਬੇਸ਼ੱਕ ਕੁੱਤੇ ਅਖਵਾਈ ਜਾਇਉ, ਮੈਂ ਤਾਂ ਨਹੀਂ ਆਉਂਦਾ
ਇੱਥੇ ਮੁੜ ਕੇ।’’
‘ਇੱਕੀ ਵਿਸਵੇ’ ਸੰਗਤ ਲਈ ‘ਕੁੱਤਿਉ’ ਲਫ਼ਜ਼ ਨੂੰ ‘ਸੰਤਾਂ ਦੀ ਮੌਜ’ ਦੱਸਣ
ਵਾਲੇ ਕੀ ਗੁਰੂ ਦੇ ਸਿੱਖ ਅਖਵਾ ਸਕਦੇ ਨੇ? ਬੱਸ ਇਹੋ ਲੋਕ ਨੇ ‘ਸੰਤਾਂ ਦੀ ਖੇਤੀ’, ਜਿਨ੍ਹਾਂ
ਆਸਰੇ ਸਾਧ-ਵਾਦ ਜਾਂ ਡੇਰਾ-ਵਾਦ ਫਲੀ-ਭੂਤ ਹੁੰਦਾ ਹੈ। ਇਸ ਕੈਟਾਗਰੀ ਦੇ ਸਿੱਖਾਂ (? ) ਉੱਪਰ
ਪੰਥਕ ਫਲਸਫੇ ਦਾ ਕੋਈ ਅਸੂਲ, ਕੋਈ ਨਿਯਮ ਅਸਰ ਨਹੀਂ ਕਰਦਾ। ਮੱਤ ਸਮਝੋ ਕਿ ਇਹ ਪੁਰਾਣੇ ਜ਼ਮਾਨੇ
ਦੀ ਗੱਲ ਹੈ। ਅੱਜ ਦੇ ਪੜੇ-ਲਿਖੇ ਯੁੱਗ ਵਿੱਚ ਵੀ ਐਸੇ ਅੰਧ-ਵਿਸ਼ਵਾਸੀ ਖ਼ੂਹ ਦੇ ਡੱਡੂ ਬਹੁਤ ਮਿਲ
ਜਾਣਗੇ। ਲਉ, ਆਪਣੇ ਆਪ ਨੂੰ ਕਿਸੇ ਵਿਸ਼ੇਸ਼ ਸੰਤ ਦੇ ਕੁੱਤੇ ਅਖਵਾਉਣ ਵਾਲੇ ‘ਮਾਡਰਨ ਸਿੰਘਾਂ’ ਦੀ
ਸਾਖੀ ਵੀ ਸੁਣੋ ਜ਼ਰਾ।
ਕੁਝ ਮਹੀਨੇ ਪਹਿਲਾਂ ਇੱਕ ਪ੍ਰਵਾਸੀ ਪੰਜਾਬੀ ਅਖ਼ਬਾਰ ਨੇ ਪੰਜਾਬ ਬਾਰੇ
ਇੱਕ ਬਹੁਤ ਹੀ ਚਿੰਤਾ-ਜਨਕ ਖ਼ਬਰ ਛਾਇਆ ਕੀਤੀ। ਸਿੱਖਾਂ ਦੇ ਇੱਕ ਦਰਦੀ ਸੱਜਣ ਵੱਲੋਂ ਪੰਜਾਬ ਤੋਂ
ਇੱਕ ਰਿਪੋਰਟ ਭੇਜੀ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਪੰਜਾਬ ਦੇ ਕਈ ਪ੍ਰਮੁੱਖ ਸ਼ਹਿਰਾਂ
ਵਿੱਚ ਸ਼ਰਾਬ ਦੀਆਂ ਬਾਰਾਂ ਵਾਂਗ ‘ਹੁੱਕਾ-ਬਾਰ’ ਖੁੱਲ ਗਏ ਹਨ, ਜਿੱਥੇ ‘ਸਿੰਘ’ ਅਤੇ ‘ਕੌਰ’ ਨਾਵਾਂ
ਵਾਲੇ ਮੁੰਡੇ-ਕੁੜੀਆਂ ਵੀ ਸ਼ਰੇ-ਆਮ ਹੁੱਕੇ ਦੇ ਸੂਟੇ ਖਿੱਚਣ ਆਉਂਦੇ ਹਨ। ਇਸ ਅਣਹੋਣੀ ਖ਼ਬਰ ਦੇ
ਹੇਠਾਂ ਅਖ਼ਬਾਰ ਦੇ ਸੰਪਾਦਕ ਨੇ ਪੰਜਾਬ ਦੀ ਧਰਤੀ ’ਤੇ ਵਿਚਰਦੇ ਮੋਟੇ-ਮੋਟੇ ਵੀਹ-ਪੰਝੀ ਸੰਤਾਂ
ਦੀ ਫੋਟੋ ਛਾਪ ਕੇ ਇੱਕ ਕੈਪਸ਼ਨ ਲਿਖ ਕੇ ਸਵਾਲ ਉਠਾਇਆ ਹੋਇਆ ਸੀ ਕਿ ਅਹਿ ਸਾਧਾਂ ਦਾ ਵੱਗ ਕਿਸ
ਮਰਜ਼ ਦੀ ਦਵਾ ਹੈ? ਜੇ ਇਹ ਗੁਰੂਆਂ ਦੇ ਨਾਂਅ ’ਤੇ ਵਸਦੇ ਪੰਜਾਬ ਵਿੱਚ ਸਿੱਖ ਨੌਜਵਾਨ ਪੀੜੀ ਨੂੰ
ਹੁੱਕਿਆਂ ਤੋਂ ਵੀ ਵਰਜ ਨਹੀਂ ਸਕਦੇ, ਤਾਂ ਫਿਰ ਇਨ੍ਹਾਂ ਖੁਣੋਂ ਕੀ ਥੁੜਿਆ ਹੋਇਐ?
ਇਸ ਖ਼ਬਰ ਤੋਂ ਮੁਤਾਸਿਰ ਹੋ ਕੇ ਆਪਣੀ ਆਦਤ ਅਨੁਸਾਰ ਮੈਂ ਉਪਰੋਕਤ ਅਖ਼ਬਾਰ
ਦੇ ਸੰਪਾਦਕ ਨੂੰ ਚਿੱਠੀ ਲਿਖ ਦਿੱਤੀ ਕਿ ਉਸ ਨੇ ਨਿਰਭੈ ਹੋ ਕੇ ਸੱਚ ਬਿਆਨਿਆ ਹੈ, ਪਰ ਉਸ
ਸੰਪਾਦਕ ਨੇ ਉਲਟਾ ਮੈਨੂੰ ‘ਸ਼ਾਬਾਸ਼’ ਦੇ ਦਿੱਤੀ। ਫੋਨ ’ਤੇ ਹੋਈ ਗੱਲਬਾਤ ਦੌਰਾਨ ਉਸ ਨੇ ਇੰਕਸ਼ਾਫ
ਕੀਤਾ ਕਿ ਕੈਲੇਫੋਰਨੀਆ ਸਟੇਟ ’ਚੋਂ ਮੈਂ ਪਹਿਲਾ ਵਿਅਕਤੀ ਹਾਂ, ਜਿਸ ਨੇ ਸੰਪਾਦਕ ਦੀ ਪਿੱਠ
ਥਾਪੜੀ ਹੈ, ਨਹੀਂ ਤਾਂ ਇਸ ਇਲਾਕੇ ਵਿੱਚੋਂ ਕਈ ਜਣਿਆਂ ਨੇ ਸੰਪਾਦਕ ਨੂੰ ਧਮਕੀਆਂ ਅਤੇ ਅਸ਼ਲੀਲ
ਗਾਲ਼ਾਂ ਹੀ ਦਿਤੀਆਂ ਹਨ। ਅਖੇ; ਤੂੰ ਸਾਡੇ ਸੰਤਾਂ ਦੀ ਨਿੰਦਿਆ ਕਰੀ ਜਾਨੈ!
ਹੈ ਨਾ ਸਿਤਮ ਦੀ ਗੱਲ! ਪੰਜਾਬ ਦੇ ਮੁੰਡੇ-ਕੁੜੀਆਂ ਹੁੱਕੇ ਪੀਣ ਲੱਗ ਪੈਣ,
ਤਾਂ ਕੋਈ ਦੁੱਖ ਨਹੀਂ, ਪਰ ‘ਸਾਡੇ ਸੰਤਾਂ’ ਨੂੰ ਤੁਸੀਂ ਕੁਝ ਨਾ ਕਹੋ, ਕਿਉਂਕਿ ਅਸੀਂ ਉਨ੍ਹਾਂ
ਸੰਤਾਂ ਦੇ ‘...’ ਹਾਂ। ਇਸ ਸਿਦਕਵਾਨ ਪ੍ਰਵਾਸੀ ਸੰਪਾਦਕ ਨੇ ਬਾਬਿਆਂ ਦੇ ਸੰਦਰਭ ਵਿੱਚ ਜਿਹੜੀ
ਮੈਨੂੰ ਹੋਰ ਨਵੀਂ ਗੱਲ ਦੱਸੀ, ਉਸ ਨੇ ਮੇਰੇ ਹੋਸ਼ ਹੀ ਭੁਲਾ ਦਿੱਤੇ! ਉਸ ਆਖਿਆ, ‘‘ਭਾਅ ਜੀ, ਈ-ਮੇਲ
ਰਾਹੀਂ ਧਮਕੀ ਦੇਣ ਵਾਲ਼ੇ ਇੱਕ ‘ਸਿੰਘ’ ਨੇ ਆਪਣੀ ਈ-ਮੇਲ ‘ਆਈ ਡੀ’ ਪਤਾ ਕੀ ਬਣਾਈ ਹੋਈ ਸੀ?...ਮੋਹਰੇ
ਇੱਕ ਮਹਾਂ-ਪੁਰਖ ਦਾ ਨਾਂਅ ਲਿਖ ਕੇ ਅੱਗੇ ਲਿਖਿਆ ਹੋਇਆ ਸੀ, ‘ਮਹਾਰਾਜ...ਸਿੰਘ ਜੀ ਤੇਰਾ ਕੁੱਤਾ
ਯਾਹੂ ਡਾਟ ਕਾਮ’!’’